ਬੰਗਲੌਰ ਦਾ ਅਮਨਦੀਪ ਸਿੰਘ ਖ਼ਾਲਸਾ ਸਾਈਕਲ ’ਤੇ 15 ਸਾਲਾਂ ਤੋਂ ਨਸ਼ਿਆਂ ਵਿਰੁੱਧ ਕਰ ਰਿਹੈ ਪ੍ਰਚਾਰ

ਬੰਗਲੌਰ ਦਾ ਅਮਨਦੀਪ ਸਿੰਘ ਖ਼ਾਲਸਾ ਸਾਈਕਲ ’ਤੇ 15 ਸਾਲਾਂ ਤੋਂ ਨਸ਼ਿਆਂ ਵਿਰੁੱਧ ਕਰ ਰਿਹੈ ਪ੍ਰਚਾਰ

ਸਾਈਕਲ ’ਤੇ ਲਗਪਗ 3 ਲੱਖ ਕਿਲੋਮੀਟਰ ਦੀ ਕੀਤੀ ਪ੍ਰਚਾਰ ਯਾਤਰਾ ,ਗਿੰਨੀਜ਼ ਬੁੱਕ ’ਚ ਦਰਜ ਹੋ ਚੁੱਕੈ ਨਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੰਗਲੌਰ :  ਬੰਗਲੌਰ ਦਾ ਅਮਨਦੀਪ ਸਿੰਘ ਖ਼ਾਲਸਾ ਜੋ ਸਾਈਕਲ ’ਤੇ ਲਗਪਗ 3 ਲੱਖ ਕਿਲੋਮੀਟਰ ਦੀ ਯਾਤਰਾ ਕਰ ਕੇ ਲੋਕਾਂ ਨੂੰ ਨਸ਼ੇ ਛੱਡਣ ਲਈ ਪੇ੍ਰਰਿਤ ਕਰ ਰਿਹਾ ਹੈ ਤੇ ਪਿੰਡ-ਪਿੰਡ ਜਾ ਕੇ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਪ੍ਰਚਾਰ ਕਰ ਰਿਹਾ ਹੈ।ਯਾਤਰਾ ਦੌਰਾਨ ਸਾਦਿਕ ਵਿਖੇ ਰੁਕੇ ਕਰੀਬ 63 ਸਾਲਾ ਅਮਨਦੀਪ ਸਿੰਘ ਖਾਲਸਾ ਵਾਸੀ ਚਿਕਾ ਤਰਪਤੀ ਜ਼ਿਲ੍ਹਾ ਪੋਲਾਰ (ਬੰਗਲੌਰ) ਨੇ ਦੱਸਿਆ ਕਿ ਉਸ ਦਾ ਇਕ ਪੁੱਤਰ ਤੇ ਇਕ ਧੀ ਹੈ। ਉਹ ਹਿੰਦੂ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਗਰੈਜੂਏਟ ਹੈ। ਉਸ ਦਾ ਪੁੱਤਰ ਅਮਰੀਕਾ ਵਿਖੇ ਡਾਕਟਰ ਹੈ ਤੇ ਧੀ ਅੰਮ੍ਰਿਤਸਰ ਵਿਆਹੀ ਹੋਈ ਹੈ। ਉਸ ਨੇ 1975 ਵਿਚ ਅੰਮ੍ਰਿਤ ਪਾਨ ਕੀਤਾ ਤਾਂ ਪਰਿਵਾਰ ਨਾਲ ਮਨਮੁਟਾਵ ਵੀ ਹੋਇਆ। ਫਿਰ ਉਹ ਉਹ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਲਾਲ ਬਾਗ ਬੰਗਲੌਰ ਵਿਖੇ ਪੰਜਾਬੀ ਟੀਚਰ ਵਜੋਂ ਸੇਵਾ ਨਿਭਾਉਣ ਲੱਗਾ ਤੇ ਉਸ ਦੀ ਪਤਨੀ ਵੀ ਉਥੇ ਹੀ ਰਹਿ ਰਹੀ ਹੈ।ਅਮਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਪਹਿਲੀ ਜਨਵਰੀ 2008 ਤੋਂ ਉਹ ਘਰੋਂ ਦੇਸ਼ ਯਾਤਰਾ ’ਤੇ ਸਾਈਕਲ ’ਤੇ ਨਿਕਲਿਆ। ਇਸ ਦੌਰਾਨ 26 ਸੂਬਿਆਂ ਦਾ ਦੌਰਾ ਕੀਤਾ। ਇਸ ਦੌਰਾਨ 12 ਸਾਈਕਲ, 65 ਟਾਇਰ, 55 ਟਿਊਬਾਂ ਅਤੇ ਲਗਪਗ 8 ਲੱਖ ਰੁਪਏ ਖਰਚ ਹੋ ਗਿਆ। ਲਗਪਗ 35 ਹਜ਼ਾਰ ਸਕੂਲਾਂ ਅਤੇ 12500 ਪਿੰਡਾਂ ਵਿਚ ਜਾ ਕੇ ਨਸ਼ਿਆਂ ਵਿਰੁੱਧ ਪ੍ਰਚਾਰ ਕੀਤਾ ਤੇ ਕਰੀਬ 7500 ਬੰਦਿਆਂ ਨੇ ਪ੍ਰਭਾਵਿਤ ਹੋ ਕੇ ਨਸ਼ਾ ਛੱਡਣ ਦਾ ਪ੍ਰਣ ਲਿਆ।ਸਾਈਕਲ ’ਤੇ ਇੰਨੀ ਯਾਤਰਾ ਕਰਨ ਕਰ ਕੇ ਗਿੰਨੀਜ਼ ਬੁੱਕ ਵਿਚ ਨਾਂ ਦਰਜ ਹੋਇਆ ਤੇ ਉਸ ਨੂੰ ਕਰੀਬ ਇਕ ਲੱਖ ਡਾਲਰ ਦਾ ਚੈੱਕ ਮਿਲਣ ਜਾ ਰਿਹਾ ਹੈ ਜਿਸ ਨਾਲ ਉਹ ਗ਼ਰੀਬ ਬੱਚਿਆਂ ਲਈ ਸਕੂਲ ਤਿਆਰ ਕਰਵਾਏਗਾ। ਉਸ ਨੇ ਦੱਸਿਆ ਕਿ ਹੁਣ ਉਹ ਸਾਈਕਲ ਆਪਣੇ ਧੀ ਦੇ ਘਰ ਰੱਖ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਜਹਾਜ਼ ਰਾਹੀਂ ਵਾਪਸ ਪਿੰਡ ਚਲਾ ਜਾਵੇਗਾ। ਇਸ ਉਮਰ ਵਿਚ ਬੁਲੰਦ ਹੌਸਲੇ ਨਾਲ ਬੋਲਣਾ, ਸਾਈਕਲ ਚਲਾਉਣਾ, ਘਰੋਂ ਬਾਹਰ ਰਾਤਾਂ ਕੱਟਣੀਆਂ, ਬਿਨਾਂ ਕਿਸੇ ਤੋਂ ਪੈਸਾ ਲਏ ਲੋਕ ਸੇਵਾ ਵਿਚ ਸਮਾਂ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਉਹ ਗੈਸ, ਚੁੱਲ੍ਹਾ, ਰਾਸ਼ਨ, ਬਰਤਨ, ਬਿਸਤਰਾ ਤੇ ਟੈਂਟ ਸਾਈਕਲ ’ਤੇ ਹੀ ਰੱਖਦਾ ਹੈ ਤੇ ਜਿੱਥੇ ਰਾਤ ਪੈਂਦੀ ਹੈ, ਗੁਜ਼ਾਰ ਕੇ ਸਵੇਰੇ ਅਗਲੇ ਸਫਰ ’ਤੇ ਚੱਲ ਪੈਂਦਾ ਹੈ। ਉਸ ਨੇ ਦੱਸਿਆ ਕਿ ਰੋਜ਼ਾਨਾ 8 ਲੀਟਰ ਪਾਣੀ ਪੀਂਦਾ ਹੈ ਤੇ ਕੋਈ ਦਵਾਈ ਨਹੀਂ ਖਾਂਦਾ। ਰਸਤੇ ਦੌਰਾਨ ਕਈ ਲੋਕਾਂ ਵੱਲੋਂ ਉਸ ਦੀ ਵਿੱਤੀ ਮਦਦ ਵੀ ਕੀਤੀ ਪਰ ਖ਼ੁਦ ਕਦੇ ਕਿਸੇ ਤੋਂ ਰੁਪਏ ਦੀ ਮੰਗ ਨਹੀਂ ਕੀਤੀ। ਅਮਨਦੀਪ ਸਿੰਘ ਖ਼ਾਲਸਾ ਹਰ ਵਰਗ ਲਈ ਪੇ੍ਰਣਾ ਸਰੋਤ ਬਣ ਰਿਹਾ ਹੈ।