ਪਾਤਸ਼ਾਹੀ ਪ੍ਰਬੰਧ ਦਾ ਨਿਰਮਾਤਾ ਪੰਜ ਦਰਿਆਵਾਂ ਦਾ ਸਰਦਾਰ ਮਹਾਰਾਜਾ ਰਣਜੀਤ ਸਿੰਘ

ਪਾਤਸ਼ਾਹੀ ਪ੍ਰਬੰਧ ਦਾ ਨਿਰਮਾਤਾ ਪੰਜ ਦਰਿਆਵਾਂ ਦਾ ਸਰਦਾਰ ਮਹਾਰਾਜਾ ਰਣਜੀਤ ਸਿੰਘ

ਪੰਜਾਬ ਪੰਜਾਂ ਦਰਿਆਵਾਂ ਦੀ ਹੀ ਨਹੀਂ ਸਗੋਂ ਗੁਰੂਆਂ, ਪੀਰਾਂ, ਫ਼ਕੀਰਾਂ, ਸੂਫੀਆਂ, ਜੋਗੀਆਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ।

ਜੇ ਦੁਨੀਆ ਦੇ ਨਕਸ਼ੇ ਵਿੱਚੋਂ ਏਸ਼ੀਆ ’ਤੇ ਨਜ਼ਰ ਮਾਰੀਏ ਤਾਂ ਇਹ ਧਰਤੀ ਵਿਸ਼ੇਸ਼ ਰੂਪ ਵਿਚ ਨਜ਼ਰ ਆਉਂਦੀ ਹੈ ਕਿਉਂਕਿ ਪ੍ਰਾਚੀਨ ਸਮਿਆਂ ਵਿਚ ਜਿੱਥੇ ਇਹ ਵਪਾਰਕ ਗਤੀਵਿਧੀਆਂ ਲਈ ਪ੍ਰਸਿੱਧ ਸੀ ਓਥੇ ਭਾਰਤ ਵਰਗੇ ਵੱਡੇ ਭੂ-ਭਾਗ ਲਈ ਦੁਨੀਆ ਦਾ ਪ੍ਰਵੇਸ਼ ਦੁਆਰ ਵੀ ਸੀ। ਇਤਿਹਾਸਕ ਸਮਿਆਂ ਵਿਚ ਸਿਕੰਦਰ ਤੋਂ ਲੈ ਕੇ ਗਜ਼ਨਵੀ ਤਕ ਤੇ ਬਾਬਰ ਤੋਂ ਲੈ ਕੇ ਦੁਰਾਨੀਆਂ ਤਕ ਵਿਦੇਸ਼ੀ ਧਾੜਵੀ ਇਸ ਧਰਤੀ ’ਤੇ ਪੈਰ ਰੱਖ ਕੇ ਇਛਾਵਾਂ ਦੀ ਪੂਰਤੀ ਲਈ ਲਹੂ ਦੇ ਦਰਿਆ ਵਗਾਂਦੇ ਰਹੇ ਪਰ ਇੱਥੋਂ ਦੇ ਯੋਧਿਆਂ ਤੇ ਸਿਰਲੱਥ ਸੂਰਮਿਆਂ ਨੇ ਜਿੱਥੇ ਸਿਕੰਦਰ ਦਾ ਰਾਹ ਰੋਕ ਕੇ ਉਹਨੂੰ ਚਟਾਨੀ ਅਹਿਸਾਸ ਕਰਾਇਆ ਓਥੇ ਗੁਰੂ ਨਾਨਕ ਸਾਹਿਬ ਨੇ ਬਾਣੀ ਰਾਹੀਂ ਸ਼ਬਦ ਦੀ ਤਾਕਤ ਨੂੰ ਸਿਰਮੌਰ ਬਣਾ ਕੇ ਬਾਬਰ ਨੂੰ ਵੰਗਾਰਿਆ।

ਏਸੇ ਪੰਜ ਦਰਿਆਵਾਂ ਦੀ ਧਰਤੀ ’ਤੇ ਗੁਰੂ ਨਾਨਕ ਸਾਹਿਬ ਦੀ ਸ਼ਬਦ ਕ੍ਰਾਂਤੀ ਤੇ ਗੁਰੂ ਗੋਬਿੰਦ ਸਿੰਘ ਦੀ ਜੰਗਜੂ ਤੇ ਪਾਤਸ਼ਾਹੀ ਪਰੰਪਰਾ ਨੂੰ ਅਮਲ ਵਿਚ ਲਿਆਕੇ ਦੇਸ ਸਿਰਜਣ ਵਾਲਾ ਸ਼ਾਸਕ ਰਣਜੀਤ ਸਿੰਘ ਪੈਦਾ ਹੋਇਆ। ਉਹਦੀ ਸ਼ੇਰ ਵਾਲੀ ਭਬਕ ਨੇ ਜਿੱਥੇ ਅਫ਼ਗਾਨਾਂ ਦੇ ਸਾਹ ਸੂਤੇ ਉੱਥੇ ਈਸਟ ਇੰਡੀਆ ਕੰਪਨੀ ਦੇ ਯੂਰਪੀਆਂ ਨੂੰ ਉਹਦੇ ਜਿਉਂਦੇ ਜੀਅ ਇਸ ਭੂਖੰਡ ’ਤੇ ਕਬਜ਼ਾ ਕਰਨ ਦਾ ਹੀਆ ਨਾ ਪਿਆ। ਪਰ ਅੰਤ ਅੰਗਰੇਜ਼ਾਂ ਦੀਆਂ ਚਾਲਾਂ, ਸਾਜ਼ਿਸ਼ਾਂ ਤੇ ਬਦਨੀਤੀਆਂ ਕਰਕੇ ਇਕ ਵਿਸ਼ਾਲ ਖ਼ਾਲਸਾ ਰਾਜ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਗਿਆ।

