ਗ਼ਦਰ ਪਾਰਟੀ ਦਾ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ

ਗ਼ਦਰ ਪਾਰਟੀ ਦਾ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ
ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ

ਡਾ. ਜਸਵੰਤ ਰਾਏ ਸਾਹਰੀ

ਬਾਬੂ ਹਰਨਾਮ ਸਿੰਘ ਦਾ ਜਨਮ 1884 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਾਹਰੀ ਵਿੱਚ ਪਿਤਾ ਲਾਭ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਆਪਣੇ ਨਗਰ ਤੋਂ ਹੀ ਪ੍ਰਾਪਤ ਕੀਤੀ ਤੇ ਘਰਦਿਆਂ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਚੀਨੀ, ਜਾਪਾਨੀ ਭਾਸ਼ਾਵਾਂ ਦਾ ਗਿਆਨ ਸੀ। ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਹੀ ਉਨ੍ਹਾਂ ਦੇ ਨਾਂ ਨਾਲ ਬਾਬੂ ਸ਼ਬਦ ਜੁੜਿਆ ਸੀ। ਪਰਿਵਾਰ ਦੀ ਆਰਥਿਕਤਾ ਨੂੰ ਖ਼ੁਸ਼ਹਾਲ ਕਰਨ ਲਈ ਉਹ 18 ਸਾਲ ਦੀ ਉਮਰ ਵਿੱਚ ਰਸਾਲੇ ਵਿੱਚ ਭਰਤੀ ਹੋ ਗਏ ਪਰ ਆਜ਼ਾਦ ਤਬੀਅਤ ਦੇ ਮਾਲਕ ਹੋਣ ਕਰਕੇ ਇੱਥੇ ਜ਼ਿਆਦਾ ਦੇਰ ਟਿਕ ਨਾ ਸਕੇ ਤੇ ਛੇਤੀ ਹੀ ਅਸਤੀਫ਼ਾ ਦੇ ਕੇ ਘਰ ਵਾਪਸ ਆ ਗਏ।

1904 ਦੇ ਅਖ਼ੀਰ ਵਿੱਚ ਹਰਨਾਮ ਸਿੰਘ ਹਾਂਗਕਾਂਗ ਚਲੇ ਗਏ ਅਤੇ ਉੱਥੇ ਤਿੰਨ ਸਾਲ ਇਲੈਕਟ੍ਰਿਕ ਟਰਾਮ ਕੰਪਨੀ ਵਿੱਚ ਸਟੋਰਕੀਪਰ ਦੀ ਨੌਕਰੀ ਕੀਤੀ। ਇੱਥੇ ਰਹਿੰਦਿਆਂ ਉਨ੍ਹਾਂ ਦਾ ਮੇਲ ਅਮਰੀਕਾ, ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ ਨਾਲ ਹੁੰਦਾ ਰਹਿੰਦਾ। ਯਾਤਰੀਆਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਨੇਡਾ, ਅਮਰੀਕਾ ਵਿੱਚ ਕਮਾਈ ਕਾਫ਼ੀ ਹੈ। ਉਨ੍ਹਾਂ ਪੈਸੇ ਦਾ ਬੰਦੋਬਸਤ ਕੀਤਾ ਅਤੇ 31 ਅਗਸਤ 1907 ਨੂੰ ਵਿਕਟੋਰੀਆ ਪਹੁੰਚ ਗਏ। ਇੱਥੇ ਆ ਕੇ ਉਨ੍ਹਾਂ ਨੇ ਪਹਿਲਾਂ ਰੋਜ਼ੀ ਦਾ ਪ੍ਰਬੰਧ ਕੀਤਾ ਅਤੇ ਫਿਰ ਲਿੰਕਨ ਹਾਈ ਸਕੂਲ ਤੇ ਯੂਨੀਵਰਸਿਟੀ ਕਾਲਜ ਸਿਆਟਲ ਵਿੱਚ ਪੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਦਾ ਮੇਲ ਜੀ.ਡੀ. ਕੁਮਾਰ ਜਿਹੇ ਸਿਰਕੱਢ ਦੇਸ਼ ਭਗਤ ਨਾਲ ਹੋਇਆ। ਇਸ ਸਮੇਂ ਤਕ ਉਨ੍ਹਾਂ ਦੇ ਮਨ ਵਿੱਚ ਅੰਗਰੇਜ਼ੀ ਸਰਕਾਰ ਖ਼ਿਲਾਫ਼ ਵਿਰੋਧ ਦੀ ਭਾਵਨਾ ਪੈਦਾ ਹੋ ਚੁੱਕੀ ਸੀ। ਇੱਥੋਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਪੱਤਰ ਲਿਖਿਆ, ‘‘ਪਿਤਾ ਜੀ ਤੁਸੀਂ ਮੇਰੇ ਕੋਲੋਂ ਹੁਣ ਆਪਣੇ ਕੰਮਾਂ ਅਤੇ ਆਰਥਿਕ ਮਦਦ ਦੀ ਆਸ ਨਾ ਰੱਖਿਓ। ਮੈਂ ਆਪਣੀ ਜਿੰਦ ਦੇਸ਼ ਦੇ ਨਾਂ ਲਿਖ ਦਿੱਤੀ ਹੈ। ਜਦੋਂ ਤਕ ਮੇਰੇ ਅੰਦਰ ਸਾਹਾਂ ਦੀ ਗਤੀ ਚੱਲਦੀ ਰਹੇਗੀ, ਮੈਂ ਅੰਗਰੇਜ਼ੀ ਹਕੂਮਤ ਖ਼ਿਲਾਫ਼ ਲੜਦਿਆਂ ਆਜ਼ਾਦੀ ਪ੍ਰਾਪਤੀ ਲਈ ਤਤਪਰ ਰਹਾਂਗਾ।’’ ਇਸ ਪਿੱਛੋਂ ਉਨ੍ਹਾਂ ਆਪਣੇ ਪਰਿਵਾਰ ਨਾਲ ਕੋਈ ਵਾਸਤਾ ਨਹੀਂ ਰੱਖਿਆ।

ਜੀ.ਡੀ. ਕੁਮਾਰ ਨਾਲ ਮਿਲ ਕੇ ਬਾਬੂ ਹਰਨਾਮ ਸਿੰਘ ਨੇ ਜਨਵਰੀ 1910 ਨੂੰ ਆਪਣੀ ਰਿਹਾਇਸ਼ 1632-ਦੂਜਾ, ਐਵੇਨਿਊ ਵੈਸਟ ਫੇਅਰਵਿਊ ਵੈਨਕੁਵਰ  ਤੋਂ ‘ਸੁਦੇਸ਼ ਸੇਵਕ’ ਨਾਂ ਦਾ ਪਰਚਾ ਸ਼ੁਰੂ ਕੀਤਾ। ਵਿਦੇਸ਼ੀ ਧਰਤੀ ਉੱਤੇ ਛਪਣ ਵਾਲਾ ਇਹ ਪਹਿਲਾ ਪੰਜਾਬੀ ਪਰਚਾ ਸੀ। ਬਾਬੂ ਜੀ ਇਸ ਪਰਚੇ ਦੇ ਸੰਪਾਦਕ ਵੀ ਸਨ ਤੇ ਸਰਪ੍ਰਸਤ ਵੀ। ਇਸ ਪਰਚੇ ਦੇ ਅੱਠ ਸਫ਼ੇ, ਕੀਮਤ ਦਸ ਸੈਂਟ ਤੇ ਸਾਲ ਦਾ ਚੰਦਾ ਇੱਕ ਡਾਲਰ ਸੀ। ਲੋਕਾਂ ਦੇ ਦੁੱਖ- ਦਰਦ ਨੂੰ ਉਨ੍ਹਾਂ ਨੇ ਆਪਣੇ ਪਰਚੇ ਦਾ ਅੰਗ ਬਣਾਇਆ। 1913 ਵਿੱਚ ਬਾਬੂ ਹਰਨਾਮ ਸਿੰਘ ਕੈਨੇਡਾ ਆਉਣ ਵਿੱਚ ਕਾਮਯਾਬ ਹੋ ਗਏ ਅਤੇ ਵਿਕਟੋਰੀਆ ਆ ਕੇ ਰਹਿਣ ਲੱਗੇ। ਨਵੰਬਰ 1913 ਨੂੰ ਜਦੋਂ ਗ਼ਦਰ ਪਾਰਟੀ ਹੋਂਦ ਵਿੱਚ ਆਈ ਤਾਂ ਉਹ ਇਸ ਦੇ ਸਰਗਰਮ ਮੈਂਬਰ ਬਣ ਗਏ। ‘ਗ਼ਦਰ’ ਅਖ਼ਬਾਰ ਵਿੱਚ ਵੀ ਉਨ੍ਹਾਂ ਦੀਆਂ ਲਿਖਤਾਂ ਛਪਦੀਆਂ ਰਹਿੰਦੀਆਂ ਸਨ। ਅਖ਼ਬਾਰ ਵਿੱਚ ਉਹ ਅੰਗਰੇਜ਼ੀ ਪ੍ਰਸ਼ਾਸਨ ਦੀਆਂ ਵਧੀਕੀਆਂ ਨੂੰ ਕਾਰਟੂਨ ਬਣਾ ਕੇ ਉਜਾਗਰ ਕਰਦੇ ਸਨ।
ਕੌਮਾਗਾਟਾਮਾਰੂ ਦੀ ਘਟਨਾ ਵਾਲੇ ਮੁਸਾਫ਼ਰਾਂ ਦੀ ਮਦਦ ਲਈ ਕੈਨੇਡਾ ਵਿੱਚ ਪੰਦਰਾਂ ਮੈਂਬਰੀ ‘ਸ਼ੋਅਰ’ ਕਮੇਟੀ ਬਣੀ। ਬਾਬੂ ਹਰਨਾਮ ਸਿੰਘ ਇਸ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਦੇ ਜ਼ਿੰਮੇ ਮੁਸਾਫ਼ਰਾਂ ਨੂੰ ਖਾਣਾ, ਗ਼ਦਰੀ ਸਾਹਿਤ ਅਤੇ ਹਥਿਆਰ ਪਹੁੰਚਾਉਣ ਦਾ ਕੰਮ ਸੀ। ਉਹ 16 ਜੁਲਾਈ 1914 ਨੂੰ ਆਪਣੇ ਸਾਥੀਆਂ ਨਾਲ ਸਰਹੱਦ ਪਾਰ ਕਰ ਕੇ ਅਮਰੀਕਾ ਦੇ ਸ਼ਹਿਰ ਸੁਮਾਸ ਚਲੇ ਗਏ। ਉੱਥੇ ਉਹ ਆਪਣੇ ਸਾਥੀਆਂ ਭਾਈ ਭਾਗ ਸਿੰਘ, ਬਰਕਤਉੱਲਾ ਤੇ ਭਾਈ ਬਲਵੰਤ ਸਿੰਘ ਨਾਲ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਏ ਗਏ। ਬਾਕੀ ਸਾਥੀਆਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ ਪਰ ਬਾਬੂ ਜੀ ਉੱਤੇ ਹੋਰ ਕਈ ਕਾਨੂੰਨੀ ਧਾਰਾਵਾਂ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਬੰਦ ਦੌਰਾਨ ਸਤੰਬਰ ਦੇ ਦੂਜੇ ਹਫ਼ਤੇ ਉਨ੍ਹਾਂ ਦੀ ਅਮਰੀਕਾ ਵਿਚਲੀ ਰਿਹਾਇਸ਼ ਉੱਤੇ ਪੁਲੀਸ ਨੇ ਛਾਪਾ ਮਾਰਿਆ। ਉਨ੍ਹਾਂ ਉੱਤੇ ਸੰਗੀਨ ਜੁਰਮ ਲਾ ਕੇ 26 ਸਤੰਬਰ 1914 ਨੂੰ ਅਮਰੀਕਾ ਤੋਂ ਡੀਪੋਰਟ ਕਰ ਦਿੱਤਾ ਗਿਆ। ਇਸ ਪਿੱਛੋਂ ਉਨ੍ਹਾਂ ਦਾ ਜਹਾਜ਼ ਜਾਪਾਨ ਦੀ ਬੰਦਰਗਾਹ ਯੋਕੋਹਾਮਾ ਪੁੱਜਾ। ਉੱਥੋਂ ਉਹ ਖਿਸਕ ਗਏ। 14 ਅਕਤੂਬਰ 1914 ਤੋਂ 2 ਜਨਵਰੀ 1915 ਤਕ ਯੋਕੋਹਾਮਾ ਵਿੱਚ ਰਹੇ। ਇੱਥੇ ਗ਼ਦਰੀ ਯੋਧੇ ਸੋਹਨ ਲਾਲ ਪਾਠਕ ਨੂੰ ਮਿਲੇ ਅਤੇ ਉਸ  ਨੂੰ ਮੁੜ ਬੈਂਕਾਕ ਵਿੱਚ ਮਿਲਣ ਦਾ ਵਾਅਦਾ ਲਿਆ।

