ਭਾਖੜਾ ਡੈਮ ਵਿੱਚੋਂ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਘਟਾਉਣ ਦਾ ਫੈਂਸਲਾ

ਭਾਖੜਾ ਡੈਮ ਵਿੱਚੋਂ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਘਟਾਉਣ ਦਾ ਫੈਂਸਲਾ

ਚੰਡੀਗੜ੍ਹ: ਪੰਜਾਬ ਵਿੱਚ ਆਏ ਹੜ੍ਹਾਂ ਸਬੰਧੀ ਬੀਤੇ ਕੱਲ੍ਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਹੋਈ ਬੈਠਕ ਮਗਰੋਂ ਬਿਆਨ ਜਾਰੀ ਕੀਤਾ ਗਿਆ ਜਿਸ ਮੁਤਾਬਿਕ ਫਿਲਹਾਲ ਕੁੱਝ ਦਿਨ ਹੋਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪਾਣੀ ਦੀ ਮਾਰ ਝੱਲਣੀ ਪੈ ਸਕਦੀ ਹੈ। ਬੀਤੇ ਕੱਲ੍ਹ ਜਾਰੀ ਕੀਤੀ ਜਾਣਕਾਰੀ ਮੁਤਾਬਿਕ ਭਾਖੜਾ ਡੈਮ ਦੀ ਪਾਣੀ ਸਾਂਭਣ ਦੀ ਕੁੱਲ ਸਮਰੱਥਾ 1690 ਫੁੱਟ ਹੈ ਤੇ ਬੀਤੇ ਕੱਲ੍ਹ ਦੀ ਸਵੇਰ ਤੱਕ ਡੈਮ ਵਿੱਚ ਪਾਣੀ 1679.5 ਫੁੱਟ ਸੀ। ਇਸ ਪਾਣੀ ਦੀ ਮਾਤਰਾ ਨੂੰ ਆਉਂਦੇ ਦਿਨਾਂ ਵਿੱਚ ਹੋਰ ਪਾਣੀ ਛੱਡ ਕੇ 1675 ਫੁੱਟ 'ਤੇ ਲਿਆਉਣ ਦਾ ਫੈਂਸਲਾ ਕੀਤਾ ਗਿਆ ਹੈ ਤਾਂ ਕਿ ਜੇ ਆਉਂਦੇ ਦਿਨਾਂ ਵਿੱਚ ਹੋਰ ਮੀਂਹ ਹੋਵੇ ਤਾਂ ਪਾਣੀ ਰੋਕਣ ਦੀ ਸਮਰੱਥਾ ਬਣਾਈ ਜਾ ਸਕੇ। 

ਭਾਖੜਾ ਡੈਮ ਤੋਂ ਇਸ ਮੌਕੇ ਦੋ ਰਸਤਿਆਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇੱਕ ਤਾਂ ਬਿਜਲੀ ਬਣਾਉਣ ਵਾਲੀਆਂ ਟਰਬਾਈਨ ਪਾਈਪਾਂ ਵਿੱਚੋਂ ਪਾਣੀ ਡੈਮ ਤੋਂ ਬਾਹਰ ਆ ਰਿਹਾ ਹੈ ਦੂਜਾ ਡੈਮ ਦੇ ਗੇਟ ਖੋਲ੍ਹ ਕੇ ਪਾਣੀ ਛੱਡਿਆ ਜਾ ਰਿਹਾ ਹੈ। ਬੈਠਕ ਤੋਂ ਬਾਅਦ ਫੈਂਸਲਾ ਕੀਤਾ ਗਿਆ ਹੈ ਕਿ ਪਾਣੀ ਦੀ ਡੈਮ ਵਿੱਚ ਘਟੀ ਆਮਦ ਨੂੰ ਦੇਖਦਿਆਂ ਗੇਟਾਂ ਰਾਹੀਂ ਛੱਡੇ ਜਾ ਰਹੇ ਪਾਣੀ ਨੂੰ 41000 ਕਿਊਸਿਕ ਤੋਂ ਘਟਾ ਕੇ 18,500 ਕਿਊਸਿਕ ਕਰ ਦਿੱਤਾ ਜਾਵੇ। ਇਸ ਲਈ ਜਿੱਥੇ ਪਹਿਲਾਂ ਹੇਟ 8 ਫੁੱਟ ਤੱਕ ਚੁੱਕੇ ਗਏ ਸਨ ਹੁਣ ਉਹਨਾਂ ਨੂੰ 4 ਫੁੱਟ 'ਤੇ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਟਰਬਾਈਨ ਪਾਈਪਾਂ ਰਾਹੀਂ 36000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਪਰ ਇਹ ਅੰਕੜਿਆਂ ਦੀ ਖੇਡ ਮੌਸਮ ਉੱਤੇ ਬਹੁਤ ਨਿਰਭਰ ਕਰਦੀ ਹੈ ਅਤੇ ਡੈਮ ਵਿੱਚ ਪਹੁੰਚ ਰਹੇ ਪਾਣੀ ਦੀ ਮਾਤਰਾ ਇਹਨਾਂ ਅੰਕੜਿਆਂ ਦੀ ਖੇਡ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪੰਜਾਬ ਵਿੱਚ ਆਏ ਇਹਨਾਂ ਹੜ੍ਹਾਂ ਦੀ ਸਥਿਤੀ ਵਿੱਚ ਬੀਬੀਐੱਮਬੀ ਅਤੇ ਪੰਜਾਬ ਸਰਕਾਰ ਦੋਵਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਜਾ ਰਹੇ ਹਨ। ਜਿੱਥੇ ਬੀਬੀਐੱਮਬੀ ਪਾਣੀ ਦਾ ਹਿਸਾਬ-ਕਿਤਾਬ ਲਾਉਣ ਵਿੱਚ ਨਾਕਾਮ ਰਹੀ ਤੇ ਡੈਮ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਭਰ ਲਿਆ ਗਿਆ ਜਿਸ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਦੀ ਅਜਿਹੀ ਸਥਿਤੀ ਨਾਲ ਨਜਿੱਠਣ ਦੀ ਕੋਈ ਪੁਖਤਾ ਤਿਆਰੀ ਨਹੀਂ ਸੀ।