ਵਿਆਹ ਤੋੜਨ ਦੇ ਮਾਮਲੇ ਬੇਵਫ਼ਾਈ ਦਾ ਨਵਾਂ ਰੂਪ

ਵਿਆਹ ਤੋੜਨ ਦੇ ਮਾਮਲੇ ਬੇਵਫ਼ਾਈ ਦਾ ਨਵਾਂ ਰੂਪ

ਦ੍ਰਿਸ਼ਟੀਕੋਣ

ਨਰਿੰਦਰ ਸਿੰਘ ਕਪੂਰ

 ਵੱਡੇ ਅਤੇ ਪ੍ਰਸਿੱਧ ਲੋਕਾਂ ਵੱਲੋਂ ਵਿਆਹ ਤੋੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਬੇਵਫ਼ਾਈ ਦਾ ਨਵਾਂ ਰੂਪ ਹੈ। ਵਿਆਹ ਤੋੜਨ ਦੀ ਪ੍ਰਵਿਰਤੀ ਉਪਰਲੇ ਵਰਗਾਂ ਤੋਂ ਹੇਠਲੇ ਵਰਗਾਂ ਤਕ ਫੈਲੇਗੀ। ਹੋਰਾਂ ਦੇ ਪਤੀ-ਪਤਨੀਆਂ ਨੂੰ ਆਪਣਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਹਿਲਾਂ ਪਤੀ-ਪਤਨੀ ਰਲ ਕੇ ਜ਼ਿੰਦਗੀ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਵਿਚ ਰੁੱਝੇ ਰਹਿੰਦੇ ਸਨ। ਪਰਿਵਾਰ ਛੋਟੇ ਹੋ ਗਏ ਹਨ, ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੋ ਗਈ ਹੈ, ਪਤੀ-ਪਤਨੀ ਦੋਵੇਂ ਪੜ੍ਹੇ-ਲਿਖੇ ਅਤੇ ਕਮਾਊ ਹੋਣ ਕਰਕੇ, ਆਪਣੇ ਫ਼ੈਸਲੇ ਜਲਦੀ ਕਰਨ ਲੱਗ ਪਏ ਹਨ। ਹੁਣ ਥੋੜ੍ਹੇ ਸਮੇਂ ਵਿਚ ਲੋਕ ਵਧੇਰੇ ਜਿਉਂ ਲੈਂਦੇ ਹਨ। ਕਿਸੇ ਵੇਲੇ ਪੰਦਰਾਂ ਵਰ੍ਹੇ ਬੜਾ ਸੰਖੇਪ ਸਮਾਂ ਹੁੰਦਾ ਸੀ ਜਦੋਂਕਿ ਹੁਣ ਪੰਦਰਾਂ ਵਰ੍ਹੇ ਇਕ ਯੁੱਗ ਲੱਗਣ ਲੱਗ ਪਿਆ ਹੈ। ਘਰੋਂ ਬਾਹਰ ਜਾਣ ਦੇ ਅਨੇਕਾਂ ਅਵਸਰਾਂ ਕਾਰਨ ਹੋਰਾਂ ਦੇ ਸੰਪਰਕ ਵਿਚ ਆਉਣਾ ਸੌਖਾ ਹੋ ਗਿਆ ਹੈ। ਪਹਿਲਾਂ ਕਿਸੇ ਦਾ ਦੂਜਾ ਵਿਆਹ ਵੀ ਹੈਰਾਨ ਕਰਦਾ ਸੀ, ਹੁਣ ਤੀਜਾ-ਚੌਥਾ ਵੀ ਪ੍ਰਵਾਨ ਹੋਣ ਲੱਗ ਪਿਆ ਹੈ। ਹੁਣ ਲੋਕ ਤਿਆਰ ਹੋ ਕੇ ਘਰੋਂ ਨਿਕਲਦੇ ਹਨ ਅਤੇ ਆਪਣੀ ਉਮਰ ਤੋਂ ਛੋਟੇ ਲੱਗਦੇ ਹਨ। ਪਹਿਲਾ ਵਿਆਹ ਪੰਝੀ ਸਾਲ ਦੀ ਉਮਰ ਵਿਚ, ਦੂਜਾ ਚਾਲੀ-ਪੰਜਤਾਲੀ ਵਿਚ ਅਤੇ ਤੀਜਾ ਪੰਜਾਹ-ਪਚਵੰਜਾ ਵਿਚ ਰਿਵਾਜ ਬਣਦਾ ਜਾ ਰਿਹਾ ਹੈ। ਇਕ ਪਚਵੰਜਾ ਸਾਲ ਦੇ ਵਪਾਰ ਵਿਚ ਸਫ਼ਲ ਵਿਅਕਤੀ ਨੇ ਪੰਝੀ ਵਰ੍ਹੇ ਰਹੀ ਆਪਣੀ ਪਤਨੀ ਨੂੰ ਛੱਡ ਕੇ ਆਪਣੇ ਭਾਈਵਾਲ ਦੀ ਉਣੰਜਾ ਸਾਲਾਂ ਦੀ ਪਤਨੀ ਨਾਲ ਵਿਆਹ ਇਹ ਸੋਚ ਕੇ ਕਰਵਾ ਲਿਆ ਕਿ ਉਹ ਵਪਾਰ ਵਿਚ ਸਹਾਈ ਸਿੱਧ ਹੋਵੇਗੀ। ਇਹ ਉਚੇਰੀ ਸਿੱਖਿਆ ਪ੍ਰਾਪਤ, ਵਿਸ਼ਾਲ ਵਸੀਲਿਆਂ ਵਾਲੇ ਪਰਿਵਾਰਾਂ ਵਿਚ ਵਾਪਰ ਰਿਹਾ ਹੈ। ਹੁਣ ਜੀਵਨ ਵਿਚ ਡਿਸਪੋਜ਼ੇਬਲ ਵਸਤਾਂ ਵਰਤੀਆਂ ਜਾਣ ਲਗ ਪਈਆਂ ਹਨ। ਵਰਤੋ ਅਤੇ ਤਿਆਗੋ ਦੀ ਇਹ ਪ੍ਰਵਿਰਤੀ ਕਈ ਖੇਤਰਾਂ ਵਿਚ ਅਤੇ ਇਸਤਰੀ-ਪੁਰਸ਼ ਸਬੰਧਾਂ ਵਿਚ ਵੀ ਵੇਖਣ ਵਿਚ ਮਿਲ ਰਹੀ ਹੈ।