ਮਾਂ ਦਾਦੀ ਦਾ "ਭਾਗਾਂ ਵਾਲਾ" ਸ਼ਹੀਦ ਭਗਤ ਸਿੰਘ !
ਸ਼ਹੀਦੀ ਦਿਵਸ ਤੇ ਵਿਸ਼ੇਸ਼ ......
ਜਦੋਂ ਭਾਰਤ ਗੁਲਾਮੀ ਦੀਆ ਜ਼ੰਜੀਰਾਂ ਵਿਚ ਜਕੜਿਆ ਪਿਆ ਸੀ ਠੀਕ ਉਸੀ ਸਮੇਂ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਬਰ 1907 ਨੂੰ ਪਿੰਡ : ਬੰਗਾ, ਜਿਲਾਂ ਲਾਇਲਪੁਰ (ਪਾਕਿਸਤਾਨ) ਵਿਖੇ ਜਨਮ ਹੁੰਦਾ ਹੈ, ਮਾਂ ਦਾਦੀ ਦੇ ਭਾਗਾਂ ਵਾਲੇ ਤੇ ਭਾਰਤ ਦੇਸ਼ ਦੀਆ ਇਨ੍ਹਾਂ ਗੁਲਾਮੀ ਦੀਆ ਜੰਜੀਰਾਂ ਨੂੰ ਤੋੜਨ ਵਾਲੇ ਸਰਦਾਰ ਭਗਤ ਸਿੰਘ ਜੀ ਦਾ ਤੇ ਉਨ੍ਹਾਂ ਦਾ ਜੱਦੀ ਪਿੰਡ ਖਟਕੜ ਕਲਾਂ ਨਵਾਂ ਸ਼ਹਿਰ (ਪੰਜਾਬ) 'ਚ ਸਥਿਤ ਹੈ। ਨਵਾਸ਼ਹਿਰ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ । ਸਰਦਾਰ ਭਗਤ ਸਿੰਘ ਨੂੰ ਆਜ਼ਾਦੀ ਦੀ ਗੁੜਤੀ ਪਰਿਵਾਰ ਵਲੋਂ ਹੀ ਮਿਲੀ ਸੀ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ ਠੀਕ ਉਸੇ ਦਿਨ ਉਨ੍ਹਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਤੇ ਚਾਚਾ ਸਰਦਾਰ ਅਜੀਤ ਸਿੰਘ ਜੇਲ੍ਹ ਤੋਂ ਰਿਹਾ ਹੋਕੇ ਘਰ ਆਏ ਸਨ। ਇਹ ਓਹੀ ਸਮਾਂ ਸੀ ਜਦੋ ਸ਼ਹੀਦ ਭਗਤ ਸਿੰਘ ਜੀ ਨੂੰ ਉਨ੍ਹਾਂ ਦੀ ਦਾਦੀ ਮਾਂ ਵਲੋਂ "ਭਾਗਾਂ ਵਾਲਾ" ਕਿਹਾ ਗਿਆ ਜੋ ਬਾਦ ਵਿਚ ਭਗਤ ਸਿੰਘ ਤੇ ਭਾਰਤ ਦੀ ਅਜ਼ਾਦੀ ਲਈ ਸ਼ਹੀਦੀ ਦੇ ਕੇ ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਕਹਿਲਾਯਾ।
ਸਰਦਾਰ ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਇਕ ਪ੍ਰਾਈਮਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ 1916-17 ਈ: 'ਚ ਡੀ. ਏ. ਵੀ. ਸਕੂਲ ਲਾਹੌਰ 'ਚ ਦਾਖ਼ਲਾ ਲਿਆ। ਇਹ ਅੋਹੀ ਸਕੂਲ ਸੀ, ਜਿਸ ਨੂੰ ਅੰਗਰੇਜ਼ਾਂ ਵਲੋਂ 'ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ' ਕਿਹਾ ਜਾਂਦਾ ਸੀ। ਇਸ ਸਕੂਲ 'ਚ ਪੜ੍ਹਦਿਆਂ ਹੀ ਸਰਦਾਰ ਭਗਤ ਸਿੰਘ ਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤੀ ਵਰਗੀਆਂ ਭਾਸ਼ਾਵਾਂ ਸਿੱਖੀਆਂ ਤੇ ਨਾਲ ਹੀ ਸਮੇਂ-ਸਮੇਂ ਤੇ ਗੁਰਮੁੱਖੀ,ਬੰਗਾਲੀ, ਅਤੇ ਹਿੰਦੀ ਭਾਸ਼ਾਵਾਂ ਦਾ ਵੀ ਗਿਆਨ ਪ੍ਰਾਪਤ ਕੀਤਾ। ਇਕ ਘਟਣਾ ਦਾ ਸਰਦਾਰ ਭਗਤ ਸਿੰਘ ਦੇ ਮਨ ਤੇ ਬਹੁਤ ਡੂੰਘਾ ਅਸਰ ਪਿਆ ਉਹ ਸੀ 13,ਅਪ੍ਰੈਲ 1919 ਈ: 'ਚ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੀ, ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਗਏ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ । ਇਸ ਘਟਨਾ ਨੇ ਉਨ੍ਹਾਂ ਦੇ ਮਨ 'ਚ ਅੰਗਰੇਜ਼ਾਂ ਦੇ ਪ੍ਰਤੀ ਨਫਰਤ ਭਰ ਦਿੱਤੀ। 1921 ਈ: 'ਚ ਭਗਤ ਸਿੰਘ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਅਤੇ ਉਸ ਸਮੇਂ ਅੰਗਰੇਜ਼ ਸਰਕਾਰ ਵਿਰੁੱਧ ਚੱਲ ਰਹੀ "ਨਾ-ਮਿਲਵਰਤਣ ਲਹਿਰ" 'ਚ ਵੱਧ -ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਹੁਣ ਮਾਂ ਦਾਦੀ ਦਾ "ਭਾਗਾਂ ਵਾਲਾ" ਭਗਤ ਸਿੰਘ ਸੋਹਣਾ ਸੁਨੱਖਾ ਗੱਬਰੂ ਹੋ ਗਿਆ ਸੀ ਤੇ ਵਿਆਹ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ ