ਸੀਬੀਐੱਸਈ ਨੇ ਐੱਸ.ਸੀ/ਐੱਸ.ਟੀ ਵਿਦਿਆਰਥੀਆਂ ਦੀ ਇਮਤਿਹਾਨ ਫੀਸ 24 ਗੁਣਾਂ ਵਧਾਈ

ਸੀਬੀਐੱਸਈ ਨੇ ਐੱਸ.ਸੀ/ਐੱਸ.ਟੀ ਵਿਦਿਆਰਥੀਆਂ ਦੀ ਇਮਤਿਹਾਨ ਫੀਸ 24 ਗੁਣਾਂ ਵਧਾਈ

ਨਵੀਂ ਦਿੱਲੀ: ਭਾਰਤ ਦੇ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਜਮਾਤ ਲਈ ਇਮਤਿਹਾਨ ਫੀਸ ਵਿੱਚ ਵਾਧਾ ਕਰਦਿਆਂ ਐੱਸ.ਸੀ ਅਤੇ ਐੱਸ.ਟੀ ਵਰਗ ਦੇ ਵਿਦਿਆਰਥੀਆਂ ਦੀ ਫੀਸ 50 ਰੁਪਏ ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਹੈ। ਜਰਨਲ ਵਰਗ ਦੇ ਵਿਦਿਆਰਥੀਆਂ ਦੀ ਫੀਸ ਜੋ ਪਹਿਲਾਂ 750 ਰੁਪਏ ਸੀ ਉਹ 1500 ਰੁਪਏ ਕਰ ਦਿੱਤੀ ਹੈ। 

ਸੀਬੀਐਸਈ ਵੱਲੋਂ ਪਿਛਲੇ ਹਫਤੇ ਇਹ ਹੁਕਮ ਜਾਰੀ ਕੀਤੇ ਗਏ ਹਨ ਤੇ ਜਿਹਨਾਂ ਸਕੂਲਾਂ ਨੇ ਵਿਦਿਆਰਥੀਆਂ ਤੋਂ ਪੁਰਾਣੀ ਰਕਮ ਮੁਤਾਬਿਕ ਫੀਸ ਲੈ ਲਈ ਸੀ ਉਹਨਾਂ ਨੂੰ ਹੁਕਮ ਕੀਤੇ ਗਏ ਹਨ ਕਿ ਉਹ ਨਵੇਂ ਹੁਕਮਾਂ ਮੁਤਾਬਿਕ ਵਧੀਆਂ ਰਕਮਾਂ ਵਿਦਿਆਰਥੀਆਂ ਕੋਲੋਂ ਵਸੂਲਣ। 

ਬੋਰਡ ਦੇ ਨਵੇਂ ਹੁਕਮਾਂ ਮੁਤਾਬਿਕ ਐੱਸ.ਸੀ ਅਤੇ ਐੱਸ.ਟੀ ਵਰਗ ਦੇ ਵਿਦਿਆਰਥੀਆਂ ਦੀ ਫੀਸ ਵਿੱਚ 24 ਗੁਣਾਂ ਵਾਧਾ ਇਕ ਵਾਰ ਵਿੱਚ ਹੀ ਕਰ ਦਿੱਤਾ ਗਿਆ ਹੈ। ਜਿਹੜੇ ਵਿਦਿਆਰਥੀ ਇਹ ਫੀਸ ਨਿਯਤ ਮਿਤੀ ਤੱਕ ਜਮ੍ਹਾ ਨਹੀਂ ਕਰਵਾ ਪਾਉਣਗੇ ਉਹਨਾਂ ਨੂੰ 2019-20 ਦੇ ਇਮਤਿਹਾਨਾਂ ਵਿੱਚ ਬੈਠਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। 

ਇਸ ਤੋਂ ਇਲਾਵਾ ਮਾਇਗ੍ਰੇਸ਼ਨ ਫੀਸ ਵਿੱਚ ਵੀ ਵਾਧਾ ਕਰਦਿਆਂ 150 ਰੁਪਏ ਤੋਂ ਵਧਾ ਕੇ 350 ਰੁਪਏ ਕਰ ਦਿੱਤੀ ਗਈ ਹੈ।