ਕੈਪਟਨ’ ਅਕਾਲੀ ਦਲ- ਭਾਜਪਾ ਦਾ ਗੱਠਜੋੜ ਕਰਵਾਉਣ ਲਈ ਸਰਗਰਮ !

ਕੈਪਟਨ’ ਅਕਾਲੀ ਦਲ- ਭਾਜਪਾ ਦਾ ਗੱਠਜੋੜ ਕਰਵਾਉਣ ਲਈ ਸਰਗਰਮ !

ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ,ਕਿਸਾਨ ਮਸਲਾ ਹੱਲ ਕਰਵਾਉਣ ਦੇ ਯਤਨ ਵਿਚ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਪਟਿਆਲਾ : ਸਿਆਸੀ ਮੰਚ ਤੋਂ ਅਕਾਲੀ ਦਲ ਦੇ ਨਾਲ ਬਾਦਲ ਪਰਿਵਾਰ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਜੇਲ੍ਹ ਭੇਜਣ ਵਾਲੇ ਕੈਪਟਨ ਹੁਣ ਬੀਜੇਪੀ ਅਤੇ ਅਕਾਲੀ ਦਲ ਵਿੱਚ ਗਠਜੋੜ ਦੇ ਸਭ ਤੋਂ ਵੱਡੇ ਸੂਤਰਧਾਰ ਬਣ ਗਏ ਹਨ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ ਹੀ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੂੰ ਅਕਾਲੀ ਦਲ ਨਾਲ ਗਠਜੋੜ ਦੀ ਸਿਫਾਰਿਸ਼ ਕੀਤੀ ਹੈ । ਦੋਵਾਂ ਪਾਰਟੀਆਂ ਦਾ ਗਠਜੋੜ ਜ਼ਰੂਰੀ ਹੈ,ਸਾਡਾ ਸ਼ਹਿਰਾਂ ਵਿੱਚ ਅਕਾਲੀ ਦਲ ਦਾ ਪੇਂਡੂ ਇਲਾਕੇ ਵਿੱਚ ਵੱਡਾ ਅਧਾਰ ਹੈ ਦੋਵਾਂ ਨੂੰ ਫਾਇਦਾ ਹੋਵੇਗਾ । ਇਸ ‘ਤੇ ਜਲਦ ਫੈਸਲਾ ਹੋਵੇਗਾ ।ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਇਕਜੁਟ ਹੁੰਦੇ ਹਨ ਤਾਂ ਇਸ ਗੱਠਜੋੜ ਨੂੰ ਕੋਈ ਨਹੀਂ ਹਰਾ ਸਕਦਾ। ਉਨ੍ਹਾਂ ਕਿਹਾ ਮੇਰੀ ਕੋਸ਼ਿਸ਼ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਸੀਂ ਇਕੱਠੇ ਆਉਣ ਦਾ ਐਲਾਨ ਕਰ ਦੇਈਏ । ਜਦੋਂ ਉਨ੍ਹਾਂ ਨੂੰ ਸੀਟ ਸੇਅਰਿੰਗ ਨੂੰ ਲੈਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਸੀਂ ਖੁੱਲੇ ਦਿਲ ਨਾਲ ਗਠਜੋੜ ਲਈ ਤਿਆਰ ਹਾਂ ।ਸਾਬਕਾ ਮੁੱਖ ਮੰਤਰੀ ਨੇ ਇਹ ਗੱਲ ਉਦੋਂ ਕਹੀ ਜਦੋਂ ਉਹ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਦਿੱਲੀ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦੀ ਇਸ ਮੁਲਾਕਾਤ ਦੌਰਾਨ ਮੁੱਖ ਮੁੱਦਾ ਕਿਸਾਨਾਂ ਦੀਆਂ ਮੰਗਾਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਰਿਹਾ।ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਟੈਂਡ ਅੱਜ ਵੀ ਸਪਸ਼ਟ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਣਾ ਚਾਹੀਦਾ। ਜੇ ਕਿਸਾਨ ਦਿੱਲੀ ਜਾ ਕੇ ਆਪਣੀ ਗੱਲ ਕੇਂਦਰ ਸਰਕਾਰ ਸਾਹਮਣੇ ਰੱਖਣੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਹੱਕ ਹੈ।

ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਗਠਜੋੜ ਦੇ ਸੰਕੇਤ ਦਿੱਤੇ ਹਨ । ਉਨ੍ਹਾਂ ਕਿਹਾ ਸਾਡੇ ਨਾਲ ਬੀਜੇਪੀ ਦਾ ਚੰਗਾ ਗਠਜੋੜ ਚੱਲਿਆ ਸੀ ਪਰ ਕਿਸਾਨੀ ਅੰਦੋਲਨ ਦੀ ਵਜ੍ਹਾ ਕਰਕੇ ਉਹ ਟੁੱਟ ਗਿਆ । ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜੀ ਰਹੀ ਹੈ । ਉਨ੍ਹਾਂ ਕਿਹਾ ਜਦੋਂ ਵੀ ਬੀਜੇਪੀ ਨਾਲ ਗਠਜੋੜ ਹੋਇਆ ਤਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿਵੇਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ।ਯਾਦ ਰਹੇ ਕਿ ਅਕਾਲੀ ਦਲ ਦਾ ਬੀਐੱਸਪੀ ਨਾਲ ਗਠਜੋੜ ਟੁੱਟ ਚੁੱਕਾ ਹੈ।

11 ਫਰਵਰੀ ਨੂੰ ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਨਾਲ ਮੁੜ ਤੋਂ ਗਠਜੋੜ ਨੂੰ ਲੈਕੇ ਗੱਲਬਾਤ ਚੱਲ ਰਹੀ ਹੈ ਉਸ ਵੇਲੇ ਖਬਰਾਂ ਆਇਆ ਸੀ ਸਨ ਕਿ ਅਕਾਲੀ ਦਲ 7 ਸੀਟਾਂ ਤੇ ਲੋਕਸਭਾ ਚੋਣਾਂ ਲੜੇਗਾ ਬੀਜੇਪੀ 6 ‘ਤੇ। ਫਿਰ ਅਗਲੇ ਦਿਨ ਖਬਰ ਆਈ ਸੀ ਕਿ ਅਕਾਲੀ ਦਲ ਲੋਕਸਭਾ ਦੇ ਨਾਲ ਵਿਧਾਨਸਭਾ ਵਿੱਚ ਵੀ ਹੁਣੇ ਹੀ ਸੀਟ ਸ਼ੇਅਰਿੰਗ ਚਾਹੁੰਦਾ ਹੈ ਜਦਕਿ ਬੀਜੇਪੀ ਤਿਆਰ ਨਹੀਂ ਸੀ । ਉਸ ਤੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਗੱਲਬਾਤ ਲਟਕ ਗਈ ਹੈ। ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਤੋਂ ਬਾਅਦ ਹੁਣ ਮੁੜ ਤੋਂ ਗਠਜੋੜ ਦੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।