ਗ਼ਦਰ ਪਾਰਟੀ ਦੀ ਸਿਆਮ-ਬਰਮਾ ਯੋਜਨਾ ਦੀ ਜ਼ਿੰਮੇਵਾਰੀ ਬਾਬੂ ਹਰਨਾਮ ਸਿੰਘ, ਸੋਹਨ ਲਾਲ ਪਾਠਕ ਅਤੇ ਸੰਤੋਖ ਸਿੰਘ ਧਰਦਿਓ ਦੇ ਹੱਥ ਵਿੱਚ ਸੀ। ਉਨ੍ਹਾਂ ਮਿੱਥੇ ਪ੍ਰੋਗਰਾਮ ਤਹਿਤ ਫ਼ੌਜੀ ਬੈਰਕਾਂ ਵਿੱਚ ਫੌ਼ਜੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ। ਸਾਥੀਆਂ ਨੂੰ ਥਾਂ ਥਾਂ ਪਹੁੰਚਾ ਦਿੱਤਾ ਪਰ ਉਨ੍ਹਾਂ ਦਾ ਇੱਕ ਸਾਥੀ ਚਾਲੀਆ ਰਾਮ ਗ਼ਦਰੀ ਸਾਹਿਤ ਲੈ ਕੇ ਆਉਂਦਾ ਫੜਿਆ ਗਿਆ। ਪ੍ਰਸ਼ਾਸਨ ਨੂੰ ਉਨ੍ਹਾਂ ਦੇ ਗੁਪਤ ਮਿਸ਼ਨ ਦੀ ਸੂਹ ਮਿਲ ਗਈ। ਸਾਥੀਆਂ ਦੀ ਫੜੋ ਫੜੀ ਸ਼ੁਰੂ ਹੋ ਗਈ। ਉਨ੍ਹਾਂ ਨੇ ਬਰਮਾ ਦੀ ਇੱਕ ਬੈਰਕ ’ਤੇ ਕਬਜ਼ਾ ਕਰ ਲਿਆ ਸੀ ਪਰ ਸਾਥੀਆਂ ਦੀ ਤਾਦਾਦ ਅਤੇ ਲੋੜੀਂਦਾ ਗੋਲੀ ਸਿੱਕਾ ਘੱਟ ਹੋਣ ਕਰਕੇ ਸਫ਼ਲਤਾ ਹੱਥ ਨਾ ਲੱਗੀ।