1780 ਤੋਂ ਲੈ ਕੇ 1839 ਤਕ ਦੇ 59 ਸਾਲ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦੇ ਸਨ। ਇਨ੍ਹਾਂ ਸਾਲਾਂ ਵਿਚ ਪੰਜਾਬ ਦੇ ਇਤਿਹਾਸ ਵਿਚ ਇਕ ਸ਼ਾਨਦਾਰ ਇਤਿਹਾਸਕ ਵਰਤਾਰਾ ਵਰਤਿਆ ਸੀ। ਸਿੱਖ ਕੌਮ, ਜਿਸ ਨੇ 1699 ਤੋਂ ਹੀ ਆਪਣੀ ਸੁਤੰਤਰਤਾ ਲਈਸਤਿਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ, ਸੰਘਰਸ਼ ਵਿਚ ਫਤਹਿਯਾਬ ਹੋ ਕੇ ਰਾਜ-ਭਾਗ ਦੀ ਉਸਾਰੀ ਕਰਨ ਵੱਲ ਜੁੱਟ ਗਈ ਸੀ। ਰਾਜ-ਭਾਗ ਦੀ ਸ਼ੁਰੂਆਤ ਮਿਸਲਾਂ ਦੀ ਸਰਦਾਰੀ ਰਾਹੀਂ ਹੋਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵੱਖ-ਵੱਖ ਟੁਕੜਿਆਂ ਨੂੰ ਇਕੱਠਾ ਕਰ ਕੇ ਪੰਜ ਦਰਿਆਵਾਂ ਦੀ ਧਰਤੀ ’ਤੇ ਇਕ ਬਹੁਤ ਹੀ ਵਿਸ਼ਾਲ ਅਤੇ ਤਾਕਤਵਰ ਸਲਤਨਤ ਖੜ੍ਹੀ ਕਰ ਦਿੱਤੀ ਸੀ। ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਪੰਜ ਦਰਿਆਵਾਂ ਦੀ ਧਰਤੀ ਨੇ ਵਿਸ਼ਵ ਨੂੰ ਇਕ ਸ਼ਾਨਦਾਰ ਬਾਦਸ਼ਾਹਤ ਮੁਹੱਈਆ ਕੀਤੀ ਸੀ। ਪੰਜਾਬ ਦੇ ਪੰਜ ਦਰਿਆਵਾਂ ਦਾ ਵੱਡਾ ਸਮਾਂ ਸਿਰਫ਼ ਹਮਲਾਵਰਾਂ ਦੇ ਜੰਗਾਂ ਯੁੱਧਾਂ ਦੀਆਂ ਤਬਾਹੀਆਂ ਵਿਚ ਹੀ ਗੁਜ਼ਰਿਆ ਸੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਜਿਹੜਾ ਪੰਜਾਬ ਜੁਗਾਂ-ਜੁਗਾਂਤਰਾਂ ਤੋਂ ਸਿਰਫ਼ ਜੰਗਾਂ-ਯੁੱਧਾਂ ਦੀ ਭੂਮੀ ਹੀ ਬਣਿਆ ਰਿਹਾ ਸੀ, ਕੀ ਕਦੇ ਇਹ ਧਰਤੀ ਵੀ ਕੌਮਾਂਤਰੀ ਸੰਧੀਆਂ ਅਤੇ ਅਹਿਦਨਾਮਿਆਂ ਨੂੰ ਲਿਖੇ ਜਾਣ ਵਾਲੀ ਬਣ ਜਾਏਗੀ? ਮਹਾਰਾਜਾ ਰਣਜੀਤ ਸਿੰਘ ਨੇ ਇਹ ਗੌਰਵ ਹਾਸਲ ਕੀਤਾ ਸੀ।’

ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਲਾਸਾਨੀ ਦਰਜਾ ਹਾਸਲ ਹੈ, ਜਦੋਂ ਵਿਸ਼ਵ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਤਾਂ ਸੂਰਬੀਰ ਜੋਧਿਆਂ ਵਜੋਂ ਦੋ ਮਹਾਰਾਜਿਆਂ ਨੂੰ ਇਹ ਰੁਤਬਾ ਹਾਸਲ ਹੁੰਦਾ ਹੈ -ਇਕ ਹੈ ਨੈਪੋਲੀਅਨ ਬੋਨਾਪਾਰਟ ਦੂਜਾ ਮਹਾਰਾਜਾ ਰਣਜੀਤ ਸਿੰਘ। ਉਹਨੇ ਜਾਰਜ ਫਾਰੇਸਟਰ ਦੀ ਉਸ ਭਵਿੱਖ ਬਾਣੀ ਨੂੰ ਸੱਚ ਸਾਬਤ ਕਰ ਦਿੱਤਾ ਸੀ, ਜਿਹੜੀ ਉਹਨੇ ਮਾਰਚ 1783 ਵਿਚ ਆਪਣੇ ਪੱਤਰ ਰਾਹੀਂ ਕੀਤੀ ਸੀ। ਇਸ ਵਿਚ ਉਹਨੇ ਲਿਖਿਆ ਸੀ ਕਿ ਜੇਕਰ ਭਵਿੱਖ ਵਿਚ ਸਾਮਰਾਜ ਅਤੇ ਧਰਮ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਕਾਰਨ ਸਿੱਖਾਂ ਦੇ ਇਕ-ਜੁੱਟ ਪ੍ਰਯਤਨ ਦੀ ਲੋੜ ਪਈ ਤਾਂ ਸ਼ਾਇਦ ਕੋਈ ਉਤਸ਼ਾਹੀ ਮੁਖੀਆ ਆਪਣੀ ਸਿਆਣਪ ਅਤੇ ਸਫਲਤਾ ਤੋਂ ਪ੍ਰੇਰਨਾ ਲੈ ਕੇ ਅਤੇ ਆਪਣੇ ਸਾਥੀਆਂ ਦੀ ਸ਼ਕਤੀ ਗ੍ਰਹਿਣ ਕਰ ਕੇ ਆਪਣੇ ਖੇਤਰ ਦੇ ਖੰਡਰਾਤਾਂ ਤੋਂ ਰਾਜਤੰਤਰ ਦੇ ਮਿਆਰ ਦਾ ਪ੍ਰਦਰਸ਼ਨ ਕਰੇਗਾ।’

