ਸਿੱਖ ਕਤਲੇਆਮ ਮਾਮਲੇ 'ਚ ਕੁਰਸੀ ਦਾਤੇ ਗਾਂਧੀ ਪਰਿਵਾਰ ਦਾ ਇੱਕ ਵਾਰ ਫੇਰ ਪੱਖ ਪੂਰ ਗਿਆ ਕੈਪਟਨ
ਚੰਡੀਗੜ੍ਹ: ਕਾਂਗਰਸ ਦੇ ਉੱਚ ਆਗੂ ਸੈਮ ਪਿਤ੍ਰੋਦਾ ਵੱਲੋਂ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਬਾਰੇ ਦਿੱਤੇ ਬਿਆਨ ਤੋਂ ਬਾਅਦ ਉੱਠੇ ਵਿਵਾਦ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਜੁੜ ਗਿਆ ਹੈ। ਇਸ ਸਬੰਧੀ ਇੱਕ ਟੀਵੀ ਚੈਨਲ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਤਾਂ ਮੰਨਿਆ ਕਿ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਦਿੱਲੀ ਦੇ ਮੰਤਰੀਆਂ ਦਾ ਹੱਥ ਸੀ ਪਰ ਉਹ ਕਾਂਗਰਸ ਦਾ ਬਚਾਅ ਕਰਨਾ ਨਹੀਂ ਭੁੱਲੇ।
ਦੱਸ ਦਈਏ ਕਿ ਅੱਜ ਕਾਂਗਰਸ ਦੇ ਉੱਚ ਆਗੂ ਸੈਮ ਪਿਤ੍ਰੋਦਾ ਨੇ ਬਿਆਨ ਦਿੱਤਾ ਸੀ ਕਿ, "ਅਬ ਕਿਆ ਹੈ 84 ਕਾ? ਬਾਤ ਤੋ ਕਰੀਏ ਆਪਨੇ ਕਿਆ ਕੀਆ 5 ਸਾਲ ਮੇਂ, ਉਸਕੀ ਬਾਤ ਕਰੀਏ, 84 ਮੇਂ ਹੁਆ ਤੋ ਹੁਆ।"
ਇਸ ਬਿਆਨ ਸਬੰਧੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸੈਮ ਪਿਤ੍ਰੋਦਾ ਦੇ ਬਿਆਨ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ। ਪਰ ਜੋ ਨਵੰਬਰ 1984 ਵਿੱਚ ਹੋਇਆ ਉਹ ਬਹੁਤ ਦੁਖਦਾਇਕ ਸੀ। ਕਿਸੇ ਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਹੋਏ ਕਤਲੇਆਮ ਵਿੱਚ ਕਿੰਨੇ ਲੋਕ ਮਾਰੇ ਗਏ।
ਸਬੰਧਿਤ ਖ਼ਬਰ: ਕਾਂਗਰਸੀ ਆਗੂ ਦੀ ਬੇਸ਼ਰਮੀ; ਕਿਹਾ, "84 ਮੇਂ ਹੁਆ ਤੋ ਹੁਆ"
ਕੈਪਟਨ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ, ਪੁਲਿਸ ਅਤੇ ਮਿਲਟਰੀ ਦੀ ਇਸ ਸਬੰਧੀ ਜਵਾਬਦੇਹੀ ਬਣਦੀ ਹੈ। ਪੁਲਿਸ ਨੇ ਕਤਲੇਆਮ ਨੂੰ ਰੋਕਣ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਪੁਲਿਸ ਨੂੰ ਕਾਰਵਾਈ ਕਰਨ ਤੋਂ ਕਿਸ ਨੇ ਰੋਕਿਆ? ਕੈਪਟਨ ਨੇ ਕਿਹਾ ਕਿ ਕਤਲੇਆਮ ਮੌਕੇ ਉਹ ਦਿੱਲੀ ਸੀ ਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਸ ਕਤਲੇਆਮ ਵਿੱਚ ਕਿਹੜੇ ਪੰਜ ਲੋਕ ਸ਼ਾਮਿਲ ਸਨ। ਫੇਰ ਕੈਪਟਨ ਅਮਰਿੰਦਰ ਨੇ ਲਲਿਤ ਮਾਕਨ, ਸੱਜਣ ਕੁਮਾਰ, ਕੇ.ਐੱਲ ਭਗਤ, ਅਰਜਨ ਦਾਸ ਦੇ ਨਾਂ ਲਏ ਤੇ ਪੰਜਵੇਂ ਵਿਅਕਤੀ ਵਜੋਂ ਇੱਕ ਮੰਤਰੀ ਦਾ ਜ਼ਿਕਰ ਕਰਦਿਆਂ ਨਾਂ ਨਹੀਂ ਲਿਆ।
ਪਰ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਕਾਂਗਰਸੀ ਆਗੂਆਂ 'ਤੇ ਦੋਸ਼ ਲਗਾਏ ਜਾਂਦੇ ਹਨ ਉਹ ਸਿਆਸੀ ਮੁਫਾਦਾਂ ਲਈ ਲਗਾਏ ਜਾਂਦੇ ਹਨ, ਉਹਨਾਂ ਦਾ ਕਤਲੇਆਮ ਵਿੱਚ ਕੋਈ ਹੱਥ ਨਹੀਂ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)