ਕਰਤਾਰ ਸਿੰਘ ਸਰਾਭਾ ਦਾ ਆਪਣੇ ਚਾਚੇ ਦੇ ਨਾਂ ਖ਼ਤ

ਕਰਤਾਰ ਸਿੰਘ ਸਰਾਭਾ ਦਾ ਆਪਣੇ ਚਾਚੇ ਦੇ ਨਾਂ ਖ਼ਤ
ਗੁਰਦੇਵ ਸਿੰਘ (ਡਾ.)
 
ਜਿਵੇਂ ਹੀ 1 ਨਵੰਬਰ 1913 ਨੂੰ ‘ਗਦਰ’ ਦਾ ਪਹਿਲਾ ਅੰਕ ਛਪਿਆ, ਗਦਰੀਆਂ ਨੇ ਇਹ ਅਖਬਾਰ ਪੰਜਾਬ ਵਿਚਲੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਦੇ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਸਰਾਭਾ, ਜੋ ਗ਼ਦਰ ਆਸ਼ਰਮ ਦਾ ਵਾਸੀ ਬਣ ਕੇ ‘ਗਦਰ’ ਦੀ ਲਿਖਾਈ ਅਤੇ ਛਪਾਈ ਨਾਲ ਜੁੜਿਆ ਹੋਇਆ ਸੀ, ਭਲਾ ਇਸ ਕੰਮ ਵਿਚ ਕਿਵੇਂ ਪਿੱਛੇ ਰਹਿੰਦਾ। ਇਹ ਅਨੁਮਾਨ ਲਾਉਣਾ ਤਾਂ ਸੰਭਵ ਨਹੀਂ ਕਿ ਉਸ ਨੇ ਅਖਬਾਰ ‘ਗਦਰ’ ਅਤੇ ਗਦਰ ਆਸ਼ਰਮ ਵਿਚ ਛਪੀਆਂ ਹੋਰ ਪ੍ਰਕਾਸ਼ਨਾਵਾਂ ਕਿਸ ਕਿਸ ਨੂੰ ਭੇਜੀਆਂ, ਪਰ ਅੰਗਰੇਜ਼ ਸਰਕਾਰ ਦੀਆਂ ਫਾਈਲਾਂ ਵਿੱਚੋਂ ਪ੍ਰਾਪਤ ਸੂਚਨਾ ਅਨੁਸਾਰ ਅਜਿਹਾ ਇਕ ਵਿਅਕਤੀ ਫੌਜ ਵਿੱਚ ਸਬ ਅਸਿਸਟੈਂਟ ਸਰਜਨ ਨਿਯੁਕਤ ਉਸ ਦਾ ਚਾਚਾ ਡਾ. ਬੀਰ ਸਿੰਘ ਜ਼ਰੂਰ ਸੀ। ਬੀਰ ਸਿੰਘ ਵੱਲੋਂ ਆਪਣੇ ਉੱਚ ਫੌਜੀ ਅਧਿਕਾਰੀ ਨਾਲ ਕਰਤਾਰ ਸਿੰਘ ਦੇ ਖਤਾਂ ਸਬੰਧੀ ਹੋਏ ਪੱਤਰ ਵਿਹਾਰ ਤੋਂ ਅਨੁਮਾਨ ਲੱਗਦਾ ਹੈ ਕਿ 1914 ਨੂੰ ਜਦ ਉਸ ਦੀ ਤਾਇਨਾਤੀ ਕੇਂਦਰੀ ਅਫਰੀਕਾ ਵਿਚ ਸੀ, ਕਰਤਾਰ ਸਿੰਘ ਵੱਲੋਂ ਭੇਜਿਆ ਅਖਬਾਰ ਅਤੇ ਪੱਤਰ ਮਿਲਿਆ। ਬੀਰ ਸਿੰਘ ਨੇ ਕਰਤਾਰ ਸਿੰਘ ਦੀ ਗਦਰੀ ਸੋਚ ਨਾਪਸੰਦ ਕੀਤੀ ਅਤੇ ਮੋੜਵਾਂ ਖਤ ਕਰਤਾਰ ਸਿੰਘ ਨੂੰ ਲਿਖਿਆ। ਜਾਪਦਾ ਹੈ, ਦੋਵਾਂ ਪਾਸਿਆਂ ਤੋਂ ਦੋ ਤਿੰਨ ਪੱਤਰ ਲਿਖੇ ਗਏ। ਅੰਤ ਜਦ ਬੀਰ ਸਿੰਘ ਨੇ ਕਰਤਾਰ ਸਿੰਘ ਨੂੰ ਭਵਿੱਖ ਵਿਚ ਅਖਬਾਰ ਨਾ ਭੇਜਣ ਅਤੇ ਪਹਿਲਾਂ ਭੇਜੇ ਅਖਬਾਰਾਂ ਨੂੰ ਸਾੜ ਦੇਣ ਦੀ ਸੂਚਨਾ ਦਿੱਤੀ ਤਾਂ ਕਰਤਾਰ ਸਿੰਘ ਨੇ ਉਸ ਨੂੰ ਅਜਿਹੇ ਕੌੜੇ ਸ਼ਬਦਾਂ ਵਿਚ ਇਹ ਚਿੱਠੀ ਲਿਖੀ (ਮੂਲ ਪੱਤਰ ਪੰਜਾਬੀ ਵਿਚ ਹੋਵੇਗਾ ਪਰ ਹੇਠਲਾ ਉਤਾਰਾ ਅੰਗਰੇਜ਼ੀ ਤੋਂ ਅਨੁਵਾਦਿਤ ਹੈ):
 
“ਪਿਆਰੇ ਚਾਚਾ ਜੀ,
ਸਤਿ ਸ੍ਰੀ ਅਕਾਲ।
 
“ਮੈਨੂੰ ਤੁਹਾਡਾ ਖ਼ਤ ਮਿਲਿਆ ਜੋ ਮੈਂ ਪੜ੍ਹਿਆ ਅਤੇ ਵਿਚਾਰਿਆ। ਮੈਂ, ਕਰਤਾਰ ਸਿੰਘ, ਨਿਮਰਤਾ ਨਾਲ ਤੁਹਾਡਾ ਹੁਕਮ ਮੰਨਦਾ ਹਾਂ ਅਤੇ ਤੁਹਾਡੀ ਚੰਗੀ ਸਲਾਹ ਲਈ ਧੰਨਵਾਦੀ ਹਾਂ। ਪਰ ਦੁੱਖ ਦੀ ਗੱਲ ਹੈ ਕਿ ਇਕ ਦੇਸ਼ ਸੇਵਕ ਵਜੋਂ ਮੈਂ ਤੁਹਾਡੇ ਨਾਲ ਸਵਾਲ ਜਵਾਬ ਕਰਨ ਲਈ ਮਜ਼ਬੂਰ ਹਾਂ। ਮੈਨੂੰ ਆਸ ਹੈ ਕਿ ਇਸ ਨੂੰ ਧਿਆਨ ਪੂਰਵਕ ਵਿਚਾਰ ਕੇ ਉੱਤਰ ਦੇਵੋਗੇ। ਖਤੋ-ਕਿਤਾਬਤ ਬੰਦ ਕਰਨਾ ਅਕਲਮੰਦੀ ਨਹੀਂ ਹੈ। ਜੇਕਰ ਤੁਸੀਂ ਉਚਿਤ ਸਮਝੋ ਮੈਂ ਇਸ ਸੋਚ ਨਾਲ ਸਬੰਧਿਤ ਮਾਮਲਾ ਬੰਦ ਕਰ ਸਕਦਾ ਹਾਂ। ਤੁਹਾਨੂੰ ਪਹਿਲਾਂ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਚਿੱਠੀ-ਪੱਤਰ ਕਰਨਾ ਬੰਦ ਨਹੀਂ ਕਰੋਗੇ।
 
“ਮੈਂ ਪਹਿਲਾਂ ਤੁਹਾਨੂੰ ਇਹ ਲਿਖਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਅਖਬਾਰ ਪੜ੍ਹੇ ਅਤੇ ਫਿਰ ਸਾੜ ਦਿੱਤੇ ਜਾਂ ਇਨ੍ਹਾਂ ਨੂੰ ਓਵੇਂ ਹੀ ਬੱਝੇ ਰਹਿਣ ਦਿੱਤਾ ਜਿਵੇਂ ਇਹ ਭੇਜੇ ਗਏ ਸਨ? ਮੇਰੀ ਰਾਇ ਹੈ ਕਿ ਜੇਕਰ ਭਾਰਤ ਮਾਤਾ ਦਾ ਕੋਈ ਸੱਚਾ ਸਪੂਤ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਹ ‘ਗਦਰ’ ਅਖਬਾਰ ਵਿਚ ‘ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ’ ਅਤੇ ‘ਅੰਕਾਂ ਦੀ ਗਵਾਹੀ’ ਪੜ੍ਹ ਕੇ ਇਸ ਨੂੰ ਕਦੇ ਵੀ ਨਹੀਂ ਸਾੜੇਗਾ। ‘ਗਦਰ’ ਅਖਬਾਰ ਸਾੜਨ ਵਾਲੇ ਦੇਸ਼ ਦੇ ਦੁਸ਼ਮਣ ਹਨ। ਅਖਬਾਰ ਸਾੜਨ ਵਾਲੇ ਨੂੰ ਨਹੀਂ ਪਤਾ ਕਿ ਸਾਡੇ ਦੇਸ਼ਵਾਸੀ ਭੁੱਜਦੀ ਰੇਤ ਵਿਚ ਨੰਗੇ ਪੈਰੀਂ ਸੜ ਰਹੇ ਹਨ। ਉਸ ਨੂੰ ਨਹੀਂ ਪਤਾ ਅਸੀਂ ਕੀ ਕਰ ਰਹੇ ਹਾਂ, ਅਸੀਂ ਕਿਸ ਦਾ ਨਿਮਕ ਹਲਾਲ ਕਰ ਰਹੇ ਹਾਂ। ਸੱਚ ਤਾਂ ਇਹ ਹੈ ਕਿ ‘ਗਦਰ’ ਅਖਬਾਰ ਸਾੜਨ ਵਾਲਾ ਆਦਮੀ ਅਕਲ ਦਾ ਅੰਨ੍ਹਾ ਹੈ। ਉਹ ਨਹੀਂ ਜਾਣਦਾ, ਕਿਉਂ ਅਠਾਰਵੀਂ ਸਦੀ ਵਿੱਚ ਹਿੰਦੁਸਤਾਨ ਵਿੱਚ 35 ਵਾਰ ਕਾਲ ਪਿਆ ਅਤੇ ਕਿਉਂ 1895 ਤੋਂ 1910 ਦੇ ਦਰਮਿਆਨ 80 ਲੱਖ ਹਿੰਦੁਸਤਾਨੀ ਪਲੇਗ ਨਾਲ ਮਰੇ। ਹਿੰਦੁਸਤਾਨ ਦੇ ਗਰੀਬ ਆਦਮੀ (ਜਿਸ ਨੂੰ ਬਹੁ ਗਿਣਤੀ ਭੋਲਾ ਸਮਝਦੀ ਹੈ) ਨੇ ਠੀਕ ਹੀ ਕਿਹਾ ਹੈ, ‘ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ?’
 
