ਗਾਇਕ ਅਮਰ ਚਮਕੀਲਾ ਐਂਡ ਪਾਰਟੀ ਦੇ ਅੰਤ ਦਾ ਅਸਲ ਸੱਚ

ਗਾਇਕ ਅਮਰ ਚਮਕੀਲਾ ਐਂਡ ਪਾਰਟੀ ਦੇ ਅੰਤ ਦਾ ਅਸਲ ਸੱਚ
ਅਮਰ ਚਮਕੀਲਾ ਅਤੇ ਉਸਦੀ ਸਾਥਣ ਅਮਰਜੋਤ ਦੀ ਅਖਾੜੇ ਦੀ ਤਸਵੀਰ

ਲਵਸ਼ਿੰਦਰ ਸਿੰਘ ਡੱਲੇਵਾਲ 
07825813301  
     

ਪਿਛਲੇ ਦਿਨੀ ਇੱਕ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਇੰਟਵਿਊ ਕਿਸੇ ਨੇ ਵਟਸ ਅੱਪ ਤੇ ਭੇਜੀ। ਜਿਸ ਵਿੱਚ ਇਸ ਗਾਇਕ ਨੇ ਅਮਰ ਚਮਕੀਲਾ ਦੀ ਮੌਤ ਬਾਰੇ ਤਰ੍ਹਾਂ ਤਰ੍ਹਾਂ ਦੇ ਸ਼ੱਕ ਪੈਦਾ ਕਰਨ ਦੇ ਨਾਲ-ਨਾਲ ਹੱਕ ਸੱਚ ਇਨਸਾਫ ਅਤੇ ਧਰਮ 'ਤੇ ਅਧਾਰਿਤ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਜੁਝਾਰੂਆਂ  ਦੇ ਅਕਸ ਨੂੰ ਧੁੰਦਲਾ ਕਰਨ ਦਾ ਯਤਨ ਵੀ ਕੀਤਾ। ਮੈਂ ਕੁੱਝ ਸਾਲ ਪਹਿਲਾਂ ਵੀ ਅਮਰ ਚਮਕੀਲੇ ਦੀ ਮੌਤ ਦੇ ਅਸਲ ਕਾਰਨ ਲਿਖ ਚੁੱਕਾ ਹਾਂ ਪਰ ਛਿੰਦੇ ਵਰਗੇ ਦੁੱਕੀ ਤਿੱਕੀ ਜਿਹੇ ਲੋਕ ਆਏ ਦਿਨ ਸਾਡੇ ਸ਼ਹੀਦ ਭਰਾਵਾਂ ਬਾਰੇ ਕੁੱਝ ਨਾ ਕੁੱਝ ਵਿੰਗੇ ਟੇਢੇ ਢੰਗ ਨਾਲ ਆਖਦੇ ਰਹਿੰਦੇ ਹਨ। ਸਿੱਖ ਕੌਮ ਦੇ ਅਲਬੇਲੇ ਜਰਨੈਲ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਜੀ ਨੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਨੇ ਸਾਂਝੇ ਤੌਰ 'ਤੇ 1987 ਵਿੱਚ ਸਮਾਜ ਸੁਧਾਰ ਲਹਿਰ ਦਾ ਅਗਾਜ਼ ਕੀਤਾ। ਜਿਸ ਵਿੱਚ ਦਾਜ ਦਹੇਜ ਦੇ ਲਾਲਚੀਆਂ ਨੂੰ ਨਕੇਲ ਪਾਉਣੀ, ਲੋੜ ਤੋਂ ਵੱਧ ਬਰਾਤ ਲਿਜਾਉਣ 'ਤੇ ਪਬੰਦੀ, ਬਰਾਤ ਨੂੰ ਮੀਟ ਅਤੇ ਸ਼ਰਾਬ ਵਰਤਣ ਦੀ ਮਨਾਹੀ ਤਾਂ ਕਿ ਮੁੰਡੇ ਵਾਲੇ ਨਸ਼ੇ ਵਿੱਚ ਗੁੱਟ ਹੋ ਕੇ ਕੁੜੀ ਵਾਲਿਆਂ ਦੇ ਘਰੇ ਖਰੂਦ ਨਾ ਪਾਉਣ, ਦਾਜ ਦੇ ਲਾਲਚੀਆਂ ਅਤੇ ਨਸ਼ਈ ਪਤੀਆਂ ਵਲੋਂ ਬਿਨਾ ਕਿਸੇ ਕਸੂਰ ਪੇਕੇ ਘਰ ਬਿਠਾਈਆਂ ਗਈਆਂ ਧੀਆਂ ਭੈਣਾਂ ਦਾ ਮੁੜ ਵਸੇਬਾ ਅਤੇ ਪੰਜਾਬ ਦੀ ਪਾਕਿ ਪਵਿੱਤਰ ਫਿਜ਼ਾ ਵਿੱਚ ਗੰਦ ਘੋਲਣ ਵਾਲੇ ਲੱਚਰ ਗਾਇਕਾਂ 'ਤੇ ਸ਼ਿਕੰਜਾ ਕੱਸਣਾ, ਨਾਈਆਂ ਨੂੰ ਹਜਾਮਤ ਕਰਨ ਤੋਂ ਰੋਕਣ ਵਰਗੇ ਸਮਾਜ ਸੁਧਾਰਕ ਕਾਰਜਾਂ ਨੂੰ ਸ਼ਾਮਲ ਕੀਤਾ ਗਿਆ ਜਿਹਨਾਂ ਨੂੰ ਗਿਆਰਾਂ ਨੁਕਾਤੀ ਸਮਾਜ ਸੁਧਾਰ ਲਹਿਰ ਦੇ ਨਾਮ ਹੇਠ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਅਤੇ ਲੈਫਟੀਨੈਂਟ ਜਨਰਲ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਗਿਆ ਅਤੇ ਇਸ ਲਹਿਰ ਦੀ ਸਮੂਹ ਜੁਝਾਰੂਆਂ ਵਲੋਂ ਸ਼ਿੱਦਤ ਨਾਲ ਹਿਮਾਇਤ ਕੀਤੀ ਗਈ ਗਈ। 

ਪੰਜਾਬ ਦੀ ਫਿਜ਼ਾ ਵਿੱਚ ਲੱਚਰਪੁਣੇ ਦਾ ਗੰਦ ਘੋਲਣ ਵਾਲਿਆਂ ਵਿੱਚ ਅਮਰ ਚਮਕੀਲਾ ਐਂਡ ਪਾਰਟੀ ਉਹਨਾਂ ਦਿਨਾਂ ਵਿੱਚ ਸਭ ਤੋਂ ਅੱਗੇ ਸੀ। ਜਿਹਨੇ ਅੱਤ ਦਰਜੇ ਦੇ ਗੰਦੇ ਗੀਤ ਗਾ ਕੇ ਪੰਜਾਬ ਦੀਆਂ ਨੌਜਵਾਨ ਧੀਆਂ ਅਤੇ ਨੌਜਵਾਨ ਮੁੰਡਿਆਂ ਨੂੰ ਕੁਰਾਹੇ ਪਾਉਣ ਦਾ ਰਸਤਾ ਅਪਣਾਇਆ ਹੋਇਆ ਸੀ। ਇਸ ਨੂੰ ਤਿੰਨ ਵਾਰ ਸਿੰਘਾਂ ਵਲੋਂ ਇਹਨਾਂ ਕਰਤੂਤਾਂ ਤੋਂ ਬਾਜ਼ ਆਉਣ ਲਈ ਚਿਤਾਵਨੀ ਦਿੱਤੀ ਗਈ। ਪਰ ਇਹ ਚਮਕੀਲਾ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ। ਸਗੋਂ ਆਪਣੀ ਕੈਨੇਡਾ ਫੇਰੀ ਦੌਰਾਨ ਕਹਿਣ ਲੱਗਾ ਕਿ ਮੈਂ ਸਿੰਘਾਂ ਨੂੰ ਪੈਸੇ ਦੇ ਦਿੱਤੇ ਹਨ ਅਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਤੂੰ ਜਿੱਦਾਂ ਮਰਜ਼ੀ ਗਾ ਸਕਦਾ, ਕੋਈ ਗੱਲ ਨਹੀਂ। ਇਕ ਤਰਾਂ ਨਾਲ ਇਹ ਉਸ ਨੇ ਝੂਠੀ ਸ਼ੇਖੀ (ਗੱਪ) ਮਾਰੀ ਜਿਹੜੀ ਉਸਦੀ ਆਪਣੀ ਮੌਤ ਦੇ ਵਰੰਟਾਂ 'ਤੇ ਬਹੁਤ ਹੀ ਨੇੜੇ ਦੀ ਤਰੀਕ ਪਵਾ ਗਈ। ਇਸ ਗੱਲ ਦਾ ਜਿਕਰ ਭਾਈ ਗੁਰਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਦੇ ਹੋਸਟਲ ਦੇ 62 ਨੰਬਰ ਕਮਰੇ ਵਿੱਚ ਸਾਡੇ ਨਾਲ ਕੀਤਾ ਸੀ। ਉਸ ਦਿਨ ਮੇਰੇ (ਲਵਸ਼ਿੰਦਰ ਸਿੰਘ ਡੱਲੇਵਾਲ) ਸਮੇਤ ਅਸੀਂ ਸੱਤ ਜਣੇ ਮੀਟਿੰਗ ਵਿੱਚ ਸੀ। ਭਾਈ ਗੁਰਜੀਤ ਸਿੰਘ ਨੇ ਆਖਿਆ ਸੀ ਕਿ ਮੈਨੂੰ ਕੈਨੇਡਾ ਰਹਿੰਦੇ ਹੋਰ ਦੋਸਤਾਂ ਤੋਂ ਵੀ ਪਤਾ ਕਰ ਲੈਣ ਦਿਓ। ਇਸੇ ਦਿਨ ਹੀ ਚੌਥੇ ਦਿਨ ਫੇਰ ਮੀਟਿੰਗ ਕਰਨ ਵਾਸਤੇ ਉਹਨਾਂ ਆਖਿਆ ਸੀ। ਜਿਸ ਵਿੱਚ ਅਸੀਂ ਕੁੱਲ 19 ਜਣੇ ਸ਼ਾਮਲ ਹੋਏ ਸੀ ਅਤੇ ਭਾਈ ਗੁਰਜੀਤ ਸਿੰਘ ਆਖਿਆ ਸੀ ਕਿ ਉਸ ਨੇ ਪੂਰੀ ਇਨਕੁਆਰੀ ਕੀਤੀ ਹੈ ਅਮਰ ਚਮਕੀਲੇ ਨੇ ਵਾਕਿਆ ਹੀ ਇਹ ਦੋਸ਼ ਆਪਣੇ 'ਤੇ ਲਾਇਆ ਹੈ। ਸੋ ਉਸ ਦਿਨ ਇਸ ਨੂੰ ਮਾਰਨਾ ਤਹਿ ਹੋਇਆ ਸੀ। 

ਇਸ ਫੈਸਲੇ ਤੋਂ ਤੀਸਰੇ ਦਿਨ ਮੈਂ ਅਤੇ ਭਾਈ ਗੁਰਦੀਪ ਸਿੰਘ ਦੀਪਾ ਲੁਧਿਆਣੇ ਇਸਦੇ ਦਫਤਰ ਵਿੱਚ ਫੈਂਸਲਾ ਲਾਗੂ ਕਰਨ ਦੇ ਇਰਾਦੇ ਨਾਲ ਪੂਰੀ ਤਿਆਰੀ ਨਾਲ ਗਏ ਸੀ ਪਰ ਸਾਨੂੰ ਇਹ ਦਫਤਰ ਵਿੱਚ ਨਹੀਂ ਸੀ ਮਿਲਿਆ। ਉੱਥੇ ਇਸਦਾ ਕਲਰਕ ਬੈਠਾ ਸੀ। ਜਿਕਰਯੋਗ ਹੈ ਕਿ ਮਈ 1987 ਵਿੱਚ ਅਜੇ ਮੈਨੂੰ ਜਲੰਧਰ, ਕਪੂਰਥਲਾ ਅਤੇ ਸੰਗਰੂਰ ਜੇਲ੍ਹਾਂ ਵਿੱਚ ਡੇਢ ਸਾਲ ਦਾ ਸਮਾਂ ਬਤੀਤ ਕਰਨ ਮਗਰੋਂ ਗੁਰਾਇਆਂ ਥਾਣੇ ਵਿੱਚ ਇੱਕ ਮਹੀਨੇ ਦੀ ਗੈਰ ਕਨੂੰਨੀ ਹਿਰਾਸਤ ਵਿੱਚੋਂ ਭੱਜ ਕੇ ਆਏ ਨੂੰ ਦੋ ਹਫਤੇ ਹੀ ਹੋਏ ਸਨ। ਭਾਈ ਸੱਤਪਾਲ ਸਿੰਘ ਨੇ ਆਪਣੇ ਨਾਲ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੋਗੇ ਵਿੱਚ ਹੋ ਰਹੀ ਕਾਨਫਰੰਸ ਵਿੱਚ ਜਾਣ ਲਈ ਆਖਿਆ ਸੀ। ਉਸਦਾ ਕਹਿਣਾ ਸੀ ਕਿ ਸ਼ਾਇਦ ਇੱਥੇ ਭਾਈ ਗੁਰਜੀਤ ਸਿੰਘ ਜੀ ਪ੍ਰਧਾਨ ਵੀ ਆਵੇ ਉਸ ਨੂੰ ਵੀ ਮਿਲ ਹੋ ਜਾਵੇਗਾ। ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਗਾਇਕ ਕੁਲਦੀਪ ਮਾਣਕ, ਮੁਹੰਮਦ ਸਦੀਕ ਸਮੇਤ ਦਸ ਬਾਰਾਂ ਗਾਇਕ ਆਪਣੇ ਗੀਤ ਲੈ ਕੇ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਇਹਨਾਂ ਨੂੰ ਪੜਕੇ ਸੈਂਸਰ ਕਰ ਲਉ, ਜਿਹੜੇ ਤੁਹਾਨੂੰ ਠੀਕ ਲਗਦੇ ਹਨ ਅਸੀਂ ਉਹ ਹੀ ਗਾਵਾਂਗੇ। ਇਸ ਤੋਂ ਪਹਿਲਾਂ ਕੋਈ ਹੋਰ ਗੱਲ ਕਰਦੇ, ਭਾਈ ਸੱਤਪਾਲ ਸਿੰਘ ਢਿੱਲੋਂ ਆਖਣ ਲੱਗਾ ਕਿ ਸਿੱਧੀ ਸਪੱਸ਼ਟ ਜਿਹੀ ਗੱਲ ਹੈ ਕਿ ਜਿਹੜੇ ਗੀਤ ਤੁਸੀਂ ਆਪਣੀਆਂ ਮਾਵਾਂ, ਭੈਣਾਂ ਅਤੇ ਆਪਣੇ ਬਾਪੂ ਨਾਲ ਇਕੱਠੇ ਬੈਠ ਕੇ ਸੁਣ ਸਕਦੇ ਹੋ ਉਹ ਗਾ ਲਉ, ਸਾਨੂੰ ਕੋਈ ਇਤਰਾਜ ਨਹੀਂ ਪਰ ਜਿਹੜਾ ਗੀਤ ਤੁਸੀਂ ਆਪਣੇ ਇਹਨਾਂ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਨਹੀਂ ਸੁਣ ਸਕਦੇ, ਅਗਰ ਉਹ ਗਾਉਣ ਦੀ ਗੁਸਤਾਖੀ ਕੀਤੀ ਤਾਂ ਹਸ਼ਰ ਬਹੁਤ ਬੁਰਾ ਹੋਵੇਗਾ, ਦੂਸਰਾ ਸਾਡੇ ਕੋਲ ਤੁਹਾਡੇ ਗੀਤ ਪੜਨ ਦਾ ਨਾ ਟਾਈਮ ਹੈ ਅਤੇ ਨਾ ਹੀ ਅਸੀਂ ਤੁਹਾਡੇ ਮੁਲਾਜ਼ਮ ਹਾਂ। ਇੰਨਾ ਆਖ ਕੇ ਅਸੀਂ ਆਪਣੇ ਰਾਹ ਪੈ ਗਏ ਅਤੇ ਇਹ ਗਾਇਕ ਵੀ ਝੱਟ ਮਗਰੋਂ ਚਲੇ ਗਏ।

