ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਨ ਲਈ ਤਿਆਰ ਭਗਵੰਤ ਮਾਨ!

ਬੀਬੀ ਪਰਮਜੀਤ ਕੌਰ ਖਾਲੜਾ ਦੇ ਸਮਰਥਨ ਲਈ ਤਿਆਰ ਭਗਵੰਤ ਮਾਨ!
ਬੀਬੀ ਪਰਮਜੀਤ ਕੌਰ ਖਾਲੜਾ

ਖਡੂਰ ਸਾਹਿਬ: ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਚੋਣ ਲੜ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੀ ਕੁਰਬਾਨੀ ਸਾਹਮਣੇ ਝੁਕਦਿਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣਾ ਉਮੀਦਵਾਰ ਜਨਰਲ ਜੇ.ਜੇ ਸਿੰਘ ਚੋਣ ਮੈਦਾਨ ਤੋਂ ਪਿੱਛੇ ਕਰ ਬੀਬੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਉੱਥੇ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਵੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪਰ ਇਸ ਸਮਰਥਨ ਲਈ ਉਹਨਾਂ ਇੱਕ ਛਰਤ ਰੱਖੀ ਹੈ।


ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਜੇ ਬੀਬੀ ਪਰਮਜੀਤ ਕੌਰ ਖਾਲੜਾ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਛੱਡ ਕੇ ਚੋਣ ਲੜਦੇ ਹਨ ਤਾਂ ਉਹ ਉਹਨਾਂ ਨੂੰ ਸਮਰਥਨ ਦੇਣਗੇ। 

ਅਜਿਹੀ ਹੀ ਭਾਵਨਾ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਗਟ ਕੀਤੀ ਸੀ। ਉਹਨਾਂ ਕਿਹਾ ਸੀ ਕਿ ਬੀਬੀ ਖਾਲੜਾ ਅਤੇ ਉਨ੍ਹਾਂ ਦੇ ਪਤੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਾਰੀਆਂ ਹਮਖਿਆਲੀ ਧਿਰਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਚਾਹੀਦਾ ਹੈ ਕਿ ਉਹ ਇਹ ਚੋਣ ਕਿਸੇ ਪਾਰਟੀ ਦੇ ਝੰਡੇ ਹੇਠ ਨਹੀਂ ਬਲਕਿ ਅਜ਼ਾਦ ਉਮੀਦਵਾਰ ਵਜੋਂ ਲੜਨ। 


ਇਨਸਾਫ ਖਾਤਰ ਧਰਨੇ 'ਤੇ ਬੈਠੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਪੁਰਾਣੀ ਤਸਵੀਰ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਪਾਰਟੀ ਅੰਦਰ ਇਸ ਮਾਮਲੇ 'ਤੇ ਵਿਚਾਰ ਚੱਲ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਵਿੱਚ ਅਹਿਮ ਬਣ ਚੁੱਕੀ ਤਿਕੋਣੇ ਮੁਕਾਬਲੇ ਵਾਲੀ ਇਸ ਸੀਟ 'ਤੇ ਸਥਾਪਿਤ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਟੱਕਰ ਦੇ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਕੀ ਫੈਂਸਲਾ ਕਰਦੇ ਹਨ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