ਕੋਰੋਨਾਵਾਇਰਸ: ਬਿਮਾਰੀ ਜਾਂ ਜੈਵਿਕ ਹਥਿਆਰ?

ਕੋਰੋਨਾਵਾਇਰਸ: ਬਿਮਾਰੀ ਜਾਂ ਜੈਵਿਕ ਹਥਿਆਰ?

ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਸਾਰੀ ਦੁਨੀਆ ਦਹਿਸ਼ਤ ਵਿਚ ਜੀਅ ਰਹੀ ਹੈ। ਜਿੱਥੇ ਇਕ ਪਾਸੇ ਇਸ ਦਾ ਇਲਾਜ ਭਾਲਣ ਲਈ ਵਿਗਿਆਨਕ ਚਾਰਾਜ਼ੋਈ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਇਹ ਚਰਚਾ ਵੀ ਮਘੀ ਹੋਈ ਹੈ ਕਿ ਇਹ ਵਾਇਰਸ ਕੁਦਰਤੀ ਉਪਜਿਆ ਅਤੇ ਫੈਲਿਆ ਹੈ ਜਾਂ ਮਨੁੱਖ ਵੱਲੋਂ ਰਾਜਸੀ ਲਾਹੇ ਲਈ ਇਸ ਨੂੰ ਇਕ ਹਥਿਆਰ ਵਜੋਂ ਵਿਕਸਤ ਕੀਤਾ ਗਿਆ ਹੈ। 

ਜੈਵਿਕ ਹਥਿਆਰ (Biological Weapon)
ਅੱਜ ਦੇ ਮਨੁੱਖੀ ਮੰਡਲ ਵਿਚ ਅਮਰੀਕਾ ਅਤੇ ਚੀਨ ਦਰਮਿਆਨ 'ਸਭ ਤੋਂ ਤਾਕਤਵਰ' ਬਣਨ ਦਾ ਸ਼ੀਤ ਯੁੱਧ ਲੱਗਿਆ ਹੋਇਆ ਹੈ। ਜਿੱਥੇ ਅਮਰੀਕਾ ਆਪਣੀ ਇਸ ਥਾਂ 'ਤੇ ਬਣੇ ਰਹਿਣ ਲਈ ਪੂਰਾ ਜ਼ੋਰ ਲਾ ਰਿਹਾ ਹੈ ਉੱਥੇ ਨਵੀਂ ਉੱਭਰੀ ਤਾਕਤ ਚੀਨ ਅਮਰੀਕਾ ਤੋਂ ਇਹ ਥਾਂ ਖੋਹਣ ਲਈ ਹਰ ਹੀਲਾ ਵਰਤਣ ਨੂੰ ਤਿਆਰ ਹੈ। ਸਭ ਤੋਂ ਤਾਕਤਵਰ ਬਣਨ ਦੀ ਗੈਰ-ਇਖਲਾਕੀ ਅਤੇ ਕੁਦਰਤ ਵਿਰੋਧੀ ਇਸ ਦੌੜ ਵਿਚ ਲੱਗੇ ਚੌਧਰੀ (ਸਿਆਸੀ, ਵਿਗਿਆਨਕ ਲੋਕ) ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਰਹੇ ਹਨ। ਇਹ ਬੇਅਸੂਲੀ ਜੰਗ ਵਿਗਿਆਨ ਵੱਲੋਂ ਦਿੱਤੇ ਪ੍ਰਮਾਣੂ ਬੰਬ ਵਰਗੇ ਵੱਡੇ ਮਾਰੂ ਹਥਿਆਰਾਂ ਤੋਂ ਹੁਣ ਇਕ ਛੋਟੇ ਜਿਹੇ ਜੀਵਾਣੂ ਰੂਪੀ ਮਾਰੂ ਹਥਿਆਰ ਤੱਕ ਪਹੁੰਚ ਚੁੱਕੀ ਹੈ ਜੋ ਪ੍ਰਮਾਣੂ ਬੰਬ ਤੋਂ ਵੀ ਵਧ ਖਤਰਨਾਕ ਹੈ ਅਤੇ ਸਮੁੱਚੀ ਮਨੁੱਖਤਾ ਦਾ ਨਾਸ਼ ਕੁੱਝ ਦਿਨਾਂ ਵਿਚ ਕਰਨ ਦੀ ਸਮਰੱਥਾ ਰੱਖਦਾ ਹੈ। 

