ਸਿੱਖ ਵਿਰਾਸਤ ਨੂੰ ਸੰਭਾਲਣ ਦੀ ਲੋੜ

ਸਿੱਖ ਵਿਰਾਸਤ ਨੂੰ ਸੰਭਾਲਣ ਦੀ ਲੋੜ

 ਸਾਡਾ ਵਿਰਸਾ   

 ਤਲਵਿੰਦਰ ਸਿੰਘ ਬੁਟਰ

ਸਿੱਖ ਧਰਮ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਨਵਾਂ ਧਰਮ ਹੈ, ਪਰ ਇਸ ਨੇ ਪੰਜ ਸਦੀਆਂ ਦੇ ਛੋਟੇ ਜਿਹੇ ਅਰਸੇ ਦੌਰਾਨ ਹੀ ਆਪਣੀ ਵਿਰਾਸਤ ਦੀਆਂ ਬਹੁਤ ਸਾਰੀਆਂ ਭੁਗੋਲਿਕ ਤੇ ਭੌਤਿਕ ਨਿਸ਼ਾਨੀਆਂ ਗੁਆ ਲਈਆਂ ਹਨ, ਜਦੋਂ ਕਿ ਇਸ ਦੇ ਮੁਕਾਬਲੇ ਦੁਨੀਆ ਦੀਆਂ ਵਿਕਸਿਤ ਤੇ ਅਗਾਂਹਵਧੂ ਕੌਮਾਂ ਨੇ ਆਪਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਵਿਰਾਸਤੀ ਨਿਸ਼ਾਨੀਆਂ ਨੂੰ ਵੀ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਹੋਇਆ ਹੈ ਯਹੂਦੀਆਂ ਦੀ ਯੇਰੂਸ਼ਲਮ ਸਥਿਤ ਹਜ਼ਾਰਾਂ ਸਾਲ ਪੁਰਾਣੀ ਵੇਲਿੰਗ ਕੰਧ, ਏਥਨਜ਼ (ਯੂਨਾਨ) ਵਿਖੇ ਦੁਨੀਆ ਦੇ ਸਭ ਤੋਂ ਪੁਰਾਣੇ ਖੰਡਰ, ਬੀਜਿੰਗ (ਚੀਨ) ਵਿਚ ਮਹਾਤਮਾ ਬੁੱਧ ਦੇ ਬਣੇ ਪੁਰਾਣੇ ਮੰਦਰ ਅਤੇ ਰੋਮ ਵਿਖੇ ਇਸਾਈਆਂ ਦੇ ਇਕ ਹਜ਼ਾਰ ਸਾਲ ਪੁਰਾਣੇ ਚਰਚ ਨੂੰ ਢਾਹ ਕੇ ਨਵਾਂ ਬਣਾਉਣ ਬਾਰੇ ਅਜੇ ਤੱਕ ਕਿਸੇ ਨੇ ਸੋਚਿਆ ਤੱਕ ਨਹੀਂ ਹੈ ਪਰ ਸਿੱਖਾਂ ਕੋਲੋਂ ਮਹਿਜ਼ 400-500 ਸਾਲ ਪੁਰਾਣੀਆਂ ਗੁਰੂ ਸਾਹਿਬਾਨ ਦੀਆਂ ਪਾਵਨ ਚਰਨ-ਛੋਹ ਪ੍ਰਾਪਤ ਵਿਰਾਸਤਾਂ ਹੀ ਸਾਂਭੀਆਂ ਨਹੀਂ ਗਈਆਂਸਿੱਖਾਂ ਨੇ ਆਪਣੀਆਂ ਵਿਰਾਸਤੀ ਧਰੋਹਰਾਂ ਦਾ ਨੁਕਸਾਨ ਪਿਛਲੇ 50 ਸਾਲਾਂ ਦੌਰਾਨ ਹੀ ਏਨਾ ਕਰਵਾਇਆ ਹੈ, ਜਿੰਨਾ ਕਿ ਗੁਰੂ ਕਾਲ ਤੋਂ ਲੈ ਕੇ ਮੁਗ਼ਲ ਕਾਲ ਵਰਗੇ ਬਿਖੜੇ ਅਤੇ ਖ਼ੂਨੀ ਦੌਰ ਦੌਰਾਨ ਵੀ ਨਹੀਂ ਹੋ ਸਕਿਆ। ਜੇਕਰ ਗੱਲ ਸ਼ੁਰੂ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਤਾਂ ਇਹ ਸਭ ਤੋਂ ਪਹਿਲਾ ਗੁਰਦੁਆਰਾ ਹੈ, ਜੋ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਲਖਮੀ ਦਾਸ ਅਤੇ ਬਾਬਾ ਧਰਮ ਚੰਦ ਨੇ ਬਣਾਇਆ ਸੀ, ਜਿਸ ਨੂੰ 'ਕਾਲੂ ਕਾ ਕੋਠਾ' ਆਖਿਆ ਜਾਂਦਾ ਸੀ। ਅਕਾਲੀ ਫੂਲਾ ਸਿੰਘ ਦੇ ਕਹਿਣ 'ਤੇ 1804 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਮੌਜੂਦਾ ਇਮਾਰਤ ਤਿਆਰ ਕਰਵਾਈ। ਜਨਮ ਅਸਥਾਨ ਦੇ ਆਲੇ-ਦੁਆਲੇ ਵਾਲੇ ਵਰਾਂਡੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਵੇਲੇ ਸੰਨ 1969 'ਚ ਤਾਮੀਰ ਕਰਵਾਏ ਗਏ। ਸ੍ਰੀ ਨਨਕਾਣਾ ਸਾਹਿਬ ਦੇ ਵਾਸੀਆਂ ਅਨੁਸਾਰ ਇੱਥੇ ਵੀ ਜਨਮ ਅਸਥਾਨ ਵਾਲਾ ਮੂਲ ਥੜ੍ਹਾ ਸਾਹਿਬ, ਪਹਿਲਾਂ ਨਾਲੋਂ ਢਾਈ-ਤਿੰਨ ਫੁੱਟ ਨੀਵਾਂ ਕਰ ਦਿੱਤਾ ਗਿਆ ਹੈ। ਪਿਛਲੇ ਸਾਲਾਂ ਦੌਰਾਨ ਨਨਕਾਣਾ ਸਾਹਿਬ ਸਥਿਤ ਹੀ ਗੁਰਦੁਆਰਾ ਤੰਬੂ ਸਾਹਿਬ ਦੀ ਪੁਰਾਤਨ ਇਮਾਰਤ ਵੀ ਢਾਹ ਕੇ ਉੱਥੇ ਨਵੀਂ ਇਮਾਰਤ ਬਣਾ ਦਿੱਤੀ ਗਈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਦੀ ਜਿਹੜੀ ਪੁਰਾਤਨ ਇਮਾਰਤ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਵਲੋਂ ਅਤੇ ਗੁੰਬਦ ਦੇ ਉੱਪਰ ਸੋਨੇ ਦੀ ਸੇਵਾ ਮਹਾਰਾਣੀ ਚੰਦ ਕੌਰ ਵਲੋਂ ਕਰਵਾਈ ਗਈ ਸੀ, ਪਿਛਲੇ ਸਾਲਾਂ ਦੌਰਾਨ ਉਹ ਇਤਿਹਾਸਕ ਇਮਾਰਤ ਢਾਹ ਕੇ ਹੁਣ ਕਾਰ-ਸੇਵਾ ਰਾਹੀਂ ਸੰਗਮਰਮਰ ਦੀ ਨਵੀਂ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਖੇ ਸਰਦਾਰ ਹਰੀ ਸਿੰਘ ਨਲੂਆ ਨੇ ਸੁੰਦਰ ਇਮਾਰਤ ਤਿਆਰ ਕਰਵਾਈ ਸੀ, ਜੋ ਸਿੱਖ ਭਵਨ ਨਿਰਮਾਣ ਕਲਾ ਦਾ ਸੁੰਦਰ ਨਮੂਨਾ ਸੀ, ਉਹ ਵੀ ਪਿਛਲੇ ਦਹਾਕਿਆਂ ਦੌਰਾਨ ਕਾਰ-ਸੇਵਾ ਦੀ ਭੇਟ ਚੜ੍ਹ ਗਈ। ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਦਾ ਪੁਰਾਤਨ ਘਰ ਵੀ ਮੌਜੂਦ ਸੀ, ਜੋ ਕਿ ਪਿਛਲੇ ਦਹਾਕਿਆਂ ਦੌਰਾਨ ਅਲੋਪ ਹੋ ਗਿਆ। ਗੱਲ ਕੀ ਅੱਧੀ ਸਦੀ ਪਹਿਲਾਂ ਤੱਕ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਬਹੁਤ ਸਾਰੇ ਨਾਨਕਸ਼ਾਹੀ ਇੱਟ ਦੇ ਬਣੇ ਘਰ ਮੌਜੂਦ ਸਨ, ਜਿਵੇਂ ਕਿ ਗੁਰੂ ਕੀ ਵਡਾਲੀ ਜਨਮ ਅਸਥਾਨ, ਖਡੂਰ ਸਾਹਿਬ, ਸੰਨ੍ਹ ਸਾਹਿਬ, ਬਾਸਰਕੇ ਗਿੱਲਾਂ, ਗੋਇੰਦਵਾਲ ਸਾਹਿਬ ਅਤੇ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਦਾ ਪੁਰਾਤਨ ਘਰ। ਪਰ ਅੱਜ ਕੋਈ ਵੀ ਪੁਰਾਣਾ ਘਰ ਅਤੇ ਪੁਰਾਣੀ ਨਾਨਕਸ਼ਾਹੀ ਇੱਟ ਦੀ ਇਮਾਰਤ ਇਨ੍ਹਾਂ ਅਸਥਾਨਾਂ ਦੇ ਨੇੜੇ ਵੀ ਲੱਭਣੀ ਮੁਸ਼ਕਿਲ ਹੈ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਹੜੀ ਜਗ੍ਹਾ ਹੈ, ਜਿਸ ਨੂੰ ਗੁਰੂ-ਸਾਹਿਬਾਨ ਵੇਲੇ ਦੀ ਆਖਿਆ ਜਾ ਸਕਦਾ ਹੈ? ਗੁਰਦੁਆਰਾ ਸੀਸ ਗੰਜ ਸਾਹਿਬ ਦਾ ਅੰਦਰੂਨੀ ਥੜ੍ਹਾ ਸਾਹਿਬ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਸਸਕਾਰ ਵਾਲੀ ਜਗ੍ਹਾ 'ਤੇ ਉਸਾਰਿਆ ਸੀ, ਤੋਂ ਇਲਾਵਾ ਕੋਈ ਵੀ ਪੁਰਾਤਨ ਅਸਥਾਨ ਨਹੀਂ ਰਹਿਣ ਦਿੱਤਾ ਗਿਆ। ਕਾਰ-ਸੇਵਾ ਰਾਹੀਂ ਸਾਰੇ ਪੁਰਾਣੇ ਅਵਸ਼ੇਸ਼ ਢਾਹ ਕੇ ਸੰਗਮਰਮਰੀ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਸੰਨ 1985-88 ਦੌਰਾਨ ਕੇਂਦਰ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਦੁਆਲੇ ਗਲਿਆਰਾ ਉਸਾਰੀ ਵੇਲੇ ਵੀ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ, ਬਾਜ਼ਾਰ ਅਤੇ ਬੁੰਗੇ ਢਾਹ ਦਿੱਤੇ ਗਏ ਦਰ ਹਕੀਕਤ ਗੁਰੂ-ਕਾਲ ਜਾਂ ਸਿੱਖ ਇਤਿਹਾਸ ਦੀਆਂ ਵਿਰਾਸਤੀ ਇਮਾਰਤਾਂ ਸਿਰਫ਼ ਪੁਰਾਤਨ ਨਾਨਕਸ਼ਾਹੀ ਇੱਟਾਂ ਕਰਕੇ ਹੀ ਮਹੱਤਤਾ ਨਹੀਂ ਰੱਖਦੀਆਂ ਬਲਕਿ ਇਹ ਸਿੱਖ ਭਵਨ ਨਿਰਮਾਣ ਕਲਾ ਅਤੇ ਹੋਰ ਸੂਖਮ ਕਲਾਵਾਂ ਦਾ ਇਕ ਅਦੁੱਤੀ ਫ਼ਲਸਫ਼ਾ ਆਪਣੇ ਅੰਦਰ ਸਮੋਈ ਬੈਠੀਆਂ ਹਨ। ਇਨ੍ਹਾਂ ਨੂੰ ਸਿਰਫ਼ ਪੁਰਾਣੀਆਂ ਤੇ ਅਸੁਰੱਖਿਅਤ ਇਮਾਰਤਾਂ ਆਖ ਕੇ ਢਾਹ ਦੇਣਾ ਸਿੱਖ ਵਿਰਾਸਤ ਅਤੇ ਸਿੱਖ ਫ਼ਲਸਫ਼ੇ ਦਾ ਘਾਣ ਕਰਨ ਬਰਾਬਰ ਹੈ।

ਅਜੇ ਵੀ ਸਮਾਂ ਰਹਿੰਦਿਆਂ ਸ਼੍ਰੋਮਣੀ ਕਮੇਟੀ ਅਤੇ ਸਮਰੱਥ ਸਿੱਖ ਸੰਸਥਾਵਾਂ ਨੂੰ ਭਵਿੱਖ ਲਈ ਇਹੋ ਜਿਹਾ ਪੱਕਾ ਬਾਨਣੂੰ ਬੰਨ੍ਹਣ ਦੀ ਲੋੜ ਹੈ ਕਿ ਕਿਸੇ ਵੀ ਇਤਿਹਾਸਕ ਅਸਥਾਨ ਦੇ ਨਵੀਨੀਕਰਨ ਤੋਂ ਪਹਿਲਾਂ ਪੁਰਾਤੱਤਵ ਮਾਹਰਾਂ ਦੀ ਰਾਇ ਲਈ ਜਾਵੇ। ਰਹਿੰਦੀਆਂ ਪੁਰਾਤਨ ਇਮਾਰਤਾਂ ਤੇ ਵਿਰਾਸਤਾਂ ਨੂੰ ਤਕਨੀਕ ਦੇ ਜ਼ਰੀਏ ਜਿਉਂ ਦੀ ਤਿਉਂ ਸੰਭਾਲਣ ਦੇ ਹਰ ਸੰਭਵ ਯਤਨ ਕੀਤੇ ਜਾਣ। ਕਿਸੇ ਵੀ ਇਤਿਹਾਸਕ ਅਸਥਾਨ ਨੇੜੇ ਕਿਸੇ ਉਸਾਰੀ ਤੇ ਖ਼ੁਦਾਈ ਤੋਂ ਪਹਿਲਾਂ ਉਸ ਦਾ ਨਕਸ਼ਾ ਤਿਆਰ ਕੀਤਾ ਜਾਵੇ ਅਤੇ ਖ਼ੁਦਾਈ ਵੇਲੇ ਜੇਕਰ ਕੋਈ ਵੀ ਪੁਰਾਤਨ ਅਵਸ਼ੇਸ਼ ਮਿਲਦੇ ਹਨ ਤਾਂ ਉਨ੍ਹਾਂ ਨੂੰ ਕਾਹਲੀ ਵਿਚ ਢਾਹੁਣ ਦੀ ਬਜਾਇ, ਸਭ ਤੋਂ ਪਹਿਲਾਂ ਉਸ ਦੀ ਪੁਰਾਤੱਤਵ ਮਾਹਰਾਂ ਕੋਲੋਂ ਘੋਖ-ਪੜਤਾਲ ਕਰਵਾਈ ਜਾਵੇ। ਦੇਸ਼-ਵਿਦੇਸ਼ 'ਚ ਸਥਿਤ ਇਤਿਹਾਸਕ ਗੁਰਦੁਆਰਿਆਂ, ਵਿਰਾਸਤੀ ਇਮਾਰਤਾਂ ਅਤੇ ਅਸਥਾਨਾਂ ਸਬੰਧੀ ਵਿਸਥਾਰਤ ਜਾਣਕਾਰੀ ਸਹਿਤ ਪੰਥਕ ਰਿਕਾਰਡ ਵਜੋਂ ਇਕ ਡਾਇਰੈਕਟਰੀ ਤਿਆਰ ਕਰਵਾਉਣੀ ਚਾਹੀਦੀ ਹੈ ਗੁਰੂ ਕਾਲ ਜਾਂ ਸਿੱਖ ਕਾਲ ਵੇਲੇ ਦੇ ਜਿਹੜੇ ਇਤਿਹਾਸਕ ਗੁਰਦੁਆਰੇ, ਬੁੰਗੇ ਤੇ ਹੋਰ ਵਿਰਾਸਤੀ ਇਮਾਰਤਾਂ ਬਣੀਆਂ ਹਨ, ਉਨ੍ਹਾਂ ਵਿਚਲੀ ਸਿੱਖ ਭਵਨ ਤੇ ਨਿਰਮਾਣ ਕਲਾ 'ਤੇ ਅਕਾਦਮਿਕ ਪੱਧਰ 'ਤੇ ਵਧੇਰੇ ਖੋਜ ਕਾਰਜਾਂ ਦੀ ਪਿਰਤ ਪਾਉਣ ਦੀ ਵੀ ਲੋੜ ਹੈ।