ਬਾਬੂ ਹਰਨਾਮ ਸਿੰਘ ਨੇ ਆਪਣੇ ਸਾਥੀਆਂ ਨੂੰ ਦੂਰ ਪਰੇ ਲੁਕਣ ਲਈ ਕਹਿ ਦਿੱਤਾ। ਆਪ ਉਹ ਰੰਗੂਨ ਤੋਂ ਤਾਂ ਬਚ ਕੇ ਨਿਕਲ ਗਏ ਪਰ ਬਰਮਾ ਵਾਲੇ ਪਾਸੇ ਮਾਆਵਡੀ ਨੇੜੇ ਫੜੇ ਗਏ। ਉਨ੍ਹਾਂ ਨੂੰ ਮੌਲਮੀਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਹ 1 ਸਤੰਬਰ 1915 ਨੂੰ ਆਪਣੇ ਦੋ ਸਾਥੀਆਂ ਨਾਲ ਜੇਲ੍ਹ ਦੀਆਂ ਸੀਖਾਂ ਕੱਟ ਕੇ ਭੱਜ ਨਿਕਲੇ। ਮੌਲਮੀਨ ਦਰਿਆ ਕਿਸ਼ਤੀ ਰਾਹੀਂ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਪੁਲੀਸ ਨੇ ਘੇਰ ਲਿਆ ਤੇ ਗ੍ਰਿਫ਼ਤਾਰ ਕਰ ਕੇ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਬਰਮਾ ਵਿੱਚ ਬਾਬੂ ਹਰਨਾਮ ਸਿੰਘ ਸਮੇਤ 17 ਗ਼ਦਰੀਆ ਉੱਤੇ ‘ਫਸਟ ਬਰਮਾ ਕਾਂਸਪੀਰੇਸੀ ਕੇਸ ਨਾਂ ਦਾ ਮੁਕੱਦਮਾ ਚਲਾਇਆ ਗਿਆ, ਜੋ ਲਾਹੌਰ ਸਾਜ਼ਿਸ਼ ਕੇਸ ਦਾ ਹੀ ਦੂਜਾ ਰੂਪ ਸੀ। ਇਸ ਕੇਸ ਵਿੱਚ 90 ਗਵਾਹੀਆਂ ਭੁਗਤੀਆਂ। ਚਾਰ ਜਣਿਆਂ ਨੂੰ ਪੁਖ਼ਤਾ ਸਬੂਤ ਨਾ ਹੋਣ ਕਾਰਨ ਛੱਡ ਦਿੱਤਾ ਗਿਆ। ਨਵਾਬ ਸਿੰਘ ਤੇ ਜੋਧ ਸਿੰਘ ਵਰਗੇ ਗ਼ੱਦਾਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਬਾਬੂ ਹਰਨਾਮ ਸਿੰਘ ਸਮੇਤ ਸੱਤ ਦੇਸ਼ ਭਗਤਾਂ ਨੂੰ ਫਾਂਸੀ ਅਤੇ ਛੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 14 ਨਵੰਬਰ 1916 ਨੂੰ ਬਾਬੂ ਹਰਨਾਮ ਸਿੰਘ ਫਾਂਸੀ ਦਾ ਰੱਸਾ ਚੁੰਮ ਕੇ ਸ਼ਹਾਦਤ ਦਾ ਜਾਮ ਪੀ ਗਿਆ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।