ਜੈਵਿਕ ਹਥਿਆਰਾਂ ਦੀ ਜੰਗ ਵਿਚ ਵਰਤੋਂ ਭਾਵੇਂ ਕਿ ਕੋਈ ਨਵੀਂ ਨਹੀਂ ਹੈ। ਇਸ ਦਾ ਇਤਿਹਾਸ 600 ਈਸਾ ਪੂਰਬ ਤੱਕ ਦਾ ਪੁਰਾਣਾ ਹੈ। ਜਦੋਂ ਦੁਸ਼ਮਣ ਨੂੰ ਕਮਜ਼ੋਰ ਕਰਨ ਲਈ ਜਾਂ ਖਤਮ ਕਰਨ ਲਈ ਜੰਗ ਦੇ ਅਸੂਲਾਂ ਖਿਲਾਫ ਜਾਂਦਿਆਂ ਜੀਵਾਣੂਆਂ ਦੀ ਵਰਤੋਂ ਕੀਤੀ ਜਾਂਦੀ ਸੀ, ਜਿਵੇਂ ਵਿਰੋਧੀ ਨਗਰ ਜਾਂ ਪਿੰਡ ਜਾਂ ਕਬੀਲੇ ਦੇ ਪਾਣੀ ਪੀਣ ਵਾਲੇ ਸਰੋਤਾਂ ਵਿਚ ਡਾਇਰੀਆ ਦੇ ਜੀਵਾਣੂ ਮਿਲਾਉਣਾ ਜਾਂ ਵਿਰੋਧੀ ਕਬੀਲੇ ਵਿਚ ਪਲੇਗ ਵਰਗੀਆਂ ਬਿਮਾਰੀਆਂ ਫੈਲਾਉਣਾ। 

ਦੁਨੀਆ ਵਿਚ ਖੁਦ ਨੂੰ ਵੱਧ ਸੱਭਿਅਕ ਐਲਾਨਣ ਵਾਲੇ ਪੱਛਮੀ ਮੁਲਕ ਇਸ ਹਥਿਆਰ ਨੂੰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧਾਂ ਵਿਚ ਵਰਤਣ ਦੇ ਦੋਸ਼ੀ ਹਨ। ਵਿਸ਼ਵ ਯੁੱਧਾਂ ਤੋਂ ਬਾਅਦ ਵੀ ਦੁਨੀਆ ਦੇ ਵੱਧ ਸੱਭਿਅਕ ਅਖਵਾਉਣ ਵਾਲੇ ਮੁਲਕ ਅਮਰੀਕਾ, ਬਰਤਾਨੀਆ ਅਤੇ ਰਸ਼ੀਆ ਇਹਨਾਂ ਹਥਿਆਰਾਂ ਨੂੰ ਬਣਾਉਣ ਲਈ ਬੇਹਿਸਾਬ ਡਾਲਰ ਖਰਚਦੇ ਰਹੇ। 

ਫੇਰ ਸਾਲ 1972 ਵਿਚ ਇਹਨਾਂ ਮੁਲਕਾਂ ਨੇ ਬਾਇਓਲੋਜੀਕਲ ਐਂਡ ਟੋਕਸਿਨ ਵੈਪਨਸ ਕਨਵੈਂਸ਼ਨ 'ਤੇ ਦਸਤਖਤ ਕਰਕੇ ਜੈਵਿਕ ਹਥਿਆਰ ਬਣਾਉਣ ਦਾ ਕੰਮ ਰੋਕਣ ਦਾ ਵਾਅਦਾ ਕੀਤਾ। ਸਾਲ 2011 ਤੱਕ 165 ਮੁਲਕ ਇਸ ਕਨਵੈਂਸ਼ਨ 'ਤੇ ਦਸਤਖਤ ਕਰ ਚੁੱਕੇ ਹਨ, ਪਰ ਸਿਆਣਿਆਂ ਦਾ ਕਹਿਣਾ ਹੈ ਕਿ ਗੁਪਤ ਤੌਰ 'ਤੇ ਬਹੁਤੇ ਤਕੜੇ ਮੁਲਕਾਂ ਵਿਚ ਇਹਨਾਂ ਮਨੁੱਖਤਾ ਵਿਰੋਧੀ ਹਥਿਆਰਾਂ ਦਾ ਨਿਰਮਾਣ ਕਾਰਜ ਜਾਰੀ ਹੈ। 