ਹੁਣ ਪੜ੍ਹੇ-ਲਿਖੇ ਚੁਸਤ ਬੰਦਿਆਂ ਦੀ ਗਿਣਤੀ ਵਧ ਰਹੀ ਹੈ ਜਿਹੜੇ ਆਪਣੇ ਅਹੁਦੇ ਦੀ ਕੁਰਸੀ ਵਿਚ ਬੈਠੇ ਰੋਅਬ ਵਾਲੇ ਲੱਗਦੇ ਹਨ। ਇਹ ਗੱਲਬਾਤ ਕਰਨੀ ਜਾਣਦੇ ਹਨ, ਪਰਦਿਆਂ ਵਾਲੇ, ਫਰਨੀਚਰ ਵਾਲੇ ਕਮਰੇ ਵਿਚ ਅਸਲੀਅਤ ਨਾਲੋਂ ਵੱਡੇ ਅਤੇ ਸ਼ਕਤੀਸ਼ਾਲੀ ਪ੍ਰਤੀਤ ਹੁੰਦੇ ਹਨ। ਇਹ ਮੌਕਿਆਂ ਦਾ ਲਾਭ ਉਠਾਉਂਦੇ ਹਨ, ਇਹ ਉੱਥੇ ਜਾਂਦੇ ਹਨ ਜਿੱਥੇ ਮੌਕੇ ਹੁੰਦੇ ਹਨ, ਇਹ ਬੈਂਕ ਤੋਂ ਕਰਜ਼ਾ ਲੈ ਕੇ ਮੋੜਨਾ ਭੁੱਲ ਜਾਂਦੇ ਹਨ। ਇਹ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਵੇਖਦੇ ਹਨ। ਇਹ ਉੱਥੇ ਜਾਂਦੇ ਹਨ ਜਿੱਥੇ ਫੈਸ਼ਨਦਾਰ ਇਸਤਰੀਆਂ ਵੀ ਸਫ਼ਲ ਵਿਅਕਤੀਆਂ ਨੂੰ ਲੱਭ ਰਹੀਆਂ ਹੁੰਦੀਆਂ ਹਨ। ਇਹ ਮੌਕੇ ਅਨੁਸਾਰ ਗੱਲ ਕਰਨ, ਅਣਸੁਖਾਵੇਂ ਪ੍ਰਸ਼ਨ ਟਾਲਣ, ਢੁਕਵੇਂ ਬਹਾਨੇ ਲਾਉਣ ਅਤੇ ਝੂਠ ਨੂੰ ਸੱਚ ਬਣਾਉਣ ਵਿਚ ਮਾਹਿਰ ਹੁੰਦੇ ਹਨ। ਹੁਣ ਜ਼ਮਾਨਾ ਹੀ ਇਨ੍ਹਾਂ ਲੋਕਾਂ ਦਾ ਹੈ। ਸਾਊ-ਸਰਲ ਬੰਦੇ ਪਛੜਦੇ ਜਾ ਰਹੇ ਹਨ ਕਿਉਂਕਿ ਇਹ ਲੋੜ ਅਤੇ ਮੌਕੇ ਅਨੁਸਾਰ ਵਿਹਾਰ ਕਰਦੇ ਹਨ। ਇਹ ਪੈਸਾ ਖਰਚਣਾ ਜਾਣਦੇ ਹਨ। ਇਹ ਆਪਣੇ ਆਲੇ-ਦੁਆਲੇ ਸਫ਼ਲਤਾ ਦਾ ਵਾਤਾਵਰਨ ਸਿਰਜਦੇ ਹਨ। ਸਫ਼ਲ ਪੁਰਸ਼ਾਂ ਵਿਚ ਹਾਜ਼ਰ ਇਸਤਰੀਆਂ ਸੁਭਾਵਿਕ ਹੀ ਦਿਲਚਸਪੀ ਲੈਂਦੀਆਂ ਹਨ। ਹੁਣ ਕਿਸੇ ਨੂੰ ਅਪਨਾਉਣਾ ਅਤੇ ਤਿਆਗਣਾ ਕੱਪੜੇ ਬਦਲਣ, ਮਕਾਨ ਬਦਲਣ ਜਾਂ ਪਾਰਟੀ ਬਦਲਣ ਵਾਂਗ ਸੌਖਾ ਹੋ ਗਿਆ ਹੈ। ਹੁਣ ਹਰ ਕੋਈ ਕਈ ਪੱਧਰਾਂ ’ਤੇ ਜੀਅ ਰਿਹਾ ਹੈ।

ਕਮਾਈ ਦੇ ਇਕ ਪੜਾਅ ’ਤੇ ਸਪਸ਼ਟ ਹੋ ਜਾਂਦਾ ਹੈ ਕਿ ਸੰਸਾਰ ਇਕ ਮੰਡੀ ਹੈ ਜਿੱਥੇ ਹਰ ਚੀਜ਼ ਵਿਕਾਊ ਹੈ। ਫਿਲਮ ਜਗਤ ਵਿਚ ਬਨਾਵਟ ਦਾ ਬੋਲਬਾਲਾ ਹੈ। ਇਕ ਅਦਾਕਾਰ ਵਿਹਲਾ ਸੀ, ਕੰਮ ਦੀ ਲੋੜ ਸੀ, ਪੈਸੇ ਮੁੱਕੇ ਹੋਏ ਸਨ। ਕਿਸੇ ਦਾ ਫੋਨ ਆਇਆ, ਕਿਸੇ ਹੋਰ ਤੋਂ ਸੁਣਵਾਇਆ, ਕਿਹਾ ਸਾਹਬ ਸ਼ੂਟਿੰਗ ’ਤੇ ਗਏ ਹੋਏ ਹਨ, ਤੁਸੀਂ ਸ਼ਾਮ ਨੂੰ ਫੋਨ ਕਰਨਾ, ਮੈਂ ਕੋਸ਼ਿਸ਼ ਕਰਾਂਗਾ, ਗੱਲਬਾਤ ਕਰਵਾਉਣ ਦੀ। ਹਰ ਅਦਾਕਾਰ ਵੱਡਾ ਅਦਾਕਾਰ ਹੋਣ ਦਾ ਪਖੰਡ ਕਰ ਰਿਹਾ ਹੈ। ਹੁਣ ਅਦਾਕਾਰ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ। ਮਗਰੋਂ ਪਤਾ ਲੱਗਦਾ ਹੈ ਕਿ ਉਸ ਨੇ ਕਿੰਨਾ ਵੱਡਾ ਜਾਲ ਫੈਲਾਇਆ ਹੋਇਆ ਸੀ। ਹੁਣ ਜੀਵਨ ਦਾ ਹਰੇਕ ਵਰਤਾਰਾ ਫਿਲਮੀ ਹੋ ਗਿਆ ਹੈ। ਹੁਣ ਉਮਰ ਅਤੇ ਰਿਸ਼ਤੇ ’ਤੇ ਕੋਈ ਰੋਕ-ਟੋਕ ਨਹੀਂ। ਇਸਤਰੀ ਆਪਣੇ ਪਿਤਾ ਨਾਲੋਂ ਵੱਡੀ ਉਮਰ ਵਾਲੇ ਨਾਲ ਘੁੰਮ ਰਹੀ ਹੈ ਅਤੇ ਪੁਰਸ਼ ਆਪਣੀ ਪੋਤੀ ਦੀ ਉਮਰ ਵਾਲੀ ਲੜਕੀ ਨਾਲ ਪੰਜਵਾਂ ਵਿਆਹ ਰਚਾ ਰਿਹਾ ਹੈ। ਪ੍ਰੰਪਰਕ ਸਮਾਜ ਵਿਚ ਲਾਏ ਜਾਣ ਵਾਲੇ ਇਤਰਾਜ਼ ਉਪਰਲੇ ਵਰਗ ਵਿਚ ਕੋਈ ਅਰਥ ਨਹੀਂ ਰੱਖਦੇ। ਇੱਥੇ ਹਰ ਕੋਈ ਜਾਂ ਇਸਤਰੀ ਹੈ ਜਾਂ ਪੁਰਸ਼ ਹੈ।ਕੁਝ ਔਰਤਾਂ ਵਧੇਰੇ ਪੁਰਸ਼ਾਂ ਦੇ ਸੰਪਰਕ ਵਿਚ ਆਉਂਦੀਆਂ ਹਨ ਅਤੇ ਆਪਣੇ ਬਾਰੇ ਆਪ ਫ਼ੈਸਲੇ ਕਰ ਸਕਦੀਆਂ ਹਨ। ਅਜਿਹੀਆਂ ਇਸਤਰੀਆਂ ਵੱਡੀ ਮੱਛੀ ਨੂੰ ਕੁੰਡੀ ਲਾਉਂਦੀਆਂ ਹਨ। ਇਹ ਅਕਸਰ ਕਾਮ ਦੀਆਂ ਸ਼ੇਰਨੀਆਂ ਹੁੰਦੀਆਂ ਹਨ। ਇਨ੍ਹਾਂ ਲਈ ਆਮ ਲੋਕਾਂ ਦੀ ਗੱਲਬਾਤ ਦਾ ਕੋਈ ਅਰਥ ਨਹੀਂ ਹੁੰਦਾ। ਗਰਭਰੋਕੂ ਵਿਧੀਆਂ ਦੇ ਪ੍ਰਚਲਿਤ ਹੋਣ ਕਾਰਨ ਇਸਤਰੀਆਂ ਨਾ ਕੇਵਲ ਬਹਾਦਰ ਹੋ ਗਈਆਂ ਹਨ, ਇਹ ਨਵੇਂ ਅਨੁਭਵਾਂ ਅਤੇ ਪ੍ਰਯੋਗਾਂ ਦੀਆਂ ਤਾਂਘਵਾਨ ਹੋ ਗਈਆਂ ਹਨ। ਜਿਸ ਵੇਲੇ ਕੋਈ ਬੇਵਫ਼ਾਈ ਕਰ ਰਿਹਾ ਹੁੰਦਾ ਹੈ ਤਾਂ ਕੁਝ ਸੰਕੇਤ ਉਪਜਦੇ ਹਨ। ਅਜਿਹਾ ਵਿਅਕਤੀ ਆਪਣਾ ਮੋਬਾਈਲ ਸਾਂਭ-ਸਾਂਭ ਰੱਖਦਾ ਹੈ, ਬਹੁਤਾ ਬੋਲਦਾ ਨਹੀਂ, ਆਪਣੀ ਸ਼ਕਲ ਅਤੇ ਵਾਲਾਂ ਵੱਲ ਅਧਿਕ ਧਿਆਨ ਦੇਣ ਲੱਗ ਪੈਂਦਾ ਹੈ, ਨਵੇਂ ਕੱਪੜੇ ਖ਼ਰੀਦਣ ਲੱਗ ਪੈਂਦਾ ਹੈ, ਕੰਮ ਕਰਨ ਦਾ ਢੰਗ ਅਤੇ ਕੰਮ ’ਤੇ ਜਾਣ ਅਤੇ ਮੁੜਨ ਦਾ ਸਮਾਂ ਬਦਲ ਜਾਂਦਾ ਹੈ। ਅਜਿਹੇ ਇਸਤਰੀ-ਪੁਰਸ਼ਾਂ ਦੀ ਸਰੀਰਕ ਭਾਸ਼ਾ ਵਧੇਰੇ ਚੁਸਤ ਹੋ ਜਾਂਦੀ ਹੈ। ਅਜਿਹਾ ਪੁਰਸ਼ ਪਤਨੀ ਵੱਲ ਵਧੇਰੇ ਧਿਆਨ ਦਿੰਦਾ ਹੈ ਅਤੇ ਅਜਿਹੀ ਇਸਤਰੀ ਪਤੀ ਵਿਚ ਵਧੇਰੇ ਰੁਚਿਤ ਹੁੰਦੀ ਹੈ। ਇਹ ਸਭ ਕੁਝ ਉਦੋਂ ਹੁੰਦਾ ਹੈ ਜਦੋਂ ਬੇਵਫ਼ਾ ਹੋਣ ਦਾ ਯਤਨ ਕੀਤਾ ਜਾਂਦਾ ਹੈ। ਜੇ ਕਿਸੇ ਨਾਲ ਸਬੰਧ ਉਸਾਰਨ ਵਿਚ ਸਫ਼ਲਤਾ ਨਾ ਮਿਲੇ ਤਾਂ ਸਥਿਤੀ ਪਹਿਲਾਂ ਵਾਂਗ ਸਹਿਜ ਹੋ ਜਾਂਦੀ ਹੈ। ਹਰ ਯਤਨ ਅਤੇ ਹਰ ਤਜਰਬਾ ਸਫ਼ਲ ਨਹੀਂ ਹੁੰਦਾ, ਪਰ ਤਜਰਬੇ ਕਰਨ ਦੀ ਆਦਤ ਪੈ ਜਾਂਦੀ ਹੈ। ਸ਼ੌਕੀਨ ਇਸਤਰੀਆਂ-ਪੁਰਸ਼ਾਂ ਵਿਚ ਪ੍ਰਯੋਗ ਕਰਨ ਦੀ ਸਮਰੱਥਾ ਅਤੇ ਤਾਂਘ ਵਧੇਰੇ ਹੁੰਦੀ ਹੈ। ਅਕਸਰ ਪੁਰਸ਼ ਇਸਤਰੀ ਨੂੰ ਰਖੇਲ ਬਣਾਉਣਾ ਚਾਹੁੰਦਾ ਹੈ ਜਦੋਂਕਿ ਇਸਤਰੀ ਚਾਹੁੰਦੀ ਹੈ ਕਿ ਉਸ ਨੂੰ ਆਪਣੀ ਪਤਨੀ ਬਣਾਵੇ। ਕਈ ਮੀਟਿੰਗਾਂ ਅਤੇ ਕਾਨਫਰੰਸਾਂ ਵਿਦੇਸ਼ਾਂ ਵਿਚ ਹੁੰਦੀਆਂ ਹਨ ਜਿੱਥੇ ਪੀਣ-ਪਿਲਾਉਣ ਦਾ ਦੌਰ ਚਲਦਾ ਹੈ। ਸਾਰੇ ਆਪਣੇ ਜਾਣੇ-ਪਛਾਣੇ ਵਾਤਾਵਰਨ ਅਤੇ ਆਲੇ-ਦੁਆਲੇ ਤੋਂ ਬਾਹਰ ਹੋਣ ਕਰਕੇ ਬਹਾਦਰ ਅਤੇ ਦਿਲਦਾਰ ਹੁੰਦੇ ਹਨ। ਕਿਸੇ ਪ੍ਰਕਾਰ ਦੀ ਨਿਗਰਾਨੀ ਨਾ ਹੋਣ ਕਰਕੇ ਬੜਾ ਕੁਝ ਵਾਪਰਦਾ ਹੈ। ਜਿੱਥੇ ਵਾਤਾਵਰਨ ਚੁਸਤ ਹੁੰਦਾ ਹੈ, ਉੱਥੇ ਮੇਲ-ਮਿਲਾਪ ਵਧੇਰੇ ਹੁੰਦਾ ਹੈ। ਲੋਕਾਂ ਦਾ ਹੋਟਲਾਂ ਵਿਚ ਜਾਣਾ ਆਮ ਹੋਣ ਕਾਰਨ ਮੇਲ-ਮਿਲਾਪ ਦੇ ਅਵਸਰ ਵਧ ਜਾਂਦੇ ਹਨ। ਹੋਟਲ ਵਿਚ ਮਿਲਣਾ ਹੁਣ ਸੁਰੱਖਿਅਤ ਹੁੰਦਾ ਹੈ। ਇਕ ਪੁਰਸ਼ ਵਿਦੇਸ਼ ਦੌਰੇ ਦੇ ਬਹਾਨੇ ਨਵੇਂ ਸਬੰਧਾਂ ਵਾਲੀ ਇਸਤਰੀ ਨਾਲ ਇਕ ਹੋਟਲ ਵਿਚ ਠਹਿਰਿਆ। ਉਸ ਦੀ ਪਤਨੀ ਵੀ ਆਪਣੇ ਮਨਪਸੰਦ ਬੰਦੇ ਨਾਲ ਉਸੇ ਹੋਟਲ ਵਿਚ ਰਹੀ। ਇਕ ਰਾਤ ਸ਼ਾਮ ਦੇ ਖਾਣੇ ਵੇਲੇ ਦੋਵੇਂ ਜੋੜੇ ਆਹਮੋ-ਸਾਹਮਣੇ ਹੋਏ। ਉਹ ਲੜੇ-ਝਗੜੇ ਨਹੀਂ, ਚੁੱਪ ਕਰਕੇ ਤਲਾਕ ਲੈ ਲਿਆ। ਪਹਿਲਾਂ ਸਬੰਧ ਸਿੱਧਾ ਹੁੰਦਾ ਸੀ, ਪਤੀ-ਪਤਨੀ ਵਾਂਗ, ਫਿਰ ਸਬੰਧਾਂ ਦੀ ਤਿਕੋਣ ਉਪਜਦੀ ਹੈ ਅਤੇ ਜੇ ਸਿਲਸਿਲਾ ਚਲਦਾ ਰਹੇ ਰਿਸ਼ਤਾ ਬਹੁਕੋਨਾ ਹੋ ਜਾਂਦਾ ਹੈ। ਹੁਣ ਬਹੁਤੀਆਂ ਥਾਵਾਂ ’ਤੇ ਵਾਤਾਵਰਨ ਬੇਵਫ਼ਾਈ ਦੇ ਪੱਖ ਵਿਚ ਹੁੰਦਾ ਹੈ। ਕਈ ਇਸਤਰੀਆਂ-ਪੁਰਸ਼ ਆਪਣੇ ਆਪ ਬਾਰੇ ਗੰਭੀਰ ਨਹੀਂ ਹੁੰਦੇ, ਉਹ ਮੌਕੇ ਦਾ ਲਾਭ ਉਠਾਉਂਦੇ ਹਨ। ਹੁਣ ਵੱਡੇ ਅਦਾਰਿਆਂ ਵਿਚ ਪ੍ਰਾਜੈਕਟ ’ਤੇ ਟੀਮ ਕਾਰਜ ਕਰਦੀ ਹੈ ਜਿੱਥੇ ਇਕ-ਦੂਜੇ ਦੇ ਸੁਭਾਅ ਨੂੰ ਸਮਝਣਾ ਸੌਖਾ ਹੁੰਦਾ ਹੈ। ਅਜਿਹੇ ਵਾਤਾਵਰਨ ਵਿਚ ਅਪਣੱਤ ਅਤੇ ਨਿੱਘ ਹੁੰਦਾ ਹੈ ਜਿਸ ਕਰਕੇ ਸਰੀਰਕ ਸਬੰਧਾਂ ਦੇ ਪੱਖੋਂ ਪ੍ਰਯੋਗ ਕਰਨ ਅਤੇ ਇਕ-ਦੂਜੇ ਨੂੰ ਪਰਖਣ ਦਾ ਰੁਝਾਨ ਵਧਿਆ ਹੈ। ਇਸਤਰੀ ਸੋਚਦੀ ਹੈ ਜਿਵੇਂ ਇਹ ਮੈਨੂੰ ਸਮਝਦਾ ਹੈ, ਮੇਰਾ ਪਤੀ ਨਹੀਂ ਸਮਝਦਾ। ਪੁਰਸ਼ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਮੇਰਾ ਧਿਆਨ ਰੱਖਦੀ ਹੈ, ਮੇਰੀ ਪਤਨੀ ਨਹੀਂ ਰੱਖਦੀ। ਵਾਸਤਵ ਵਿਚ ਫਾਸਲਾ ਮੁੱਕ ਜਾਣ ਕਰਕੇ ਪਤੀ-ਪਤਨੀ ਦਾ ਰਿਸ਼ਤਾ ਫਿੱਕਾ ਹੋ ਜਾਂਦਾ ਹੈ। ਨਵੀਂ ਜਾਣ-ਪਛਾਣ ਵਿਚ ਤਾਜ਼ਗੀ ਹੁੰਦੀ ਹੈ। ਭਾਵੇਂ ਅਜਿਹਾ ਵਿਹਾਰ ਵਕਤੀ ਬੁਲਬੁਲੇ ਸਾਬਤ ਹੁੰਦੇ ਹਨ, ਪਰ ਇਹ ਬੁਲਬੁਲੇ ਸੱਜਰੇ ਅਤੇ ਅਣਪਰਖੇ ਹੋਣ ਕਾਰਨ ਦਿਲਚਸਪ ਹੁੰਦੇ ਹਨ। ਘਰੇਲੂ ਬੋਰੀਅਤ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ, ਪਰ ਇਹ ਨਵੀਂ ਕਿਸਮ ਦਾ ਅਕਾਊਪਣ ਹੋ ਨਿੱਬੜਦਾ ਹੈ। ਜਿਹੜੇ ਆਪਣੇ ਆਪ ਨੂੰ ਵਿਸ਼ੇਸ਼ ਸਮਝਦੇ ਹਨ ਉਹ ਅਜਿਹੇ ਯਤਨਾਂ ਨੂੰ ਯੋਗ ਸਮਝਦੇ ਹਨ।

ਜਦੋਂ ਪਤੀ-ਪਤਨੀ ਨੂੰ ਇਕ-ਦੂਜੇ ਦੀ ਬੇਵਫ਼ਾਈ ਦਾ ਪਤਾ ਲੱਗਦਾ ਹੈ ਤਾਂ ਦੋਵੇਂ ਤੁਸੀਂ ਤੋਂ ਤੂੰ ਬਣ ਜਾਂਦੇ ਹਨ। ਇਸਤਰੀ ਰੋਸ ਅਤੇ ਵਿਰੋਧ ਵਜੋਂ ਸਭ ਸਹੂਲਤਾਂ ਅਤੇ ਪੁਰਸ਼ ਸਾਰੇ ਖਰਚੇ ਬੰਦ ਕਰ ਦਿੰਦਾ ਹੈ। ਇਸਤਰੀ ਸੋਚਦੀ ਹੈ ਕੀ ਇਹੀ ਇਨਾਮ ਮਿਲਿਆ ਹੈ ਮੇਰੀ ਵਫ਼ਾਦਾਰੀ ਦਾ, ਮੇਰੀ ਸੇਵਾ ਅਤੇ ਗ਼ੁਲਾਮੀ ਦਾ? ਹੁਣ ਮੈਂ ਤੈਨੂੰ ਆਪਣਾ ਅਸਲੀ ਰੂਪ ਵਿਖਾਵਾਂਗੀ। ਬਦਲੇ ਦੀ ਭਾਵਨਾ ਅਧੀਨ ਬੜਾ ਕੁਝ ਕਿਹਾ-ਸੁਣਿਆ ਜਾਂਦਾ ਹੈ ਜਿਸ ਤੋਂ ਦੂਜੀ ਧਿਰ ਨੂੰ ਚਾਨਣਾ ਹੋ ਜਾਂਦਾ ਹੈ ਕਿ ਮੇਰੇ ਬਾਰੇ ਜੀਵਨ-ਸਾਥੀ ਦੀ ਰਾਇ ਕੀ ਹੈ। ਇਸ ਨਾਲ ਤਾਣੀ ਕਾਫ਼ੀ ਉਲਝ ਜਾਂਦੀ ਹੈ ਅਤੇ ਇਕ-ਦੂਜੇ ਦੇ ਮਨ ਵਿਚ ਬੈਠਿਆ ਸ਼ੱਕ ਕਈ ਸਾਲ ਨਹੀਂ ਨਿਕਲਦਾ। ਬੇਵਫ਼ਾਈ ਅਤੇ ਨਾਜਾਇਜ਼ ਰਿਸ਼ਤੇ ਵਿਚ ਅੰਤਰ ਹੈ। ਬੇਵਫ਼ਾਈ ਵਿਉਂਤੀ ਨਹੀਂ ਜਾਂਦੀ, ਵਾਪਰ ਜਾਂਦੀ ਹੈ, ਜਦੋਂਕਿ ਨਾਜਾਇਜ਼ ਰਿਸ਼ਤਾ ਵਧੇਰੇ ਗੰਭੀਰ ਅਤੇ ਵਧੇਰੇ ਯਤਨਾਂ ਨਾਲ ਉਪਜਦਾ ਹੈ। ਬੇਵਫ਼ਾਈ ਵਿਚ ਪਤੀ-ਪਤਨੀ ਵਿਚਲਾ ਰਿਸ਼ਤਾ ਤਿਲ੍ਹਕਦਾ ਹੀ ਹੈ, ਟੁੱਟਦਾ ਨਹੀਂ ਜਦੋਂਕਿ ਨਾਜਾਇਜ਼ ਰਿਸ਼ਤਾ ਤੋੜ-ਵਿਛੋੜਾ ਬਣ ਜਾਂਦਾ ਹੈ।ਕਈ ਸੁਭਾਅ ਵਜੋਂ ਹੀ ਸੁਹਿਰਦ ਜਾਂ ਵਫ਼ਾਦਾਰ ਨਹੀਂ ਹੁੰਦੇ। ਇਨ੍ਹਾਂ ਦੀ ਦਿਲਚਸਪੀ ਨਾਜਾਇਜ਼ ਅਤੇ ਨੈਤਿਕਤਾ-ਮੁਕਤ ਕਾਰਜਾਂ ਅਤੇ ਸਬੰਧਾਂ ਵਿਚ ਹੁੰਦੀ ਹੈ। ਇਹ ਆਪਣੇ ਦੋਸਤ ਦੀ ਪਤਨੀ ’ਤੇ ਵੀ ਡੋਰੇ ਪਾਉਂਦੇ ਹਨ। ਸਾਧਾਰਨ, ਨੈਤਿਕ ਵਿਆਹ ਇਨ੍ਹਾਂ ਨੂੰ ਅਕਾਉਂਦਾ ਹੈ। ਇਹ ਜਿੱਥੇ ਜਾਂਦੇ ਹਨ, ਉੱਥੇ ਦੇ ਹੋ ਜਾਂਦੇ ਹਨ। ਇਹ ਨਵੀਨਤਾ ਦੇ ਅਭਿਲਾਸ਼ੀ ਹੁੰਦੇ ਹਨ। ਕਈ ਇਸਤਰੀਆਂ ਨੂੰ ਚਾਟ ਖਾਣ ਦੀ ਆਦਤ ਹੁੰਦੀ ਹੈ। ਜਿਹੜੀ ਇਸਤਰੀ ਭਾਂਤ-ਭਾਂਤ ਦੇ ਕੱਪੜੇ-ਗਹਿਣੇ ਪਹਿਨੇ ਅਤੇ ਜਿਹੜੇ ਪੁਰਸ਼ ਭਾਂਤ ਭਾਂਤ ਦੀਆਂ ਕਾਰਾਂ ਅਤੇ ਯੰਤਰ ਵਰਤਣ, ਉਹ ਆਪ-ਮੁਹਾਰੇ ਖਿੱਚੇ ਜਾਂਦੇ ਹਨ। ਇਕ ਸੁਣਾਉਣ ਦੀ ਮਨਸ਼ਾ ਨਾਲ ਕਹਿ ਰਿਹਾ ਸੀ: ਮੇਰੇ ਦੋ ਹੀ ਸ਼ੌਕ ਹਨ ਗੱਡੀਆਂ ਅਤੇ ਗੁੱਡੀਆਂ। ਇਕ ਕਹਿ ਰਹੀ ਸੀ: ਮੇਰਾ ਵਿਆਹ ਭਾਵੇਂ ਅਨਪੜ੍ਹ ਬੰਦੇ ਨਾਲ ਹੋ ਜਾਵੇ ਪਰ ਉਸ ਕੋਲ ਵੱਡੀਆਂ-ਵੱਡੀਆਂ ਕਾਰਾਂ ਅਤੇ ਕੋਠੀਆਂ ਹੋਣ। ਕਈ ਪੁਰਸ਼ਾਂ-ਇਸਤਰੀਆਂ ਵਿਚ ਉਂਜ ਹੀ ਕਾਮ-ਇੱਛਾ ਵਧੇਰੇ ਹੁੰਦੀ ਹੈ। ਇਹ ਖੁੱਲ੍ਹੇ-ਡੁੱਲ੍ਹੇ ਬੇਪ੍ਰਵਾਹ ਵਿਹਾਰ ਵਾਲੇ ਹੋਣ ਕਾਰਨ ਹਰ ਵਾਤਾਵਰਣ ਦੇ ਮੇਚ ਆ ਜਾਂਦੇ ਹਨ। ਸ਼ੌਕੀਨ ਇਸਤਰੀਆਂ-ਪੁਰਸ਼ ਸੁਭਾਵਿਕ ਹੀ ਰੋਮਾਂਟਿਕ ਬਿਰਤੀ ਦੇ ਹੁੰਦੇ ਹਨ। ਜਿਨ੍ਹਾਂ ਸਮਾਜਾਂ ਵਿਚ ਜੀਵਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਗਈਆਂ ਹੁੰਦੀਆਂ ਹਨ, ਉਨ੍ਹਾਂ ਸਮਾਜਾਂ ਵਿਚ ਜੀਵਨ ਮਾਣਨ ਲਈ ਨਵੇਂ ਪ੍ਰਯੋਗ ਕਰਨ ਦੀ ਪ੍ਰਵਿਰਤੀ ਬਲਵਾਨ ਹੁੰਦੀ ਹੈ। ਅਜਿਹੇ ਸਮਾਜਾਂ ਵਿਚ ਇਸਤਰੀ-ਪੁਰਸ਼ ਸਬੰਧਾਂ ਵਿਚ ਵੰਨ-ਸੁਵੰਨਤਾ ਦੇ ਅਵਸਰ ਆਮ ਹੁੰਦੇ ਹਨ। ਇਨ੍ਹਾਂ ਅਵਸਰਾਂ ਨੂੰ ਬੇਵਫ਼ਾਈ ਨਹੀਂ ਕਿਹਾ ਜਾਂਦਾ, ਸੁਤੰਤਰ-ਵਿਹਾਰ ਕਿਹਾ ਜਾਂਦਾ ਹੈ। ਫਰਾਂਸੀਸੀ ਔਰਤਾਂ ਅਤੇ ਇਤਾਲਵੀ ਪੁਰਸ਼ ਸਬੰਧ ਉਸਾਰਨ ਦੇ ਪੱਖੋਂ ਇਕ ਦੂਜੇ ਲਈ ਟਿੱਚ-ਬਟਨ ਸਿੱਧ ਹੁੰਦੇ ਹਨ। ਜਿਨ੍ਹਾਂ ਸਮਾਜਾਂ ਵਿਚ ਔਰਤ ਆਰਥਿਕ ਪੱਖੋਂ ਸਵੈ-ਨਿਰਭਰ ਹੈ, ਉੱਥੇ ਵਿਆਹ ਮਹੱਤਵਪੂਰਨ ਰਿਸ਼ਤਾ ਨਹੀਂ ਰਿਹਾ। ਫਰਾਂਸ ਵਿਚ ਕੇਵਲ ਦਸ ਪ੍ਰਤੀਸ਼ਤ ਬੱਚੇ ਹੀ ਵਿਆਹ ਸਬੰਧਾਂ ਵਿਚੋਂ ਹੁੰਦੇ ਹਨ, ਬਾਕੀਆਂ ਨੂੰ ਪਿਆਰ ਦੀ ਔਲਾਦ ਕਿਹਾ ਜਾਂਦਾ ਹੈ। ਪਿਆਰ ਦੀ ਔਲਾਦ ਜਾਇਜ਼ ਬੱਚਿਆਂ ਨਾਲੋਂ ਵਧੇਰੇ ਪ੍ਰਵਾਨ ਹੋ ਰਹੀ ਹੈ। ਅਜਿਹੇ ਸਮਾਜਾਂ ਵਿਚ ਵਫ਼ਾਦਾਰੀ ਦੇ ਕੋਈ ਅਰਥ ਨਹੀਂ ਹਨ। ਇਨ੍ਹਾਂ ਦੇਸ਼ਾਂ ਵਿਚ ਬੇਵਫ਼ਾਈ ਸ਼ਬਦ ਵਰਤਿਆ ਹੀ ਨਹੀਂ ਜਾਂਦਾ। ਇਹ ਪ੍ਰਭਾਵ ਨਹੀਂ ਲੈਣਾ ਚਾਹੀਦਾ ਕਿ ਇਨ੍ਹਾਂ ਦੇਸ਼ਾਂ ਵਿਚ ਵਿਭਚਾਰ ਦਾ ਬੋਲਬਾਲਾ ਹੈ। ਸਾਡੇ ਦੇਸ਼ ਵਿਚ ਸਮਾਜਿਕ ਰੋਕਾਂ ਕਾਰਨ ਵਿਆਹ-ਬਾਹਰੇ ਸਬੰਧਾਂ ’ਤੇ ਰੋਕ ਹੈ। ਯੂਰਪੀਅਨ ਦੇਸ਼ਾਂ ਵਿਚ ਕੋਈ ਰੋਕ ਨਹੀਂ ਹੈ ਜਿਸ ਕਾਰਨ ਇਨ੍ਹਾਂ ਸਬੰਧਾਂ ਦੀ ਭੁੱਖਿਆਂ ਵਾਲੀ ਭੁੱਖ ਵੀ ਨਹੀਂ ਹੈ। ਇਸ ਸੁਤੰਤਰਤਾ ਕਾਰਨ ਇਨ੍ਹਾਂ ਦੇਸ਼ਾਂ ਦੇ ਇਸਤਰੀਆਂ-ਪੁਰਸ਼ ਵਧੇਰੇ ਸਿਰਜਣਾਤਮਕ ਅਤੇ ਕਿਰਿਆਸ਼ੀਲ ਹਨ। ਇਸ ਸਬੰਧ ਵਿਚ ਅਸੀਂ ਭਾਰਤੀ ਬੜੇ ਕੁੰਠਿਤ ਅਤੇ ਸੰਕੀਰਣ ਹਾਂ। ਇਸਾਈ ਧਰਮ ਨੇ ਕਾਮ-ਸਬੰਧਾਂ ਨੂੰ ਧਰਮ ਤੋਂ ਮੁਕਤ ਕਰਵਾ ਲਿਆ ਹੈ ਜਿਸ ਕਾਰਨ ਉੱਥੇ ਇਸਤਰੀ-ਪੁਰਸ਼ ਸਬੰਧ ਨਿੱਜਤਣ ਦਾ ਭਾਗ ਹਨ, ਇਨ੍ਹਾਂ ਦੀ ਚਰਚਾ ਨਹੀਂ ਹੁੰਦੀ।

ਪਰੰਪਰਕ ਦੇਸ਼ਾਂ ਵਿਚ ਵੀਹ ਤੋਂ ਤੀਹ ਤੱਕ ਬੇਵਫ਼ਾਈ ਸਭ ਤੋਂ ਘੱਟ ਹੁੰਦੀ ਹੈ ਕਿਉਂਕਿ ਦੋਵੇਂ ਧਿਰਾਂ ਇਕ-ਦੂਜੇ ਲਈ ਸੱਜਰੀਆਂ ਅਤੇ ਭਰਪੂਰ ਹੁੰਦੀਆਂ ਹਨ। ਜਿਹੜੇ ਇਸਤਰੀ-ਪੁਰਸ਼ ਕਿਸੇ ਵੱਡੇ, ਮਹੱਤਵਪੂਰਨ, ਨਾਮ ਕਮਾਉਣ ਵਾਲੇ ਕਾਰਜ ਵਿਚ ਰੁੱਝੇ ਹੁੰਦੇ ਹਨ, ਉਹ ਘੱਟ ਭਟਕਦੇ ਹਨ। ਸਭ ਤੋਂ ਵਧੇਰੇ ਬੇਵਫ਼ਾਈ ਚਾਲੀ ਤੋਂ ਪੰਜਾਹ ਸਾਲ ਵਿਚ ਹੁੰਦੀ ਹੈ। ਯੋਗਤਾ ਦੀ ਤੁਲਨਾ ਵਿਚ ਵਿਅਕਤੀ ਦੀ ਆਮਦਨ ਜਦੋਂ ਅਚਾਨਕ ਵਧ ਜਾਂਦੀ ਹੈ ਤਾਂ ਉਸ ਦੀਆਂ ਦਬੀਆਂ-ਕੁਚਲੀਆਂ ਖ਼ੁਆਹਿਸ਼ਾਂ ਜਾਗ ਪੈਂਦੀਆਂ ਹਨ। ਜਿਨ੍ਹਾਂ ਦੇਸ਼ਾਂ ਵਿਚ ਤਲਾਕ ਦੇ ਕਾਨੂੰਨ ਲਚਕਦਾਰ ਹਨ, ਉੱਥੇ ਕਿਸੇ ਨੂੰ ਅਪਣਾਉਣਾ ਅਤੇ ਤਿਆਗਣਾ ਸੌਖਾ ਹੁੰਦਾ ਹੈ। ਕੋਈ ਸਮਾਂ ਸੀ ਜਦੋਂ ਇੰਗਲੈਂਡ ਵਿਚ ਤਲਾਕ ਬੜਾ ਮੁਸ਼ਕਿਲ ਸੀ ਕਿਉਂਕਿ ਇਸ ਦੀ ਮਨਜ਼ੂਰੀ ਪਾਰਲੀਮੈਂਟ ਤੋਂ ਲੈਣੀ ਹੁੰਦੀ ਸੀ। ਸਾਡੇ ਦੇਸ਼ ਵਿਚ ਵੀ ਕੋਈ ਸਮਾਂ ਸੀ ਜਦੋਂ ਵਿਆਹ ਸੌਖੇ ਅਤੇ ਤਲਾਕ ਮੁਸ਼ਕਿਲ ਸਨ, ਪਰ ਹੁਣ ਸਥਿਤੀ ਬਦਲ ਰਹੀ ਹੈ। ਕਈ ਵਾਰ ਵਿਆਹ ਬਣਿਆ ਰਹਿੰਦਾ ਹੈ, ਪਰ ਰਿਸ਼ਤਾ ਮੁਕ ਜਾਂਦਾ ਹੈ। ਰੂਸ ਦੀ ਮਲਕਾ ਕੈਥਰੀਨ ਆਪਣੇ ਪਤੀ ਜ਼ਾਰ ਤੋਂ ਸਾਰੀ ਸ਼ਕਤੀ ਹਥਿਆ ਕੇ ਆਪ ਹਕੂਮਤ ਕਰਨ ਲੱਗ ਪਈ ਸੀ, ਪਰ ਨਾਂ ਜ਼ਾਰ ਦਾ ਹੀ ਵਰਤਿਆ ਜਾਂਦਾ ਸੀ।