‘ਪਿਆਰੇ ਚਾਚਾ ਜੀ, ਤੁਸੀਂ ਆਪਣੇ ਆਪ ਵਿਚ ਮਸਤ ਹੋ। ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਨਮਕ ਹਰਾਮ ਕਰ ਰਹੇ ਹੋ ਕਿ ਨਮਕ ਹਲਾਲ? ਤੁਸੀਂ ਮੈਨੂੰ ਬਾਦਸ਼ਾਹ ਦਾ ਨਿਮਕ ਹਲਾਲ ਕਰਨ ਲਈ ਲਿਖਿਆ ਹੈ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਨਮਕ ਤੁਹਾਡੇ ਬਾਦਸ਼ਾਹ ਦੀ ਮਾਂ ਲਈ ਬਣਾਇਆ ਗਿਆ ਸੀ? ਮੈਨੂੰ ਦੱਸੋ ਕਿ ਕੀ ਅੰਗਰੇਜ਼ ਅਤੇ ਉਨ੍ਹਾਂ ਦੇ ਨੌਕਰ ਨਮਕ ਹਲਾਲ ਕਰ ਰਹੇ ਹਨ ਕਿ ਨਮਕ ਹਰਾਮ? ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਤੁਸੀਂ ਕਿਸ ਦਾ ਲੂਣ ਖਾ ਰਹੇ ਹੋ? ਕੀ ਇਹ ਲੂਣ ਮਲਕਾ ਵਿਕਟੋਰੀਆ ਲਈ ਪੈਦਾ ਕੀਤਾ ਗਿਆ ਸੀ ਜਾਂ ਹਿੰਦੁਸਤਾਨ ਦੇ ਗਰੀਬ ਹਲਵਾਹਕ ਨੇ ਪੈਦਾ ਕੀਤਾ ਹੈ? ਸ਼ਾਬਾਸ਼! ਤੁਸੀਂ ਆਪਣੇ ਲੂਣ ਦੇ ਕਿੰਨੇ ਵਫਾਦਾਰ ਹੋ! ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਵਿਸ਼ਵਾਸ ਅਤੇ ਇਮਾਨਦਾਰੀ ਕੀ ਹੁੰਦੀ ਹੈ? ਸਾਡਾ ਧਰਮ ਕੀ ਹੈ ਅਤੇ ਅਸੀਂ ਕੌਣ ਹਾਂ? ਖੈਰ, ਜੇ ਤੁਹਾਨੂੰ ਨਹੀਂ ਪਤਾ, ਮੈਂ ਦੱਸਦਾ ਹਾਂ। ਪਿਆਰੇ ਚਾਚਾ ਜੀ! ਤੁਸੀਂ ਸਿੰਘ ਹੋ। ਤੁਹਾਡਾ ਧਰਮ ਗਰੀਬ ਦੀ ਰੱਖਿਆ ਕਰਨਾ ਹੈ। ਆਪਣੀ ਕੌਮ ਲਈ ਸ਼ਹੀਦ ਹੋ ਜਾਣਾ ਤੁਹਾਡਾ ਫਰਜ਼ ਹੈ। ਜੇਕਰ ਤੁਸੀਂ ਆਪਣੇ ਲੂਣ ਪ੍ਰਤੀ ਸੱਚੇ ਹੋਣ ਦੇ ਇੱਛਕ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਭਾਈ ਰਾਮ ਸਿੰਘ ਵਰਗੇ ਸਿੱਖ ਬਣੋ ਅਤੇ ਸ਼ਹੀਦ ਹੋਵੋ। ਤੁਹਾਡੇ ਧਰਮ ਸਥਾਨ ਢਾਹੇ ਜਾ ਰਹੇ ਹਨ, ਤੁਹਾਡੇ ਸਿੱਖਿਆ ਸਥਾਨ ਤਬਾਹ ਕੀਤੇ ਜਾ ਰਹੇ ਹਨ। ਆਓ! ਇਨ੍ਹਾਂ ਲਈ ਆਪਣਾ ਜੀਵਨ ਲਾ ਦਿਓ। ਤੁਹਾਡੇ ਬਾਦਸ਼ਾਹ ਨੇ ਗਰੀਬਾਂ ਤੋਂ ਟੈਕਸ ਉਗਰਾਹ ਕੇ ਤੁਹਾਨੂੰ ਕੁੱਤੇ ਵਾਂਗ ਹੱਡੀ ਪਾਈ ਹੈ ਅਤੇ ਆਪ ਇੰਗਲੈਂਡ ਦੀਆਂ ਤਜੌਰੀਆਂ ਭਰ ਰਿਹਾ ਹੈ। ਇਸ ਨੂੰ ਵਿਚਾਰੋ, ਹੱਡੀ ਚੂਸਣਾ ਛੱਡੋ ਅਤੇ ਗਰੀਬਾਂ ਦੀ ਸੇਵਾ ਕਰੋ। ਗਰੀਬਾਂ ਦੀ ਸੇਵਾ ਕਰਨ ਵਾਲਾ ਹੀ ਅਸਲ ਮਰਦ ਹੁੰਦਾ ਹੈ। ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛਾਡਿ ਖੇਤਿ।’’ ਅੰਗਰੇਜ਼ਾਂ ਨੇ ਹਰ ਤਰ੍ਹਾਂ ਸਾਡੇ ਮੁਲਕ ਨੂੰ ਤਬਾਹ ਕੀਤਾ ਹੈ, ਇਸ ਬਾਰੇ ਵਿਚਾਰੋ। ਚੰਦ ਸਿੱਕਿਆਂ ਪਿੱਛੇ ਕੌਮ ਦੀ ਸੰਘੀ ਨਾ ਘੁੱਟੋ। ਤੁਹਾਨੂੰ ਇਨ੍ਹਾਂ ਅਖਬਾਰਾਂ ਨੂੰ ਧਿਆਨ ਨਾਲ ਪੜ੍ਹਨਾ ਅਤੇ ਉਸ ਵਿਚ ਲਿਖੇ ਬਾਰੇ ਵਿਚਾਰਨਾ ਚਾਹੀਦਾ ਹੈ। ਕੋਈ ਵੀ ਬਿਨਾਂ ਮਤਲਬ ਤੋਂ ਅਜਿਹਾ ਪਰਚਾਰ ਨਹੀਂ ਕਰਦਾ, ਯਕੀਨਨ ਇਨ੍ਹਾਂ ਪਿੱਛੇ ਕੋਈ ਅਰਥ ਜਾਂ ਮੰਤਵ ਹੈ। ਇਹ ਜਾਨਣਾ ਅਤੇ ਸਮਝਣਾ ਹਰ ਵਿਅਕਤੀ ਦਾ ਫਰਜ਼ ਹੈ ਕਿ ਅਖਬਾਰ ਕੀ ਕਹਿੰਦਾ ਹੈ? ਜੇ ਤੁਸੀਂ ਸਮਝਦੇ ਹੋ ਕਿ ਅਸੀਂ ‘ਗਦਰ’ ਵਾਲੇ ਝੂਠ ਲਿਖਦੇ ਹਾਂ ਤਾਂ ਦੁਨੀਆ ਦੀਆਂ ਸਭ ਕੌਮਾਂ ਤੋਂ ਸੁਣੋ। ਮੈਂ ਤੁਹਾਨੂੰ ਅਮਰੀਕਾ ਦੇ ਸੈਕਟਰੀ ਆਫ ਸਟੇਟ ਦੁਆਰਾ ਲਿਖੀ ਇਕ ਕਿਤਾਬ ਭੇਜ ਰਿਹਾ ਹਾਂ। ਇਸ ਨੂੰ ਪੜ੍ਹੋ, ਵਿਚਾਰੋ ਕਿ ਕੀ ਦੇਸ਼ ਸੇਵਾ ਹੈ ਅਤੇ ਕੀ ਦੇਸ਼ ਧਰੋਹ? ਜੇਕਰ ਤੁਹਾਡਾ ਬਾਦਸ਼ਾਹ ਸੱਚਮੁੱਚ ਤੁਹਾਡਾ ਗਾਰਡੀਅਨ ਹੁੰਦਾ ਤਾਂ ਇਸ ਪੈਂਫਲੇਟ ਨੂੰ ਹਿੰਦੁਸਤਾਨ ਭੇਜੇ ਜਾਣ ਤੋਂ ਨਾ ਰੋਕਦਾ। ਮੈਂ ਕਿਸੇ ਦੀ ਚੁੱਕ ਵਿਚ ਆ ਕੇ ਇਹ ਕੰਮ ਨਹੀਂ ਸ਼ੁਰੂ ਕੀਤਾ। ਮੈਂ ਅਮਰੀਕਨ ਯੂਨੀਵਰਸਿਟੀਆਂ ਵਿਚੋਂ ਸਿੱਖਿਆ ਹੈ ਕਿ ਸਾਡੇ ਮੁਲਕ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਇਸ ਨੂੰ ਰੋਕਣਾ ਸਾਡਾ ਫਰਜ਼ ਹੈ। ਨੌਕਰੀ ਖਾਤਰ ਦੇਸ਼ ਨੂੰ ਵੇਚਣਾ ਇਖਲਾਕੀ ਅਤੇ ਧਾਰਮਿਕ ਅਸੂਲਾਂ ਦੇ ਖ਼ਿਲਾਫ਼ ਹੈ।
 
