ਗੁਰਦੁਆਰਾ ਸਾਹਿਬ ਦਾ ਜ਼ਿੰਦਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ

ਗੁਰਦੁਆਰਾ ਸਾਹਿਬ ਦਾ ਜ਼ਿੰਦਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ
ਗੁਰੂ ਗ੍ਰੰਥ ਸਾਹਿਬ ਦੇ ਥੜੇ 'ਤੇ ਦਿਖ ਰਹੇ ਅੱਗ ਦੇ ਨਿਸ਼ਾਨ

ਮਲੇਰਕੋਟਲਾ: ਪੰਜਾਬ ਵਿੱਚ ਸਿੱਖ ਕੌਮ ਦਾ ਮਰਨ ਹੋਣ ਵਾਲੇ ਹਾਲਾਤ ਬਣੇ ਹੋਏ ਹਨ। ਮੋਜੂਦਾ ਰਾਜ ਪ੍ਰਬੰਧ ਵਿੱਚ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵਰਤਾਰਾ ਆਮ ਬਣ ਗਿਆ ਹੈ। ਹਰ ਮਹੀਨੇ ਕਿਸੇ ਨਾ ਕਿਸੇ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ ਜਾਂਦੀ ਹੈ ਤੇ ਸਿੱਖ ਸੰਗਤਾਂ ਕੁਝ ਵੀ ਕਰਨ ਤੋਂ ਅਸਮਰਥ ਹਨ। ਅਜਿਹੀ ਘਟਨਾ ਹੁਣ ਮਲੇਰਕੋਟਲੇ ਨਜ਼ਦੀਕ ਪਿੰਡ ਹਥੋਆ ਵਿੱਚ ਵਾਪਰੀ ਹੈ, ਜਿੱਥੇ ਪਿਮਡ ਦੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦਾ ਜ਼ਿੰਦਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਲਗਾ ਦਿੱਤੀ ਗਈ। ਇਹ ਕਾਰਾ ਬੀਤੀ ਰਾਤ ਕੀਤਾ ਗਿਆ ਹੈ।


ਇਸ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਬੇਅਦਬੀ

ਅੱਜ ਅੰਮ੍ਰਿਤ ਵੇਲੇ ਜਦੋਂ ਗ੍ਰੰਥੀ ਜੋਗਾ ਸਿੰਘ ਗੁਰਦੁਆਰਾ ਸਾਹਿਬ ਖੋਲ੍ਹਣ ਗਏ ਤਾਂ ਇਸ ਘਟਨਾ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਉਹਨਾਂ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ। ਇਸ ਅੱਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪਾਲਕੀ ਸਾਹਿਬ ਅਗਨ ਭੇਂਟ ਹੋ ਗਏ ਹਨ। ਆਈਜੀ ਏਐੱਸ ਰਾਏ ਨੇ ਕਿਹਾ ਕਿ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਘਟਨਾ ਸਥਾਨ ਤੋਂ ਸੈਂਪਲ ਲਏ ਹਨ।


ਮੌਕੇ 'ਤੇ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਪੁਲਿਸ ਅਫਸਰਾਂ ਨਾਲ

ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ ਤੋਂ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਸਨ। ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਪਹੁੰਚੇ। 


ਮੌਕੇ 'ਤੇ ਮੋਜੂਦ ਭਾਈ ਧਿਆਨ ਸਿੰਘ ਮੰਡ, ਦਾਦੂਵਾਲ ਅਤੇ ਅਜਨਾਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਨੂੰ ਫੜ ਕੇ ਜੇਲ੍ਹੀਂ ਡੱਕਣ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