ਪਾਤਸ਼ਾਹੀ ਵਾਲੇ ਸਾਂਝੇ ਰਾਜ ਦੀਆਂ ਸਿਫ਼ਤਾਂ

ਮਹਾਰਾਜੇ ਨੇ ਆਪਣੀ ਸਿਆਸੀ ਸੂਝ ਬੂਝ, ਪ੍ਰਬੰਧਕੀ ਯੋਗਤਾ ਤੇ ਰਣਨੀਤੀ ਘਾੜੇ ਵਜੋਂ ਅਜਿਹਾ ਸੰਭਵ ਕਰ ਵਿਖਾਇਆ ਜਿਸਨੇ ਜੰਗਾਂ ਯੁੱਧਾਂ ਦੀ ਇਸ ਧਰਤੀ ਨੂੰ ਅਮਨ, ਚੈਨ ਤੇ ਸ਼ਾਂਤੀ ਦੇ ਖਿੱਤੇ ਵਿਚ ਬਦਲ ਦਿੱਤਾ। ਉਹਨੇ ਸਿੱਖ ਗੁਰੂਆਂ ਦੇ ਆਦਰਸ਼ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਦੇ ਲਿਖਤੀ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾ ਕੇ ਪਾਤਸ਼ਾਹੀ ਪਰੰਪਰਾ ਅਧੀਨ ਇਕ ਸਰਬ ਸਾਂਝੇ ਰਾਜ ਦੀ ਨੀਂਹ ਰੱਖੀ। ਮਹਾਰਾਜੇ ਦੀ ਮੌਤ ਉਪਰੰਤ ਦਰਬਾਰ ਵਿਚ ਹੋਈ ਬੁਰਛਾਗਰਦੀ ਨੇ ਉਸ ਗੌਰਵਸ਼ਾਲੀ ਸਲਤਨਤ ਨੂੰ ਮੁੜ ਖੇਰੂੰ ਖੇਰੂੰ ਕਰ ਦਿੱਤਾ। ਮਹਿੰਗੇ ਮੁੱਲ ਦੀ ਆਜ਼ਾਦੀ ਬਸਤੀਵਾਦੀ ਸਾਮਰਾਜੀਆਂ ਦੇ ਕਬਜ਼ੇ ਵਿਚ ਆ ਗਈ ਤੇ ਪੰਜਾਬ ਮੁੜ ਇਕ ਨਵੇਂ ਧਾੜਵੀ ਨੂੰ ਵੰਗਾਰਨ ਤੇ ਆਜ਼ਾਦੀ ਪ੍ਰਾਪਤੀ ਦੇ ਰਾਹ ਪੈ ਗਿਆ ਜਿਸਦੇ ਸਿੱਟੇ ਵਜੋਂ ਇਹਦੇ ਟੋਟੇ-ਟੋਟੇ ਹੋ ਗਏ, ਇਹ ਖੰਡ ਖੰਡ ਹੋ ਕੇ ਬਿਖਰ ਗਿਆ ਤੇ ਇਤਿਹਾਸ ਦੇ ਪੰਨਿਆਂ ਨੂੰ ਲਹੂ ਲੁਹਾਨ ਕਰ ਗਿਆ। ਉਹ ਇਕ ਮਹਾਂ-ਸ਼ਕਤੀਸ਼ਾਲੀ ਯੋਧਾ ਸੀ ਜਿਸਨੇ ਆਪਣੇ ਜਿਸਮ ’ਤੇ ਤਲਵਾਰ ਦੇ ਤੀਹ ਜ਼ਖ਼ਮ ਤੇ ਬੰਦੂਕ ਦੇ ਨੌਂ ਜ਼ਖ਼ਮ ਹੰਢਾਏ ਸਨ। 

ਸ਼ੁੱਕਰਚੱਕੀਆ ਮਿਸਲ ਦੇ ਮਹਾਂ ਸਿੰਘ ਦੇ ਇਕਲੌਤੇ ਪੁੱਤਰ ਰਣਜੀਤ ਸਿੰਘ ਨੂੰ ਪੜ੍ਹਨ ਲਈ ਭਾਈ ਭਾਗੂ ਸਿੰਘ ਕੋਲ ਗੁਜਰਾਵਾਲੇ ਉਹਦੀ ਧਰਮਸ਼ਾਲਾ ਵਿਚ ਭੇਜਿਆ ਗਿਆ ਪਰ ਪੜ੍ਹਾਈ ਵਿਚ ਉਹਦੀ ਬਹੁਤੀ ਰੁਚੀ ਨਹੀਂ ਸੀ। ਏਸ ਕਰਕੇ ਉਹ ਪੜ੍ਹ ਨਾ ਸਕਿਆ। ਪਰ ਇਹ ਵੀ ਇਕ ਇਤਫਾਕ ਹੈ ਕਿ ਜਦੋਂ ਉਹਨੇ ਰਾਜ ਭਾਗ ਦੀ ਵਾਗ ਡੋਰ ਸੰਭਾਲੀ ਤਾਂ ਸਭ ਤੋਂ ਵੱਧ ਜ਼ੋਰ ਸਿੱਖਿਆ ’ਤੇ ਦਿਤਾ ਤੇ ਉਹਦੇ ਰਾਜ ਵਿਚ ਸਾਖਰਤਾ ਦਰ ਬਹੁਤ ਜ਼ਿਆਦਾ ਸੀ। ਇਹ ਸਮੇਂ ਜੰਗਾਂ ਯੁੱਧਾਂ ਦੇ ਸਨ ਤੇ ਹਰ ਮਿਸਲ ਆਪਣੀ ਸਥਾਪਤੀ ਲਈ ਯੁੱਧ ਕਲਾ ’ਤੇ ਜ਼ੋਰ ਦੇਂਦੀ ਸੀ। ਏਸੇ ਕਰਕੇ ਬਾਲਕ ਰਣਜੀਤ ਸਿੰਘ ਨੇ ਬਚਪਨ ਵਿਚ ਹੀ ਘੋੜ ਸਵਾਰੀ ਤੇ ਸ਼ਸ਼ਤਰਾਂ ਦੇ ਕਰਤੱਬ ਸਿੱਖਣ ਵਿਚ ਵਧੇਰੇ ਦਿਲਚਸਪੀ ਦਿਖਾਈ।

ਆਪਣੇ ਪਿਤਾ ਦੀ ਮੌਤ ਸਮੇਂ ਉਹਦੀ ਉਮਰ ਅਜੇ ਨਿਆਣੀ ਸੀ। ਇਸ ਕਰਕੇ ਉਹਦੀ ਮਾਤਾ ਦੀਵਾਨ ਲੱਖਪਤ ਰਾਏ ਦੀ ਸਹਾਇਤਾ ਨਾਲ ਕਾਇਮ ਮੁਕਾਮ ਹਾਕਮ ਬਣ ਗਈ। ਉਹਨੇ ਸਾਰੀ ਪ੍ਰਬੰਧਕੀ ਵਾਗ-ਡੋਰ ਆਪਣੇ ਹੱਥ ਲੈ ਲਈ ਤੇ ਸਾਰੇ ਪ੍ਰਬੰਧਾਂ ਨੂੰ ਅਜਿਹੀ ਯੋਗਤਾ ਨਾਲ ਅੰਜਾਮ ਦਿੱਤਾ ਕਿ ਉਹਦੀ ਚੰਗੀ ਪੈਂਠ ਬਣ ਗਈ।

ਇਨ੍ਹਾਂ ਦਿਨਾਂ ਵਿਚ ਹਸ਼ਮਤ ਖ਼ਾਨ ਚੱਠੇ ਨੇ ਮਹਾਂ ਸਿੰਘ ਹੱਥੋਂ ਹੋਈ ਆਪਣੀ ਹਾਰ ਤੇ ਅਪਮਾਨ ਦਾ ਬਦਲਾ ਲੈਣ ਦੀ ਠਾਣ ਲਈ। ਉਹਨੇ ਰਣਜੀਤ ਸਿੰਘ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਅਸਲ ਵਿਚ ਰਣਜੀਤ ਸਿੰਘ ਸ਼ਿਕਾਰ ਖੇਡਦਾ ਦੂਰ ਨਿਕਲ ਗਿਆ ਤੇ ਸਾਥੀਆਂ ਨਾਲੋਂ ਵਿਛੜ ਗਿਆ। ਅਚਾਨਕ ਚੱਠਾ ਸਰਦਾਰ ਆਪਣੀ ਲੁਕਣ ਵਾਲੀ ਥਾਂ ਤੋਂ ਨਿਕਲ ਆਇਆ ਤੇ ਉਹਨੇ ਰਣਜੀਤ ਸਿੰਘ ’ਤੇ ਹਮਲਾ ਕਰ ਦਿੱਤਾ। ਵਾਰ ਕੇਵਲ ਉਹਦੇ ਕਮਰਬੰਦ ਨੂੰ ਕੱਟਦਾ ਹੋਇਆ ਨਾਕਾਮ ਹੋ ਗਿਆ ਤੇ ਰਣਜੀਤ ਸਿੰਘ ਨੇ ਫੁਰਤੀ ਨਾਲ ਉਸ ’ਤੇ ਘਾਤਕ ਵਾਰ ਕਰ ਕੇ ਉਹਨੂੰ ਥਾਏਂ ਚਿੱਤ ਕਰ ਦਿੱਤਾ।

1796 ਵਿਚ 16 ਵਰ੍ਹਿਆਂ ਦੀ ਉਮਰੇ ਉਹਦਾ ਵਿਆਹ ਬਟਾਲੇ ਵਿਖੇ ਘਨੱਈਏ ਮਿਸਲ ਦੀ ਮੁਖੀ ਮਾਤਾ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ। ਕਾਬਲ ਦੇ ਬਾਦਸ਼ਾਹ ਸ਼ਾਹ ਜਮਾਨ ਨੇ ਏਸੇ ਸਮੇਂ ਭਾਰਤ ਵਿਚ ਮੁੜ ਦੁਰਾਨੀ-ਸੱਤਾ ਸਥਾਪਤ ਕਰਨ ਲਈ ਜਤਨ ਕੀਤੇ ਤੇ 1797 ਵਿਚ ਲਾਹੌਰ ਸ਼ਹਿਰ ’ਤੇ ਕਬਜ਼ਾ ਕਰ ਲਿਆ ਪਰ ਮਿਸਲਾਂ ਨੇ ਛੇਤੀ ਹੀ ਉਹਨੂੰ ਵਾਪਸੀ ਵਾਲੇ ਰਾਹ ਤੋਰ ਦਿੱਤਾ। ਸਿੱਖਾਂ ਹੱਥੋਂ ਆਪਣੇ ਸੈਨਾਪਤੀ ਅਹਿਮਦ ਖ਼ਾਨ ਸ਼ਹਾਨਚੀ ਦੀ ਕਰਾਰੀ ਹਾਰ ਅਤੇ ਉਹਦੀ ਮੌਤ ਤੋਂ ਬਾਅਦ ਸ਼ਾਹ ਜਮਾਨ ਨੇ 1798 ਵਿਚ ਫਿਰ ਪੰਜਾਬ ’ਤੇ ਹੱਲਾ ਬੋਲਿਆ। ਉਹਨੇ ਫਿਰ ਲਾਹੌਰ ’ਤੇ ਹਮਲਾ ਕਰਕੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਸੋਹਣ ਲਾਲ ਸੂਰੀ ਤੇ ਬੂਟੇ ਸ਼ਾਹ ਨੇ ਆਪਣੇ ਰੋਜ਼ਨਾਮਚਿਆਂ ਵਿਚ ਲਿਖਿਆ ਹੈ।

