ਅਲਟ੍ਰਾਸਾਊਂਡ ਰਾਹੀਂ ਕੈਂਸਰ ਇਲਾਜ ਹੋ ਸਕਦਾ ਹੈ ਪ੍ਰਭਾਵਸ਼ਾਲੀ
ਜਰਨਲ ਐਂਗਵੈਂਡੇ ਕੇਮੀ ਵਿਚ ਪ੍ਰਕਾਸ਼ਿਤ ਹੋਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿਊਜਰਸੀ: ਕੈਂਸਰ ਦੇ ਇਲਾਜ ਨੂੰ ਲੈ ਕੇ ਇਕ ਨਵੀਂ ਖੋਜ ਵਿਚ ਦੱਸਿਆ ਗਿਆ ਹੈ ਕਿ ਇਸ ਲਈ ਅਲਟ੍ਰਾਸਾਊਂਡ ਰਾਹੀਂ ਇਲਾਜ ਪ੍ਰਭਾਵਸ਼ਾਲੀ ਹੋ ਸਕਦਾ ਹੈ। ਕਿਹਾ ਗਿਆ ਹੈ ਕਿ ਫੋਟੋਡਾਇਨਮਿਕ ਕੈਂਸਰ ਥੈਰੇਪੀ ਜਿਸ ਵਿਚ ਲੇਜ਼ਰ ਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ, ਦੀ ਤੁਲਨਾ ਵਿਚ ਸੋਨੋਡਾਇਨਮਿਕ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਅਲਟ੍ਰਾਸੋਨਿਕ ਤਿਰੰਗਾਂ ਜ਼ਿਆਦਾ ਕਾਰਗਰ ਹੋ ਸਕਦੀਆਂ ਹਨ। ਇਨ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਖੋਜਕਰਤਾਵਾਂ ਦੀ ਟੀਮ ਨੇ ਕਿਹਾ ਕਿ ਅਲਟ੍ਰਾਸਾਊਂਡ ਰਾਹੀਂ ਸੈਮੀਕੰਡਕਟਿੰਗ ਪਾਲੀਮਰ ਨੈਨੋਪਾਰਟੀਕਲ ’ਤੇ ਆਧਾਰਿਤ ਸੋਨੋਡਾਇਨਮਿਕ ਇਲਾਜ ਨਾਲ ਬਿਮਾਰ ਸੈੱਲਾਂ ਨੂੰ 12 ਸੈਂਟੀਮੀਟਰ ਦੀ ਡੂੰਘਾਈ ਤਕ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਦੌਰਾਨ ਸਿਹਤਮੰਦ ਸੈੱਲਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ। ਕੈਂਸਰ ਇਮਿਊਨੋਥੈਰੇਪੀ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਦੀ ਵਰਤੋਂ ਕਰਕੇ ਜਾਂ ਉਸ ਨੂੰ ਵਧਾ ਕੇ ਕੰਮ ਕਰਦੀ ਹੈ। ਇਹ ਖੋਜ ਜਰਨਲ ਐਂਗਵੈਂਡੇ ਕੇਮੀ ਵਿਚ ਪ੍ਰਕਾਸ਼ਿਤ ਹੋਈ ਹੈ।
ਕਾਨਯੀ ਪੂ ਤੇ ਸਿੰਗਾਪੁਰ ਦੀ ਨਾਨਯਾਂਗ ਟੈਕਨੋਲਾਜੀਕਲ ਯੂਨੀਵਰਸਿਟੀ ਤੇ ਚੀਨ ਦੀ ਦੋਂਘੁਆ ਯੂਨੀਵਰਸਿਟੀ ਨਾਲ ਜੁੜੀ ਖੋਜ ਟੀਮ ਨੇ ਕਿਹਾ ਕਿ ਉਨ੍ਹਾਂ ਨੇ ਅਲਟ੍ਰਾਸਾਊਂਡ ਰਾਹੀਂ ਚੂਹਿਆਂ ਵਿਚ ਸੋਨੋਡਾਇਨਮਿਕ ਇਲਾਜ ਦਾ ਪ੍ਰਭਾਵਸ਼ਾਲੀ ਪ੍ਰੀਖਣ ਕੀਤਾ ਹੈ। ਇਸ ਦੀ ਤੁਲਨਾ ’ਚ ਫੋਟੋਡਾਇਨਮਿਕ ਥੈਰੇਪੀ ਦੌਰਾਨ ਲੇਜ਼ਰ ਲਾਈਟ ਓਨੀ ਡੂੰਘਾਈ ਤਕ ਨਹੀਂ ਪੁੱਜਦੀ। ਸੋਨੋਡਾਇਨਮਿਕ ਇਲਾਜ ਵਿਧੀ ਫੋਟੋਡਾਇਨਮਿਕ ਥੈਰੇਪੀ ਨਾਲੋਂ ਜ਼ਿਆਦਾ ਕਾਰਗਰ ਸਾਬਤ ਹੋਈ। ਹਾਲਾਂਕਿ, ਹਾਲੇ ਇਸ ਵਿਚ ਹੋਰ ਖੋਜ ਕਾਰਜ ਦੀ ਉਮੀਦ ਹੈ। ਇਸ ਵਿਧੀ ਨਾਲ ਵੱਡੇ ਪੈਮਾਨੇ ’ਤੇ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਸੰਭਾਵਨਾ ਮੌਜੂਦ ਹੈ।
Comments (0)