‘‘ਅਮਰੀਕਨ ਯੂਨੀਵਰਸਿਟੀਆਂ ਨੇ ਮੈਨੂੰ ਆਜ਼ਾਦੀ ਅਤੇ ਸਿੱਖ ਧਰਮ, ਵਿਸ਼ੇਸ਼ ਕਰ ਕੇ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਆਪ ਮਿਸਾਲ ਕਾਇਮ ਕੀਤੀ, ਨੇ ਮੈਨੂੰ ਆਜ਼ਾਦੀ ਲਈ ਆਪਾ ਵਾਰਨਾ ਸਿਖਾਇਆ ਹੈ। ਇਸ ਲਈ ਮੈਂ ਇਸ ਪਵਿੱਤਰ ਕਾਰਜ ਵਿਚੋਂ ਇਕ ਇੰਚ ਵੀ ਪਿੱਛੇ ਨਹੀਂ ਹਟ ਸਕਦਾ।
 
‘‘ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਕੌੜੇ ਸ਼ਬਦ ਲਿੱਖ ਦਿੱਤੇ ਹਨ ਪਰ ਇਹ ਕੌੜੇ ਸ਼ਬਦ ਮੇਰੀ ਕਲਮ ਨੇ ਤਾਂ ਲਿਖੇ ਹਨ ਕਿਉਂ ਜੋ ਤੁਸੀਂ ਗਰੀਬ ਕੁਲੀਆਂ ਦੇ ਚੰਦੇ ਨਾਲ ਅਤੇ 14 ਘੰਟੇ ਖੂਨ ਪਸੀਨਾ ਇੱਕ ਕਰ ਕੇ ਛਾਪਿਆ ਅਖਬਾਰ ਸਾੜ ਦਿੱਤਾ ਹੈ।
 
