ਨਾਨਕਸਾਰ ਠਾਠ ਬੱਧਨੀ ਕਲਾਂ ਦੇ ਮੁਖੀ ਦਾ ਪੁੱਤ ਚੋਰੀ ਕਣਕ ਵੱਢਣ ਦੇ ਮਾਮਲੇ 'ਚ ਨਾਮਜ਼ਦ

ਨਾਨਕਸਾਰ ਠਾਠ ਬੱਧਨੀ ਕਲਾਂ ਦੇ ਮੁਖੀ ਦਾ ਪੁੱਤ ਚੋਰੀ ਕਣਕ ਵੱਢਣ ਦੇ ਮਾਮਲੇ 'ਚ ਨਾਮਜ਼ਦ
ਚੋਰੀ ਵੱਢੀ ਹੋਈ ਕਣਕ ਵਖਾਉਂਦੇ ਹੋਏ ਪਿੰਡ ਵਾਸੀ

ਮੋਗਾ: ਬੱਧਨੀ ਕਲਾਂ 'ਚ ਸਥਿਤ ਡੇਰੇ ਆਨੰਦ ਈਸ਼ਵਰ ਦਰਬਾਰ (ਨਾਨਕਸਰ ਠਾਠ) ਦੇ ਮੁਖੀ ਜੋਰਾ ਸਿੰਘ ਦੇ ਪੁੱਤ ਗੁਰਬਖਸ਼ ਸਿੰਘ ਨੂੰ ਕਿਸਾਨ ਦੇ ਖੇਤ ਵਿੱਚੋਂ ਚੋਰੀ ਕਣਕ ਵੱਢਣ ਦੀ ਸਾਜ਼ਿਸ਼ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਬੀਤੀ 15 ਅਪਰੈਲ ਨੂੰ ਥਾਣਾ ਬੱਧਨੀ ਕਲਾਂ ਵਿਚ ਆਈਪੀਸੀ ਦੀ ਧਾਰਾ 447/511/427/379/149 ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ। ਹੁਣ ਇਸ ਐਫ਼ਆਈਆਰ’ਚ ਆਈਪੀਸੀ ਦੀ ਧਾਰਾ120 ਬੀ ਜੁਰਮ ਦਾ ਵਾਧਾ ਕਰਕੇ ਗੁਰਬਖ਼ਸ ਸਿੰਘ ਪੁੱਤਰ ਜੋਰਾ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਬੀਤੀ 14 ਅਪਰੈਲ ਦੀ ਅੱਧੀ ਰਾਤ ਨੂੰ ਹਥਿਆਰਬੰਦ ਤੋਂ ਵੱਧ ਲੋਕਾਂ ਨੇ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਕਿਸਾਨ ਜਗਜੀਤ ਸਿੰਘ ਦੀ ਤਕਰੀਬਨ ਪੌਣੇ ਦੋ ਕਿੱਲੇ ਖੜੀ ਕਣਕ ਵੱਢ ਲਈ ਸੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਉਸਦੀ ਭੈਣ ਗੁਰਦੀਪ ਕੌਰ ਨੇ ਖਰੀਦੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲੀਸ ਆਮ ਲੋਕਾਂ ਤੋਂ ਹਥਿਆਰ ਜਮ੍ਹਾਂ ਕਰਵਾ ਰਹੀ ਹੈ ਪਰ ਅਜਿਹੇ ਲੋਕਾਂ ਵੱਲ ਮੂੰਹ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਬੱਧਨੀ ਕਲਾਂ ਸਥਿੱਤ ਆਨੰਦ ਈਸ਼ਵਰ ਦਰਬਾਰ (ਨਾਨਕਸਰ ਠਾਠ) ਦੇ ਨਾਲ ਲਗਦੀ ਹੈ। ਇਸ ਅਸਥਾਨ ਉੱਤੇ ਸਿਆਸੀ ਆਗੂ ਵੋਟਾਂ ਸਮੇਂ ਆਸ਼ੀਰਵਾਦ ਲੈਣ ਪਹੁੰਚਦੇ ਹਨ। ਪੀੜਤ ਕਿਸਾਨ ਨੇ ਦੋਸ਼ ਲਾਇਆ ਕਿ ਰਾਤ ਨੂੰ ਥਾਣੇ ’ਚ ਫੋਨ ਕੀਤਾ ਗਿਆ ਤਾਂ ਅੱਗੇ ਨਫ਼ਰੀ ਨਾ ਹੋਣ ਦੀ ਗੱਲ ਆਖੀ ਗਈ ਅਤੇ ਪੁਲੀਸ ਦੇਰ ਨਾਲ ਪਹੁੰਚੀ। 



