ਐੱਮ.ਟੈੱਕ ਬੇਰੁਜ਼ਗਾਰ ਨੌਜਵਾਨ ਵੱਲੋਂ ਸਵਾਲ ਪੁੱਛਣ 'ਤੇ ਭੱਠਲ ਨੇ ਥੱਪੜ ਮਾਰਿਆ

ਐੱਮ.ਟੈੱਕ ਬੇਰੁਜ਼ਗਾਰ ਨੌਜਵਾਨ ਵੱਲੋਂ ਸਵਾਲ ਪੁੱਛਣ 'ਤੇ ਭੱਠਲ ਨੇ ਥੱਪੜ ਮਾਰਿਆ

ਸੰਗਰੂਰ: ਪੰਜਾਬ ਵਿੱਚ ਸਿਆਸੀ ਆਗੂਆਂ ਦੀ ਹੈਂਕੜਬਾਜ਼ੀ ਅਤੇ ਹੰਕਾਰੀ ਸੁਭਾਅ ਦਾ ਹਰ ਆਮ ਪੰਜਾਬੀ ਜਾਣਕਾਰ ਹੈ। ਵੱਡੀ ਸੁਰੱਖਿਆ ਛਤਰੀ ਹੇਠ ਵਿਚਰਦੇ ਇਹਨਾਂ "ਲੋਕ ਨੁਮਾਂਇੰਦਿਆਂ" ਨਾਲ ਮਿਲਣ ਦਾ ਆਮ ਲੋਕਾਂ ਨੂੰ ਸਿਰਫ ਚੋਣਾਂ ਦੇ ਸਮਿਆਂ ਵਿਚ ਹੀ ਮੌਕਾ ਮਿਲਦਾ ਹੈ ਤੇ ਕੁੱਝ ਹੱਦ ਤਕ ਇਸ ਸਮੇਂ ਇਹ ਵੀ ਲੋਕਾਂ ਦੀਆਂ ਗੱਲਾਂ ਸੁਣਨ ਲਈ ਮਜ਼ਬੂਰ ਹੁੰਦੇ ਹਨ। ਪਰ ਇਹ ਵੀ ਸੱਚ ਹੈ ਕਿ ਇਸ ਮੌਕੇ ਵੀ ਇਹਨਾਂ ਲੋਕਾਂ ਨੂੰ ਸਵਾਲ ਪੁੱਛਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਲਈ ਜਾਂਦੀ ਹੈ ਤੇ ਬਾਅਦ ਵਿੱਚ ਚੋਣਾਂ ਦਾ ਸਮਾਂ ਲੰਘਣ ਬਾਅਦ ਸਵਾਲ ਪੁੱਛਣ ਵਾਲੇ ਨਾਲ ਜੋ ਵਾਪਰਦਾ ਹੈ ਉਹ ਉਹੀ ਜਾਣਦਾ। 

ਇਸ ਵਾਰ ਦੀਆਂ ਚੋਣਾਂ ਵਿੱਚ ਕਈ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਹਨਾਂ ਵਿੱਚ ਪੰਜਾਬ ਦੇ ਨੌਜਵਾਨ ਸੱਥਾਂ ਵਿੱਚ ਪਹੁੰਚੇ ਸਿਆਸੀ ਆਗੂਆਂ ਨੂੰ ਸਵਾਲ ਕਰ ਰਹੇ ਹਨ। ਅਜਿਹਾ ਹੀ ਕੁੱਝ ਬੀਤੇ ਕੱਲ੍ਹ ਸੰਗਰੂਰ ਲੋਕ ਸਭਾ ਹਲਕੇ ਵਿੱਚ ਦੇਖਣ ਨੂੰ ਮਿਲਿਆ। ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਚੋਣ ਪ੍ਰਚਾਰ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਜਦੋਂ ਪਿੰਡ ਬੁਸ਼ਹਰ 'ਚ ਜਦੋਂ ਬੇਰੁਜ਼ਗਾਰ ਨੌਜਵਾਨ ਕੁਲਦੀਪ ਸਿੰਘ ਜਟਾਣਾ ਨੇ ਸਵਾਲ ਕੀਤੇ ਤਾਂ ਭੱਠਲ ਨੇ ਗੁੱਸੇ ਵਿੱਚ ਆ ਕੇ ਨੌਜਵਾਨ 'ਤੇ ਹੱਥ ਚੁੱਕ ਦਿੱਤਾ। 
ਨੌਜਵਾਨ ਨੇ ਬੀਬੀ ਭੱਠਲ ਤੋਂ ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਕੀਤੇ ਵਿਕਾਸ ਕਾਰਜਾਂ ਅਤੇ ਕਾਂਗਰਸ ਦੇ ਚੋਣ ਵਾਅਦਿਆਂ ਬਾਰੇ ਸੁਆਲ ਪੁੱਛੇ ਸਨ। ਭੱਠਲ ਨੇ ਉਸ ਦੇ ਸੁਆਲਾਂ ਦਾ ਜੁਆਬ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਨੌਜਵਾਨ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ 'ਤੇ ਭੜਕੀ ਭੱਠਲ ਨੇ ਨੌਜਵਾਨ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਭੱਠਲ ਦੇ ਸੁਰੱਖਿਆ ਮੁਲਾਜ਼ਮਾਂ ਨੇ ਨੌਜਵਾਨ ਨੂੰ ਫੜ ਲਿਆ, ਪਰ ਨੌਜਵਾਨ ਸਰਕਾਰ ਅਤੇ ਭੱਠਲ ਖਿਲਾਫ ਨਾਅਰੇਬਾਜ਼ੀ ਕਰਦਾ ਰਿਹਾ। 

ਕੁਲਦੀਪ ਸਿੰਘ ਜਟਾਣਾ ਨੇ ਦੱਸਿਆ ਕਿ ਉਸਨੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਐੱਮ.ਟੈੱਕ ਕੀਤੀ ਹੈ ਪਰ ਉਸ ਨੂੰ ਕੋਈ ਪੱਕੀ ਨੌਕਰੀ ਨਹੀਂ ਮਿਲੀ। ੳਸਨੇ ਸਿੰਜਾਈ ਵਾਸਤੇ ਪਿੰਡਾਂ ਨੂੰ ਪਾਣੀ ਨਾ ਦੇਣ ਸਬੰਧੀ ਵੀ ਭੱਠਲ ਨੂੰ ਸਵਾਲ ਕੀਤੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