ਮਾਨ ਦਲ ਦੇ ਉਮੀਦਵਾਰ ਜਵਾਹਰਕੇ 'ਤੇ ਡੇਰਾ ਸਿਰਸਾ ਸਮਰਥਕਾਂ ਨੇ ਹਮਲਾ ਕੀਤਾ

ਮਾਨ ਦਲ ਦੇ ਉਮੀਦਵਾਰ ਜਵਾਹਰਕੇ 'ਤੇ ਡੇਰਾ ਸਿਰਸਾ ਸਮਰਥਕਾਂ ਨੇ ਹਮਲਾ ਕੀਤਾ

ਬਠਿੰਡਾ: ਬਠਿੰਡਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ’ਤੇ ਚੋਣ ਪ੍ਰਚਾਰ ਦੌਰਾਨ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਹੱਲਾ ਬੋਲਿਆ ਹੈ, ਜਿਸ ਦੀ ਜਾਂਚ ਹੁਣ ਮਾਨਸਾ ਪੁਲੀਸ ਕਰ ਰਹੀ ਹੈ। ਦੱਸਦੇ ਹਨ ਕਿ ਜਦੋਂ ਮਾਨਸਾ ਦੇ ਪਿੰਡ ਰਾਮਪੁਰਾ ਮੰਡੇਰ ਵਿਚ ਗੁਰਸੇਵਕ ਸਿੰਘ ਜਵਾਹਰਕੇ ਚੋਣ ਜਲਸੇ ‘ਚ ਬੋਲ ਰਹੇ ਸਨ ਤਾਂ ਉਦੋਂ ਇਹ ਘਟਨਾ ਵਾਪਰੀ। ਇਸ ਦੌਰਾਨ ਮਾਨ ਦਲ ਦੇ ਹਮਾਇਤੀ ਅਤੇ ਡੇਰਾ ਪੈਰੋਕਾਰ ਆਹਮੋ-ਸਾਹਮਣੇ ਹੋ ਗਏ ਸਨ ਪਰ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। 

ਜਵਾਹਰਕੇ ਨੇ ਹੁਣ ਮਾਨਸਾ ਪੁਲੀਸ ਦੀ ਮਹਿਲਾ ਸਿਪਾਹੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਪੁਲੀਸ ਨੂੰ ਦਰਖਾਸਤ ਦਿੱਤੀ ਹੈ, ਜਿਸ ਵਿਚ ਇਸ ਪਰਿਵਾਰ ਨੂੰ ਡੇਰਾ ਸਿਰਸਾ ਦੇ ਪੈਰੋਕਾਰ ਦੱਸਿਆ ਗਿਆ ਹੈ। 

ਉਮੀਦਵਾਰ ਜਵਾਹਰਕੇ ਨੇ ਅੱਜ ਬਠਿੰਡਾ ਵਿਚ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਉਨ੍ਹਾਂ ਨੇ ਮਾਨਸਾ ਪੁਲੀਸ ਨੂੰ ਅਗਾਊਂ ਸੁਚੇਤ ਕਰ ਦਿੱਤਾ ਸੀ ਕਿ ਡੇਰਾ ਸਿਰਸਾ ਦੇ ਜ਼ਮਾਨਤ ‘ਤੇ ਆਏ ਲੋਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਕਿਉਂਕਿ ਉਹ ਬੇਅਦਬੀ ਮਾਮਲੇ ਅਤੇ ਮੌੜ ਧਮਾਕੇ ਨੂੰ ਲੈ ਕੇ ਡੇਰਾ ਸਿਰਸਾ ਖ਼ਿਲਾਫ਼ ਬੋਲਦੇ ਹਨ, ਜਿਸ ਤੋਂ ਡੇਰਾ ਪੈਰੋਕਾਰ ਖਫ਼ਾ ਹਨ। 

ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਡੇਰਾ ਪੈਰੋਕਾਰ ਲੁਕ ਕੇ ਉਨ੍ਹਾਂ ਦੇ ਚੋਣ ਜਲਸਿਆਂ ਵਿਚ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਮੰਡੇਰ ਪਿੰਡ ਵਿਚ ਕਰੀਬ ਅੱਠ ਡੇਰੇ ਪੈਰੋਕਾਰਾਂ ਜਿਨ੍ਹਾਂ ਵਿੱਚ ਮਹਿਲਾ ਸਿਪਾਹੀ ਸਮੇਤ ਤਿੰਨ ਔਰਤਾਂ ਸਨ, ਨੇ ਉਨ੍ਹਾਂ ’ਤੇ ਹਮਲਾ ਕੀਤਾ। 

ਜਵਾਹਰਕੇ ਨੇ ਦੱਸਿਆ ਕਿ ਮਹਿਲਾ ਸਿਪਾਹੀ ਤਾਂ ਸਟੇਜ ਤੱਕ ਪੁੱਜ ਗਈ ਸੀ। ਪ੍ਰੇਮੀਆਂ ਨੇ ਮੌਕੇ ’ਤੇ ਉਨ੍ਹਾਂ ਨੂੰ ਧੱਕੇ ਮਾਰੇ ਅਤੇ ਰੋੜੇ ਚਲਾਏ। ਅੱਗਿਓਂ ਉਨ੍ਹਾਂ ਦੇ ਸਮਰਥਕ ਵੀ ਚੌਕੰਨੇ ਹੋ ਗਏ ਤੇ ਪੁਲੀਸ ਨੇ ਮੌਕਾ ਸੰਭਾਲਿਆ। ਸੂਤਰਾਂ ਮੁਤਾਬਿਕ ਪੁਲੀਸ ਨੇ ਮਹਿਲਾ ਸਿਪਾਹੀ ਅਮਨਜੀਤ ਕੌਰ, ਉਸ ਦੇ ਭਰਾ ਗੁਰਬਿੰਦਰ ਸਿੰਘ, ਮਾਂ ਜਸਵੰਤ ਕੌਰ ਤੇ ਅਤੇ ਉਸ ਦੇ ਪਿਤਾ ਖ਼ਿਲਾਫ਼ ਧਾਰਾ 107,151 ਤਹਿਤ ਕਾਰਵਾਈ ਕਰ ਦਿੱਤੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