ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿਰਸਾ ਨੇ ਪੀਲੀਭੀਤ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਇਕੱਠਾਂ ਨੂੰ ਕੀਤਾ ਸੰਬੋਧਨ

ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿਰਸਾ ਨੇ ਪੀਲੀਭੀਤ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਇਕੱਠਾਂ ਨੂੰ ਕੀਤਾ ਸੰਬੋਧਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀ਼ ਦਿੱਲੀ, 31 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਸਿੱਖ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਕੰਮ ਕੀਤਾ ਹੈ ਅਤੇ ਇਤਿਹਾਸਕ ਫੈਸਲੇ ਲਏ ਹਨ।

ਪੀਲੀਭੀਤ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਿੱਖ ਕੌਮ ਵਾਸਤੇ 9 ਸਾਲਾਂ ਵਾਸਤੇ ਜੋ ਕੀਤਾ, ਉਹ 70 ਸਾਲਾਂ ਵਿਚ ਹੋਰ ਪ੍ਰਧਾਨ ਮੰਤਰੀ ਕਰਨ ਵਿਚ ਨਾਕਾਮ ਰਹੇ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਗੁਰੂ ਨਾਨਕ ਦੇਵ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਉਸੇ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਜਿਥੋਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਪ੍ਰਧਾਨ ਮੰਤਰੀ ਨੇ ਆਪ ਲਾਲ ਕਿਲ੍ਹੇ ਤੋਂ ਸੰਗਤ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਇਕ ਸਾਲ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੋ ਵਾਰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪਹਿਲੀ ਵਾਰ ਆਜ਼ਾਦੀ ਦਿਹਾੜੇ ’ਤੇ ਤੇ ਦੂਜੀ ਵਾਰ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ’ਤੇ ਸੰਬੋਧਨ ਕੀਤਾ।

ਉਹਨਾਂ ਕਿਹਾਕਿ ਮੋਦੀ ਸਰਕਾਰ ਨੇ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਦੇਸ਼ ਤੇ ਵਿਦੇਸ਼ ਵਿਚ ਭਾਰਤੀ ਸਫਾਰਤਖਾਨਿਆਂ ਵਿਚ ਵੱਡੀ ਪੱਧਰ ’ਤੇ ਕੌਮੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਸਥਾਨਕ ਭਾਸ਼ਾ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸ੍ਰੀ ਮੋਦੀ ਨੇ ਫੈਸਲਾ ਲੈ ਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਕਰਵਾਇਆ ਜਿਸਦੀ ਬਦੌਲਤ ਸਿੱਖ ਸੰਗਤਾਂ ਅੱਜ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰ ਰਹੀਆਂ ਹਨ ਤੇ ਇਸਵਾਸਤੇ ਵੀਜ਼ੇ ਦੀ ਵੀ ਕੋਈ ਜ਼ਰੂਰਤ ਨਹੀਂ ਹੈ।

ਉਹਨਾਂ ਕਿਹਾ ਕਿ ਇਸੇ ਤਰੀਕੇ ਮੋਦੀ ਸਰਕਾਰ ਨੇ ਫੈਸਲਾ ਲਾਗੂ ਕਰ ਕੇ ਵਿਦਿਆਰਥੀਆਂ ਨੂੰ ਨੀਟ ਤੇ ਜੇ ਈ ਈ ਪ੍ਰੀਖਿਆ ਪੰਜਾਬੀ ਵਿਚ ਦੇਣ ਦੀ ਛੋਟ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਨੀਮ ਫੌਜੀ ਦਸਤਿਆਂ ਦੀ ਭਰਤੀ ਵਿਚ ਲਿਖਤੀ ਪ੍ਰੀਖਿਆ ਪੰਜਾਬੀ ਵਿਚ ਦੇਣ ਦੀ ਛੋਟ ਦਿੱਤੀ ਗਈ ਹੈ ਜਿਸਦੀ ਬਦੌਲਤ ਪੰਜਾਬੀ ਵਿਦਿਆਰਥੀਆਂ ਨੂੰ ਬਹੁਤ ਲਾਭ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੈ ਜਿਸਨੇ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੀ ਮੁੜ ਤੋਂ ਜਾਂਚ ਲਈ ਐਸ ਆਈ ਟੀ ਬਣਾਈ ਜਿਸਦੀ ਬਦੌਲਤ ਅੱਜ ਸੱਜਣ ਕੁਮਾਰ ਤੇ ਹੋਰ ਦੋਸ਼ੀ ਸਲਾਖਾਂ ਪਿੱਛੇ ਹਨ ਜੋ ਨਾ ਸਿਰਫ ਦਿੱਲੀ ਬਲਕਿ ਕਾਨਪੁਰ ਵਿਚ ਸਿੱਖ ਕਤਲੇਆਮ ਵਿਚ ਦੋਸ਼ੀ ਸਨ ਪਰ ਸਮੇ਼ ਦੀਆਂ ਕਾਂਗਰਸ ਸਰਕਾਰਾਂ ਇਹਨਾਂ ਦੋਸ਼ੀਆਂ ਦਾ ਬਚਾਅ ਕਰਦੀਆਂ ਰਹੀਆਂ ਸਨ।

ਸਰਦਾਰ ਸਿਰਸਾ ਨੇ ਗੁਰਦੁਆਰਾ ਕੀਰਤਪੁਰ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣਪੁਰ,ਗੁਰਦੁਆਰਾ ਮਥਨਾ ਜਪਤੀ ਤੇ ਹਰਸਿੰਘਪੁਰ ਗੁਰਦੁਆਰਾ ਵਿਖੇ ਸੰਗਤਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਸਰਦਾਰ ਸਿਰਸਾ ਦਾ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ।