ਅਮਰੀਕਾ ਦੇ ਕੁਝ ਹਿੱਸਿਆਂ ਵਿਚ ਤੇਜ ਤੂਫਾਨ ਤੇ ਬਾਰਿਸ਼ ਕਾਰਨ ਜਨ ਜੀਵਨ ਵੱਡੀ ਪੱਧਰ 'ਤੇ ਪ੍ਰਭਾਵਿਤ

ਅਮਰੀਕਾ ਦੇ ਕੁਝ ਹਿੱਸਿਆਂ ਵਿਚ ਤੇਜ ਤੂਫਾਨ ਤੇ ਬਾਰਿਸ਼ ਕਾਰਨ ਜਨ ਜੀਵਨ ਵੱਡੀ ਪੱਧਰ 'ਤੇ ਪ੍ਰਭਾਵਿਤ

ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮੌਸਮ ਵਿਭਾਗ ਵੱਲੋਂ ਦਿੱਤੀ ਚਿਤਾਵਨੀ ਅਨੁਸਾਰ ਕੇਂਦਰੀ ਤੇ ਪੂਰਬੀ  ਅਮਰੀਕਾ ਵਿਚ ਤੇਜ ਤੂਫਾਨ ਤੇ ਬਾਰਿਸ਼ ਕਾਰਨ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਪ੍ਰਸ਼ਾਸਨ ਵੱਲੋਂ ਹੜ ਦੀ ਚਿਤਾਵਨੀ ਦਿੱਤੀ ਗਈ ਹੈ ਤੇ ਲੋਕਾਂ ਨੂੰ  ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੂਸਰੇ ਪਾਸੇ ਕੈਲੀਫੋਰਨੀਆ ਦੀ ਕੇਂਦਰੀ ਵਾਦੀ ਤੇ ਟੈਕਸਾਸ ਦੇ ਪੱਛਮੀ ਤੇ ਦੱਖਣੀ ਹਿੱਸੇ ਵਿਚ ਤਪਸ਼ ਤੇ ਤੇਜ ਗਰਮੀ ਨੇ ਲੋਕਾਂ ਨੂੰ ਝੰਬ ਸੁੱਟਿਆ ਹੈ। ਡੈਟਰਾਇਟ ਦੇ ਉੱਤਰ ਪੱਛਮ ਵਿਚ 20 ਮੀਲ ਦੂਰ ਲਿਵੋਨੀਆ ਵਿਚ ਤੂਫਾਨ ਕਾਰਨ ਇਕ ਘਰ ਉਪਰ ਦਰੱਖਤ ਡਿੱਗ ਗਿਆ ਜਿਸ ਦੇ ਸਿੱਟੇ ਵਜੋਂ   ਇਕ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦ ਕਿ ਉਸ ਦੀ ਮਾਂ ਤੇ ਇਕ 2 ਮਹੀਨੇ ਦਾ ਬੱਚਾ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੌਮੀ ਮੌਸਮ ਸੇਵਾ ਦੇ ਭਵਿੱਖਬਾਣੀ ਕੇਂਦਰ ਅਨੁਸਾਰ ਮੱਧ ਪੱਛਮ, ਹੇਠਲੇ ਮੈਦਾਨੀ  ਖੇਤਰਾਂ ਤੇ ਉਹੀਓ ਵਾਦੀ ਤੇ ਮੱਧ ਐਟਲਾਂਟਿਕ ਖੇਤਰ ਵਿਚ ਵੱਖਰਾ ਤੂਫਾਨ ਆਉਣ ਦੀ ਸੰਭਾਵਨਾ ਹੈ। ਉੱਤਰ ਤੇ ਕੇਂਦਰੀ ਟੈਕਸਾਸ ਤੇ ਉੱਤਰ ਪੱਛਮ ਲੋਇਸਆਨਾ ਦੇ ਨਾਲ ਨਾਲ ਨਿਊ ਜਰਸੀ, ਪੈਨਸਿਲਵਾਨੀਆ, ਡੈਲਾਵੇਅਰ ਤੇ ਫਿਲਾ ਡੈਲਫੀਆ ਵਿਚ ਅਚਾਨਕ ਹੜ ਵਰਗੇ ਹਾਲਾਤ ਬਣਨ ਦੀ ਚਿਤਾਵਨੀ ਦਿੱਤੀ ਗਈ ਹੈ। ਟੈਕਸਾਸ ਵਿਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਘਰਾਂ ਵਿਚ ਰਹਿਣ ਕਿਉਂਕਿ ਹੜ ਦਾ ਪਾਣੀ ਵੱਡੀ ਪੱਧਰ 'ਤੇ ਆ ਸਕਦਾ ਹੈ ਕਿਉਂਕਿ ਦਰਿਆ ਹੜ ਦੇ ਪੱਧਰ ਤੋਂ ਉਪਰ ਵਹਿ ਰਹੇ ਹਨ। ਓਕਲਾਹੋਮਾ ਤੇ ਲੋਵਾ ਵਿਚ ਵੀ ਮੌਸਮ ਵਿਗਿਆਨੀਆਂ ਨੇ ਦਰਿਆ ਨੇੜੇ ਲੱਗਦੇ ਖੇਤਰਾਂ ਤੇ ਸੜਕਾਂ ਉਪਰ ਹੜ ਆਉਣ ਦੀ ਚਿਤਾਵਨੀ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਸਮੁੱਚੇ ਟੈਕਸਾਸ ਵਿਚ 60 ਹਜਾਰ ਘਰ ਤੇ ਕਾਰੋਬਾਰੀ ਅਦਾਰਿਆਂ ਵਿਚ ਬਿਜਲੀ ਨਹੀਂ ਹੈ ਜਿਸ  ਨੂੰ ਬਹਾਲ ਕਰਨ ਲਈ ਸਮਾਂ ਲੱਗ ਸਕਦਾ ਹੈ।  ਮਿਸ਼ੀਗਨ, ਵਿਸਕਾਨਸਿਨ ਤੇ ਮਿਨੀਸੋਟਾ ਵਿਚ ਕੁਲ ਮਿਲਾ ਕੇ 59 ਹਜਾਰ ਲੋਕਾਂ ਨੂੰ ਬਿਜਲੀ ਤੇ ਹੋਰ ਸੇਵਾਵਾਂ ਨਹੀਂ ਮਿਲ ਰਹੀਆਂ। ਮਿਸੀਸਿੱਪੀ ਵਿਚ 26 ਹਜਾਰ ਲੋਕ ਵੀ ਤੂਫਾਨ ਤੋਂ ਪ੍ਰਭਾਵਿਤ ਹੋਏ ਹਨ। ਮੌਸਮ ਦੀ ਖਰਾਬੀ ਕਰਾਨ ਡਲਾਸ ਫੋਰਥ ਵਰਥ ਇੰਟਰਨੈਸ਼ਨਲ ਏਅਰਪੋਰਟ 'ਤੇ  350 ਤੋਂ ਵਧ ਉਡਾਣਾਂ ਵਿੱਚ ਦੇਰੀ ਹੋਈ ਹੈ  ਤੇ ਬੁੱਧਵਾਰ ਨੂੰ ਘੱਟੋ ਘੱਟ 45 ਉਡਾਣਾਂ ਰੱਦ ਹੋਈਆਂ ਹਨ।