ਫਲਸਤੀਨੀ ਲੋਕਾਂ ਦੀ ਪ੍ਰਤੀਨਿੱਧਤਾ ਨਹੀਂ ਕਰਦਾ ਹਮਾਸ-ਕਮਲਾ ਹੈਰਿਸ

ਫਲਸਤੀਨੀ ਲੋਕਾਂ ਦੀ ਪ੍ਰਤੀਨਿੱਧਤਾ ਨਹੀਂ ਕਰਦਾ ਹਮਾਸ-ਕਮਲਾ ਹੈਰਿਸ

* ਉੱਪ ਰਾਸ਼ਟਰਪਤੀ ਵੱਲੋਂ ਫਲਸਤੀਨੀਆਂ ਦੀ  ਆਜ਼ਾਦੀ ਤੇ ਖੁਦ ਮੁਖਤਾਰੀ ਦਾ ਸਮਰਥਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਫਲਸਤੀਨੀਆਂ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਹਮਾਸ ਸੰਗਠਨ ਫਲਸਤੀਨੀਆਂ ਦੀ ਪ੍ਰਤੀਨਿੱਧਤਾ ਨਹੀਂ ਕਰਦਾ। ਉੱਪ ਰਾਸ਼ਟਰਪਤੀ ਨੇ ਫਲਸਤੀਨੀਆ ਦੀ ਆਜ਼ਾਦੀ ਤੇ ਖੁਦ ਮੁਖਤਾਰੀ ਦਾ ਸਮਰਥਨ ਕੀਤਾ ਹੈ। ਉਨਾਂ ਨੇ ਇਕ ਪੋਸਟ ਵਿਚ ਕਿਹਾ ਹੈ ਕਿ ''ਇਜਰਾਈਲੀਆਂ ਤੇ ਫਲਸਤੀਨੀਆਂ ਨੂੰ ਸੁਰੱਖਿਆ ਤੇ ਖੁਸ਼ਹਾਲੀ ਦਾ ਬਰਾਬਰ ਹੱਕ ਹੋਣਾ ਚਾਹੀਦਾ ਹੈ। ਮੈ ਫਲਸਤੀਨੀ ਲੋਕਾਂ ਦੇ ਗੌਰਵ, ਸੁਤੰਤਰਤਾ ਤੇ ਖੁਦ ਮੁਖਤਾਰੀ ਦੇ ਅਧਿਕਾਰ ਦਾ ਸਮਰਥਨ ਕਰਦੀ ਹਾਂ। ਹਮਾਸ ਫਲਸਤੀਨੀ ਲੋਕਾਂ ਦੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਨਿੱਧੀ ਨਹੀਂ ਹੈ।'' ਇਸ ਤੋਂ ਪਹਿਲਾਂ ਉਨਾਂ ਨੇ ਇਜਰਾਈਲ ਉਪਰ ਹਮਾਸ ਵੱਲੋਂ ਕੀਤੇੇ ਹਮਲੇ ਬਾਰੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਸੀ ਕਿ '' ਅਮਰੀਕਾ  ਅੱਤਵਾਦੀਆਂ ਦੀ ਕਾਰਵਾਈ ਨੂੰ ਨੇੜਿਉਂ ਵੇਖ ਰਿਹਾ ਹੈ ਤੇ ਅਜਿਹੀ ਅੱਤਵਾਦੀ ਕਾਰਵਾਈ ਨੂੰ ਕਿਸੇ ਵੀ ਹਾਲਤ ਵਿਚ  ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਦਾ ਬਿਨਾਂ ਕਿਸੇ ਝਿਝਕ ਦੇ ਵਿਰੋਧ ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ।'' ਪੱਛਮ ਏਸ਼ੀਆ ਵਿਚ ਕਈ ਦਹਾਕੇ ਪੁਰਾਣੇ ਟਕਰਾਅ ਬਾਰੇ ਹੈਰਿਸ ਨੇ ਕਿਹਾ ਕਿ ਉਹ ਤੇ ਰਾਸ਼ਟਰਪਤੀ ਜੋ ਬਾਈਡਨ ਇਜਰਾਈਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।