ਕੋਰੋਨਾਵਾਇਰਸ ਬਾਰੇ ਸ਼ੰਕੇ
ਚੀਨ ਦੇ ਸ਼ਹਿਰ ਵੂਹਾਨ ਵਿਚ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਕਹਿਰ ਸਾਰੀ ਦੁਨੀਆ ਵਿਚ ਪਹੁੰਚ ਚੁੱਕਿਆ ਹੈ। ਇਸ ਬਾਰੇ ਗੱਲਾਂ ਉੱਠ ਰਹੀਆਂ ਹਨ ਕਿ ਇਹ ਵੀ ਕੋਈ ਜੈਵਿਕ ਹਥਿਆਰ ਹੋ ਸਕਦਾ ਹੈ। ਚੀਨ ਅਤੇ ਅਮਰੀਕਾ ਇਸ 'ਤੇ ਮਿਹਣੋ ਮਿਹਣੀ ਹੋਣੇ ਸ਼ੁਰੂ ਹੋ ਗਏ ਹਨ। ਰੂਸ ਅਤੇ ਈਰਾਨ ਦੇ ਸਰਕਾਰੀ ਮੀਡੀਆ ਨੇ ਅਮਰੀਕਾ ਨੂੰ ਇਸ ਲਈ ਨਿੰਦਣਾ ਸ਼ੁਰੂ ਕਰ ਦਿੱਤਾ ਹੈ। 

ਚੀਨ ਦੇ ਵਿਦੇਸ਼ ਮਾਮਲਿਆਂ ਬਾਰੇ ਮਹਿਕਮੇ ਦੇ ਬੁਲਾਰੇ ਸ਼ੂਆਂਗ ਨੇ ਅਮਰੀਕਾ 'ਤੇ ਸਿੱਧਾ ਦੋਸ਼ ਲਾਉਂਦਿਆਂ ਕਹਿ ਦਿੱਤਾ ਹੈ ਕਿ ਚੀਨ ਵਿਚ ਇਹ ਵਾਇਰਸ ਅਮਰੀਕਾ ਤੋਂ ਆਇਆ ਹੈ। ਉਹਨਾਂ ਕਿਹਾ ਕਿ ਅਮਰੀਕੀ ਫੌਜ ਕੋਰੋਨਾਵਾਇਰਸ ਨੂੰ ਚੀਨ ਲੈ ਕੇ ਆਈ। 

ਵਿਸ਼ਵੀਕਰਨ ਦੇ ਅੱਜ ਦੇ ਦੌਰ ਵਿਚ ਵਿਸ਼ਵ ਤਾਕਤ ਬਣਨ ਲਈ ਸਭ ਤੋਂ ਵੱਡਾ ਪਹਿਲੂ ਵਪਾਰ ਹੈ ਤੇ ਕੋਰੋਨਾਵਾਇਰਸ ਨਾਲ ਵਿਸ਼ਵ ਵਪਾਰ ਨੂੰ ਵੱਡਾ ਧੱਕਾ ਲੱਗਿਆ ਹੈ। ਚੀਨ ਦੇ ਉਦਯੋਗ ਲਗਭਗ ਠੱਪ ਹੋ ਗਏ ਹਨ। ਇਹਨਾਂ ਸਾਰੇ ਪ੍ਰਤੀਕਰਮਾਂ ਨੂੰ ਦੇਖਦਿਆਂ ਵਿਸ਼ਵ ਸਿਆਸਤ ਦੇ ਮਾਹਿਰ ਟਿੱਪਣੀਆਂ ਕਰ ਰਹੇ ਹਨ ਕਿ ਅਮਰੀਕਾ ਅਤੇ ਚੀਨ ਦਰਮਿਆਨ ਜਿਸ ਵੱਡੇ ਯੁੱਧ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਉਸ ਨੂੰ ਇਹ ਕੋਰੋਨਾਵਾਇਰਸ ਵੱਡਾ ਅਧਾਰ ਮੁਹੱਈਆ ਕਰਵਾਉਣ ਦੀ ਤਾਕਤ ਰੱਖਦਾ ਹੈ। 
ਸੁਖਵਿੰਦਰ ਸਿੰਘ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।