ਕੇਜਰੀਵਾਲ ਦੇ ਝੂਠ ਦਾ ਹੋਇਆ ਪਰਦਾਫਾਸ਼

ਕੇਜਰੀਵਾਲ ਦੇ ਝੂਠ ਦਾ ਹੋਇਆ ਪਰਦਾਫਾਸ਼

ਦਾਅਵਾ ਕੀਤਾ ਸੀ ਕਿ- ਸ਼ਰਾਬ ਘੁਟਾਲੇ ਵਿਚ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ ਦਿੱਤੀ ਕਲੀਨ ਚਿੱਟ, ਜਦਕਿ ਸਿਸੋਦੀਆ ਨੂੰ ਜ਼ਮਾਨਤ ਨਹੀਂ ਮਿਲੀ ,ਨਾ ਰਿਹਾਅ ਹੋਏ!

*ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 23 ਮਈ ਤੱਕ ਵਧੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ: ਸ਼ਰਾਬ ਘੁਟਾਲੇ ਵਿਚ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਜਮਾਨਤ ਨਾ ਹੋਣ ਕਾਰਣ ਕੇਜਰੀਵਾਲ ਦੀ ਸਿਆਸਤ ਨੂੰ ਇੱਕ ਵਾਰ ਫਿਰ ਝਟਕਾ ਲੱਗਾ ਹੈ। ਉਸ ਨੂੰ ਜੇਲ੍ਹ ਵਿਚੋਂ ਬਾਹਰ ਆਉਣ ਲਈ ਹੋਰ ਸਮਾਂ ਲੱਗ ਸਕਦਾ ਹੈ। ਸਿਸੋਦੀਆ ਦੀ ਨਿਆਂਇਕ ਹਿਰਾਸਤ 23 ਮਈ ਤੱਕ ਵਧਾ ਦਿੱਤੀ ਗਈ ਹੈ। ਰਉਜ਼ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਉਸ ਨੂੰ ਰਾਹਤ ਨਹੀਂ ਦਿੱਤੀ ਹੈ। ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦੇ ਸਾਰੇ ਆਗੂ ਝੂਠੇ ਦਾਅਵੇ ਕਰਨ ਵਿੱਚ ਲੱਗੇ ਹੋਏ ਹਨ ਕਿ ਅਦਾਲਤ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ। ਇਸ ਦੇ ਲਈ ਉਹਨਾਂ ਵਲੋਂ 6 ਮਈ ਦੇ ਹੁਕਮਾਂ ਦੇ ਕੁਝ ਹਿੱਸਿਆਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਸ ਹੁਕਮ ਵਿੱਚ ਦੋ ਮੁਲਜ਼ਮਾਂ ਰਾਜੇਸ਼ ਜੋਸ਼ੀ ਅਤੇ ਗੌਤਮ ਮਲਹੋਤਰਾ ਨੂੰ ਜ਼ਮਾਨਤ ਦਿੱਤੀ ਗਈ ਸੀ। ਹਾਲਾਂਕਿ, ਹੁਕਮ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸਵਾਲ ਇਹ ਵੀ ਹੈ ਕਿ ਜੇਕਰ ਪਹਿਲੀ ਨਜ਼ਰੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਮਨੀਸ਼ ਸਿਸੋਦੀਆ ਨੂੰ ਹੁਣ ਤੱਕ ਅਦਾਲਤ ਤੋਂ ਰਾਹਤ ਕਿਉਂ ਨਹੀਂ ਮਿਲੀ। ਸੁਪਰੀਮ ਕੋਰਟ ਨੇ ਵੀ ਉਸ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰੀ ਕਿਉਂ ਹੈ?