ਨਵੇਂ ਸੰਚਾਰ ਸਾਧਨਾਂ, ਹੋਟਲਾਂ ਅਤੇ ਵਿਸ਼ੇਸ਼ ਸੰਕੇਤਾਂ ਵਾਲੇ ਸੰਚਾਰ ਕਾਰਨ ਹੁਣ ਬੇਵਫ਼ਾਈ ਸੌਖੀ ਹੋ ਗਈ ਹੈ। ਬੇਵਫ਼ਾਈ ਵਿਚ ਕਾਮ ਮਹੱਤਵਪੂਰਨ ਪੱਖ ਨਹੀਂ ਹੁੰਦਾ, ਅਜਿਹਾ ਸਬੰਧ ਉਸਾਰਨ ਵਿਚ ਸਫ਼ਲਤਾ ਵਿਸ਼ੇਸ਼ ਪ੍ਰਕਾਰ ਦੀ ਊਰਜਾ ਸਿਰਜਦੀ ਹੈ। ਬੇਵਫ਼ਾ ਇਸਤਰੀਆਂ ਆਪਣੇ ਸਬੰਧਾਂ ਦੀਆਂ ਗੱਲਾਂ ਨਹੀਂ ਕਰਦੀਆਂ। ਪੁਰਸ਼ ਦੀ ਚੋਣ ਕਰਨ ਵਿਚ ਇਸਤਰੀਆਂ ਵਧੇਰੇ ਘੁਣਤਰੀ ਹੁੰਦੀਆਂ ਹਨ। ਇਹ ਲੰਮੇ ਰਿਸ਼ਤੇ ਲਈ ਨਿਭਣਯੋਗ ਅਤੇ ਹੰਢਣਸਾਰ ਪੁਰਸ਼ ਲੱਭਦੀਆਂ ਹਨ। ਇਸਤਰੀਆਂ ਹੋਰ ਤਰ੍ਹਾਂ ਸੋਚਦੀਆਂ ਹਨ। ਇਹ ਉਸ ਪੁਰਸ਼ ਨੂੰ ਤਰਜੀਹ ਦਿੰਦੀਆਂ ਹਨ ਜਿਹੜਾ ਇਨ੍ਹਾਂ ਦੀ ਇੱਜ਼ਤ-ਆਬਰੂ ਦੀ ਰਖਵਾਲੀ ਕਰ ਸਕੇ ਅਤੇ ਜਿਸ ’ਤੇ ਸ਼ੱਕ ਨਾ ਉਪਜੇ।ਅਜੋਕੇ ਸੰਸਾਰ ਵਿਚ ਸੋਹਣੀਆਂ ਇਸਤਰੀਆਂ ਵਾਂਗ ਗੁਣਵਾਨ ਪੁਰਸ਼ ਲੰਮਾ ਅਰਸਾ ਵਫ਼ਾਦਾਰ ਨਹੀਂ ਰਹਿੰਦੇ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵਿਆਹ ਸੁਭਾਵਿਕ ਰਿਸ਼ਤਾ ਨਹੀਂ। ਬੇਵਫ਼ਾਈ ਦੀਆਂ ਦੋਵੇਂ ਧਿਰਾਂ ਨੂੰ ਆਪਣਾ ਰਿਸ਼ਤਾ ਸੁਭਾਵਿਕ ਲੱਗਦਾ ਹੈ। ਹਰ ਧਰਮ ਨੇ ਬੇਵਫ਼ਾਈ ਦੀ ਸਮੱਸਿਆ ਨੂੰ ਪਛਾਣਿਆ ਹੈ, ਪਰ ਇਸ ਦਾ ਹੱਲ ਕਿਸੇ ਧਰਮ ਕੋਲ ਨਹੀਂ। ਬੇਵਫ਼ਾਈ ਦਿਲ ਦੀ ਸਮੱਸਿਆ ਹੈ। ਦਿਲ ਨਾਲ ਲੜਿਆ ਨਹੀਂ ਜਾ ਸਕਦਾ। ਅਜੋਕੇ ਸੰਸਾਰ ਵਿਚ ਨਵੀਆਂ ਚੀਜ਼ਾਂ ਦੀ ਭਰਮਾਰ ਹੈ ਜਿਸ ਕਾਰਨ ਕੁਝ ਨਵਾਂ ਪ੍ਰਾਪਤ ਕਰਨ ਦੀ ਸੁਭਾਵਿਕ ਤਾਂਘ ਹੈ। ਹੁਣ ਹਰੇਕ ਵਿਅਕਤੀ ਇੰਨੀਆਂ ਥਾਵਾਂ ਘੁੰਮ ਲੈਂਦਾ ਹੈ, ਇੰਨਾ ਕੁਝ ਕਮਾ-ਖ਼ਰਚ ਲੈਂਦਾ ਹੈ ਕਿ ਉਸ ਦਾ ਨੈਤਿਕ ਵਿਹਾਰ ਸਥਾਪਤ ਨਹੀਂ ਹੋ ਰਿਹਾ। ਬੇਵਫ਼ਾਈ ਵੀ ਮਿਲਾਵਟ ਦੀ ਇਕ ਕਿਸਮ ਹੈ। ਜਿਵੇਂ ਮਿਲਾਵਟ ਵਿਚ ਮਹਿੰਗੀ ਚੀਜ਼ ਸਸਤੀ ਚੀਜ਼ ਵਿਚ ਪਾਈ ਜਾਂਦੀ ਹੈ, ਉਵੇਂ ਹੀ ਕਈ ਵਾਰ ਸਾਹਬ ਦੇ ਘਰ ਦੀ ਨੌਕਰਾਣੀ ਨਾਲ ਜਾਂ ਮਾਲਕਣ ਦੇ ਡਰਾਈਵਰ ਨਾਲ ਸਬੰਧ ਹੁੰਦੇ ਹਨ। ਬੇਵਫ਼ਾਈ ਦਾ ਰਿਸ਼ਤਾ ਬਣਦਾ ਹੀ ਨਹੀਂ, ਸੋ ਇਸ ਦੇ ਟੁੱਟਣ ਦਾ ਦੁੱਖ ਵੀ ਨਹੀਂ ਹੁੰਦਾ। ਕੁਝ ਰਿਸ਼ਤਿਆਂ ਕਾਰਨ ਚੁੱਪ ਬਣੀ ਰਹਿੰਦੀ ਹੈ, ਕੁਝ ਰਿਸ਼ਤੇ ਚੁੱਪ ਕਾਰਨ ਹੀ ਚਲਦੇ ਹਨ। ਬੇਵਫ਼ਾਈ ਦੇ ਪਿਆਰ ਵਿਚ ਆਤਮਘਾਤ ਨਹੀਂ ਵਾਪਰਦੇ। ਇਨ੍ਹਾਂ ਦੀ ਤਾਮੀਰ ਪਣਡੁੱਬੀ ਵਾਲੀ ਹੁੰਦੀ ਹੈ ਜਿਹੜੀ ਛੁਪੀ ਰਹਿੰਦੀ ਹੈ। ਹੁਣ ਇਹ ਫਲਸਫ਼ਾ ਬਲਵਾਨ ਹੋ ਰਿਹਾ ਹੈ ਕਿ ਜੀਵਨ ਇਕ ਅਵਸਰ ਹੈ, ਇਸ ਨੂੰ ਜ਼ੋਰ-ਜ਼ਬਰਦਸਤੀ ਅਧੀਨ ਨਾ ਜੀਵੋ, ਜ਼ਬਰਦਸਤ ਢੰਗ ਨਾਲ ਜੀਵੋ, ਭਰਪੂਰ ਢੰਗ ਨਾਲ ਜੀਵੋ