ਸਮਰਾਲੇ ਦੇ ਪਿਛੋਕੜ ਦੀ ਬੀਬੀ ਨੇ ਸਾਇੰਸ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਸਨਮਾਨ ਹਾਸਿਲ ਕੀਤਾ

ਸਮਰਾਲੇ ਦੇ ਪਿਛੋਕੜ ਦੀ ਬੀਬੀ ਨੇ ਸਾਇੰਸ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਸਨਮਾਨ ਹਾਸਿਲ ਕੀਤਾ
ਡਾ. ਗਗਨਦੀਪ ਕੰਗ

ਚੰਡੀਗੜ੍ਹ: ਪੰਜਾਬ ਨਾਲ ਸਬੰਧਿਤ ਡਾ. ਗਗਨਦੀਪ ਕੌਰ ਕੰਗ ਦੁਨੀਆ ਵਿੱਚ ਸਾਇੰਸ ਦੇ ਖੇਤਰ 'ਚ ਨਾਮੀ ਸਨਮਾਨ ਵਜੋਂ ਜਾਣੇ ਜਾਂਦੇ ‘ਫ਼ੈਲੋ ਆਫ਼ ਰਾਇਲ ਸੁਸਾਇਟੀ’ ਲਈ ਚੁਣੇ ਗਏ ਹਨ। ਡਾ. ਕੰਗ ਪਹਿਲੀ ਔਰਤ ਹੈ ਜਿਸ ਨੂੰ ਬਤੌਰ ਭਾਰਤੀ ਨਾਗਰਿਕ ਇਹ ਅਹੁਦਾ ਮਿਲਿਆ ਹੈ।

56 ਸਾਲਾ ਡਾ. ਗਗਨਦੀਪ ਕੰਗ ਨੂੰ ਇਹ ਮਾਣ ਮੈਡੀਕਲ ਸਾਇੰਸ ਤੇ ਜਨ–ਸਿਹਤ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਕਾਰਨ ਸਾਲ 2019 ਲਈ ਮਿਲਿਆ ਹੈ। ਇਹ ਜਾਣਕਾਰੀ ਇੰਡੀਅਨ ਅਕੈਡਮੀ ਆਫ਼ ਸਾਇੰਸਜ਼, ਬੈਂਗਲੁਰੂ ਨੇ ਸਾਂਝੀ ਕੀਤੀ ਹੈ।

ਇਸ ਫ਼ੈਲੋਸ਼ਿਪ ਦੇ 360 ਸਾਲਾਂ ਦੇ ਇਤਿਹਾਸ ਵਿੱਚ ਹਾਲੇ ਤੱਕ ਕਿਸੇ ਭਾਰਤੀ ਔਰਤ ਨਾਗਰਿਕ ਨੂੰ ਇਹ ਮਾਣ ਹਾਸਲ ਨਹੀਂ ਹੋਇਆ ਸੀ। ਰਾਇਲ ਸੁਸਾਇਟੀ ਦੀ ਸਥਾਪਨਾ 1663 ਈ. ਵਿੱਚ ਹੋਈ ਸੀ। ਇਸ ਸੁਸਾਇਟੀ ਦਾ ਹਿੱਸਾ ਦੁਨੀਆ ਦੇ ਨਾਮਵਰ ਸਾਇੰਸਦਾਨ ਰਹੇ ਹਨ ਜਿਹਨਾਂ ਵਿੱਚ ਇਸਾਕ ਨਿਊਟਨ, ਚਾਰਲਸ ਡਾਰਵਿਨ, ਮਾਈਕਲ ਫੈਰੇਡੇ, ਅਰਨੇਸਟ ਰਥਰਫੋਰਡ, ਐਲਬਰਟ ਆਇੰਨਸਟਾਈਨ ਦੇ ਨਾਂ ਸ਼ਾਮਿਲ ਹਨ। 