‘‘ਚਾਹੇ ਤੁਹਾਡੀ ਇੱਛਾ ਮੈਨੂੰ ਖਤ ਲਿਖਣਾ ਜਾਰੀ ਰੱਖਣ ਦੀ ਹੋਵੇ ਜਾਂ ਬੰਦ ਕਰਨ ਦੀ, ਮੈਂ ਆਪਣੇ ਧਰਮ ਅਤੇ ਅਸੂਲਾਂ ਉੱਤੇ ਪਹਿਰਾ ਦਿੰਦਾ ਰਹਾਂਗਾ। ਹੋਰ ਲਿਖਣਾ ਬੇਫਾਇਦਾ ਹੈ।
   
ਤੁਹਾਡਾ ਚਾਕਰ,
ਕਰਤਾਰ ਸਿੰਘ”
 
ਡਾ. ਬੀਰ ਸਿੰਘ ਨੂੰ ਅਜਿਹੀ ਸ਼ਬਦਾਵਲੀ ਹਜ਼ਮ ਕਰਨੀ ਔਖੀ ਹੋ ਗਈ। ਫਲਸਰੂਪ ਉਸ ਨੇ 8 ਜੁਲਾਈ 1914 ਨੂੰ ਆਪਣੇ ਉੱਚ ਅਧਿਕਾਰੀ (ਕਾਰਜਕਾਰੀ) ਪ੍ਰਿੰਸੀਪਲ ਮੈਡੀਕਲ ਅਫਸਰ, ਜ਼ੋਂਬਾ ਨੂੰ ਇਹ ਪੱਤਰ ਲਿਖਿਆ:
 
‘‘ਮੈਂ ਨਿਮਰਤਾ ਸਹਿਤ ਤੁਹਾਨੂੰ ਸਨ ਫ੍ਰਾਂਸਿਸਕੋ ਤੋਂ ਇਕੋ ਦਿਨ ਇਕੋ ਹੱਥ ਲਿਖਤ ਮੇਰੇ ਵੱਲ ਲਿਖੇ ਦੋ ਖਤ ਭੇਜਣ ਦੀ ਆਗਿਆ ਮੰਗਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਇਹ ਦੋ ਖਤ ਅਤੇ ਅਮਰੀਕਾ ਤੋਂ ਮਿਲਣ ਵਾਲੇ ਹੋਰ ਖਤ ਖੋਲ੍ਹ ਕੇ ਪੜ੍ਹੇ ਜਾਣ ਅਤੇ ਜਿਵੇਂ ਠੀਕ ਸਮਝੋ ਨਸ਼ਟ ਕਰ ਦਿੱਤੇ ਜਾਣ।’’
 
‘‘ਮੈਂ ਤੁਹਾਡੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦਾ ਹਾਂ ਕਿ ਪਹਿਲਾ ਪੱਤਰ ਮੈਨੂੰ ਕਿਲ੍ਹਾ ਮਲੰਗੋਈ ਦੇ ਪਤੇ ਉੱਤੇ ਮਿਲਿਆ ਸੀ, ਦੂਜਾ ਜ਼ੋਂਬਾ ਦੇ ਪਤੇ ਉੱਤੇ ਅਤੇ ਹੁਣ ਕਿਲ੍ਹਾ ਮੰਗੋਚੇ ਦੇ ਸਿਰਨਾਵੇਂ ਉੱਤੇ। ਇਸ ਤੋਂ ਸਪਸ਼ਟ ਹੈ ਕਿ ਭੇਜਣ ਵਾਲਾ ਕੋਈ ਆਮ ਆਦਮੀ ਨਹੀਂ ਹੈ ਬਲਕਿ ਅਜਿਹਾ ਸ਼ਖਸ ਹੈ ਜੋ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਦਿਨ ਮੈਂ ਜ਼ਬਾਨੀ ਤੌਰ ਉੱਤੇ ਤੁਹਾਨੂੰ ਦੱਸਿਆ ਸੀ ਕਿ ਇਹ ਆਦਮੀ ਅਮਰੀਕਾ ਪੜ੍ਹਾਈ ਲਈ ਗਿਆ ਮੇਰਾ ਭਤੀਜਾ ਹੋਵੇਗਾ। ਉਸ ਦਾ ਨਾਉਂ ਕਰਤਾਰ ਸਿੰਘ ਹੈ। ਜੇ ਮੈਂ ਇਹ ਸਿੱਟਾ ਕੱਢਣ ਵਿਚ ਸਹੀ ਹਾਂ ਕਿ ਪੱਤਰ ਭੇਜਣ ਵਾਲਾ ਕਰਤਾਰ ਸਿੰਘ ਹੀ ਹੋਵੇਗਾ ਤਦ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਖਤ ਨਸ਼ਟ ਨਾ ਕੀਤੇ ਜਾਣ ਸਗੋਂ ਤੁਹਾਡੇ ਦਫਤਰ ਵਿਚ ਸਾਂਭੇ ਜਾਣ। ਸ਼ਾਇਦ ਗੱਲ ਅੱਗੇ ਵਧਣ ਦੀ ਸੂਰਤ ਵਿਚ ਇਨ੍ਹਾਂ ਦੀ ਲੋੜ ਪਵੇ।’’
 