ਅੱਠ ਮਾਰਚ 1988 ਦੀ ਦੁਪਿਹਰ ਦਾ ਸਮਾਂ ਸੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਜੂਝ ਰਹੇ ਤਿੰਨ ਸਿੰਘ ਇਸ ਲੱਚਰ ਗਾਇਕ ਲਈ ਧੁਰ ਦੀਆਂ ਟਿਕਟਾਂ ਲੈ ਕੇ ਆਣ ਪੁੱਜੇ। ਜਲੰਧਰ ਜਿਲ੍ਹੇ ਦੀ ਫਿਲੌਰ ਤਹਿਸੀਲ ਅਧੀਨ ਆਉਂਦੇ ਪਿੰਡ ਮਹਿਸਮਪੁਰ ਵਿੱਚ ਇਸ ਚਮਕੀਲੇ ਦਾ ਅਖਾੜਾ ਸੀ। ਪਰਿਵਾਰ ਵਾਲਿਆਂ ਵਿਆਹ ਦੀ ਖੁਸ਼ੀ ਵਿੱਚ ਪਹਿਲਾਂ ਅਖੰਡ ਪਾਠ ਸਾਹਿਬ ਦਾ ਭੋਗ ਪੁਆਇਆ ਅਤੇ ਬਾਅਦ ਵਿੱਚ ਚਮਕੀਲਾ ਲਗਾਉਣਾ ਸੀ। ਜਦੋਂ ਪਰਿਵਾਰ ਵਾਲੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਗੁਰਦਵਾਰਾ ਸਾਹਿਬ ਛੱਡ ਕੇ ਵਾਪਸ ਆਏ ਤਾਂ ਦੁਆਬੇ ਦਾ ਮਾਣ ਅਤੇ ਪੰਥ ਦੀ ਸ਼ਾਨ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਉਹਨਾਂ ਨੂੰ ਆਖਣ ਲੱਗਾ ਕਿ ਤੁਸੀਂ ਕਾਹਨੂੰ ਚਮਕੀਲਾ ਸੱਦਣਾ ਸੀ ਜੇਕਰ ਇੱਥੇ ਖਾੜਕੂ ਆ ਗਏ ਤਾਂ ਖਰਾਬੀ ਹੋ ਸਕਦੀ ਹੈ, ਤਾਂ ਪਰਿਵਾਰ ਵਾਲਿਆਂ ਬੜੇ ਯਕੀਨ ਨਾਲ ਜਵਾਬ ਦਿੱਤਾ ਕਿ ਨਹੀਂ ਖਰਾਬੀ ਖਰੂਬੀ ਕੀ ਹੋਣੀ ਹੈ ਚਮਕੀਲਾ ਪਾਰਟੀ ਪਹੁੰਚ ਚੁੱਕੀ ਬੱਸ ਤੁਸੀਂ ਸੁਣਨ ਲਈ ਤਿਆਰ ਰਹੋ। ਉਸ ਵਕਤ ਇਹ ਅਮਰ ਚਮਕੀਲਾ ਐਂਡ ਪਾਰਟੀ ਚਾਹ ਪਾਣੀ ਛੱਕ ਰਹੀ ਸੀ। ਚਾਹ ਪੀ ਕੇ ਜਦੋਂ ਇਹ ਅਖਾੜੇ ਵਾਲੀ ਥਾਂ 'ਤੇ ਜਾਣ ਲਈ ਬਾਹਰ ਨਿੱਕਲੇ ਤਾਂ ਚਾਰ ਜਣੇ ਅਮਰ ਚਮਕੀਲਾ, ਇਹਦੇ ਨਾਲ ਗਾਉਣ ਵਾਲੀ ਅਮਰਜੋਤ, ਇੱਕ ਢੋਲਕੀ ਵਾਲਾ ਇੱਕ ਗੱਡੀ ਵਿੱਚ ਬੈਠ ਗਏ ਅਤੇ ਦੋ ਜਣੇ ਪੈਦਲ ਚੱਲ ਪਏ। ਭਾਈ ਗੁਰਨੇਕ ਸਿੰਘ ਨੇਕਾ ਉਰਫ ਹਰੀ ਸਿੰਘ ਬਾਬਾ ਨੇ ਆਖਿਆ ਕਿ ਆਹ ਜਿਹੜੇ ਦੋ ਜਣੇ ਪੈਦਲ ਚੱਲ ਪਏ ਹਨ ਇਹ ਆਪਾਂ ਛੱਡ ਦੇਣੇ ਹਨ। ਇਹਨਾਂ ਆਪਣੀ ਗੱਡੀ ਤੋਰੀ ਤਾਂ ਦੂਰ ਖੜੇ ਸਿੰਘਾਂ ( ਭਾਈ ਗੁਰਦੀਪ ਸਿੰਘ ਦੀਪਾ, ਭਾਈ ਗੁਰਨੇਕਾ ਸਿੰਘ ਨੇਕਾ ਅਤੇ ਭਾਈ ਸੁਖਦੇਵ ਸਿੰਘ ਸੋਢੀ ਪਿੰਡ ਰੁੜਕਾ ਕਲਾਂ) ਨੇ ਆਪਣਾ ਸਕੂਟਰ ਤੋਰ ਲਿਆ। ਗੱਡੀ ਖੜੀ ਹੋਈ ਅਮਰਜੋਤ ਆਪਣਾ ਮੇਕ ਅੱਪ ਦੇਖਣ ਲਈ ਪਰਸ ਵਿੱਚੋਂ ਕੱਢ ਕੇ ਸ਼ੀਸ਼ਾ ਦੇਖਿਆ। ਭਾਈ ਗੁਰਦੀਪ ਸਿੰਘ ਦੀਪਾ ਗੱਡੀ ਦੇ ਇੱਕ ਪਾਸੇ ਅਤੇ ਭਾਈ ਸੁਖਦੇਵ ਸਿੰਘ ਸੋਢੀ ਦੂਜੇ ਪਾਸੇ ਖੜ ਗਏ, ਭਾਈ ਗੁਰਨੇਕ ਸਿੰਘ ਨੇਕਾ ਸਟੇਜ ਕੋਲ ਪੁੱਜ ਗਿਆ। ਜਦੋਂ ਇਹ ਗੱਡੀ ਚੋਂ ਬਾਹਰ ਨਿੱਕਲੇ ਤਾਂ ਦੋਵਾਂ ਪਾਸਿਆਂ ਏਕੇ ਸੰਤਾਲੀ ਰਾਈਫਲਾਂ ਦੀਆਂ ਗੋਲੀਆਂ ਮੀਂਹ ਵਾਂਗ ਆਈਆਂ। ਅਮਰ ਚਮਕੀਲਾ ,ਅਮਰਜੋਤ ਅਤੇ ਇਹਨਾਂ ਦੇ ਦੋ ਸਾਥੀ ਗੋਲੀਆਂ ਨਾਲ ਛੱਲਣੀ ਹੋ ਗਏ। ਪੰਜਾਬ ਦੀ ਫਿਜ਼ਾ ਵਿੱਚ ਗੰਦ ਘੋਲਣ ਅਤੇ ਪੰਜਾਬ ਦੀਆਂ ਨੌਜਵਾਨ ਧੀਆਂ ਨੂੰ ਕੁਰਾਹੇ ਪਾਉਣ ਵਾਲਿਆਂ ਦਾ ਅੰਤ ਹੋ ਗਿਆ। ਦੂਜੇ ਪਾਸੇ ਭਾਈ ਗੁਰਨੇਕ ਸਿੰਘ ਨੇਕਾ ਹੱਥ ਵਿੱਚ ਏ.