ਕੋਰੋਨਾਵਾਇਰਸ ਕਰਫਿਊ: ਜ਼ਰੂਰਤ, ਚੁਣੌਤੀਆਂ ਤੇ ਪੰਜਾਬ ਪੁਲਸ ਦੀ ਡਾਂਗ

ਕੋਰੋਨਾਵਾਇਰਸ ਕਰਫਿਊ: ਜ਼ਰੂਰਤ, ਚੁਣੌਤੀਆਂ ਤੇ ਪੰਜਾਬ ਪੁਲਸ ਦੀ ਡਾਂਗ

ਸੁਖਵਿੰਦਰ ਸਿੰਘ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਕੱਲ੍ਹ ਇਕ ਵਾਰ ਫੇਰ ਆਪਣੇ ਅੰਦਾਜ਼ ਵਿਚ ਹੀ ਇੱਕ ਵੱਡਾ ਐਲਾਨ ਕਰਦਿਆਂ ਸਾਰੇ ਭਾਰਤ ਵਿਚ 21 ਦਿਨਾਂ ਦਾ ਕਰਫਿਊ ਲਾ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਇਸ ਕਰਫਿਊ ਨੂੰ ਕਾਨੂੰਨ ਦੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਕੋਰੋਨਾਵਾਇਰਸ ਦੀ ਆਫਤ ਨੂੰ ਠੱਲ੍ਹ ਪਾਉਣ ਲਈ ਹੁਣ ਤਕ ਦਾ ਸਭ ਤੋਂ ਕਾਰਗਰ ਤਰੀਕਾ ਇਹ ਹੀ ਸਾਹਮਣੇ ਆ ਰਿਹਾ ਹੈ ਕਿ ਲੋਕਾਂ ਨੂੰ ਘਰਾਂ ਵਿਚ ਬੰਦ ਕਰਕੇ ਇਸ ਵਾਇਰਸ ਦੇ ਫੈਲਣ ਦੀ ਚੇਨ ਨੂੰ ਰੋਕਿਆ ਜਾਵੇ ਪਰ ਇਸ ਸਥਾਪਤ ਹੋ ਰਹੀ ਨੀਤੀ ਦੇ ਵਿਰੋਧੀ ਵਿਚਾਰ ਵੀ ਸਾਹਮਣੇ ਆ ਰਹੇ ਹਨ ਜਿਸ ਦੇ ਕੇਂਦਰ ਵਿਚ ਆਰਥਿਕ ਸੰਕਟ ਦੀ ਸਥਿਤੀ ਹੈ, ਜੋ ਵਿਸ਼ਵ ਵਿਆਪੀ ਬੰਦ ਨਾਲ ਕਾਫੀ ਖਤਰਨਾਕ ਪੱਧਰ ਤਕ ਪਹੁੰਚ ਸਕਦਾ ਹੈ ਜੋ ਬੇਰੁਜ਼ਗਾਰੀ ਅਤੇ ਗਰੀਬੀ ਵਧਾ ਕੇ ਹੋਰ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ। 

ਕੋਰੋਨਾਵਾਇਰਸ ਦਾ ਸਭ ਤੋਂ ਪਹਿਲਾ ਕੇਂਦਰ ਚੀਨ ਦੇ ਹੁਬਈ ਸੂਬੇ ਦਾ ਵੂਹਾਨ ਸ਼ਹਿਰ ਬਣਿਆ। ਇੱਥੋਂ ਸ਼ੁਰੂ ਹੋਈ ਇਸ ਵਾਇਰਸ ਦੀ ਮਾਰ ਕੁੱਝ ਦਿਨਾਂ ਅੰਦਰ ਹੀ ਪੂਰੀ ਦੁਨੀਆ 'ਚ ਫੈਲ ਕੇ ਮਹਾਂਮਾਰੀ ਦਾ ਰੂਪ ਲੈ ਗਈ। ਹੁਣ ਤੱਕ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 12,000 ਦੇ ਕਰੀਬ ਹੋ ਗਈ ਹੈ ਜਦਕਿ 3 ਲੱਖ ਤੋਂ ਵੱਧ ਲੋਕ ਇਸ ਦੇ ਸ਼ਿਕਾਰ ਐਲਾਨੇ ਜਾ ਚੁੱਕੇ ਹਨ ਜਿਹਨਾਂ ਵਿਚੋਂ 1 ਲੱਖ ਦੇ ਕਰੀਬ ਲੋਕ ਇਸ ਬਿਮਾਰੀ ਨੂੰ ਹਰਾ ਕੇ ਠੀਕ ਹੋ ਗਏ ਹਨ। 

ਕੋਰੋਨਾਵਾਇਰਸ ਖਿਲਾਫ ਪੂਰਨ ਬੰਦ ਦੀ ਨੀਤੀ ਕਿੰਨ੍ਹੀ ਸਾਰਥਕ?
ਵੂਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਜਦੋਂ ਕੁੱਝ ਦਿਨਾਂ ਵਿਚ ਹੀ ਚੀਨ ਦੇ ਸਾਰੇ ਹਿੱਸਿਆਂ 'ਚ ਪਹੁੰਚ ਗਿਆ ਤਾਂ ਮੁੱਢਲੀ ਖੋਜ ਤੋਂ ਇਹ ਪਤਾ ਲੱਗਿਆ ਕਿ ਇਹ ਮੂੰਹ ਜਾਂ ਨੱਕ ਰਾਹੀਂ ਨਿੱਕਲਣ ਵਾਲੇ ਤਰਲ ਦੇ ਸਪਰਸ਼ ਰਾਹੀਂ ਫੈਲ ਰਿਹਾ ਹੈ ਤੇ ਸ਼ਰੀਰ ਵਿਚੋਂ ਬਾਹਰ ਆਉਣ ਮਗਰੋਂ ਵੀ ਕਈ ਘੰਟਿਆਂ ਤਕ ਕਾਰਗਰ ਰਹਿੰਦਾ ਹੈ। ਇਸ ਦੇ ਫੈਲਣ ਦੀ ਸਮਰੱਥਾ ਦਾ ਅੰਦਾਜ਼ਾ ਖਤਰਨਾਕ ਪੱਧਰ ਤੱਕ ਦਰਜ ਕੀਤਾ ਗਿਆ ਕਿ ਇਸ ਦਾ ਸ਼ਿਕਾਰ ਇਕ ਬੰਦਾ ਕਈ ਸੈਂਕੜੇ ਬੰਦਿਆਂ ਨੂੰ ਇਹ ਵਾਇਰਸ ਅੱਗੇ ਦੇ ਸਕਦਾ ਹੈ। ਇਸ ਲਈ ਇਸ ਨੂੰ ਰੋਕਣ ਦਾ ਮੁੱਢਲਾ ਹੱਲ ਇਹ ਸੋਚਿਆ ਗਿਆ ਕਿ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਲੋਕਾਂ ਦੀ ਜਾਂਚ ਰਾਹੀਂ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਬਾਕੀ ਲੋਕਾਂ ਤੋਂ ਵੱਖ ਕੀਤਾ ਜਾਵੇ ਤਾਂ ਕਿ ਇਸ ਦੇ ਫੈਲਣ ਦੀ ਚੇਨ ਰੁਕ ਸਕੇ। ਇਸ ਲਈ ਲੋੜ ਸੀ ਕਿ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਯਕੀਨੀ ਬਣਾਈ ਜਾਵੇ। ਜਿਹੜੇ ਮੁਲਕਾਂ ਨੇ ਸਮਾਂ ਰਹਿੰਦਿਆਂ ਇਸ ਜਾਂਚ ਨੂੰ ਯਕੀਨੀ ਬਣਾਇਆ ਉਹ ਬਿਨ੍ਹਾਂ ਕਿਸੇ ਸਖਤ ਪਾਬੰਦੀ ਤੋਂ ਕਾਫੀ ਹੱਦ ਤਕ ਇਸ ਵਾਇਰਸ ਨੂੰ ਰੋਕਣ ਵਿਚ ਕਾਮਯਾਬ ਹੋਏ ਹਨ ਜਿਹਨਾਂ ਵਿਚ ਦੱਖਣੀ ਕੋਰੀਆ ਅਤੇ ਤਾਈਵਾਨ ਸ਼ਾਮਲ ਹਨ। ਕਿਉਂਕਿ ਚੀਨ ਇਸ ਵਾਇਰਸ ਦਾ ਪਹਿਲਾ ਸ਼ਿਕਾਰ ਸੀ ਉਸ ਲਈ ਇਹ ਸਟੇਜ ਲੰਘ ਚੁੱਕੀ ਸੀ ਤੇ ਚੀਨ ਨੂੰ ਇਸ ਵਾਇਰਸ ਦੀ ਟਰਾਂਸਮਿਸ਼ਨ ਰੋਕਣ ਲਈ ਪੂਰਨ ਬੰਦ ਦਾ ਐਲਾਨ ਕਰਨਾ ਪਿਆ। ਲੋਕਾਂ ਨੂੰ ਘਰਾਂ ਵਿਚ ਬੰਦ ਕਰਕੇ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਤੇ ਲਗਭਗ ਦੋ ਮਹੀਨਿਆਂ ਦੀ ਸਖਤ ਬੰਦੀ ਮਗਰੋਂ ਵਾਇਰਸ ਦੀ ਟਰਾਂਸਮਿਸ਼ਨ ਲਗਭਗ ਮੁਕੰਮਲ ਰੂਪ ਵਿਚ ਠੱਲ੍ਹ ਲਈ ਗਈ ਤੇ ਹੁਣ ਚੀਨ ਨੇ ਇਸ ਵਾਇਰਸ ਦੇ ਮੁੱਢਲੇ ਕੇਂਦਰ ਬਣੇ ਵੂਹਾਨ ਸ਼ਹਿਰ ਵਿਚ ਵੀ ਪਾਬੰਦੀਆਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ। 

ਬੰਦ ਬਾਰੇ ਕੌਮਾਂਤਰੀ ਬਹਿਸ
ਕੋਰੋਨਾਵਾਇਰਸ ਦੇ ਡਰੋਂ ਜਿਸ ਤਰ੍ਹਾਂ ਪੂਰੀ ਦੁਨੀਆ ਵਿਚ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਉਸ ਨੇ ਦੁਨੀਆ ਨੂੰ ਇਕ ਵੱਡੇ ਆਰਥਿਕ ਸੰਕਟ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਦੁਨੀਆ ਵਿਚ ਹੋ ਰਹੇ ਚੱਕਾ ਜਾਮ ਨਾਲ ਪੈਦਾ ਹੋਣ ਵਾਲੇ ਆਰਥਿਕ ਸੰਕਟ ਦੇ ਨਤੀਜੇ ਵਜੋਂ ਬੇਰੁਜ਼ਗਾਰੀ ਅਤੇ ਗਰੀਬੀ ਵਿਚ ਵਾਧਾ ਹੋਵੇਗਾ ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ ਇਕ ਨਵਾਂ ਸੰਕਟ ਖੜ੍ਹਾ ਕਰੇਗਾ। ਪੈਸੇ ਅਤੇ ਸਰੋਤਾਂ ਦੀ ਵੰਡ ਵਿਚ ਪਿਆ ਹੋਇਆ ਪਾੜਾ ਹੋਰ ਵਧੇਗਾ। ਇਸ ਲਈ ਮਾਹਿਰਾਂ ਵੱਲੋਂ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਹਨ। ਇਕ ਵਿਚਾਰ ਸਰਕਾਰਾਂ ਵੱਲੋਂ ਸਹੀ ਸਮੇਂ 'ਤੇ ਸੀਮਤ ਪਾਬੰਦੀਆਂ ਨਾ ਲਾ ਕੇ ਵਾਇਰਸ ਨੂੰ ਫੈਲਣ ਦੇਣ ਦਾ ਕਸੂਰਵਾਰ ਕਿਹਾ ਜਾ ਰਿਹਾ ਹੈ। ਇਸ ਵਿਚਾਰ ਮੁਤਾਬਕ ਜੇ ਸਮਾਂ ਰਹਿੰਦਿਆਂ ਸੀਮਤ ਪਾਬੰਦੀਆਂ ਲਾਈਆਂ ਜਾਂਦੀਆਂ ਤਾਂ ਅੱਜ ਇਹਨਾਂ ਪੂਰਨ ਪਾਬੰਦੀਆਂ ਤੋਂ ਬਚਿਆ ਜਾ ਸਕਦਾ ਸੀ। ਦੂਜੇ ਵਿਚਾਰ ਮੁਤਾਬਕ ਇਕ ਬਿਮਾਰੀ ਦੇ ਡਰੋਂ ਜ਼ਿੰਦਗੀ ਨੂੰ ਰੋਕ ਦੇਣਾ ਮਨੁੱਖੀ ਸਮਾਜ ਦੀ ਹਾਰ ਹੈ। ਉਹਨਾਂ ਦਾ ਕਹਿਣਾ ਹੈ ਕਿ ਮਹਾਂਮਾਰੀਆਂ ਨਾਲ ਲੜਦਾ ਹੀ ਮਨੁੱਖ ਕੁਦਰਤੀ ਨਿਯਮ ਅਨੁਸਾਰ ਅੱਜ ਦੇ ਸਮੇਂ ਤਕ ਪਹੁੰਚਿਆ ਹੈ ਤੇ ਮਨੁੱਖੀ ਸ਼ਰੀਰ ਨੇ ਹਰ ਬਿਮਾਰੀ ਨਾਲ ਜੂਝ ਕੇ ਉਸ ਖਿਲਾਫ ਲੜਨ ਦੀ ਆਪਣੀ ਕੁਦਰਤੀ ਸਮਰੱਥਾ ਬਣਾਈ ਹੈ। ਉਹਨਾਂ ਮੁਤਾਬਕ ਸਰਕਾਰਾਂ ਨੂੰ ਆਪਣੀਆਂ ਸਿਹਤ ਸਹੂਲਤਾਂ ਨੂੰ ਪਾਏਦਾਰ ਕਰਕੇ ਅਤੇ ਲੋਕਾਂ ਨੂੰ ਕੁੱਝ ਜ਼ਰੂਰੀ ਹਦਾਇਤਾਂ ਮੰਨਣ ਦਾ ਪ੍ਰਚਾਰ ਕਰਕੇ ਮਨੁੱਖ ਨੂੰ ਇਸ ਬਿਮਾਰੀ ਨਾਲ ਵੀ ਲੜਨਾ ਚਾਹੀਦਾ ਹੈ ਤੇ ਉਹ ਕਹਿ ਰਹੇ ਹਨ ਕਿ ਤੱਥਾਂ ਤੋਂ ਸਪਸ਼ਟ ਹੈ ਕਿ ਮਨੁੱਖੀ ਸ਼ਰੀਰ ਇਸ ਬਿਮਾਰੀ ਨਾਲ ਲੜ੍ਹਨ ਦੇ ਸਮਰੱਥ ਹਨ। 

ਪੰਜਾਬ ਕਰਫਿਊ ਦਾ ਹਾਲ
ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੇ 21 ਦਿਨਾਂ ਦੇ ਭਾਰਤ ਬੰਦ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਪੰਜਾਬ ਵਿਚ ਸਖਤ ਕਰਫਿਊ ਲਾਗੂ ਕਰ ਦਿੱਤਾ ਸੀ। ਇਸ ਦੌਰਾਨ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਪੁਲਸ ਸਖਤੀ ਦੀਆਂ ਵੀਡੀਓ ਸਾਹਮਣੇ ਆਈਆਂ ਜੋ ਕਿ ਲੋੜੋਂ ਵੱਧ ਪ੍ਰਤੀਤ ਹੋਈ। ਮੈਡੀਕਲ ਸਟੋਰ ਵੀ ਨਹੀਂ ਖੁੱਲ੍ਹਣ ਦਿੱਤੇ ਗਏ ਤੇ ਹਸਪਤਾਲ ਜਾ ਰਹੇ ਲੋਕਾਂ ਨੂੰ ਵੀ ਜ਼ਲੀਲ ਕੀਤਾ ਗਿਆ। ਇੱਥੋਂ ਤਕ ਕਿ ਕੁੱਝ ਥਾਵਾਂ 'ਤੇ ਹਸਪਤਾਲ ਦੇ ਸਟਾਫ ਨੂੰ ਵੀ ਨਹੀਂ ਬਖਸ਼ਿਆ ਗਿਆ। ਹੁਣ ਇਹ ਕਰਫਿਊ ਪੂਰੇ ਭਾਰਤ ਵਿਚ ਲਾਗੂ ਹੋਣ ਨਾਲ ਪੁਲਸ ਦੀ ਸਖਤੀ ਹੋਰ ਵਧੇਗੀ ਅਜਿਹੇ ਵਿਚ ਇਕ ਦਮ ਹੋਏ ਇਸ ਬੰਦ ਨਾਲ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਘਾਟ ਅਗਲੇ ਚਾਰ ਪੰਜ ਦਿਨਾਂ ਵਿਚ ਹੀ ਆਉਣੀ ਸ਼ੁਰੂ ਹੋ ਜਾਵੇਗੀ। ਇਸ ਲਈ ਹਲਾਂਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹ ਘਰਾਂ ਤਕ ਜ਼ਰੂਰੀ ਵਸਤਾਂ ਦੀ ਸਪਲਾਈ ਕਰੇਗੀ ਪਰ ਇਹ ਕੰਮ ਸਰਕਾਰੀ ਢਾਂਚੇ ਦੇ ਵਸ ਦਾ ਨਹੀਂ ਲਗ ਰਿਹਾ। ਸਿਰਫ ਕੁੱਝ ਵੀਡੀਓ ਕਲਿੱਪ ਨਿਊਜ਼ ਚੈਨਲਾਂ 'ਤੇ ਚੱਲਣ ਤੋਂ ਇਲਾਵਾ ਹਰ ਘਰ ਤਕ ਖਾਸ ਕਰਕੇ ਗਰੀਬ ਦੇ ਘਰ ਤਕ ਇਹ ਸਮਾਨ ਪਹੁੰਚਣ ਦੀ ਸੰਭਾਵਨਾ ਨਾ ਮਾਤਰ ਹੈ। ਇਹ ਮੁਸ਼ਕਲ ਉਸ ਸਮੇਂ ਖਤਰਨਾਕ ਹੋ ਸਕਦੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਿਰਫ ਬੰਦ ਦਾ ਐਲਾਨ ਹੀ ਕੀਤਾ, ਉਸ ਨਾਲ ਦਿਹਾੜੀਦਾਰ ਅਤੇ ਗਰੀਬ ਲੋਕਾਂ ਨੂੰ ਕਿਸੇ ਆਰਥਿਕ ਮਦਦ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।  

ਪੰਜਾਬ ਦੇ ਕਿਸਾਨਾਂ ਲਈ ਮੁਸ਼ਕਿਲ ਹੋਰ ਵੱਧ ਜਾਵੇਗੀ। 14 ਅਪ੍ਰੈਲ ਤਕ ਬੰਦ ਹੈ, ਪਰ ਉਸ ਸਮੇਂ ਤਕ ਕਿਸਾਨਾਂ ਦੀ ਕਣਕ ਦੀ ਫਸਲ ਅੱਧੀ ਖੇਤਾਂ ਵਿਚ ਹੀ ਝੜ ਜਾਵੇਗੀ ਜਿਸ ਨਾਲ ਕਿਸਾਨੀ ਨੂੰ ਵੱਡਾ ਨੁਕਸਾਨ ਹੋਵੇਗਾ। ਕਿਸਾਨਾਂ ਨੂੰ ਸਰਕਾਰ ਕਣਕ ਵੱਡਣ ਤੋਂ ਕਿਵੇਂ ਰੋਕਦੀ ਹੈ ਇਹ ਇਕ ਵੱਡੀ ਚੁਣੌਤੀ ਹੈ। ਆਲੂਆਂ ਦੀ ਪਟਾਈ ਦੇ ਦਿਨ ਚੱਲ ਰਹੇ ਹਨ ਤੇ ਜੇ 14 ਅਪ੍ਰੈਲ ਤਕ ਆਲੂ ਨਾ ਪੁੱਟੇ ਗਏ ਤਾਂ ਆਲੂਆਂ ਦੀ ਫਸਲ ਦਾ ਵੱਡਾ ਨੁਕਸਾਨ ਤੈਅ ਹੈ। ਦੁੱਧ ਦੇ ਵਪਾਰ ਨਾਲ ਜੁੜੀ ਪੰਜਾਬ ਦੀ ਕਿਸਾਨੀ ਨੂੰ ਵੱਡਾ ਘਾਟਾ ਪਵੇਗਾ ਕਿਉਂਕਿ ਡੇਅਰੀਆਂ ਨੇ ਦੁੱਧ ਚੁੱਕਣਾ ਬੰਦ ਕਰ ਦਿੱਤਾ ਹੈ। ਇਸ ਬੰਦੀ ਨਾਲ ਆਮ ਨਾਗਰਿਕ ਨੂੰ ਹੋਣ ਵਾਲੇ ਇਹਨਾਂ ਨੁਕਸਾਨਾਂ ਨੂੰ ਸਰਕਾਰ ਕਿਵੇਂ ਪੂਰਾ ਕਰੇਗੀ, ਇਸ ਲਈ ਫਿਲਹਾਲ ਕੋਈ ਐਲਾਨ ਨਹੀਂ ਕੀਤਾ ਗਿਆ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।