ਰੂਹਾਨੀਅਤ ਦਾ ਮੁਜੱਸਮਾ :ਡਾ. ਸਰਬਜਿੰਦਰ ਸਿੰਘ ਜੀ

ਗਿਆਨ ਦੀ ਰੋਸ਼ਨੀ ਦੇ ਉਹ ਸੋਮੇ, ਜੋ ਅਗਿਆਨ ਦਾ ਹਨੇਰਾ ਦੂਰ ਕਰ ਕੇ ਇਲਾਹੀ ਸੋਚ ਦਾ ਇਲਮ ਕਰਵਾਉਂਦੇ ਹਨ.
ਡਾ. ਸਰਬਜਿੰਦਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹ ਅਨਮੋਲ ਹੀਰੇ ਹਨ , ਜਿਨ੍ਹਾਂ ਦੀ ਚਮਕ ਨਾਲ ਪੰਜਾਬੀ ਯੂਨੀਵਰਸਿਟੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਚਮਕਦਾ ਹੈ। ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਪਹਿਲਕਦਮੀ ਚਾਰ ਚੁਫ਼ੇਰੇ ਇਕ ਅਜੇਹੀ ਰੂਹਾਨੀਅਤ ਦਾ ਮੰਜ਼ਰ ਭਰ ਦਿੰਦੀ ਸੀ ਜਿਸ ਵਿੱਚ ਗਿਆਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦੇ ਸਨ, ਮੈਂ ਖ਼ੁਦ ਇਸ ਚੀਜ਼ ਨੂੰ ਮਹਿਸੂਸ ਕੀਤਾ ਹੈ ।
ਯੂਨੀਵਰਸਿਟੀ ਵਿੱਚ ਬਿਤਾਏ ਛੇ ਸਾਲਾਂ ਦੌਰਾਨ ਅੱਜ ਐਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਚਾਰੇ ਪਾਸੇ ਕੋਈ ਅਜੀਬ ਜਿਹਾ ਸੰਨਾਟਾ ਛਾਇਆ ਹੋਵੇ। ਜੋ ਰੌਣਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾ ਸਰਬਜਿੰਦਰ ਸਿੰਘ ਜੀ ਨਾਲ ਸੀ ਉਸ ਰੌਣਕ ਵਿੱਚ ਬਹੁਤ ਵੱਡੀ ਘਾਟ ਆ ਗਈ ਹੈ ਕਿਉਂਕਿ ਅੱਜ ਉਹ ਰੋਣਕ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚਲੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਭਵਨ ਜਿੱਥੇ ਅਕਾਲ ਦਾ ਵਾਸ ਹੈ , ਤੇ ਬ੍ਰਹਿਮੰਡੀ ਨਾਦ ਦਾ ਰਾਗ ਸੁਰੀਲੀ ਆਵਾਜ਼ ਵਿਚ ਗੂੰਜਦਾ ਰਹਿੰਦਾ ਹੈ , ਪਰ ਇਸ ਨੂੰ ਮਹਿਸੂਸ ਉਹ ਹੀ ਇਨਸਾਨ ਕਰ ਸਕਦਾ ਹੈ ਜਿਸ ਨੇ ਡਾ ਸਰਬਜਿੰਦਰ ਸਿੰਘ ਜੀ ਦੀਆਂ ਉਨ੍ਹਾਂ ਗੱਲਾਂ ਨੂੰ ਸਮਝਿਆ ਹੋਵੇ ਉਨ੍ਹਾਂ ਦੇ ਬੋਲਾਂ ਦਾ ਨਿੱਘ ਮਾਣਿਆ ਹੋਵੇ ਜਿਨ੍ਹਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਤੇ ਅਕਾਲ ਦੀ ਉਸਤਤ ਦਾ ਰਾਹ ਦੱਸਿਆ ਸੀ ।
