ਖਾਲਸਾ ਰਾਜ ਦਾ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ

ਖਾਲਸਾ ਰਾਜ ਦਾ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ

ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਦੋ ਸਾਲ ਬਾਅਦ ਲਾਹੌਰ ਤੋਂ ਕਸੂਰ ਦੇ ਵਿਚਕਾਰ ਵਸੇ ਪਿੰਡ ਆਹਲੂ ਵਿਖੇ ਸ. ਬਦਰ ਸਿੰਘ ਦੇ ਘਰ 3 ਮਈ 1718 ਨੂੰ ਹੋਇਆ।

 ਬਾਬਾ ਜੱਸਾ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਇਨ੍ਹਾਂ ਦੀ ਮਾਤਾ ਇਨ੍ਹਾਂ ਨੂੰ ਮਾਤਾ ਸੁੰਦਰੀ ਜੀ ਪਾਸ ਦਿੱਲੀ ਲੈ ਗਏ। ਸੰਨ 1729 ਵਿਚ ਮਾਤਾ ਜੀ ਦਾ ਭਰਾ ਸ. ਭਾਗ ਸਿੰਘ ਇਨ੍ਹਾਂ ਨੂੰ ਜਲੰਧਰ ਲੈ ਆਇਆ, ਕਿਉਂਕਿ ਆਹਲੂ ਪਿੰਡ ਲਾਹੌਰ ਨੇੜੇ ਸੀ ਤੇ ਹਾਲਾਤ ਸਾਜ਼ਗਾਰ ਨਹੀਂ ਸਨ। ਨਵਾਬ ਕਪੂਰ ਸਿੰਘ ਦਾ ਦਲ ਜਲੰਧਰ ਦੇ ਨਜ਼ਦੀਕ ਕਰਤਾਰਪੁਰ ਰੁਕਿਆ ਹੋਇਆ ਸੀ। ਜਿੱਥੇ ਇਹ ਆਪਣੀ ਮਾਤਾ ਤੇ ਮਾਮਾ ਜੀ ਦੇ ਨਾਲ ਪੁੱਜੇ। ਕਿਉਂਕਿ ਦਿੱਲੀ ਮਾਤਾ ਸੁੰਦਰੀ ਜੀ ਪਾਸ ਇਨ੍ਹਾਂ ਦੀ ਮਾਤਾ ਜੀ ਕੀਰਤਨ ਕਰਦੇ ਸਨ ਤੇ ਇਹ ਆਪ ਦੁਤਾਰੇ ਨਾਲ ਸੰਗਤ ਕਰਦੇ ਸਨ। ਇਸ ਲਈ ਕਰਤਾਰਪੁਰ ਵੀ ਦਲ ਵਿਚ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਸਨ ਕਿ ਨਵਾਬ ਕਪੂਰ ਸਿੰਘ ਦੇ ਕੰਨੀਂ ਇਨ੍ਹਾਂ ਵਲੋਂ ਗਾਈ ਜਾ ਰਹੀ ਗੁਰਬਾਣੀ ਦੀਆਂ ਮਧੁਰ ਧੁਨਾਂ ਪਈਆਂ। ਜਿਸ ਨੂੰ ਸੁਣ ਕੇ ਨਵਾਬ ਸਾਹਿਬ ਗਦ-ਗਦ ਹੋ ਉੱਠੇ। ਉਨ੍ਹਾਂ ਨੇ ਸ. ਭਾਗ ਸਿੰਘ ਤੇ ਬਾਬਾ ਜੱਸਾ ਸਿੰਘ ਦੀ ਮਾਤਾ ਤੋਂ ਆਗਿਆ ਲੈ ਕੇ ਇਸ ਬਾਲ ਨੂੰ ਆਪਣੇ ਕੋਲ ਰੱਖ ਲਿਆ। ਦਿੱਲੀ ਰਹਿਣ ਕਰਕੇ ਇਨ੍ਹਾਂ ਦੀ ਬੋਲੀ ਵਿਚ ਹਿੰਦੀ ਦੇ ਸ਼ਬਦ ਸ਼ਾਮਿਲ ਹੋਣ ਕਾਰਨ ਕਈ ਸਿੰਘ ਇਨ੍ਹਾਂ ਨੂੰ 'ਹਮ ਕੋ ਤੁਮ ਕੋ' ਆਖ ਕੇ ਮਜ਼ਾਕ ਕਰਿਆ ਕਰਦੇ ਸਨ। ਇਕ ਵਾਰ ਇਨ੍ਹਾਂ ਨੇ ਇਸ ਦੀ ਸ਼ਿਕਾਇਤ ਨਵਾਬ ਕਪੂਰ ਸਿੰਘ ਪਾਸ ਕੀਤੀ। ਨਵਾਬ ਕਪੂਰ ਸਿੰਘ ਨੇ ਬਾਲਕ ਨੂੰ ਆਖਿਆ ਕਿ ਇਹ ਗੁਰੂ ਪੰਥ ਖ਼ਾਲਸਾ ਹੈ, 'ਮੈਨੂੰ ਨਵਾਬ ਬਣਾਇਆ ਕੀ ਪਤਾ ਤੈਨੂੰ ਪਾਤਸ਼ਾਹ ਬਣਾ ਦੇਵੇ'।