ਬਾਬਾ ਜੋਰਾ ਸਿੰਘ

ਪੁਲੀਸ ਨੇ ਪੀੜਤ ਕਿਸਾਨ ਦੇ ਬਿਆਨ ਉੱਤੇ ਬਾਬੇ ਦੇ ਪੈਰੋਕਾਰ ਦੱਸੇ ਜਾਂਦੇ ਤੇਜਿੰਦਰ ਸਿੰਘ ਵਾਸੀ ਵਾੜਾ ਭਾਈਕਾ ਅਤੇ ਜਗਜੀਤ ਸਿੰਘ ਜੱਗੀ ਵਾਸੀ ਬੱਧਨੀ ਕਲਾਂ ਤੋਂ ਇਲਾਵਾ 150 ਅਣਪਛਾਤੇ ਲੋਕਾਂ ਖਿਲਾਫ਼ ਵੱਖ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਸੀ। ਇਸ ਘਟਨਾ ਬਾਅਦ ਲੋਕ ਰੋਹ ਪੈਦਾ ਹੋ ਗਿਆ ਅਤੇ ਕਿਸਾਨ ਜਥੇਬੰਦੀਆਂ ਕਿਸਾਨ ਦੇ ਹੱਕ ’ਚ ਨਿੱਤਰ ਆਈਆਂ। ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਸ ਕੇਸ’ਚ ਡੇਰਾ ਮੁਖੀ ਦੇ ਪੁੱਤ ਨੂੰ ਨਾਮਜ਼ਦ ਨਾ ਕੀਤਾ ਗਿਆ ਤਾਂ ਉਹ 19 ਅਪਰੈਲ ਤੱਕ ਸੰਘਰਸ਼ ਵਿੱਢਣਗੇ। ਇਸ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ । 

ਇਸ ਮਾਮਲੇ ’ਚ ਡੀਐੱਸਪੀ ਨਿਹਾਲ ਸਿੰਘ ਵਾਲਾ ਗੁਰਦੇਵ ਸਿੰਘ ਨੇ ਲੰਘੀ ਦੇਰ ਸ਼ਾਮ ਕਿਸਾਨ ਜਥੇਬੰਦੀ ਆਗੂਆਂ ਨੂੰ ਇਹ ਭਰੋਸਾ ਦਿੱਤਾ ਗਿਆ ਪੀੜਤ ਕਿਸਾਨ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ। ਥਾਣਾ ਬੱਧਨੀ ਕਲਾਂ ਪੁਲੀਸ ਨੇ ਡੇਰਾ ਮੁਖੀ ਦੇ ਪੁੱਤ ਗੁਰਬਖ਼ਸ ਸਿੰਘ ਨੂੰ ਕਿਸਾਨ ਦੀ ਕਣਕ ਚੋਰੀ ਕਣਕ ਵੱਢਣ ਦੀ ਸਾਜ਼ਿਸ਼ ’ਚ ਨਾਮਜ਼ਦ ਕਰ ਦੇਣ ਉੱਤੇ ਜਥੇਬੰਦੀਆਂ ਨੇ ਸੰਘਰਸ਼ ਮੁਲਤਵੀ ਕਰ ਦਿੱਤਾ ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