ਕੁਦਰਤ ਦੀਆਂ ਰਮਜ਼ਾਂ ਵਿਚ ਡਾ ਸਰਬਜਿੰਦਰ ਸਿੰਘ ਜੀ ਦਿਆਲਤਾ ਸਹਿਣਸ਼ੀਲਤਾ ਦਾ ਉਹ ਮੁਜੱਸਮਾ ਹਨ ਜਿਨ੍ਹਾਂ ਤੋਂ ਹਰ ਇਕ ਇਨਸਾਨ ਪ੍ਰਭਾਵਿਤ ਹੁੰਦਾ ਹੈ । ਉਨ੍ਹਾਂ ਦੀ ਬੋਲ ਚਾਲ ਤੇ ਵਿਦਿਆਰਥੀਆਂ ਨਾਲ ਗੱਲ ਕਰਨ ਦਾ ਸਲੀਕਾ ਮਨ ਨੂੰ ਟੁੰਬਦਾ ਹੈ । ਕਿਸੇ ਨੇ ਠੀਕ ਹੀ ਕਿਹਾ ਹੈ ਵੱਡਾ ਬੰਦਾ ਉਹ ਹੁੰਦਾ ਹੈ ਜਿਸ ਕੋਲ ਬੈਠੇ ਬੰਦੇ ਨੂੰ ਆਪਣਾ ਛੋਟੇ ਹੋਣ ਦਾ ਅਹਿਸਾਸ ਨਾ ਹੋਵੇ ।ਹਰ ਇਕ ਇਨਸਾਨ ਨੂੰ ਹੱਸ ਕੇ ਮਿਲਣਾ, ਕਦੇ ਮੱਥੇ ਵੱਟ ਨਾ ਪਾਉਣਾ , ਖਿੜੇ ਮੱਥੇ ਹਰ ਇੱਕ ਦਾ ਸਵਾਗਤ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਖ਼ੂਬੀ ਹੈ ਜੋ ਦੂਜੇ ਲੋਕਾਂ ਨੂੰ ਉਨ੍ਹਾਂ ਨਾਲ ਜੋੜਦੀ ਹੈ ।
ਰਹਿਬਰਾਂ, ਯੋਧਿਆਂ , ਤੇ ਅਕਾਲ ਨੂੰ ਸਮਰਪਿਤ ਉਨ੍ਹਾਂ ਦੀਆਂ ਪੁਸਤਕਾਂ ਜੀਵਨ ਨੂੰ ਉਹ ਸੇਧ ਬਖਸ਼ਿਸ਼ ਕਰਦੀਆਂ ਹਨ ਜਿਸ ਤੇ ਚੱਲ ਕੇ ਬ੍ਰਹਿਮੰਡੀ ਸੋਚ ਦਾ ਅਨੁਭਵ ਮਹਿਸੂਸ ਕੀਤਾ ਜਾਂਦਾ ਹੈ। ਹਰ ਵਕਤ ਮੁਸਕੁਰਾਉਂਦਾ ਚਿਹਰਾ ਜਿਸ ਨੂੰ ਵੇਖ ਕੇ ਇਨਸਾਨ ਆਪਣਾ ਦਰਦ ਭੁੱਲ ਜਾਂਦਾ ਹੈ । ਅਜੇਹੀ ਰੂਹਾਨੀਅਤ ਰੂਹ ਦਾ ਮੁਜਸਮਾਂ ਡਾ ਸਰਬਜਿੰਦਰ ਸਿੰਘ ਜੀ ਜਿਨ੍ਹਾਂ ਦੀ ਛਤਰ ਛਾਇਆ ਹੇਠ ਮੈਂ ਗਿਆਨ ਪ੍ਰਾਪਤ ਕਰ ਰਹੀ ਹਾਂ । ਸ਼ਬਦਾਂ ਦਾ ਜੋ ਅੱਜ ਭੰਡਾਰ, ਸੱਚ ਦਾ ਕੁਝ ਕੁ ਗਿਆਨ ਮੈਂ ਆਪਣੀ ਝੋਲੀ ਵਿੱਚ ਲਈ ਬੈਠੀ ਹਾਂ ਉਹ ਸਭ ਕੁਝ ਡਾ. ਸਰਬਜਿੰਦਰ ਸਿੰਘ ਜੀ ਦੀ ਬਦੌਲਤ ਹੈ । ਜੋ ਮੇਰੇ ਗੁਰੂ ਤੇ ਗਿਆਨ ਦੇ ਸੋਮੇ ਹਨ ।
ਡਾ. ਸਰਬਜਿੰਦਰ ਸਿੰਘ ਜੀ ਇਕ ਅਜਿਹੀ ਰੱਬੀ ਰੂਹ ਹਨ, ਜਿਨ੍ਹਾਂ ਦੀ ਜੇਕਰ ਸ਼ਖ਼ਸੀਅਤ ਲਿਖੀ ਜਾਵੇ ਤਾਂ ਉਸ ਨੂੰ ਬਿਆਨ ਕਰਨ ਦੇ ਲਈ ਸ਼ਬਦ ਕਦੇ ਵੀ ਖ਼ਤਮ ਨਹੀਂ ਹੋਣਗੇ । ਇਨ੍ਹਾਂ ਕੁਝ ਕੁ ਹਰਫ਼ਾਂ ਵਿੱਚ ਬਿਆਨ ਕੀਤੀ ਗਈ ਇਹ ਦਾਸਤਾਨ ਕੇਵਲ ਤੇ ਕੇਵਲ ਉਨ੍ਹਾਂ ਦੀ ਇਕ ਝਲਕ ਹੈ । ਅਕਾਲ ਪੁਰਖ ਪਰਮ ਪਿਤਾ ਪ੍ਰਮਾਤਮਾ ਅੱਗੇ ਸਦੈਵ ਇਹ ਹੀ ਅਰਦਾਸ ਰਹਿੰਦੀ ਹੈ , ਕੀ ਗਿਆਨ ਦੇ ਸੋਮੇ ਡਾ .ਸਰਬਜਿੰਦਰ ਸਿੰਘ ਜੀ ਨੂੰ ਸਦੈਵ ਚੜ੍ਹਦੀ ਕਲਾ ਵਿੱਚ ਰਹਿਣ , ਤੇ ਵਾਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਬਖ਼ਸ਼ਣ ਤਾਂ ਜੋ ਉਨ੍ਹਾਂ ਦੀ ਛਤਰ ਛਾਇਆ ਹੇਠ ਗਿਆਨ ਪ੍ਰਾਪਤ ਕਰਨ ਵਾਲੀਆਂ ਰੂਹਾਂ ਦੀ ਗਿਣਤੀ ਭਰਮਾਰ ਹੋ ਸਕੇ ।
ਸਰਬਜੀਤ ਕੌਰ "ਸਰਬ'
Comments (0)