ਉਂਝ ਮੂਲ ਰੂਪ ਵਿੱਚ ਡਾ. ਕੰਗ ਸਮਰਾਲ਼ਾ ਦੇ ਹਨ ਪਰ ਉਹ ਜਲੰਧਰ ’ਚ ਆਪਣੇ ਪਰਿਵਾਰ ਨਾਲ ਰਹਿੰਦੇ ਰਹੇ ਹਨ। ਉਨ੍ਹਾਂ ਆਪਣਾ ਜ਼ਿਆਦਾਤਰ ਸਮਾਂ ਪੰਜਾਬ ਤੋਂ ਬਾਹਰ ਹੀ ਬਿਤਾਇਆ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਭਾਰਤੀ ਰੇਲਵੇਜ਼ ਦੇ ਮੁਲਾਜ਼ਮ ਸਨ; ਜਿਸ ਕਾਰਨ ਉਨ੍ਹਾਂ ਦਾ ਤਬਾਦਲਾ ਅਕਸਰ ਭਾਰਤ ਦੇ ਵੱਖੋ–ਵੱਖਰੇ ਸ਼ਹਿਰਾਂ ਵਿੱਚ ਹੁੰਦਾ ਰਹਿੰਦਾ ਸੀ।

ਡਾ. ਕੰਗ ਦਾ ਯੋਗਦਾਨ ਰੋਟਾਵਾਇਰਸ ਤੇ ਬੱਚਿਆਂ ਵਿੱਚ ਪਾਈਆਂ ਜਾਣ ਵਾਲੀਆਂ ਵਾਇਰਲ/ਗੱਟ ਇਨਫ਼ੈਕਸ਼ਨਜ਼ ਵਿੱਚ ਖੋਜ ਲਈ ਹੈ। ਉਹ ਵੈਲੋਰ ਸਥਿਤ ਕ੍ਰਿਸਚੀਅਨ ਮੈਡੀਕਲ ਕਾਲਜ ਵਿਖੇ ਵੈਲਕਮ ਟ੍ਰੱਸਟ ਰੀਸਰਚ ਲੈਬਾਰੇਟਰੀ, ਡਿਵੀਜ਼ਨ ਆਫ਼ ਗੈਸਟ੍ਰੋਇੰਟੈਸਟੀਨਲ ਸਾਇੰਸਜ਼ ਦੇ ਮੁਖੀ ਹਨ। ਇਸ ਤੋਂ ਇਲਾਵਾ ਉਹ ਫ਼ਰੀਦਾਬਾਦ ਸਥਿਤ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਫ਼ਰੀਦਾਬਾਦ ਦੇ ਐਗਜ਼ੀਕਿਊਟਿਵ ਡਾਇਰੈਕਟਰ ਵੀ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਕੰਗ ਨੇ ਇਹ ਮਾਣ ਮਿਲਣ ਉੱਤੇ ਡਾਢੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਆਮ ਤੌਰ ਉੱਤੇ ਬੁਨਿਆਦੀ ਸਾਇੰਸ ਦੇ ਖੇਤਰ ਵਿੱਚ ਦਿੱਤੀ ਜਾਂਦੀ ਹੈ। ਇਹ ਫ਼ੈਲੋਸ਼ਿਪ ਮਿਲਣ ਦਾ ਇਹੋ ਮਤਲਬ ਹੈ ਕਿ ਉਨ੍ਹਾਂ ਨੇ ਭਾਰਤ ਦੀ ਜਨਤਾ ਉੱਤੇ ਖੋਜ ਨੂੰ ਮਾਨਤਾ ਦਿੱਤੀ ਹੈ।

ਇਸ ਸਨਮਾਨ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਮਹਿਲਾ ਦਾ ਮਾਣ ਹੋਣ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਡਾ. ਕੰਗ ਨੇ ਕਿਹਾ ਕਿ – ‘ਇਹ ਮੇਰੇ ਲਈ ਬਹੁਤ ਅਹਿਮ ਹੈ ਕਿਉਂਕਿ ਮੈਡੀਸਨ ਪੜ੍ਹਨ ਵਾਲਿਆਂ ਵਿੱਚ ਮੁੰਡਿਆ ਤੇ ਕੁੜੀਆਂ ਦੀ ਗਿਣਤੀ ਲਗਭਗ ਇੱਕੋ ਜਿੰਨੀ ਹੈ ਪਰ ਬਹੁਤੀਆਂ ਔਰਤਾਂ ਸਾਇੰਸਜ਼ ਵਿੱਚ ਸੀਨੀਅਰ ਪੱਧਰ ਉੱਤੇ ਨਹੀਂ ਪੁੱਜਦੀਆਂ। ਇਹ ਫ਼ੈਲੋਸ਼ਿਪ ਮੇਰੀ ਖੋਜ ਉੱਤੇ ਪ੍ਰਵਾਨਗੀ ਦੀ ਇੱਕ ਕੌਮਾਂਤਰੀ ਮੋਹਰ ਹੈ।’ 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