ਸਿੱਖ ਅਧਾਰ ਖੁੱਸਣ ਮਗਰੋਂ ਬਾਦਲ ਦਲ ਲੈਣ ਲੱਗਿਆ "ਜੈ ਸ਼੍ਰੀ ਰਾਮ" ਦੀ ਟੇਕ

ਸਿੱਖ ਅਧਾਰ ਖੁੱਸਣ ਮਗਰੋਂ ਬਾਦਲ ਦਲ ਲੈਣ ਲੱਗਿਆ

ਲੁਧਿਆਣਾ: ਸਿੱਖ ਰਾਜਨੀਤੀ ਦੇ ਠੇਕੇਦਾਰ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਹੁਣ ਆਪਣੀਆਂ ਸਟੇਜਾਂ 'ਤੇ ਸ਼ਰੇਆਮ "ਜੈ ਸ੍ਰੀ ਰਾਮ" ਦੇ ਜੈਕਾਰੇ ਛੱਡਣ ਲੱਗੇ ਹਨ। ਡੇਰਾ ਸਿਰਸਾ ਮੁਖੀ ਨੂੰ ਮੁਆਫੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਕਰਕੇ ਸਿੱਖ ਅਧਾਰ ਖੁੱਸਣ ਕਾਰਨ ਹੁਣ ਬਾਦਲ ਦਲੀਏ ਹਿੰਦੂ ਵੋਟ ਨੂੰ ਪੱਕਾ ਕਰਨ ਲਈ ਯਤਨਸ਼ੀਲ ਹਨ। 

ਅਜਿਹਾ ਹੀ ਕੁਝ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਵਾਲੀਆਂ ਸਟੇਜਾਂ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸਟੇਜ ’ਤੇ ਆਉਂਦੇ ਹੀ ਆਗੂਆਂ ਦੇ ਜੈਕਾਰੇ ਹੁਣ ‘ਸਤਿ ਸ੍ਰੀ ਅਕਾਲ’ ਤੋਂ ‘ਜੈ ਸ੍ਰੀ ਰਾਮ’ ਤੱਕ ਪੁੱਜ ਗਏ ਹਨ। ਲੁਧਿਆਣਾ ’ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਸਟੇਜ ’ਤੇ ਪੁੱਜੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਕੁਝ ਅਜਿਹਾ ਹੀ ਕੀਤਾ ਜਿੱਥੇ ਉਨ੍ਹਾਂ ਪਹਿਲਾਂ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਤਾਂ ਲਾਇਆ ਹੀ, ਨਾਲ ਹੀ ਦੋ-ਤਿੰਨ ਵਾਰ ‘ਜੈ ਸ੍ਰੀ ਰਾਮ’ ਦੇ ਜੈਕਾਰੇ ਲਗਾਉਣੇ ਵੀ ਨਹੀਂ ਭੁੱਲੇ।

ਦਰਅਸਲ, ਅੱਜ ਲੁਧਿਆਣਾ ਵਿੱਚ ਲੋਕ ਇਨਸਾਫ਼ ਪਾਰਟੀ ਦੇ ਕੈਸ਼ੀਅਰ ਵਿਪਨ ਸੂਦ ਕਾਕਾ ਨੇ ਬੈਂਸ ਭਰਾਵਾਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਸਬੰਧੀ ਸਮਾਗਮ ਰੱਖਿਆ ਸੀ। ਫਿਰੋਜ਼ਪੁਰ ਰੋਡ ਸਥਿਤ ਇੱਕ ਪੈਲੇਸ ਵਿੱਚ ਰੱਖੇ ਇਸ ਸਮਾਗਮ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ ਜਿਨ੍ਹਾਂ ਹਿੰਦੂ ਆਗੂ ਵਿਪਨ ਸੂਦ ਕਾਕਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਜੀ ਆਇਆਂ ਆਖਿਆ। ਇਸ ਦੌਰਾਨ ਸਮਾਗਮ ਵਿੱਚ ਇਕੱਠੇ ਹੋਏ ਆਗੂਆਂ ਨੂੰ ਹਿੰਦੂ ਲੋਕਾਂ ਦੀ ਗਿਣਤੀ ਵੀ ਇਸ ਵਾਰ ਜ਼ਿਆਦਾ ਸੀ, ਜਿਸ ਨੂੰ ਦੇਖਦੇ ਹੋਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਜੈ ਸ੍ਰੀ ਰਾਮ’ ਦੇ ਕਈ ਜੈਕਾਰੇ ਲਗਾਏ ਤੇ ਫਿਰ ਆਪਣਾ ਭਾਸ਼ਣ ਸ਼ੁਰੂ ਕੀਤਾ।

ਲੁਧਿਆਣਾ ਵਿੱਚ ਰੱਖੇ ਗਏ ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੋਵੇਂ ਪੁੱਜੇ ਸਨ। ਚਾਰ ਵਜੇ ਦਾ ਸਮਾਂ ਦੇ ਕੇ ਦੋਵੇਂ ਆਗੂ ਸਾਢੇ ਪੰਜ ਵਜੇ ਤੋਂ ਬਾਅਦ ਸਮਾਗਮ ਵਿੱਚ ਪੁੱਜੇ ਜਿਸ ਕਾਰਨ ਉਥੇ ਇੰਤਜ਼ਾਰ ਕਰ ਰਹੇ ਬਹੁਤੇ ਲੋਕ ਤਾਂ ਦੋਵਾਂ ਦੇ ਆਉਣ ਤੋਂ ਪਹਿਲਾਂ ਹੀ ਪੰਡਾਲ ਖਾਲੀ ਕਰ ਕੇ ਚਲੇ ਗਏ ਸਨ। ਪਰ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਬੋਲਣ ਤੋਂ ਬਾਅਦ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਥੇ ਜ਼ਿਆਦਾਤਰ ਕੁਰਸੀਆਂ ਖਾਲੀ ਹੋ ਗਈਆਂ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