ਤਿੱਬਤ ਦੀ ਚੀਨ ਤੋਂ ਅਜ਼ਾਦੀ ਦੇ ਐਲਾਨ ਲਈ ਅਮਰੀਕੀ ਕਾਂਗਰਸ ਵਿਚ ਬਿਲ ਪੇਸ਼ ਹੋਇਆ

ਤਿੱਬਤ ਦੀ ਚੀਨ ਤੋਂ ਅਜ਼ਾਦੀ ਦੇ ਐਲਾਨ ਲਈ ਅਮਰੀਕੀ ਕਾਂਗਰਸ ਵਿਚ ਬਿਲ ਪੇਸ਼ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕੀ ਕਾਂਗਰਸ ਵਿਚ ਤਿੱਬਤ ਦੀ ਅਜ਼ਾਦੀ ਦਾ ਮਤਾ ਪੇਸ਼ ਕਰ ਦਿੱਤਾ ਗਿਆ ਹੈ। ਅਮਰੀਕੀ ਕਾਂਗਰਸ ਮੈਂਬਰ ਸਕੋਟ ਪੈਰੀ ਵੱਲੋਂ ਮਤਾ ਪੇਸ਼ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਪ੍ਰਵਾਨਗੀ ਦਿੱਤੀ ਜਾਵੇ ਕਿ ਉਹ ਤਿੱਬਤ ਨੂੰ ਚੀਨ ਤੋਂ ਵੱਖ ਅਤੇ ਅਜ਼ਾਦ ਦੇਸ਼ ਵਜੋਂ ਮਾਨਤਾ ਦੇ ਸਕਣ। 

ਇਸ ਮਤੇ ਨੂੰ ਚੀਨ 'ਤੇ ਅਮਰੀਕਾ ਦੇ ਅਗਲੇ ਸਖਤ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ ਅਮਰੀਕਾ ਅਤੇ ਚੀਨ ਦਰਮਿਆਨ ਵਿਸ਼ਵ ਤਾਕਤ ਬਣਨ ਦੀ ਸੁਲਘ ਰਹੀ ਲਾਟ ਕੋਰੋਨਾਵਾਇਰਸ ਦੇ ਚਲਦਿਆਂ ਬਣੇ ਵਿਸ਼ਵ ਹਾਲਾਤਾਂ ਵਿਚ ਹੋਰ ਮਘ ਗਈ ਹੈ। ਅੱਜ ਇਸ ਤੋਂ ਪਹਿਲਾਂ ਚੀਨੀ ਰਾਸ਼ਟਰਤਪੀ ਸ਼ੀ ਜ਼ਿਨਪਿੰਗ ਨੇ ਆਪਣੀ ਫੌਜ ਨੂੰ ਜੰਗ ਵਾਸਤੇ ਤਿਆਰੀ ਕਰਨ ਲਈ ਕਿਹਾ ਹੈ।

ਸਕੋਟ ਪੈਰੀ ਰਾਸ਼ਟਰਪਤੀ ਟਰੰਪ ਦੀ ਰਿਪਬਲਿਕਨ ਪਾਰਟੀ ਤੋਂ ਹੀ ਕਾਂਗਰਸ ਮੈਂਬਰ ਹਨ ਅਤੇ ਸਾਬਕਾ ਅਮਰੀਕੀ ਫੌਜੀ ਹਨ। ਉਹਨਾਂ ਨੇ ਹੀ ਇਸ ਤੋਂ ਪਹਿਲਾਂ ਹਾਂਗਕਾਂਗ ਬਾਰੇ ਵੀ ਬਿਲ ਪੇਸ਼ ਕੀਤਾ ਸੀ।

ਦੱਸ ਦਈਏ ਕਿ ਅਮਰੀਕਾ ਦੀ ਘਰੇਲੂ ਰਾਜਨੀਤੀ ਵਿਚ ਇਸ ਸਮੇਂ ਅਜਿਹਾ ਮਾਹੌਲ ਹੈ ਜਿੱਥੇ ਦੋਵੇਂ ਪਾਰਟੀਆਂ ਚੀਨ ਵਿਰੁੱਧ ਵੱਧ ਸਖਤ ਦਿਖਣਾ ਚਾਹੁੰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਚੀਨ ਵਿਰੋਧੀ ਭਾਵਨਾਵਾਂ ਉੱਤੇ ਹੀ ਹੋਣਗੀਆਂ। 

ਹਲਾਂਕਿ ਇਹ ਬਿੱਲ ਕਾਂਗਰਸ ਹਾਊਸ ਅਤੇ ਸੈਨੇਟ ਵਿਚ ਪਾਸ ਹੋਣ ਮਗਰੋਂ ਰਾਸ਼ਟਰਪਤੀ ਦੀ ਮੋਹਰ ਲੱਗਣ ਤਕ ਪਹੁੰਚੇਗਾ, ਪਰ ਇਸ ਬਿਲ ਰਾਹੀਂ ਤਿੱਬਤ ਦੀ ਅਜ਼ਾਦੀ ਲਹਿਰ ਨੂੰ ਹੋਰ ਤਾਕਤ ਮਿਲਣ ਦੀ ਸੰਭਾਵਨਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।