ਰਣਜੀਤ ਸਿੰਘ ਨੇ ਇਸ ਸਮੇਂ ਸੀਮਤ ਗਿਣਤੀ ਵਿਚ ਸਰਦਾਰਾਂ ਨੂੰ ਲੈ ਕੇ ਕਿਲ੍ਹੇ ਦੇ ਸਮਨ ਬੁਰਜ ’ਤੇ ਤਿੰਨ ਵਾਰ ਚੜ੍ਹਾਈ ਕੀਤੀ। ਫਾਇਰ ਕੀਤੇ, ਕਈ ਅਫਗਾਨੀਆਂ ਨੂੰ ਮਾਰਿਆ ਅਤੇ ਜ਼ਖ਼ਮੀ ਕੀਤਾ। ਸ਼ਾਹ ਜ਼ਮਾਨ ਨੂੰ ਆਹਮੋ-ਸਾਹਮਣੇ ਲੜਾਈ ਲਈ ਵੰਗਾਰਦੇ ਹੋਏ ਰਣਜੀਤ ਸਿੰਘ ਨੇ ਕਿਹਾ ‘ਆ ਜਾ ਓਏ ਅਹਿਮਦ ਸ਼ਾਹ ਦਿਆ ਪੋਤਰਿਆ, ਅੱਜ ਤੈਨੂੰ ਮਹਾਨ ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਨਾਲ ਦੋ ਦੋ ਹੱਥ ਅਜ਼ਮਾਉਣੇ ਪੈਣਗੇ ਤੇ ਪਤਾ ਲੱਗ ਜਾਏਗਾ ਕਿਹੜਾ ਵੱਡਾ ਸੂਰਮਾ ਹੈ,’ ਪਰ ਦੂਜੇ ਪਾਸਿਓਂ ਕੋਈ ਉਤਰ ਨਾ ਆਇਆ। ਸ਼ਾਹ ਜ਼ਮਾਨ ਮਹਾਰਾਜੇ ਤੋਂ ਡਰਦਾ ਹੀ ਵਾਪਸ ਪਰਤ ਗਿਆ।

ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਸਮਾਂ ਜੰਗਾਂ ਯੁੱਧਾਂ ਦੀਆਂ ਮੁਹਿੰਮਾਂ ਤੇ ਆਪਣੇ ਰਾਜ ਦੇ ਵਿਸਥਾਰ ਵਿਚ ਬੀਤਿਆ। ਸਭ ਤੋਂ ਪਹਿਲਾਂ ਤਾਂ ਉਹਨੇ ਸਿੱਖ ਮਿਸਲਾਂ ਨੂੰ ਇਕੱਠਿਆਂ ਕਰ ਕੇ ਆਪਣਾ ਸਿੱਕਾ ਜਮਾਇਆ। 7 ਜੁਲਾਈ, 1799 ਵਿਚ ਭੰਗੀ ਸਰਦਾਰਾਂ ਵਲੋਂ ਬਿਨਾਂ ਕਿਸੇ ਉਜਰ ਦੇ ਉਹ ਲਾਹੌਰ ’ਤੇ ਕਾਬਜ਼ ਹੋ ਗਿਆ। ਏਸੇ ਤਰ੍ਹਾਂ ਬੁੱਧੂ ਦੇ ਆਵੇ ਕੋਲੋਂ ਉਹਨੂੰ ਖ਼ਜ਼ਾਨਾ ਮਿਲਿਆ। ਫਿਰ ਉਹਨੇ ਜੰਮੂ, ਮੀਰੋਵਾਲ, ਨਾਰੋਵਾਲ ਅਤੇ ਜੱਸਰਵਾਲ ਨੂੰ ਜਿੱਤ ਲਿਆ। 