ਸੰਨ 1746 ਨੂੰ ਏਮਨਾਬਾਦ ਵਿਖੇ ਵੈਸਾਖੀ ਮਨਾਉਣ ਰੁਕੇ ਪੰਥ ਨਾਲ ਜਸਪਤਿ ਰਾਇ ਆ ਉਲਝਿਆ। ਬਾਬਾ ਜੱਸਾ ਸਿੰਘ ਆਹਲੂਵਾਲੀਆ ਮੁਹਰੈਲ ਸਿੱਖਾਂ 'ਚ ਉਸ ਵਕਤ ਹਾਜ਼ਰ ਸੀ। ਭਾਈ ਨਿਬਾਹੂ ਸਿੰਘ ਨੇ ਹਾਥੀ 'ਤੇ ਬੈਠੇ ਜਸਪਤਿ ਰਾਇ ਦਾ ਸਿਰ ਵੱਢ ਦਿੱਤਾ। ਉਸ ਦੇ ਭਰਾ ਲੱਖਪਤਿ ਰਾਇ ਜੋ ਲਾਹੌਰ ਦਾ ਦੀਵਾਨ ਸੀ, ਨੇ ਭਰੀ ਸਭਾ ਵਿਚ ਸਹੁੰ ਖਾ ਲਈ ਕਿ ਉਹ ਸਿੱਖਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲਵੇਗਾ। ਮਿਤੀ 17 ਮਈ 1746 ਨੂੰ ਉਸ ਨੇ ਸਿੱਖਾਂ ਨੂੰ ਕਾਹਨੂੰਵਾਨ ਦੇ ਛੰਭ ਵਿਖੇ ਆ ਘੇਰਾ ਪਾਇਆ। ਸਿੱਖ ਇਤਿਹਾਸ 'ਚ ਹੋਏ ਇਸ ਘੱਲੂਘਾਰੇ ਵਿਚ ਸੱਤ ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ ਅਤੇ 3000 ਨੂੰ ਫੜ ਲਿਆ ਗਿਆ ਪਰ  ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਸਿਆਣਪ ਤੇ ਸੁਘੜ ਨੀਤੀ ਨਾਲ ਬਾਕੀ ਸਿੱਖਾਂ ਨੂੰ ਸੁਰੱਖਿਅਤ ਕੱਢ ਕੇ ਸਤਲੁਜ ਪਾਰ ਕਰਵਾਉਣ 'ਚ ਮਦਦ ਕੀਤੀ।

1747 ਈ: ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ 'ਤੇ ਰੋਕ ਲਾਉਣ ਆਇਆ ਲਾਹੌਰ ਦਾ ਇਕ ਹਾਕਮ ਸਲਾਬਤ ਖਾਂ ਇਸ ਮਹਾਨ ਜਰਨੈਲ ਜੱਸਾ ਸਿੰਘ ਦੇ ਹੱਥੋਂ 1748 ਈ: ਵਿਚ ਮਾਰਿਆ ਗਿਆ। ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਸਰਬੱਤ ਖ਼ਾਲਸਾ 'ਚੋਂ ਨਵਾਬ ਕਪੂਰ ਸਿੰਘ ਦੀ ਸਲਾਹ ਨਾਲ ਇਨ੍ਹਾਂ ਨੂੰ ਪੰਥ ਦਾ ਆਗੂ ਪ੍ਰਵਾਨ ਕਰ ਲਿਆ ਗਿਆ। ਇਸ ਮੌਕੇ ਹੀ ਪੰਥ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਕਿਲ੍ਹਾ ਤਿਆਰ ਕੀਤਾ ਜਿਸ ਦਾ ਨਾਂਅ 'ਰਾਮਰੌਣੀ' ਰੱਖਿਆ ਗਿਆ। ਰਤਨ ਸਿੰਘ ਭੰਗੂ ਅਨੁਸਾਰ;

ਹੁਤੀ ਖੂਹੀ ਤਹ ਗੁਰੂ ਲਵਾਈ, ਤਿਹ ਥਾਂ ਲੀਨੀ ਨੀਂਵ ਧਰਾਈ।

ਆਪੇ ਰਾਜ ਆਪੇ ਮਜੂਰ, ਬਡੇ ਭੁਜੰਗੀ ਦਿਲ ਕੇ ਸੂਰ।

ਬਾਅਦ 'ਚ ਆਮ ਸਹਿਮਤੀ ਨਾਲ ਇਹ ਕਿਲ੍ਹਾ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਸਪੁਰਦ ਕਰ ਦਿੱਤਾ ਗਿਆ। ਮਿਤੀ 7 ਅਕਤੂਬਰ 1753 ਈਸਵੀ ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਨ੍ਹਾਂ ਨੂੰ ਪੰਥ ਨੇ ਆਪਣਾ ਜਥੇਦਾਰ ਥਾਪਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਇਹ ਸਰਬ-ਪ੍ਰਵਾਨਿਤ ਆਗੂ ਬਣ ਗਏ। ਜਦੋਂ 1761 ਈਸਵੀ ਵਿਚ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੇ ਸਥਾਨ 'ਤੇ ਮਰਹੱਟਿਆਂ ਨੂੰ ਹਰਾ ਕੇ ਵਾਪਸ ਜਾ ਰਿਹਾ ਸੀ। ਉਹ ਆਪਣੇ ਨਾਲ ਕਾਫ਼ੀ ਮਾਤਰਾ 'ਚ ਨਕਦੀ, ਕੀਮਤੀ ਮਾਲ-ਅਸਬਾਬ ਲੁੱਟ ਕੇ ਤੇ ਔਰਤਾਂ-ਲੜਕੀਆਂ ਨੂੰ ਗ਼ੁਲਾਮ ਬਣਾ ਕੇ ਆਪਣੇ ਦੇਸ਼ ਲਿਜਾ ਰਿਹਾ ਸੀ ਤਾਂ ਪੰਜਾਬ ਦੇ ਦਰਿਆ ਪਾਰ ਕਰਨ ਵੇਲੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਸਿੱਖਾਂ ਨੇ ਅਬਦਾਲੀ ਤੋਂ ਇਹ ਮਾਲ-ਅਸਬਾਬ ਗੁਰੀਲਾ ਯੁੱਧ ਨੀਤੀ ਤਹਿਤ ਖੋਹ ਲਿਆ। ਸਿੱਖਾਂ ਨੇ ਲੜਕੀਆਂ ਨੂੰ ਅਬਦਾਲੀ ਦੇ ਚੁੰਗਲ 'ਚੋਂ ਛੁਡਵਾ ਕੇ ਉਨ੍ਹਾਂ ਦੇ ਘਰੋ-ਘਰੀਂ ਬਾਇੱਜ਼ਤ ਪਹੁੰਚਾਇਆ।

ਫਾਨੀ ਕੀਨੇ ਮਾਰ ਕੈ ਦੁਰਾਨੀ ਦੇਸ਼ ਤੈ ਨਿਕਾਰੇ।

ਹਿੰਦੁ ਨਰ ਨਾਰਿ ਸਹਸ ਬੀਸਕ ਛੁਡਾਯੋ ਹੈ।

ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਵਲੋਂ ਥਾਪੇ ਸੂਬੇਦਾਰ ਉਮੈਦ ਖਾਂ ਨੂੰ ਹਰਾ ਕੇ ਲਾਹੌਰ 'ਤੇ ਕਬਜ਼ਾ ਕਰ ਲਿਆ। ਭੱਜੇ ਜਾਂਦੇ ਅਬਦਾਲੀ ਦੇ ਲਫ਼ਜ਼ ਸੱਚ ਹੋਏ, 'ਕੁਛ ਦਿਨ ਕੋ ਸਿੰਘ ਹੋਇ ਹੈ ਭੂਪਤ ਮੁਲਕ ਮਝਾਰ' ਲਾਹੌਰ ਦੇ ਕਿਲ੍ਹੇ 'ਤੇ ਖ਼ਾਲਸਾਈ ਨਿਸ਼ਾਨ ਝੁਲਾ ਦਿੱਤਾ ਗਿਆ। ਪੰਥ ਨੇ ਬਾਬਾ ਜੱਸਾ ਸਿੰਘ ਨੂੰ 'ਸੁਲਤਾਨ-ਉਲ-ਕੌਮ' ਦਾ ਖ਼ਿਤਾਬ ਦੇ ਦਿੱਤਾ। ਇਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਸਿੱਕੇ ਜਾਰੀ ਕੀਤੇ। ਆਸਿਆਂ ਵਾਲੇ ਚੋਬਦਾਰ ਇਨ੍ਹਾਂ ਦੇ ਅੱਗੇ ਚਲਦੇ। ਇਉਂ ਦਿੱਲੀ 'ਚ ਮਾਤਾ ਸੁੰਦਰੀ ਜੀ ਦੇ ਕਹੇ ਬਚਨ ਸੱਚ ਸਾਬਤ ਹੋਏ। ਸੰਨ 1762 ਨੂੰ ਆਪਣੇ ਮਾਲ-ਅਸਬਾਬ ਦੇ ਖੋਹੇ ਜਾਣ ਤੋਂ ਖਿਝਿਆ ਅਬਦਾਲੀ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਇਰਾਦੇ ਨਾਲ ਫਿਰ ਹਮਲਾਵਰ ਹੋ ਕੇ ਆਇਆ। 5 ਫਰਵਰੀ ਨੂੰ ਇਸ ਨੇ ਕੁੱਪ-ਰੋਹੀੜੇ ਦੇ ਇਲਾਕੇ 'ਚ ਸਿੱਖਾਂ ਨੂੰ ਘੇਰ ਕੇ ਕਤਲੇਆਮ ਕੀਤਾ। ਸਿੱਖਾਂ ਨੇ ਵੀ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਘੱਲੂਘਾਰੇ ਵਿਚ ਸ. ਜੱਸਾ ਸਿੰਘ ਦੇ ਜਿਸਮ 'ਤੇ 22 ਜ਼ਖ਼ਮ ਲੱਗੇ। ਇਸ ਦੇ ਬਾਵਜੂਦ ਇਨ੍ਹਾਂ ਨੇ ਦੁਰਾਨੀ ਦੇ ਸਿਪਾਹੀਆਂ ਦੇ ਬਹੁਤ ਆਹੂ ਲਾਹੇ। ਪੰਥ ਪ੍ਰਕਾਸ਼ 'ਚ ਰਤਨ ਸਿੰਘ ਭੰਗੂ ਲਿਖਦਾ ਹੈ;

ਜਸਾ ਸਿੰਘ ਜੀ ਖਾਇ ਬਾਈ ਘਾਹਿ॥

ਤੌ ਭੀ ਸਿੰਘ ਜੀ ਲੜਤੋ ਜਾਇ॥

ਅਬਦਾਲੀ ਦੇ ਵਾਪਸ ਜਾਂਦਿਆਂ ਹੀ ਇਨ੍ਹਾਂ ਨੇ 14 ਫਰਵਰੀ 1764 ਨੂੰ ਸਰਹਿੰਦ ਦੇ ਸੂਬੇਦਾਰ ਜੈਨ ਖਾਂ, ਜਿਸ ਨੇ ਸਿੱਖਾਂ ਵਿਰੁੱਧ ਅਬਦਾਲੀ ਦੀ ਸਹਾਇਤਾ ਕੀਤੀ ਸੀ, ਨੂੰ ਜਾ ਦੱਬਿਆ। ਗੁਰੂ ਮਾਰੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਦੀਵਾਲੀ ਦੇ ਜੋੜ-ਮੇਲ 'ਤੇ ਪੰਥ ਦਾ ਇਕੱਠ ਹੋਇਆ।

ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੁੜ ਮੁਰੰਮਤ ਦਾ ਕਾਰਜ ਆਰੰਭ ਕਰਨ ਲਈ ਜੈਕਾਰਿਆਂ ਦੀ ਗੂੰਜ 'ਚ ਮਤਾ ਪਾਸ ਕੀਤਾ ਗਿਆ। ਇਸ ਪਵਿੱਤਰ ਕਾਰ-ਸੇਵਾ ਲਈ ਨੌਂ ਲੱਖ ਰੁਪਏ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਦਿੱਤੇ ਅਤੇ ਪੰਜ ਲੱਖ ਰੁਪਏ ਬਾਕੀ ਸਿੱਖ ਸਰਦਾਰਾਂ ਨੇ ਦਿੱਤੇ। ਗੁਰੂ ਦੀ ਬਖ਼ਸ਼ਿਸ਼ ਨਾਲ 1765 ਈ: ਵਿਚ ਇਨ੍ਹਾਂ ਨੇ ਮੁੜ ਲਾਹੌਰ 'ਤੇ ਕਬਜ਼ਾ ਕਰ ਲਿਆ। ਨਜੀਬ-ਉਦ-ਦੌਲਾ ਦੇ ਵਿਰੁੱਧ ਭਰਤਪੁਰ ਦੇ ਜਾਟ ਰਾਜੇ ਜਵਾਹਰ ਮੱਲ ਦੀ ਮਦਦ ਕੀਤੀ। ਇਸ ਤਰ੍ਹਾਂ ਛੇਤੀ ਹੀ ਸਠਿਆਲਾ, ਜੰਡਿਆਲਾ, ਬੁਤਾਲਾ, ਬੁੰਡਾਲਾ, ਮਹਿਤਾਬ ਕੋਟ, ਫਤਿਹਾਬਾਦ ਆਦਿ ਚਾਲੀ ਪਿੰਡ ਸਤਲੁਜ ਤੋਂ ਦੱਖਣ ਵੱਲ ਦੇ 1753 ਈ: ਨੂੰ ਅਦੀਨਾ ਬੇਗ਼ ਤੋਂ ਫਤਿਹ ਕੀਤੇ। ਸੰਨ 1777 ਈ: 'ਚ ਰਾਇ ਇਬਰਾਹੀਮ ਭੱਟੀ ਪਾਸੋਂ ਕਪੂਰਥਲਾ ਜਿੱਤ ਕੇ ਆਹਲੂਵਾਲੀਏ ਸਰਦਾਰ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ।

ਰਾਇ ਇਬ੍ਰਾਹੀਮ ਤੈ ਕਪੂਰਥਲਾ ਜੀਤ ਫਿਰ,

ਠਾਨੀ ਰਜਧਾਨੀ ਦਿਢ ਅਬਿ ਲੌ ਸੁਹਾਯੋ ਹੈ।

ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਖ਼ਾਸੀਅਤ ਇਹ ਸੀ ਕਿ ਜੰਗਾਂ 'ਚ ਫ਼ਤਿਹ ਕਰਨ ਦੇ ਨਾਲ-ਨਾਲ ਅੰਮ੍ਰਿਤ ਪ੍ਰਚਾਰ ਵੱਲ ਖ਼ਾਸ ਤਵੱਜੋ ਦਿਆ ਕਰਦੇ ਸਨ। ਉੱਘੀਆਂ ਹਸਤੀਆਂ ਇਨ੍ਹਾਂ ਪਾਸੋਂ ਅੰਮ੍ਰਿਤ ਛਕਦੀਆਂ ਸਨ ਅਤੇ ਆਪਣੇ ਆਪ ਨੂੰ ਵਡਭਾਗਾ ਮੰਨਦੀਆਂ ਸਨ। ਪਟਿਆਲੇ ਦੇ ਰਾਜੇ ਅਮਰ ਸਿੰਘ ਨੇ ਇਨ੍ਹਾਂ ਪਾਸੋਂ ਪਾਹੁਲ ਪ੍ਰਾਪਤ ਕੀਤੀ। ਇਸੇ ਤਰ੍ਹਾਂ ਆਪ ਜੀ ਨੇ ਕਈ ਧੀਰਮੱਲੀਆਂ ਨੂੰ ਅੰਮ੍ਰਿਤ ਪਾਨ ਕਰਾ ਕੇ ਮੁੜ ਪੰਥ 'ਚ ਸ਼ਾਮਿਲ ਕੀਤਾ। ਆਪ ਦੁਸ਼ਮਣ ਦੇ ਯੋਧਿਆਂ ਦਾ ਵੀ ਸਤਿਕਾਰ ਕਰਦੇ ਸਨ।

ਅੰਤ ਸਿੱਖ ਪੰਥ ਦਾ ਇਹ ਮਹਾਨ ਨਾਇਕ 20 ਅਕਤੂਬਰ 1783 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜਿਆ।

 

ਗਿਆਨੀ ਹਰਪ੍ਰੀਤ ਸਿੰਘ

-ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