ਬੇਅਦਬੀ ਮਾਮਲਾ: ‘ਬਾਦਲ ਭਜਾਓ, ਪੰਥ ਬਚਾਓ’ ਮਾਰਚ 8 ਨੂੰ

ਬੇਅਦਬੀ ਮਾਮਲਾ: ‘ਬਾਦਲ ਭਜਾਓ, ਪੰਥ ਬਚਾਓ’ ਮਾਰਚ 8 ਨੂੰ

ਬਠਿੰਡਾ: ਪੰਥਕ ਧਿਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬਾਦਲਾਂ ਖ਼ਿਲਾਫ਼ ਬਰਗਾੜੀ ਤੋਂ ਪਿੰਡ ਬਾਦਲ ਤੱਕ 8 ਮਈ ਨੂੰ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਮੌਕੇ ਬਾਦਲਾਂ ਨੂੰ ਸਿਆਸੀ ਮੁਹਾਜ਼ ’ਤੇ ਪਛਾੜਨ ਲਈ ‘ਬਾਦਲ ਭਜਾਓ, ਪੰਥ ਬਚਾਓ’ ਬੈਨਰ ਹੇਠ ਬਠਿੰਡਾ ਅਤੇ ਫਿਰੋਜ਼ਪੁਰ ਹਲਕੇ ਵਿੱਚ ਦੋ ਰੋਸ ਮਾਰਚ ਉਲੀਕੇ ਗਏ ਹਨ। ਬਾਦਲ ਭਜਾਓ, ਪੰਥ ਬਚਾਓ ਕਮੇਟੀ ਦੀ ਅਗਵਾਈ ਵਿੱਚ ਅੱਜ ਦਰਜਨਾਂ ਪੰਥਕ ਧਿਰਾਂ ਅਤੇ ਸੰਸਥਾਵਾਂ ਦੇ ਨੁਮਾਇੰਦੇ ਵਿਚਾਰ ਚਰਚਾ ਲਈ ਇੱਥੇ ਗੁਰਦੁਆਰਾ ਸਿੰਘ ਸਭਾ ਵਿੱਚ ਇਕੱਤਰ ਹੋਏ। ਸਰਬਸੰਮਤੀ ਨਾਲ ਸਾਰੀਆਂ ਧਿਰਾਂ ਨੇ 8 ਮਈ ਨੂੰ ਬਰਗਾੜੀ ਤੋਂ ਬਾਦਲ ਵਾਇਆ ਬਠਿੰਡਾ ਅਤੇ 10 ਮਈ ਨੂੰ ਫਿਰੋਜ਼ਪੁਰ ਤੋਂ ਜਲਾਲਾਬਾਦ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ। 

ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਨੇ ਮੀਡੀਆ ਕੋਲ ਇਨ੍ਹਾਂ ਰੋਸ ਮਾਰਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਗੁਰਦੁਆਰਾ ਸਿੰਘ ਸਭਾ ਵਿਚ ਭਾਈ ਜਗਤਾਰ ਸਿੰਘ ਹਵਾਰਾ ਵਾਲੀ ਕਮੇਟੀ ਦੇ ਪ੍ਰਧਾਨ ਨਰਾਇਣ ਸਿੰਘ ਨੇ ਵੀ ਇਨ੍ਹਾਂ ਮਾਰਚਾਂ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਦੋਂ ਕਿ ਪਹਿਲਾਂ ਇਸ ਕਮੇਟੀ ਨੇ 12 ਮਈ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ।  ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਵੀ ਇਨ੍ਹਾਂ ਰੋਸ ਮਾਰਚਾਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅੱਜ ਮੀਟਿੰਗ ਵਿੱਚ ਸਤਿਕਾਰ ਸਭਾਵਾਂ, ਏਕਨੂਰ ਖਾਲਸਾ ਫੌਜ,ਕਿਸਾਨ ਯੂਨੀਅਨ (ਸਿੱਧੂਪੁਰ), ਗਰੰਥੀ ਸਿੰਘਾਂ ਦੀਆਂ ਸਭਾਵਾਂ, ਪੰਥਕ ਸੇਵਾ ਲਹਿਰ ਆਦਿ ਦੇ ਆਗੂ ਸ਼ਾਮਲ ਹੋਏ।

ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਬਾਦਲਾਂ ਨੂੰ ਪੰਥ ਚੋਂ ਰਾਜਸੀ ਤੌਰ ’ਤੇ ਖਤਮ ਕਰਨਾ ਜ਼ਰੂਰੀ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1978 ਤੋਂ ਸਿੱਖੀ ਦਾ ਘਾਣ ਕਰਨਾ ਸ਼ੁਰੂ ਕੀਤਾ ਹੈ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਤੋਂ ਬਾਹਰ ਹੈ। ਅੱਜ ਸਿਆਸੀ ਮੁਹਾਜ਼ ਤੋਂ ਇਨ੍ਹਾਂ ਨੂੰ ਲਾਂਭੇ ਕਰਨ ਦੀ ਲੋੜ ਹੈ ਤਾਂ ਜੋ ਸਿੱਖ ਸੰਸਥਾਵਾਂ ਨੂੰ ਬਚਾਇਆ ਜਾ ਸਕੇ। 

ਭਾਈ ਗੁਰਦੀਪ ਸਿੰਘ ਨੇ ਆਖਿਆ ਕਿ ਕਿ ਉਹ ਲੋਕਾਂ ਨੂੰ ਚੇਤੰਨ ਕਰਨਗੇ ਕਿ ਬਾਦਲਾਂ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਡੇਰਾ ਸਿਰਸਾ ਦੀ ਹਮਾਇਤ ਵਿਚ ਵੋਟ ਪਾਉਣਾ। ਉਨ੍ਹਾਂ ਵੋਟਰਾਂ ਨੂੰ ਸੱਦਾ ਦਿੱਤਾ ਕਿ ਚੋਣਾਂ ਵਿਚ ਗੁਰੂ ਸਾਹਿਬ ਦੀ ਬੇਅਦਬੀ ਨੂੰ ਧਿਆਨ ਵਿਚ ਰੱਖ ਕੇ ਵੋਟ ਪਾਈ ਜਾਵੇ। ਇਸ ਤੋਂ ਇਲਾਵਾ ਛੋਟੋ ਛੋਟੇ ਰੋਸ ਮਾਰਚ ਲਗਾਤਾਰ ਬਠਿੰਡਾ ਤੇ ਫਿਰੋਜ਼ਪੁਰ ਹਲਕੇ ਵਿਚ ਹੁੰਦੇ ਰਹਿਣਗੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