ਭਾਰਤ ਨੂੰ ਇਕ ਹੋਰ ਚੀਨੀ ਝਟਕਾ; ਮਸੂਦ ਅਜ਼ਹਰ 'ਤੇ ਕੌਮਾਂਤਰੀ ਰੋਕਾਂ ਲਾਉਣ ਦੇ ਮਤੇ 'ਤੇ ਪ੍ਰਗਟਾਈ ਅਸਿਹਮਤੀ
ਨਵੀਂ ਦਿੱਲੀ: ਭਾਰਤ ਵਲੋਂ ਕੂਟਨੀਤਕ ਪੱਧਰ 'ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੀਤੇ ਕਲ੍ਹ ਚੀਨ ਨੇ ਇਕ ਹੋਰ ਵੱਡਾ ਝਟਕਾ ਦਿੱਤਾ। ਭਾਰਤ ਵਲੋਂ ਜੈਸ਼-ਏ-ਮੋਹੱਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ "ਅੰਤਰਰਾਸ਼ਟਰੀ ਅੱਤਵਾਦੀ" ਦਾ ਐਲਾਨ ਕਰਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਰਾਹ ਵਿਚ ਚੀਨ ਨੇ ਆਪਣੀ 'ਵੀਟੋ' ਤਾਕਤ ਦੀ ਵਰਤੋਂ ਕਰਦਿਆਂ ਅੜਿੱਕਾ ਡਾਹ ਦਿੱਤਾ।
ਗੌਰਤਲਬ ਹੈ ਕਿ ਭਾਰਤੀ ਪ੍ਰਬੰਧ ਹੇਠਲੇ ਕਸ਼ਮੀਰ ਦੇ ਪੁਲਵਾਮਾ ਵਿਚ ਇਕ ਕਸ਼ਮੀਰੀ ਨੌਜਵਾਨ ਵਲੋਂ ਕੀਤੇ ਆਤਮਘਾਤੀ ਹਮਲੇ ਵਿਚ 50 ਦੇ ਕਰੀਬ ਭਾਰਤੀ ਫੌਜੀਆਂ ਦੀ ਮੌਤ ਹੋਣ ਮਗਰੋਂ ਭਾਰਤ ਨੇ ਆਪਣੇ ਕੂਟਨੀਤਕ ਸਬੰਧਾਂ ਦੀ ਵਰਤੋਂ ਕਰਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਪੰਜ ਪੱਕੀਆਂ ਸੀਟਾਂ ਵਿਚੋਂ ਤਿੰਨ- ਬਰਤਾਨੀਆ, ਫਰਾਂਸ ਅਤੇ ਅਮਰੀਕਾ ਰਾਹੀਂ ਇਕ ਮਤਾ ਪਵਾ ਕੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਰੋਕਾਂ ਵਾਲੇ ਬੰਦਿਆਂ ਸਬੰਧੀ ਕਾਲੀ ਸੂਚੀ ਵਿਚ ਪਾਉਣ ਦੀ ਮੰਗ ਕੀਤੀ ਗਈ ਸੀ ਜਿਸ ਨਾਲ ਮਸੂਦ ਅਜ਼ਹਰ 'ਤੇ ਦੁਨੀਆ ਵਿਚ ਘੁੰਮਣ 'ਤੇ ਰੋਕ ਲੱਗ ਜਾਣੀ ਸੀ, ਉਸਦੀ ਜ਼ਾਇਦਾਦ (ਚੱਲ, ਅਚੱਲ) ਜ਼ਬਤ ਕਰ ਲਈ ਜਾਣੀ ਸੀ ਅਤੇ ਹਥਿਆਰਾਂ ਦੀ ਖਰੀਦ ਫਰੋਖਤ 'ਤੇ ਪਬੰਦੀ ਲੱਗ ਜਾਣੀ ਸੀ।
ਕੌਮਾਂਤਰੀ ਸੰਸਥਾ ਦੇ ਵਿਭਾਗਾਂ ਵਿਚ ਸੰਯੁਕਤ ਰਾਸ਼ਟਰ ਵਿਚ ਸੁਰੱਖਿਆ ਪ੍ਰੀਸ਼ਦ ਨੂੰ ਸਭ ਤੋਂ ਤਾਕਤਵਰ ਵਿਭਾਗ ਮੰਨਿਆ ਜਾਂਦਾ ਹੈ ਜਿਸ ਵਿਚ ਦੁਨੀਆ ਦੇ ਪੰਜ ਮੁਲਕਾਂ ਨੂੰ ਪੱਕੀਆਂ ਸੀਟਾਂ ਦਿੱਤੀਆਂ ਗਈਆਂ ਹਨ। ਇਹਨਾਂ ਪੰਜ ਮੁਲਕਾਂ ਵਿਚ ਅਮਰੀਕਾ, ਬਰਤਾਨੀਆ, ਫਰਾਂਸ, ਰੂਸ ਅਤੇ ਚੀਨ ਸ਼ਾਮਿਲ ਹਨ। ਇਹਨਾਂ ਪੰਜਾਂ ਕੋਲ ਇਕ ਖਾਸ ਤਾਕਤ ਹੈ ਜਿਸਨੂੰ 'ਵੀਟੋ ਤਾਕਤ' ਕਹਿੰਦੇ ਹਨ। ਵੀਟੋ ਤਾਕਤ ਦਾ ਭਾਵ ਹੈ ਕਿ ਕਿਸੇ ਵੀ ਫੈਂਸਲੇ 'ਤੇ ਜੇ ਇਹਨਾਂ ਪੰਜ ਮੁਲਕਾਂ ਵਿਚੋਂ ਕੋਈ ਇਕ ਅਸਿਹਮਤੀ ਪ੍ਰਗਟ ਕਰ ਦਵੇ ਜਾ ਨਾਹ ਕਰ ਦਵੇ ਤਾਂ ਉਹ ਫੈਂਸਲਾ ਪ੍ਰਵਾਨ ਨਹੀਂ ਕੀਤਾ ਜਾਂਦਾ।
ਮਸੂਦ ਅਜ਼ਹਰ ਖਿਲਾਫ ਪਾਏ ਗਏ ਮਤੇ ਬਾਰੇ ਬੀਤੇ ਕੱਲ੍ਹ ਚੀਨ ਨੇ ਇਸ ਤਾਕਤ ਦੀ ਵਰਤੋਂ ਕਰਦਿਆਂ ਹੀ ਕਿਹਾ ਮਸੂਦ ਅਜ਼ਹਰ 'ਤੇ ਰੋਕਾਂ ਲਾਉਣ ਸਬੰਧੀ ਲਿਆਂਦੇ ਗਏ ਇਸ ਮਤੇ ਨੂੰ ਘੋਖਣ ਲਈ ਉਸਨੂੰ ਹੋਰ ਸਮਾਂ ਚਾਹੀਦਾ ਹੈ ਅਤੇ ਤਕਨੀਕੀ ਅਧਾਰ 'ਤੇ 9 ਮਹੀਨਿਆਂ ਲਈ ਇਸ ਮਸਲੇ ਨੂੰ ਅਗਾਂਹ ਪਾਉਣ ਦੀ ਮੱਦ ਦੀ ਵਰਤੋਂ ਕਰਨ ਲਈ ਕਿਹਾ।
ਭਾਰਤ ਨੇ ਪ੍ਰਗਟਾਈ ਨਿਰਾਸ਼ਤਾ
ਚੀਨ ਵੱਲੋਂ ਇਕ ਵਾਰ ਫੇਰ ਭਾਰਤ ਨੂੰ ਕੂਟਨੀਤਕ ਝਟਕਾ ਦਿੱਤਾ ਗਿਆ ਤਾਂ ਭਾਰਤ ਨੇ ਚੀਨ ਦੇ ਇਸ ਫੈਂਸਲੇ 'ਤੇ ਨਿਰਾਸ਼ਤਾ ਪ੍ਰਗਟਾਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਚੀਨ ਦੇ ਇਸ ਫੈਂਸਲੇ ਨਾਲ ਨਿਰਾਸ਼ ਹਨ ਪਰ ਉਹ ਮਸੂਦ ਅਜ਼ਹਰ ਨੂੰ ਸਜ਼ਾ ਦਵਾਉਣ ਲਈ ਆਪਣੇ ਯਤਨ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਭਾਰਤ ਤਿੰਨ ਵਾਰ ਮਸੂਦ ਅਜ਼ਹਰ ਖਿਲਾਫ ਅਜਿਹਾ ਯਤਨ ਕਰ ਚੁੱਕਿਆ ਹੈ ਪਰ ਹਰ ਵਾਰ ਚੀਨ ਨੇ ਭਾਰਤ ਨੂੰ ਝਟਕਾ ਦਿੱਤਾ ਹੈ।
ਰਾਹੁਲ ਗਾਂਧੀ ਨੇ ਮੋਦੀ ਦੀ ਕੂਟਨੀਤਕ ਹਾਰ 'ਤੇ ਸਾਧਿਆ ਨਿਸ਼ਾਨਾ
ਚੀਨ ਵਲੋਂ ਭਾਰਤ ਨੂੰ ਦਿੱਤੇ ਗਏ ਕੂਟਨੀਤਕ ਝਟਕੇ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਮਾਹੌਲ ਵਿਚ ਰੰਗੇ ਹੋਏ ਭਾਰਤ ਅੰਦਰ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਭਾਰਤ ਦੇ ਪ੍ਰਧਾਨ ਮੋਦੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਤੋਂ ਡਰੇ ਹੋਏ ਹਨ ਅਤੇ ਹੁਣ ਜਦੋਂ ਚੀਨ ਨੇ ਭਾਰਤ ਖਿਲਾਫ ਵੱਡਾ ਫੈਂਸਲਾ ਕੀਤਾ ਹੈ ਤਾਂ ਮੋਦੀ ਦੇ ਮੂੰਹ ਵਿਚੋਂ ਇਕ ਸ਼ਬਦ ਨਹੀਂ ਨਿਕਲਿਆ।
Comments (0)