ਵਰਜੀਨੀਆ ਵਿਚ ਧਮਾਕੇ ਉਪੰਰਤ ਇਕ ਘਰ ਨੂੰ ਲੱਗੀ ਅੱਗ, ਅੱਗ ਬੁਝਾਊ ਕਾਮੇ ਦੀ ਮੌਤ ਤੇ 13 ਹੋਰ ਜਖਮੀ

ਵਰਜੀਨੀਆ ਵਿਚ ਧਮਾਕੇ ਉਪੰਰਤ ਇਕ ਘਰ ਨੂੰ ਲੱਗੀ ਅੱਗ, ਅੱਗ ਬੁਝਾਊ ਕਾਮੇ ਦੀ ਮੌਤ ਤੇ 13 ਹੋਰ ਜਖਮੀ
ਕੈਪਸ਼ਨ ਵਰਜੀਨੀਆ ਵਿਚ ਇਕ ਘਰ ਨੂੰ ਧਮਾਕੇ ਉਪਰੰਤ ਲੱਗੀ ਅੱਗ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਵਰਜੀਨੀਆ ਰਾਜ ਵਿਚ ਸਟਰਲਿੰਗ ਵਿਖੇ ਸ਼ਾਮ ਵੇਲੇ ਇਕ ਘਰ ਨੂੰ ਲੱਗੀ ਭਿਆਨਕ ਅੱਗ ਵਿੱਚ ਸੜ ਕੇ ਅੱਗ ਬੁਝਾਊ ਅਮਲੇ ਦੇ ਇਕ ਮੈਂਬਰ ਦੀ ਮੌਤ ਹੋ ਗਈ ਜਦ ਕਿ ਘੱਟੋ ਘੱਟ 13 ਹੋਰ ਜਖਮੀ ਹੋ ਗਏ ਜਿਨਾਂ ਵਿਚ 2 ਆਮ ਲੋਕ ਸ਼ਾਮਿਲ ਹਨ। ਅਧਿਕਾਰੀਆਂ ਅਨੁਸਾਰ ਜਿਸ ਸਮੇ ਘਰ ਨੂੰ ਲੱਗੀ ਅੱਗ ਨੇ ਇਕਦਮ ਭਾਂਬੜ ਦਾ ਰੂਪ ਧਾਰਿਆ ਉਸ ਸਮੇ ਅੱਗ ਬੁਝਾਊ ਅਮਲੇ ਦੇ ਮੈਂਬਰ 500 ਗੈਲਨ ਦੀ ਸਮਰਥਾ ਵਾਲੇ ਟੈਂਕ ਵਿਚੋਂ ਗੈਸ ਰਿਸਾਅ ਦੀ ਜਾਂਚ ਲਈ ਘਰ ਦੇ ਅੰਦਰ ਗਏ ਸਨ। ਲੌਡਾਊਨ ਕਾਊਂਟੀ ਫਾਇਰ ਐਂਡ ਰੈਸਕਿਊ ਵਿਭਾਗ ਅਨੁਸਾਰ ਅੱਗ ਧਮਾਕੇ ਉਪਰੰਤ ਲੱਗੀ ਤੇ ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ ਕੁਝ ਦੇ ਗੰਭੀਰ ਜਖਮ ਹਨ। ਮ੍ਰਿਤਕ ਕਾਮੇ ਦੀ ਪਛਾਣ ਟਰੇਵਰ ਬਰਾਊਨ (45) ਵਜੋਂ ਹੋਈ ਹੈ ਜੋ ਸਟਰਲਿੰਗ ਵਲੰਟੀਅਰ ਫਾਇਰ ਕੰਪਨੀ ਵਿਚ ਕੰਮ ਕਰਦਾ ਸੀ। ਲੌਡਾਊਨ ਕਾਊਂਟੀ ਕੰਬਾਈਨਡ ਫਾਇਰ ਰੈਸਕਿਊ ਸਿਸਟਮ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਗੈਸ ਰਿਸਣ ਦੀ ਸੂਚਨਾ ਮਿਲਣ 'ਤੇ ਅੱਗ ਬੁਝਾਊ ਅਮਲਾ ਸਥਾਨਕ ਸਮੇ ਅਨੁਸਾਰ ਸ਼ਾਮ 7.40 ਵਜੇ ਦੇ ਕਰੀਬ ਮੌਕੇ 'ਤੇ ਪੁੱਜਾ ਸੀ। ਸਿਸਟਮ ਦੇ ਮੁਖੀ ਕੀਥ ਜੌਹਨਸਨ ਨੇ ਕਿਹਾ ਕਿ ਅੱਗ ਬੁਝਾਊ ਅਮਲੇ ਨੇ ਘਰ ਵਿਚ ਮੌਜੂਦ 2 ਵਿਅਕਤੀਆਂ ਤੇ ਪਾਲਤੂ ਜਾਨਵਰਾਂ ਨੂੰ ਬਾਹਰ ਕੱਢਿਆ। 8.30 ਵਜੇ ਤੋਂ ਪਹਿਲਾਂ ਜਬਰਦਸਤ ਧਮਾਕਾ ਹੋਇਆ ਤੇ ਅੰਦਰ ਮੌਜੂਦ ਅਮਲਾ ਅੱਗ ਦੀਆਂ ਲਪਟਾਂ ਵਿਚ ਘਿਰ ਗਿਆ ਜਦ ਕਿ ਬਾਹਰ ਖੜੇ ਮੈਂਬਰ ਵੀ ਧਮਾਕੇ ਦੀ ਲਪੇਟ ਵਿਚ ਆ ਕੇ ਜਖਮੀ ਹੋ ਗਏ।