ਕੇ ਸੰਤਾਲੀ ਫੜੀ ਸਟੇਜ 'ਤੇ ਚੜ ਕੇ ਇਹ ਅਪੀਲਾਂ ਕਰਨ ਲੱਗ ਪਿਆ ਕਿ ਲੋਕੋ ਕਿੱਥੇ ਜਾ ਰਹੇ ਹੋ ਅਰਾਮ ਨਾਲ ਬੈਠੋ ਅਜੇ ਤਾਂ ਅਸੀਂ ਭੰਗੜਾ ਪਾਉਣਾ ਹੈ ਤੁਸੀਂ ਮਨਰੰਜਨ ਕਰਨ ਆਏ ਸੀ ਹੁਣ ਮੰਨੋਰੰਜਨ ਕਰਕੇ ਹੀ ਜਾਇਉ। ਦਰ ਅਸਲ ਭਾਈ ਨੇਕਾ ਲੋਕਾਂ ਦੀ ਅਣਖ ਨੂੰ ਵੰਗਾਰ ਰਿਹਾ ਸੀ ਕਿ ਸ਼ਰਮ ਕਰੋ ਅਜਿਹਾ ਲੱਚਰਪੁਣਾ ਦੇਖਣਾ ਬੰਦ ਕਰੋ। ਇੱਕ ਪਾਸੇ ਹਿੰਦੋਸਤਾਨੀ ਸਰਕਾਰ ਸਿੱਖ ਕੌਮ 'ਤੇ ਇੰਨਾ ਜ਼ੁਲਮ ਢਾਹ ਰਹੀ ਹੈ ਦੂਜੇ ਪਾਸੇ ਤੁਸੀਂ ਇਹੋ ਜਿਹੇ ਲੱਚਰ ਗਾਇਕਾਂ ਨੂੰ ਸੁਣ ਕੇ ਹੋਰ ਗੰਦ ਗਾਉਣ ਲਈ ਉਤਸ਼ਾਹਿਤ ਕਰ ਰਹੇ ਹੋ। ਪਰ ਲੋਕਾਂ ਵਿੱਚ ਇੰਨੀ ਹਫੜਾ ਦਫੜੀ ਮੱਚ ਗਈ ਕਿ ਸੈਂੜਕਿਆਂ ਦੀ ਤਾਦਾਦ ਵਿੱਚ ਲੋਕ ਆਪਣੀਆਂ ਜੁੱਤੀਆਂ ਲਾਹ ਕੇ ਭੱਜ ਗਏ, ਨਾਲ ਲਗਦੇ ਖੇਤਾਂ ਦੀ ਕਣਕ ਮਿੱਧ ਗਏ। ਅਮਰ ਚਮਕੀਲਾ ਐਂਡ ਪਾਰਟੀ ਨੂੰ ਸੋਧ ਕੇ ਭਾਈ ਗੁਰਦੀਪ ਸਿੰਘ ਦੀਪਾ, ਭਾਈ ਸੁਖਦੇਵ ਸਿੰਘ ਸੋਢੀ ਅਤੇ ਭਾਈ ਗੁਰਨੇਕ ਸਿੰਘ ਨੇਕਾ ਅਰਾਮ ਨਾਲ ਸਕੂਟਰ 'ਤੇ ਫਰਾਰ ਹੋ ਗਏ। ਇਸ ਵਕਤ ਭਾਈ ਗੁਰਦੇਵ ਸਿੰਘ ਦੇਵ ਰੁਕੜਾ ਅਤੇ ਭਾਈ ਪਰਜੀਤ ਸਿੰਘ ਬੀਰ ਪਿੰਡ ਵੀ ਦੋ ਅਸਾਲਟਾਂ ਨਾਲ ਲੈਸ ਦੂਸਰੇ ਸਕੂਟਰ ਸਮੇਤ ਮੌਜੂਦ ਸਨ ਅਤੇ ਸਾਰੇ ਘਟਨਾਕਰਮ ਨੂੰ ਦੇਖ ਰਹੇ ਸਨ ਜੇਕਰ ਲੋੜ ਪੈਂਦੀ ਤਾਂ ਇਹਨਾਂ ਦੀਅਾਂ ਅਸਾਲਟਾਂ ਨੇ ਵੀ ਚੱਲਣਾ ਸੀ ਪਰ ਲੋੜ ਨਹੀਂ ਪਈ ਸਾਰਾ ਕੰਮ ਠੀਕ ਠਾਕ ਨੇਪਰੇ ਚੜ ਗਿਆ। ਅਗਲੇ ਦਿਨ ਭਾਈ ਗੁਰਨੇਕ ਸਿੰਘ ਨੇਕਾ ਉਰਫ ਹਰੀ ਸਿੰਘ ਬਾਬਾ ਨੇ ਇਸ ਕਾਂਡ ਦੀ ਜਿੰਮੇਵਾਰੀ ਆਪਣੇ ਸਿਰ ਲੈਂਦਿਆਂ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਲੱਚਰਪੁਣਾ ਫੈਲਾਉਣ ਤੋਂ ਬਾਜ਼ ਆਉਣ ਦੀ ਸਖਤ ਚਿਤਾਵਨੀ ਦਿੱਤੀ। ਪੰਜਾਬ ਭਰ ਦੇ ਗਾਇਕਾਂ ਵਿੱਚ ਬਹੁਤ ਹੀ ਡਰ ਪੈਦਾ ਹੋ ਗਿਆ ਅਤੇ ਉਹਨਾਂ ਲੱਚਰ ਗੀਤ ਗਾਉਣ ਤੋਂ ਤੋਬਾ ਕਰ ਕਰ ਲਈ।

ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਗਾਇਕ ਨੇ ਗੀਤ ਗਾਇਆ ਸੀ ਕਿ "ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ"। ਇਹ ਗੱਲ ਦਰਬਾਰ ਸਾਹਿਬ 'ਤੇ ਜੂਨ 1984 ਨੂੰ ਹਮਲੇ ਤੋਂ ਪਹਿਲਾਂ ਦੀ ਹੈ। ਉਸ ਵਕਤ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਸ ਗੀਤ ਨੂੰ ਗਾਉਣ ਵਾਲੇ ਨੂੰ ਵੰਗਾਰਦਿਆਂ ਆਖਿਆ ਸੀ ਕਿ "ਐ ਕਾਂਟੇ ਵਾਲਿਆਂ ਗੱਲ ਸੁਣ ਲੈ, ਮੈਂ ਇੱਕ ਗੋਹੇ ਨਾਲ ਬਾਹਰੋਂ ਚੰਗੀ ਲਿੱਭੜੇ ਗਲਾਸ ਵਿੱਚ ਦੁੱਧ ਪਾ ਕੇ ਤੈਨੂੰ ਆਖਾਂ ਕੇ ਪੀ ਲੈ ਤੂੰ ਪੀਏਂਗਾ? ਅਗਰ ਪੀ ਸਕਦਾਂ ਹੈਂ ਤਾਂ ਇਹ ਗੀਤ ਦੁਬਾਰਾ ਗਾਵੀਂ ਨਹੀਂ ਆਪਣਾ ਅੰਜਾਮ ਯਾਦ ਰੱਖੀਂ"। ਇਹ ਗਾਇਕ ਗੁਰਦਾਸ ਮਾਨ ਜਿਸਦੀਆਂ ਹਜਾਰਾਂ ਸਿੱਖਾਂ ਦੇ ਕਾਤਲ ਕੇ.ਪੀ ਗਿੱਲ ਨਾਲ ਫੋਟੋਆਂ ਅਤੇ ਦੋਸਤੀ ਅੱਜ ਜ਼ਾਹਰ ਹੋ ਚੁੱਕੀ ਹੈ, ਪੰਜਾਬ ਛੱਡ ਕੇ ਬੰਬਈ ਚਲਾ ਗਿਆ ਸੀ। ਅੱਜ ਸਿੱਖ ਸੰਘਰਸ਼ ਵਿੱਚ ਆਈ ਖੜੋਤ ਕਾਰਨ ਪੰਜਾਬ ਵਿੱਚ ਲੱਚਰਪੁਣਾ ਹੱਦਾਂ ਬੰਨੇ ਟੱਪ ਚੁੱਕਾ ਹੈ। ਇਹਨਾਂ ਲੱਚਰ ਗਾਇਕੀ ਦੇ ਸਮਰਥਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮਾਂ ਕਦੇ ਸਥਿਰ ਨਹੀ ਰਹਿੰਦਾ। ਅਗਰ ਸੰਘਰਸ਼ ਦੀ ਜੋਬਨ ਰੁੱਤ ਨਹੀਂ ਰਹੀ ਤਾਂ ਇਹ ਖੜੋਤ ਵੀ ਸਦਾ ਨਹੀਂ ਰਹਿਣੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।