“ਮੈਂ ਬਹੁਤ ਪ੍ਰੇਸ਼ਾਨ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਇਹ ਜਾਣਕਾਰੀ ਮੈਨੂੰ ਬਿਨਾਂ ਦੇਰੀ ਤੋਂ ਦਿੱਤੀ ਜਾਵੇ ਕਿ ਇਨ੍ਹਾਂ ਖਤਾਂ ਵਿਚ ਕੀ ਲਿਖਿਆ ਗਿਆ ਹੈ?
 
‘‘ਮੇਰੀ ਅਗਲੀ ਬੇਨਤੀ ਹੈ ਕਿ ਮੈਨੂੰ ਇੱਥੇ ਆਉਣ ਪਿੱਛੋਂ 2 ਜਾਂ 3 ਖਤ ਅਤੇ ਇਕ ਪੈਕਟ, ਜਿਸ ਵਿਚ ਇਕ ਲਾਲ ਪੈਂਫਲੇਟ ਅਤੇ ਅਖਬਾਰ ਸੀ, ਮਿਲੇ ਹਨ, ਜਿਹੜੇ ਕਮਾਂਡਿੰਗ ਅਫਸਰ ਨੂੰ ਸੌਂਪ ਦਿੱਤੇ ਗਏ ਸਨ। ਉਸ ਨੇ ਵੀ ਇਹ ਤੁਹਾਨੂੰ ਭੇਜੇ ਹੋਣਗੇ। ਇਸ ਪਿੱਛੋਂ ਤਿੰਨ ਹੋਰ ਪੈਕਟ ਆਏ ਜਿਨ੍ਹਾਂ ਵਿਚ ਸ਼ਾਇਦ ਓਹੀ ਪੈਂਫਲੇਟ ਬੰਨ੍ਹੇ ਹੋਏ ਸਨ,  ਜੋ ਕਮਾਂਡਿੰਗ ਅਫਸਰ ਨੇ ਨਸ਼ਟ ਕਰ ਦਿੱਤੇ ਸਨ।’’
 
ਕਾਰਜਕਾਰੀ ਪ੍ਰਿੰਸੀਪਲ ਮੈਡੀਕਲ ਅਫਸਰ, ਜ਼ੋਂਬਾ ਨੇ ਡਾ. ਬੀਰ ਸਿੰਘ ਨੂੰ ਉੱਤਰ ਵਿਚ ਕੀ ਲਿਖਿਆ ਇਹ ਤਾਂ ਪਤਾ ਨਹੀਂ ਲੱਗਾ ਪਰ ਉਸ ਦਾ ਧੰਨਵਾਦ ਕਰਨ ਅਤੇ ਹੋਰ ਸਪਸ਼ਟੀਕਰਨ ਦੇਣ ਵਾਸਤੇ ਡਾ. ਬੀਰ ਸਿੰਘ ਨੇ 22 ਜੁਲਾਈ 1914 ਨੂੰ ਕਿਲ੍ਹਾ ਮੈਂਗੋਚੇ ਤੋਂ ਇਹ ਖਤ ਲਿਖਿਆ:
 
