15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣਗੇ ਸਿੱਖ ਅਤੇ ਦਲਿਤ

15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣਗੇ ਸਿੱਖ ਅਤੇ ਦਲਿਤ

ਚੰਡੀਗੜ੍ਹ: ਭਾਰਤ ਦੇ ਅਜ਼ਾਦੀ ਦਿਹਾੜੇ 15 ਅਗਸਤ ਨੂੰ ਭਾਰਤ ਵਿੱਚ ਲਗਾਤਾਰ ਜ਼ੁਲਮ ਅਤੇ ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਰਹੇ ਸਿੱਖ ਅਤੇ ਦਲਿਤ ਵਰਗ ਕਾਲੇ ਦਿਨ ਵਜੋਂ ਮਨਾਉਣਗੇ। ਸਿੱਖ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਨਿਰੰਤਰ ਲੁੱਟ, ਯੂਏਪੀਏ ਨੂੰ ਹੋਰ ਸਖਤ ਅਤੇ ਕਠੋਰ ਬਣਾਉਣ, ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਐਨ.ਆਈ.ਏ. ਨੂੰ ਵਾਧੂ ਅਧਿਕਾਰ ਦੇਣ, ਦੇਸ਼ ਧ੍ਰੋਹੀ ਕਾਨੂੰਨ ਦੀ ਦੁਰਵਰਤੋਂ ਕਰਨ, ਸਿੱਖ ਨੌਜਵਾਨ ਦੇ ਕਾਤਲ ਚਾਰ ਪੁਲਿਸ ਦੋਸ਼ੀਆਂ ਨੂੰ ਰਿਹਾਅ ਕਰਨ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਸਿੱਖ ਨਜ਼ਰਬੰਦੀਆਂ ਨੂੰ ਰਿਹਾਅ ਨਾ ਕਰਨ, ਬਰਗਾੜੀ ਕੇਸ ਬਾਰੇ ਸੀਬੀਆਈ ਵੱਲੋਂ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ, ਪੰਜਾਬ ਨੂੰ ਸਵੈ-ਨਿਰਣੇ ਦਾ ਅਧਿਕਾਰ ਨਾ ਦੇਣ ਅਤੇ ਕਸ਼ਮੀਰ ਵਿੱਚ ਧਾਰਾ 370 ਰੱਦ ਕਰਨ ਦੇ ਵਿਰੁੱਧ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਉੱਥੇ ਬੀਤੇ ਦਿਨੀਂ ਭਾਰਤੀ ਸੁਪਰੀਮ ਕੋਰਟ ਦੇ ਹੁਕਮ ਨਾਲ ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਸਥਿਤ ਪੁਰਾਤਨ ਗੁਰੂ ਰਵਿਦਾਸ ਮੰਦਿਰ ਨੂੰ ਤੋੜਨ ਦੇ ਰੋਸ ਵਜੋਂ ਦਲਿਤ ਭਾਈਚਾਰੇ ਨੇ ਵੀ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। 

ਮੁੱਖ ਮੰਤਰੀ ਪੰਜਾਬ ਨੇ ਮੋਦੀ ਨੂੰ ਦਖਲ ਦੇਣ ਲਈ ਕਿਹਾ
ਦਿੱਲੀ ਅੰਦਰ ਗੁਰੂ ਰਵਿਦਾਸ ਮੰਦਰ ਤੋੜਨ ਦੇ ਰੋਸ ਵਜੋਂ ਪੰਝਾਬ ਵਿੱਚ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ, ਜਿਸ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਨਿਜੀ ਤੌਰ 'ਤੇ ਇਸ ਮਾਮਲੇ 'ਚ ਦਖਲ ਦੇ ਕੇ ਇਸ ਦਾ ਹੱਲ ਕਰਾਉਣ। 

ਕੈਪਟਨ ਅਮਰਿੰਦਰ ਸਿੰਘ ਨੇ ਇਸ ਮਸਲੇ ਨੂੰ ਹੱਲ ਕਰਾਉਣ ਹਿੱਤ ਅਤੇ ਮੰਦਿਰ ਦੇ ਦੁਬਾਰਾ ਨਿਰਮਾਣ ਲਈ ਹਰ ਕਾਨੂੰਨੀ ਅਤੇ ਆਰਥਿਕ ਮਦਦ ਦੇਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ ਜੋ ਭਾਈਚਾਰੇ ਦੇ ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਮਿਲ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਨੀਤੀ ਬਣਾਏਗੀ। ਇਸ ਕਮੇਟੀ ਵਿੱਚ ਚੌਧਰੀ ਸੰਤੋਖ ਸਿੰਘ, ਚਰਨਜੀਤ ਸਿੰਘ ਚੱਨੀ, ਰਾਜ ਕੁਮਾਰ ਚੱਬੇਵਾਲ, ਅਰੁਣਾ ਚੌਧਰੀ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਸ਼ਾਮਿਲ ਕੀਤਾ ਗਿਆ ਹੈ।