ਮਹਾਰਾਜੇ ਦਾ ਖਿਤਾਬ

ਇਨ੍ਹਾਂ ਖ਼ੁਸ਼ਨੁਮਾ ਦਿਨਾਂ ਦੌਰਾਨ ਮੁਖੀਆਂ, ਪ੍ਰਸਿੱਧ ਹਸਤੀਆਂ, ਦਰਬਾਰੀਆਂ ਤੇ ਸ਼ਹਿਰੀਆਂ ਨੇ ਉਸਨੂੰ ਮਹਾਰਾਜੇ ਦਾ ਖਿਤਾਬ ਦੇਣ ਦਾ ਫ਼ੈਸਲਾ ਕੀਤਾ। ਇਸ ਉਤਸਵ ਲਈ 1801 ਦੀ ਵੈਸਾਖੀ ਤੋਂ ਇਕ ਦਿਨ ਪਹਿਲਾਂ 12 ਅਪ੍ਰੈਲ ਨੂੰ ਇਕ ਸ਼ਾਨਦਾਰ ਦਰਬਾਰ ਸਜਾਇਆ ਗਿਆ ਜਿਸ ’ਚ ਸਾਰੇ ਵੱਡੇ ਸਰਦਾਰ, ਮਿਸਲਦਾਰ, ਉੱਘੇ ਹਿੰਦੂ ਅਤੇ ਮੁਸਲਿਮ ਅਹਿਲਕਾਰ ਹਾਜ਼ਰ ਹੋਏ। ਕੁਝ ਸਿੱਖ ਧਾਰਮਕ ਰਸਮਾਂ ਤੋਂ ਬਾਅਦ ਬਾਬਾ ਸਾਹਿਬ ਸਿੰਘ ਬੇਦੀ ਨੇ ਸਰਦਾਰ ਰਣਜੀਤ ਸਿੰਘ ਦੇ ਮੱਥੇ ’ਤੇ ਮਹਾਰਾਜਸ਼ਾਹੀ ਤਿਲਕ ਦੀ ਰਸਮ ਕੀਤੀ ਤੇ ਉਹਨੂੰ ਮਹਾਰਾਜੇ ਦਾ ਖਿਤਾਬ ਦਿੱਤਾ। ਹਾਲਾਂਕਿ ਉਹਨੇ ਆਪ ਕਿਸੇ ਬਾਦਸ਼ਾਹਤ ਦਾ ਦਾਅਵਾ ਨਹੀਂ ਸੀ ਕੀਤਾ। ਸਗੋਂ ਉਹਦੇ ਲਈ ਗੁਰੂ ਹੀ ਸੱਚਾ ਪਾਤਸ਼ਾਹ ਤੇ ਅਸਲੀ ਬਾਦਸ਼ਾਹ ਸੀ। ਉਹ ਤਾਂ ਆਪਣੇ ਆਪਨੂੰ ਗੁਰੂ ਦਾ ਨਿਮਾਣਾ ਜਿਹਾ ਸੇਵਕ ਮੰਨਦਾ ਸੀ। ਉਹਨੇ ਸਭ ਨੂੰ ਕਹਿ ਦਿੱਤਾ ਸੀ ਕਿ ਅੱਗੇ ਤੋਂ ਉਹਨੂੰ ਸਰਕਾਰ ਕਿਹਾ ਜਾਵੇ। ਉਹਨੇ ਆਪਣੇ ਅਸਲੀ ਬਾਦਸ਼ਾਹ ਗੁਰੂ ਦੇ ਨਾਂ ਦੇ ਸਿੱਕੇ ਢਾਲੇ ਜੋ ਨਾਨਕਸ਼ਾਹੀ ਨਾਂ ਨਾਲ ਅੱਜ ਤਕ ਪ੍ਰਸਿੱਧ ਹਨ। ਉਨ੍ਹਾਂ ’ਤੇ ਉਹਨੇ ਗੁਰੂ ਦੀ ਮੋਹਰ ਉਕਰਵਾਈ

ਦੇਗ਼ ਵ ਤੇਗ਼ ਫਤਹਿ, ਨਸ਼ਰਤ ਬੇਦਰੰਗ

ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

ਦੇਗ਼ ਗ਼ਰੀਬਾਂ ਦੇ ਢਿੱਡ ਭਰਨ ਦਾ ਚਿੰਨ੍ਹ ਹੈ ਤੇ ਤੇਗ਼ ਕਮਜ਼ੋਰਾਂ ਤੇ ਬੇਸਹਾਰਿਆਂ ਦੀ ਸੁਰੱਖਿਆ ਲਈ ਸ਼ਕਤੀ ਦਾ ਚਿੰਨ੍ਹ ਹੈ। ਏਸੇ ਕਰਕੇ ਮਹਾਰਾਜੇ ਨੇ ਦੋ ਰਾਜਧਾਨੀਆਂ ਬਣਾਈਆਂ। ਦੁਨਿਆਵੀ ਪ੍ਰਸ਼ਾਸਨ, ਅਧਿਕਾਰ ਤੇ ਰਾਜਨੀਤੀ ਦੀ ਰਾਜਧਾਨੀ ਲਾਹੌਰ ਸੀ ਤੇ ਧਾਰਮਕ ਆਸਥਾ ਤੇ ਸਾਂਝੀਵਾਲਤਾ ਦੀ ਰਾਜਧਾਨੀ ਅੰਮਿ੍ਰਤਸਰ ਸੀ।1801 ਦੇ ਅਰੰਭ ਵਿਚ ਉਹਦੇ ਪਹਿਲੇ ਸ਼ਹਿਜ਼ਾਦੇ ਖੜਕ ਸਿੰਘ ਦਾ ਜਨਮ ਹੋਇਆ।

ਅੰਮਿ੍ਰਤਸਰ ਦੀ ਸੰਧੀ

ਅੰਮਿ੍ਰਤਸਰ ਦੀ ਸੰਧੀ ਮਹਾਰਾਜੇ ਦੀ ਜ਼ਿੰਦਗੀ ਦੀ ਅਹਿਮ ਘਟਨਾ ਸੀ। ਮਹਾਰਾਜਾ ਬਿ੍ਰਟਿਸ਼ ਸਾਮਰਾਜ ਦੀਆਂ ਚਾਲਾਂ ਤੋਂ ਜਾਣੂ ਸੀ। ਉਸਨੂੰ ਆਪਣੇ ’ਤੇ ਉਨ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਮਹਾਰਾਜੇ ਦੇ ਦਿ੍ਰੜ ਇਰਾਦੇ ਨੂੰ ਦੇਖਦੇ ਹੋਏ ਬਿ੍ਰਟਿਸ਼ ਸਰਕਾਰ ਕਿਸੇ ਵੇਲੇ ਵੀ ਕਸੂਰ, ਮੁਲਤਾਨ ਅਤੇ ਝੰਗ ਦੇ ਸ਼ਾਸਕਾਂ ਨੂੰ ਸੁਰੱਖਿਆ ਦੇ ਸਕਦੀ ਸੀ। ਇਸ ਨੂੰ ਧਿਆਨ ਵਿਚ ਰੱਖਦਿਆਂ ਹੀ ਮਹਾਰਾਜੇ ਨੇ 25 ਮਾਰਚ, 1809 ਨੂੰ ਅੰਮਿ੍ਰਤਸਰ ਸੰਧੀ ਕਰਨ ਦੀ ਅਕਲਮੰਦੀ ਕੀਤੀ। ਇਸ ਸੰਧੀ ਦੀਆਂ ਕੁਝ ਪ੍ਰਮੁੱਖ ਸ਼ਰਤਾਂ ਸਨ :

ਬਿ੍ਰਟਿਸ਼ ਸਰਕਾਰ ਤੇ ਲਾਹੌਰ ਦਰਬਾਰ ਵਿਚ ਸਥਾਈ ਮਿੱਤਰਤਾ ਕਾਇਮ ਰਹੇਗੀ। ਲਾਹੌਰ ਰਾਜ ਨੂੰ ਸਭ ਤੋਂ ਵੱਧ ਨਿਵਾਜਿਆ ਜਾਵੇਗਾ ਤੇ ਬਿ੍ਰਟਿਸ਼ ਸਰਕਾਰ ਸਤਲੁਜ ਦਰਿਆ ਦੇ ਉੱਤਰ ਵਿਚ ਮਹਾਰਾਜੇ ਦੇ ਇਲਾਕਿਆਂ ਤੇ ਜਨਤਾ ਨਾਲ ਕੋਈ ਸਰੋਕਾਰ ਨਹੀਂ ਰੱਖੇਗੀ।

ਦਰਿਆ ਸਤਲੁਜ ਦੇ ਖੱਬੇ ਕੰਢੇ ਆਪਣੇ ਅਧੀਨ ਪੈਂਦੇ ਇਲਾਕਿਆਂ ਵਿਚ ਮਹਾਰਾਜਾ ਕੇਵਲ ਓਨੀ ਫੌਜ ਹੀ ਰੱਖੇਗਾ ਜਿੰਨੀ ਇਲਾਕੇ ਦੀਆਂ ਅੰਦਰੂਨੀ ਲੋੜਾਂ ਨੂੰ ਪੂਰਿਆਂ ਕਰਨ ਲਈ ਜ਼ਰੂਰੀ ਹੋਵੇਗੀ ਤੇ ਪਾਰਲੇ ਇਲਾਕਿਆਂ ਵਿਚ ਕੋਈ ਦਖਲ ਨਹੀਂ ਦੇਵੇਗਾ।

ਦੋਹਾਂ ਵਿਚੋਂ ਕਿਸੇ ਵੀ ਰਾਜ ਦੁਆਰਾ ਉਪਰੋਕਤ ਧਰਾਵਾਂ ਜਾਂ ਮਿੱਤਰਤਾ ਦੀ ਉਲੰਘਣਾ ਦੀ ਸੂਰਤ ਵਿਚ ਇਸ ਸੰਧੀ ਨੂੰ ਰੱਦ ਸਮਝਿਆ ਜਾਵੇਗਾ।

ਪਰ ਇਹ ਵੀ ਵਿਡੰਬਨਾ ਹੀ ਕਹੀ ਜਾ ਸਕਦੀ ਹੈ ਕਿ ਅੰਤ ਬਿ੍ਰਟਿਸ਼ ਸਰਕਾਰ ਨੇ ਹੀ ਇਸ ਸੰਧੀ ਨੂੰ ਤੋੜ ਕੇ ਪੰਜਾਬ ’ਤੇ ਜਬਰੀ ਕਬਜ਼ਾ ਕੀਤਾ।

ਆਪਣੀ ਬਣਾਈ ਇਸ ਵੱਡ-ਆਕਾਰੀ ਸਲਤਨਤ ਨੂੰ ਕਾਇਮ ਰੱਖਣ ਲਈ ਉਹ ਅੰਤਮ ਸਵਾਸਾਂ ਤਕ ਲੜਦਾ ਰਿਹਾ ਪਰ ਉਹਦੇ ਦਰਬਾਰ ਵਿਚ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਦਾ ਮੁੱਢ ਬੱਝ ਚੁੱਕਾ ਸੀ ਉਨ੍ਹਾਂ ਨੂੰ ਠੱਲ ਪਾਉਣ ਵਿਚ ਉਹ ਕਾਮਯਾਬ ਨਹੀਂ ਹੋ ਸਕਿਆ। ਉਹਦੇ ਸਾਹਮਣੇ ਤਿੰਨ ਤਰ੍ਹਾਂ ਦੀਆਂ ਚੁਣੌਤੀਆਂ ਸਨ। ਇਕ ਤਾਂ ਉਹਦੇ ਪੁੱਤਰਾਂ ਵਿਚ ਗੱਦੀ ਦੇ ਵਾਰਸ ਬਣਨ ਲਈ ਹੋੜ ਲੱਗੀ ਹੋਈ ਸੀ। ਦੂਸਰਾ ਦਰਬਾਰੀ ਤੇ ਡੋਗਰੇ ਸਰਦਾਰ ਗੱਦੀ ਹੜੱਪਣ ਤੇ ਸਰਕਾਰੀ ਖ਼ਜ਼ਾਨੇ ’ਤੇ ਕਬਜ਼ੇ ਕਰਨ ਲਈ ਅੰਗਰੇਜ਼ਾਂ ਨਾਲ ਗੰਢ ਤੁੱਪ ਕਰ ਰਹੇ ਸਨ ਤੀਜਾ ਅੰਗਰੇਜ਼ ਇਨ੍ਹਾਂ ਸਾਰਿਆਂ ਤੋਂ ਉਪਰ ਚਾਰੋਂ ਤਰਫੋਂ ਖ਼ਾਲਸਾ ਦਰਬਾਰ ਨੂੰ ਚਿੱਤ ਕਰਨ ਦੇ ਮਨਸੂਬੇ ਘੜੀ ਬੈਠੇ ਸਨ।