‘‘ਮੈਂ ਤੁਹਾਡੇ ਖਤ ਲਈ ਬਹੁਤ ਹੀ ਨਿਮਰਤਾ ਅਤੇ ਸਤਿਕਾਰ ਸਹਿਤ ਧੰਨਵਾਦ ਕਰਦਾ ਹਾਂ। ਕਿਉਂ ਜੋ ਇਹ ਖਤ ਭੇਜਣ ਵਾਲਾ ਮੇਰਾ ਭਤੀਜਾ ਹੈ, ਇਸ ਲਈ ਮੈਂ ਉਸ ਲੜਕੇ ਬਾਰੇ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ। ਇਹ ਲੜਕਾ ਸਿੱਖ ਨਹੀਂ ਹੈ, ਨਾ ਉਸ ਦਾ ਬਾਪ ਸਿੱਖ ਸੀ। ਮੈਂ ਸਮਝਦਾ ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੱਟ ਸਿੱਖ ਵੀ ਹਨ ਅਤੇ ਹਿੰਦੂ ਵੀ। ਉਸ ਦੇ ਮਾਪੇ ਮਰ ਚੁੱਕੇ ਹਨ। ਹਿੰਦੁਸਤਾਨ ਵਿਚ ਉਸ ਦੀ ਕੇਵਲ ਇਕ ਭੈਣ ਹੈ। ਉਸ ਨੇ ਅਮਰੀਕਾ ਵਿੱਚ ਪੜ੍ਹਾਈ ਕਰਨ ਲਈ ਮੈਥੋਂ ਪੈਸੇ ਮੰਗੇ ਸਨ ਜੋ ਮੈਂ ਉਸ ਦੀ ਗਭਰੇਟ ਉਮਰ ਅਤੇ ਤਸੱਲੀਬਖਸ਼ ਪੱਧਰ ਦੀ ਸਿੱਖਿਆ ਪ੍ਰਾਪਤ ਨਾ ਹੋਣ ਕਾਰਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਇਹ ਵੀ ਸੁਣਿਆ ਸੀ ਕਿ ਉਹ ਇਖਲਾਕੀ ਤੌਰ ਉੱਤੇ ਵੀ ਚੰਗਾ ਨਹੀਂ ਹੈ ਜਿਸ ਕਾਰਨ ਪੰਜਾਬ ਯੂਨੀਵਰਸਿਟੀ ਵਿਚੋਂ ਦੋ ਸਾਲ ਲਈ ਕੱਢ ਦਿੱਤਾ ਗਿਆ ਸੀ। ਮੇਰੇ ਪਿਤਾ ਨੇ ਉਸ ਨੂੰ ਅਮਰੀਕਾ ਵਿਚ ਪੜ੍ਹਾਈ ਕਰਨ ਲਈ ਪੈਸਾ ਦਿੱਤਾ ਪਰ ਉਹ ਗੱਭਰੂ ਹੋਣ ਅਤੇ ਧਾਰਮਿਕ ਸਿੱਖਿਆ ਤੋਂ ਹੀਣਾ ਹੋਣ ਕਾਰਨ ਬਹੁਤ ਭੈੜਾ ਵਿਅਕਤੀ ਬਣ ਗਿਆ ਹੈ ਅਤੇ ਹੁਣ ਅਮਨ ਦੇ ਦੁਸ਼ਮਣਾਂ ਦੇ ਹੱਥ ਦਾ ਖਿਡਾਉਣਾ ਬਣ ਗਿਆ ਹੈ।
 
‘‘ਮੈਂ ਮੁੜ ਨਿਮਰਤਾ ਨਾਲ ਅਤੇ ਸੱਚੇ ਦਿਲੋਂ ਤੁਹਾਡੇ ਵੱਲੋਂ ਬਾਪ ਜੇਹੀ ਮਿਹਰਬਾਨੀ ਦਿਖਾਉਣ ਲਈ ਧੰਨਵਾਦ ਕਰਦਾ ਹਾਂ।’’ (ਦੋਵੇਂ ਪੱਤਰ ਅੰਗਰੇਜ਼ੀ ਤੋਂ ਅਨੁਵਾਦ ਕੀਤੇ ਗਏ ਹਨ।)
 
ਜ਼ਾਹਿਰ ਹੈ, ਉਨ੍ਹਾਂ ਦਿਨ੍ਹਾਂ ਵਿੱਚ ਦੇਸ਼ ਪ੍ਰੇਮ ਨੂੰ ਕਿੰਨਾ ਵੱਡਾ ਦੇਸ਼ ਧਰੋਹ ਸਮਝਿਆ ਜਾਂਦਾ ਸੀ ਅਤੇ ਇਸ ਰਾਹ ਉੱਤੇ ਚੱਲਣ ਵਾਲੇ ਦੇ ਸੰਬੰਧ ਵਿਚ ਉਸ ਦੇ ਆਪਣਿਆਂ ਦਾ ਖੂਨ ਵੀ ਕਿਵੇਂ ਚਿੱਟਾ ਹੋ ਜਾਂਦਾ ਸੀ।  (ਹਵਾਲਾ ਐੱਨ.ਏ.ਆਈ. ਦਸੰਬਰ 1914 ਦੀ ਗ੍ਰਹਿ ਰਾਜਸੀ ਫਾਈਲ ਨੰ: 28)