ਭਾਰਤ ਦੀਆਂ ਚੋਣਾਂ ਵਿਚ ਸਵਿਧਾਨ ਦੀ ਹੋਈ ਪੁਸ਼ਟੀ-ਇੰਡੀਅਨ ਓਵਰਸੀਜ਼ ਕਾਂਗਰਸ

ਭਾਰਤ ਦੀਆਂ ਚੋਣਾਂ ਵਿਚ ਸਵਿਧਾਨ ਦੀ ਹੋਈ ਪੁਸ਼ਟੀ-ਇੰਡੀਅਨ ਓਵਰਸੀਜ਼ ਕਾਂਗਰਸ
ਕੈਪਸ਼ਨ ਜਾਰਜ ਅਬਰਾਹਮ

* ਲੋਕਤੰਤਰ ਦਾ ਅਰਥ ਬਹੁਗਿਣਤੀ ਦਾ ਰਾਜ ਨਹੀਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਨੇ ਭਾਰਤ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਹਾਂ ਪਖੀ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਰਤੀ ਮੱਤਦਾਤਾਵਾਂ ਨੇ ਜਵਾਹਰ ਲਾਲ ਨਹਿਰੂ ਤੇ ਬੀ ਆਰ ਅੰਬੇਦਕਰ ਵੱਲੋਂ ਲਾਗੂ ਕੀਤੇ ਗਏ ਸਵਿਧਾਨ ਦੀ ਰਾਖੀ ਤੇ ਪੁਸ਼ਟੀ ਕੀਤੀ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਉੱਪ ਚੇਅਰਮੈਨ ਜਾਰਜ ਅਬਰਾਹਮ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਇਕ ਵਾਰ ਫਿਰ ਇਹ ਸਮਝਣਾ ਪਵੇਗਾ ਕਿ ਲੋਕਤੰਤਰ ਦਾ ਅਰਥ ਬਹੁਗਿਣਤੀ ਦਾ ਸਾਸ਼ਨ ਨਹੀਂ ਹੁੰਦਾ ਬਲਕਿ  ਲੋਕਤੰਤਰ ਵਿਚ ਭਿੰਨਤਾ ਦੀ ਕਦਰ ਕਰਨਾ ਤੇ ਜਾਤ, ਨਸਲ ਭਾਸ਼ਾ, ਧਰਮ ਜਾਂ ਖੇਤਰਵਾਰ ਤੋਂ ਉਪਰ ਉੱਠ ਕੇ ਹਰ ਇਕ ਨੂੰ ਨਿਆਂ ਦੇਣਾ ਹੁੰਦਾ ਹੈ। ਉਨਾਂ ਨੇ ਇੰਡੀਅਨ ਓਵਰਸੀਜ਼ ਕਾਂਗਰਸ  ਦੇ  ਉਨਾਂ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ ਜਿਨਾਂ ਨੇ ਲੋਕਤੰਤਰ ਦੀ ਰਖਿਆ ਲਈ ਚੋਣ ਪ੍ਰਕ੍ਰਿਆ ਵਿਚ ਆਪਣੀ ਭੂਮਿਕਾ ਨਿਭਾਈ। ਇਥੇ ਜਿਕਰਯੋਗ ਹੈ ਕਿ ਹਾਲਾਂ ਕਿ ਐਨ ਡੀ ਏ 543 ਮੈਂਬਰੀ ਲੋਕ ਸਭਾ ਵਿਚ 294 ਸੀਟਾਂ ਲਿਜਾਣ ਵਿਚ ਸਫਲ ਰਿਹਾ ਹੈ ਪਰੰਤੂ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਬਹੁਮਤ ਪ੍ਰਾਪਤ ਨਹੀਂ ਕਰ ਸਕੀ ਤੇ ਉਹ 240 ਸੀਟਾਂ ਹੀ ਲਿਜਾ ਸਕੀ ਜਦ ਕਿ 2019 ਦੀਆਂ ਚੋਣਾਂ ਵਿਚ ਉਹ ਇਕੱਲੀ ਹੀ 303 ਸੀਟਾਂ ਲੈ ਗਈ ਸੀ ਤੇ ਇਸ ਵਾਰ 400 ਸੀਟਾਂ ਲਿਜਾਣ ਦੀ ਕੋਸ਼ਿਸ਼ ਵਿਚ ਸੀ। ਦੂਸਰੇ ਪਾਸੇ ਕਾਂਗਰਸ 2019 ਦੇ ਮੁਕਾਬਲੇ ਆਪਣੀਆਂ ਸੀਟਾਂ ਦੁੱਗਣੀਆਂ ਕਰਨ ਵਿੱਚ ਸਫਲ ਰਹੀ ਤੇ ਉਸ ਨੇ 99 ਸੀਟਾਂ ਉਪਰ ਜਿੱਤ ਹਾਸਲ ਕੀਤੀ ਹੈ ਤੇ ਇੰਡੀਆ ਗਠਜੋੜ 231 ਸੀਟਾਂ ਜਿੱਤਣ ਵਿਚ ਕਾਮਯਾਬ ਰਿਹਾ। ਅਬਰਾਹਮ ਨੇ ਕਿਹਾ ਹੈ ਕਿ ਅਸੀਂ ਸਾਰੇ ਪ੍ਰਵਾਸੀ ਕਾਂਗਰਸੀ ਇੰਡੀਆ ਗਠਜੋੜ , ਇਸ ਦੇ ਆਗੂਆਂ ਤੇ ਖਾਸ ਤੌਰ 'ਤੇ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਰਾਹੁਲ ਗਾਂਧੀ ਨੂੰ ਸਲਾਮ ਕਰਦੇ ਹਾਂ ਜਿਨਾਂ ਨੇ ਸਿਰਤੋੜ ਕੋਸ਼ਿਸ਼ਾਂ ਕਰਕੇ ਲੋਕਤੰਤਰ ਤੇ ਸਵਿਧਾਨ ਨੂੰ ਬਚਾਉਣ ਸਬੰਧੀ ਆਪਣਾ ਸੁਨੇਹਾ ਭਾਰਤੀਆਂ ਤੱਕ ਸਫਲਤਾ ਪੂਰਵਕ ਪਹੁੰਚਾਇਆ ਜਿਨਾਂ ਨੇ ਇੰਡੀਆ ਗਠਜੋੜ ਦੇ ਹੱਕ ਵਿਚ ਵੋਟਾਂ ਪਾ ਕੇ ਭਰਵਾਂ ਹੁੰਗਾਰਾ ਭਰਿਆ। ਉਨਾਂ ਹੋਰ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ (ਸਾਬਕਾ ਗ੍ਰਹਿ ਮੰਤਰੀ) ਗਠਜੋੜ ਸਰਕਾਰ ਬਣਾਉਂਦੇ ਹਨ ਤਾਂ ਸਵਿਧਾਨ ਅਨੁਸਾਰ ਚੱਲਣਾ ਉਨਾਂ ਦੀ ਮਜਬੂਰੀ ਬਣ ਜਾਵੇਗੀ।