ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਦਿੱਲੀ ਕਮੇਟੀ ਹੁਣ ਤਕ ਦੀ ਉਨ੍ਹਾਂ ਵਲੋਂ ਕੀਤੀ ਗਈ ਕਾਰਵਾਈ ਕਰੇ ਜਨਤਕ

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਦਿੱਲੀ ਕਮੇਟੀ ਹੁਣ ਤਕ ਦੀ ਉਨ੍ਹਾਂ ਵਲੋਂ ਕੀਤੀ ਗਈ ਕਾਰਵਾਈ ਕਰੇ ਜਨਤਕ

ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਪੰਥਕ ਪ੍ਰਦਰਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਦੀ ਯੂਥ ਵਿੰਗ ਭਰੇਗੀ ਵੱਡੀ ਗਿਣਤੀ ਅੰਦਰ ਹਾਜ਼ਿਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 3 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਉਪਰ ਕੀਤੇ ਗਏ ਫੌਜੀ ਹਮਲੇ ਦੇ ਵਿਰੋਧ ਵਿਚ ਪੰਥ ਲਈ ਕੁਰਬਾਣੀਆਂ ਦੇਣ ਵਾਲੇ ਨੌਜੁਆਨ ਜੋ ਕਿ ਪਿਛਲੇ 30-32 ਸਾਲਾਂ ਤੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬਿਨਾਂ ਪੈਰੋਲ/ਜਮਾਨਤਾਂ ਤੋਂ ਬੰਦ ਹਨ । ਇਕ ਤਰਫ ਸਮੂਹ ਪੰਥ ਉਨ੍ਹਾਂ ਦੀ ਜਲਦ ਤੋਂ ਜਲਦ ਰਿਹਾਈ ਲਈ ਅਰਦਾਸਾਂ ਕਰ ਰਿਹਾ ਹੈ । ਦੂਜੇ ਪਾਸੇ ਦਿੱਲੀ ਕਮੇਟੀ ਇਸ ਮਾਮਲੇ ਵਿਚ ਵੀਂ ਰਾਜਨੀਤੀ ਖੇਡ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਬੰਦੀ ਸਿੰਘ ਭਾਈ ਰਾਜੋਆਣਾ ਜੀ ਦੀ ਰਿਹਾਈ ਦੇ ਮਾਮਲੇ ਵਾਸਤੇ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਸੀ ਪਰ ਓਸ ਵਿਚ ਵੀਂ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਫੋਕੀ ਸ਼ੋਹਰਤ ਖੱਟਣ ਲਈ ਬੇਫਾਲਤੂ ਪ੍ਰੈਸ ਕਾਨਫਰੰਸਾ ਵਿਚ ਪੰਥ ਦਾ ਪੈਸਾ ਫੂਕ ਦਿੱਤਾ । ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਨੂੰ ਪੁੱਛਦੇ ਹਾਂ ਕਿ ਜੇਕਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਯਤਨ ਕਰ ਰਹੇ ਹੋ ਤਾਂ ਉਸਨੂੰ ਪੰਥ ਦੇ ਸਾਹਮਣੇ ਰੱਖਿਆ ਜਾਏ ਨਹੀਂ ਤਾਂ ਇਹੋ ਸਮਝਿਆ ਜਾਏਗਾ ਕਿ ਇਸ ਗੰਭੀਰ ਮਾਮਲੇ ਵਿਚ ਵੀਂ ਤੁਹਾਡੀ ਦਾਲ ਕਾਲੀ ਹੈ ।

ਅੰਤ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਪੰਥਕ ਪ੍ਰਦਰਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਦੀ ਯੂਥ ਵਿੰਗ ਵਲੋਂ ਵੱਡੀ ਗਿਣਤੀ ਅੰਦਰ ਸ਼ਮੂਲੀਅਤ ਕੀਤੀ ਜਾਏਗੀ ।