ਓਧਰ ਮਹਾਰਾਜੇ ਦੀ ਸਿਹਤ ਡਿੱਗਦੀ ਜਾ ਰਹੀ ਸੀ ਤੇ ਮਹਾਰਾਜੇ ਦੇ ਫੌਲਾਦੀ ਸਰੀਰ ਨੂੰ ਬਿਮਾਰੀ ਖੋਖਲਾ ਕਰਦੀ ਜਾ ਰਹੀ ਸੀ। ਅਪ੍ਰੈਲ 1839 ਵਿਚ ਤੇਜ਼ ਬੁਖਾਰ ਕਰਕੇ ਮਹਾਰਾਜੇ ਦਾ ਜਲੋਧਰ ਰੋਗ ਵਧ ਗਿਆ ਤੇ ਦਵਾਈਆਂ ਦਾ ਅਸਰ ਖ਼ਤਮ ਹੋਣ ਲੱਗਾ। ਇੰਜ ਲੱਗਣ ਲੱਗ ਪਿਆ ਸੀ ਜਿਵੇਂ ਇਕ ਵਿਸ਼ਾਲ ਰੰਗਮੰਚ ਦੇ ਪਿਛੋਕੜ ਵਿਚ ਇਕ ਵੱਡੀ ਸਲਤਨਤ ਡਗਮਗਾ ਰਹੀ ਹੋਵੇ ਤੇ ਪਰਦਾ ਡਿੱਗਣ ਵਾਲਾ ਹੋਵੇ। ਅੰਤ 27 ਜੂਨ 1839 ਨੂੰ ਇਸ ਰੰਗ ਮੰਚ ’ਤੇ ਪਰਦਾ ਡਿੱਗ ਪਿਆ ਤੇ ਇਸ ਤੋਂ ਬਾਅਦ ਤ੍ਰਾਸਦੀ ਦਾ ਇਕ ਲੰਬਾ ਇਤਿਹਾਸਕ ਦੌਰ ਸ਼ੁਰੂ ਹੋਇਆ ਜੋ ਅੱਜ ਤਕ ਰੰਗ ਮੰਚ ’ਤੇ ਖੇਡਿਆ ਜਾ ਰਿਹਾ ਹੈ।

ਲਾਲ ਰੰਗ ਦਾ ਅਰਥ

ਮਹਾਰਾਜੇ ਬਾਰੇ ਪ੍ਰਚੱਲਤ ਕਥਾ ਕਹਾਣੀਆਂ ਦੀ ਗੱਲ ਕਰਦਿਆਂ ਖ਼ੁਸ਼ਵੰਤ ਸਿੰਘ ਆਪਣੀ ਪ੍ਰਸਿੱਧ ਕਿਤਾਬ ‘ਸਿੱਖ ਰਾਜ ਦਾ ਅੰਤ’ ਦੇ ਮੁੱਢ ਵਿਚ ਲਿਖਦਾ ਹੈ- ‘ਇਸ ਲਾਲ ਰੰਗ ਦਾ ਕੀ ਮਤਲਬ ਹੈ?’ ਮਹਾਰਾਜਾ ਰਣਜੀਤ ਸਿੰਘ ਨੇ ਇਕ ਅੰਗਰੇਜ਼ ਨਕਸ਼ਾ ਨਵੀਸ ਤੋਂ ਪੁੱਛਿਆ ਜੋ ਉਹਨੂੰ ਹਿੰਦੋਸਤਾਨੀ ਨਕਸ਼ਾ ਵਿਖਾ ਰਿਹਾ ਸੀ।

‘ਮਹਾਰਾਜ, ਲਾਲ ਰੰਗ ਉਸ ਇਲਾਕੇ ਨੂੰ ਦਰਸਾ ਰਿਹਾ ਹੈ ਜਿੱਥੇ ਅੰਗਰੇਜ਼ਾਂ ਦਾ ਰਾਜ ਹੈ।’ ਮਹਾਰਾਜੇ ਨੇ ਸਾਰੇ ਨਕਸ਼ੇ ਨੂੰ ਆਪਣੀ ਇਕੋ ਅੱਖ ਨਾਲ ਨਿਹਾਰਦਿਆਂ ਧਿਆਨ ਨਾਲ ਵੇਖਿਆ ਤੇ ਜਾਣਿਆ ਕਿ ਸਿਰਫ਼ ਪੰਜਾਬ ਨੂੰ ਛੱਡ ਕੇ ਬਾਕੀ ਸਾਰਾ ਹਿੰਦੋਸਤਾਨ ਲਾਲ ਹੋਇਆ ਪਿਆ ਹੈ। ਉਹ ਕੁਝ ਦੇਰ ਰੁਕ ਕੇ ਸੋਚਦਾ ਰਿਹਾ ਤੇ ਫਿਰ ਦਰਬਾਰੀਆਂ ਵੱਲ ਮੂੰਹ ਕਰ ਕੇ ਕਿਹਾ ਕਿ ‘ਇਕ ਦਿਨ ਇਹ ਸਾਰਾ ਲਾਲ ਹੋ ਜਾਏਗਾ।’ ਇਸ ਤੋਂ ਸਪਸ਼ਟ ਹੈ ਕਿ ਮਹਾਰਾਜਾ ਅੰਗਰੇਜ਼ਾਂ ਦੀਆਂ ਕੁਟਿਲ ਨੀਤੀਆਂ ਤੋਂ ਜਾਣੂੰ ਸੀ। ਇਹ ਨਹੀਂ ਕਿ ਉਹ ਕਮਜ਼ੋਰ ਬਾਦਸ਼ਾਹ ਸੀ ਪਰ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਸਨ ਉਹ ਪੰਜਾਬ ਲਈ ਬਹੁਤੇ ਸਾਜਗਾਰ ਨਹੀਂ ਸਨ। ਉਹਦੀ ਚੜ੍ਹਤ ਅਤੇ ਬਾਦਸ਼ਾਹੀ ਦੇ ਵਰ੍ਹੇ ਪੰਜਾਬ ਹੀ ਨਹੀਂ ਦੁਨੀਆ ਦੇ ਇਤਿਹਾਸ ਵਿਚ ਸੁਨਹਿਰੀ ਝਾਲ ਵਾਲੇ ਹਨ।

 

ਪਰਮਜੀਤ ਸਿੰਘ ਢੀਂਗਰਾ