ਮਨੀਸ਼ ਸਿਸੋਦੀਆ ਨੂੰ ਸੋਮਵਾਰ ਦੌਰਾਨ ਰਾਜਧਾਨੀ ਦੀ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸ਼ਰਾਬ ਘੁਟਾਲੇ ਵਿੱਚ ਉਸ ਦੀ ਨਿਆਂਇਕ ਹਿਰਾਸਤ ਖ਼ਤਮ ਹੋ ਰਹੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਸ ਮਾਮਲੇ 'ਵਿਚ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਅਦਾਲਤ ਮਨੀਸ਼ ਸਿਸੋਦੀਆ ਦੀ ਹਿਰਾਸਤ ਵਿਚ 23 ਮਈ ਤੱਕ ਵਾਧਾ ਕਰ ਦਿਤਾ ਹੈ। ਮਤਲਬ ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ।ਅਦਾਲਤ ਨੇ 28 ਅਪ੍ਰੈਲ ਨੂੰ ਮਨੀ ਲਾਂਡਰਿੰਗ ਤੇ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 31 ਮਾਰਚ ਦੌਰਾਨ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।

 ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਜ਼ਮਾਨਤ ਦੇ ਬਾਅਦ ਆਪ ਦਾ ਦਾਅਵਾ ਹੈ ਕਿ ਇਸ ਮਾਮਲੇ ਵਿਚ ਬੀਤੇ ਦਿਨੀਂ ਦੋ ਦੋਸ਼ੀਆਂ ਨੂੰ ਅਦਾਲਤ ਨੇ ਜਮਾਨਤ ਦੇ ਦਿੱਤੀ ਸੀ। ਇਨ੍ਹਾਂ ਦੇ ਨਾਂ ਰਾਜੇਸ਼ ਜੋਸ਼ੀ ਅਤੇ ਗੌਤਮ ਮਲਹੋਤਰਾ ਹਨ। ਉਨ੍ਹਾਂ ਨੂੰ 2-2 ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ਰਾਸ਼ੀ ਦੇਣ 'ਤੇ ਰਾਹਤ ਦਿੱਤੀ ਗਈ। ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਸਬੂਤ ਉਸ ਵਿਰੁੱਧ ਕੇਸ ਨੂੰ ਪਹਿਲੀ ਨਜ਼ਰੇ 'ਅਸਲ' ਮੰਨਣ ਲਈ ਕਾਫੀ ਨਹੀਂ ਹਨ। ਇਸ ਹੁਕਮ ਦੇ ਆਧਾਰ 'ਤੇ 'ਆਪ' ਨੇਤਾਵਾਂ ਅਤੇ ਸੀਐਮ ਕੇਜਰੀਵਾਲ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਅਦਾਲਤ ਨੇ ਸ਼ਰਾਬ ਘੁਟਾਲੇ 'ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਅਸਲੀਅਤ ਇਹ ਹੈ ਕਿ ਉਸ ਨੂੰ ਜ਼ਮਾਨਤ ਹੀ ਮਿਲੀ ਹੈ। ਬਰੀ ਨਹੀਂ ਕੀਤਾ ਗਿਆ ਹੈ। ਲੋਕਾਂ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਦਾ ਜ਼ਮਾਨਤ ਸੰਬੰਧੀ ਹੁਕਮ ਉਸ ਦਾ ਫੈਸਲਾ ਨਹੀਂ ਹੈ।

ਇਸ ਸਬੰਧੀ ਭਾਜਪਾ ਵੀ ਹਮਲਾਵਰ ਹੈ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਦੋਸ਼ ਲਾਇਆ ਕਿ ‘ਆਪ’ ਆਗੂ ਅਦਾਲਤ ਦੇ 6 ਮਈ ਦੇ ਜ਼ਮਾਨਤ ਹੁਕਮਾਂ ਦੇ ਕੁਝ ਹਿੱਸਿਆਂ ਦੀ ਵਰਤੋਂ ਕਰਕੇ ‘ਝੂਠ ਫੈਲਾਉਣ’ ਲਈ ਪ੍ਰੈਸ ਕਾਨਫਰੰਸ ਕਰ ਰਹੇ ਹਨ। ਸੱਚ ਤਾਂ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਡਰੇ ਹੋਏ ਹਨ। ਸ਼ਰਾਬ ਘੁਟਾਲੇ ਤੇ ਮਨੀ ਲਾਡਰਿੰਗ ਮਾਮਲੇ ਵਿਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਤ ਹਨ।