ਆਪ ਉਮੀਦਵਾਰ ਬਲਜਿੰਦਰ ਕੌਰ ਦੇ ਕਾਫਲੇ 'ਤੇ ਗੁੰਡਿਆਂ ਦਾ ਹਮਲਾ

ਬਠਿੰਡਾ: ਬਠਿੰਡਾ ਲੋਕ ਸਭਾ ਸੀਟ 'ਤੇ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ ਅਤੇ ਉਮੀਦਵਾਰ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਹੱਥਕੰਡਾ ਵਰਤਦੇ ਨਜ਼ਰ ਆ ਰਹੇ ਹਨ। ਬੀਤੀ ਰਾਤ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਕਾਫਲੇ 'ਤੇ ਸ਼ਰਾਬ ਦੇ ਨਸ਼ੇ 'ਚ ਇੱਕ ਗੁੰਡਿਆਂ ਦੀ ਭੀੜ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਬਲਜਿੰਦਰ ਕੌਰ ਨੇ ਰਾਤ ਕਰੀਬ 11 ਵਜੇ ਆਪਣੇ ਫੇਸਬੁੱਕ ਖਾਤੇ ਤੋਂ ਲਾਈਵ ਹੋ ਕੇ ਇਸ ਘਟਨਾ ਦੀ ਮੌਕੇ ਤੋਂ ਜਾਣਕਾਰੀ ਸਾਂਝੀ ਕੀਤੀ। ਬਲਜਿੰਦਰ ਕੌਰ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਗੁੰਡਿਆਂ ਦੀ ਇੱਕ ਭੀੜ ਨੇ ਮੋਟਰਸਾਈਕਲਾਂ 'ਤੇ ਉਹਨਾਂ ਦੀਆਂ ਗੱਡੀਆਂ ਨੂੰ ਘੇਰਿਆ ਤੇ ਗੱਡੀਆਂ ਦੀ ਭੰਨ ਤੋੜ ਕੀਤੀ। ਇਸ ਮੌਕੇ ਬਲਜਿੰਦਰ ਕੌਰ ਨੂੰ ਮਿਲੇ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ ਗਈ ਤੇ ਉਹਨਾਂ ਦੀ ਵਰਦੀ ਪਾੜ ਦਿੱਤੀ ਗਈ। ਇਸ ਸਬੰਧੀ ਵੀਡੀਓ ਵਿੱਚ ਮੁਲਾਜ਼ਮ ਵੀ ਬਿਆਨ ਦੇ ਰਿਹਾ ਹੈ। 

ਮੌਕੇ 'ਤੇ ਪਹੁੰਚੇ ਪੁਲਿਸ ਦੇ ਉੱਚ ਅਫਸਰਾਂ ਨਾਲ ਗੱਲ ਕਰਦਿਆਂ ਬਲਜਿੰਦਰ ਕੌਰ ਨੇ ਇਸ ਘਟਨਾ ਨੂੰ ਲੋਕਤੰਤਰ ਦਾ ਘਾਣ ਦੱਸਿਆ ਤੇ ਕਿਹਾ ਕਿ ਜੇ ਇੱਕ ਕੁੜੀ ਵਿਧਾਇਕ ਹੋਣ ਦੇ ਬਾਵਜੂਦ ਸੁਰੱਖਿਅਤ ਨਹੀਂ ਤਾਂ ਹੋਰ ਕੁੜੀਆਂ ਦੀ ਸੁਰੱਖਿਆ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ। ਇਸ ਦੇ ਰੋਸ ਵਜੋਂ ਉਹ ਮੌਕੇ 'ਤੇ ਹੀ ਸੜਕ 'ਤੇ ਧਰਨਾ ਲਾ ਕੇ ਬੈਠ ਗਏ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