ਜੱਗੀ ਜੌਹਲ ਦੀ ਰਿਹਾਈ ਬਾਰੀ ਬ੍ਰਿਟੇਨ ਸੁਹਿਰਦ ਨਹੀਂ!

ਜੱਗੀ ਜੌਹਲ ਦੀ ਰਿਹਾਈ ਬਾਰੀ ਬ੍ਰਿਟੇਨ ਸੁਹਿਰਦ ਨਹੀਂ!

ਭਾਰਤ ਕੋਲ ਮੁੱਦਾ ਉਠਾਉਣ ਦੀ ਥਾਂ ਖਾਲਿਸਤਾਨੀਆਂ ਉਪਰ ਸਖਤੀ ਕਰਨ ਦਾ ਫੈਸਲਾ ਲਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ: ਬ੍ਰਿਟੇਨ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਕੋਲ ਨਹੀਂ ਉਠਾਏਗਾ। ਬੀਤੇ ਦਿਨੀਂ ਜੀ-20 ਸਿਖਰ ਸੰਮੇਲਨ ’ਚ ਪਹੁੰਚੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਬ੍ਰਿਟੇਨ ਦੇ 70 ਸੰਸਦ ਮੈਂਬਰਾਂ ਨੇ ਅਪੀਲ ਕੀਤੀ ਸੀ ਕਿ ਜਗਤਾਰ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਕੋਲ ਉਠਾਇਆ ਜਾਏ। ਪਰ ਬਰਤਾਨੀਆ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਖਾੜਕੂਵਾਦ ਦੇ ਦੋਸ਼ ਹੇਠ ਪਿਛਲੇ ਪੰਜ ਸਾਲ ਤੋਂ ਭਾਰਤ ਦੀ ਜੇਲ੍ਹ ਵਿਚ ਬੰਦ ਆਪਣੇ ਨਾਗਰਿਕ ਜੌਹਲ ਦੀ ਰਿਹਾਈ ਦੀ ਮੰਗ ਨਹੀਂ ਕਰੇਗੀ।

‘ਦ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਮੰਗ ਕਰਨ ਤੋਂ ਇਨਕਾਰ ਸਕਾਟਿਕਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਡੋਕਰਟੀ ਹਿਊਜ਼ ਨੂੰ ਭੇਜੇ ਗਏ ਪੱਤਰ ਵਿੱਚ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਇਹ ਕਾਰਵਾਈ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਹੋਵੇਗੀ। ਦੱਸ ਦਈਏ ਕਿ ਡਮਬੈਰਟਨ ਦੇ ਰਹਿਣ ਵਾਲੇ ਜੌਹਲ ਨੂੰ 4 ਨਵੰਬਰ 2017 ਨੂੰ ਜਲੰਧਰ ਵਿੱਚ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਉਹ ਆਪਣੇ ਵਿਆਹ ਲਈ ਇੱਥੇ ਆਇਆ ਹੋਇਆ ਸੀ। ਬਰਤਾਨੀਆ ਦੇ ਏਸ਼ੀਆ ਲਈ ਮੰਤਰੀ ਲੌਰਡ ਅਹਿਮਦ ਦੇ ਦਸਤਖਤਾਂ ਹੇਠਲੇ ਪੱਤਰ ਵਿਚ ਕਿਹਾ ਗਿਆ ਹੈ, ‘ਜੌਹਲ ਦੀ ਰਿਹਾਈ ਦੀ ਮੰਗ ਕਰਨ ਦੇ ਸੰਭਾਵੀ ਲਾਭ ਤੇ ਜੋਖਮਾਂ ਦੇ ਨਾਲ ਨਾਲ ਅਜਿਹਾ ਕਰਨ ਨਾਲ ਪੈਣ ਵਾਲੇ ਪ੍ਰਭਾਵਾਂ ’ਤੇ ਸਾਵਧਾਨੀ ਨਾਲ ਵਿਚਾਰ ਕਰਨ ਤੋਂ ਬਾਅਦ ਸਾਨੂੰ ਨਹੀਂ ਲੱਗਦਾ ਕਿ ਇਹ ਕਾਰਵਾਈ ਉਨ੍ਹਾਂ ਦੇ ਹਿੱਤ ਵਿੱਚ ਹੋਵੇਗੀ।’ ਉਨ੍ਹਾਂ ਕਿਹਾ ਕਿ ਭਾਰਤ ਵਿਚ ਜੌਹਲ ਖ਼ਿਲਾਫ਼ ਕਾਰਵਾਈ ਅਜੇ ਚੱਲ ਰਹੀ ਹੈ ਤੇ ਉਸ ਨੂੰ ਰਿਹਾਅ ਕਰਨ ਦੀ ਮੰਗ ਕਰਨਾ ਭਾਰਤੀ ਨਿਆਂਇਕ ਪ੍ਰਕਿਰਿਆ ਵਿਚ ਦਖਲ ਦੇਣ ਵਾਂਗ ਹੈ ਤੇ ਇਸ ਨਾਲ ਬਰਤਾਨੀਆ ਦੀ ਕੌਂਸੁਲਰ ਸਹਾਇਤਾ ਮੁਹੱਈਆ ਕਰਨ ਦੀ ਸਮਰੱਥਾ ਵੀ ਖਤਰੇ ਵਿਚ ਪੈ ਸਕਦੀ ਹੈ।

ਦੂਜੇ ਪਾਸੇ ਬਰਤਾਨੀਆ ਵਿਚ ਖ਼ਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ’ਤੇ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦਿਲੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਇਸ ਹਿੰਸਕ ਵਿਚਾਰਧਾਰਾ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨਾਲ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਬਰਤਾਨੀਆ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ।ਬਰਤਾਨੀਆਂ ’ਚ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਵਿਚ ਚਿੰਤਾਵਾਂ ਵਧੀਆਂ ਹੋਈਆਂ ਹਨ, ਖਾਸ ਕਰ ਕੇ ਮਾਰਚ ਵਿਚ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਅਗੇ ਮੁਜਾਹਰੇ ਤੋਂ ਬਾਅਦ। ਸੁਨਕ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਬ੍ਰਿਟੇਨ ਦੇ ਸੁਰੱਖਿਆ ਮੰਤਰੀ ਨਾਲ ਮੁਲਾਕਾਤ ਦਾ ਜ਼ਿਕਰ ਕੀਤਾ। ਇਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਬਰਤਾਨੀਆ ਖ਼ਾਲਿਸਤਾਨ ਨੂੰ ਕਾਬੂ ਕਰਨ ਲਈ ਇੱਕ ਕਰੋੜ ਰੁਪਏ ਖ਼ਰਚ ਕਰੇਗਾ। 

ਦੱਸ ਦਈਏ ਕਿ ਪਿਛਲੇ ਹਫ਼ਤੇ ਬਰਤਾਨੀਆ ਦੇ 70 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਕਰਕੇ ਜੌਹਲ ਦੀ ਤੁਰੰਤ ਰਿਹਾਈ ਯਕੀਨੀ ਬਣਾਉਣ। 

ਰਿਪੋਰਟ ਸਾਹਮਣੇ ਆਉਣ ਮਗਰੋਂ ਬਰਤਾਨੀਆ ਦੀ ਸਿੱਖ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੂਨਕ ਭਾਰਤ ਫੇਰੀ ਦੌਰਾਨ ਜੌਹਲ ਦੀ ਰਿਹਾਈ ਦਾ ਮੁੱਦਾ ਨਹੀਂ ਉਠਾਉਣਗੇ। ਉਨ੍ਹਾਂ ਐਕਸ ’ਤੇ ਲਿਖਿਆ, ‘ਜੱਗੀ ਇੱਕ ਬਰਤਾਨਵੀ ਨਾਗਰਿਕ ਹੈ ਅਤੇ ਉਸ ਨੂੰ ਗਲਤ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਭਾਈਚਾਰਾ ਇਸ ਨੂੰ ਲੈ ਕੇ ਫਿਕਰਮੰਦ ਹੈ।’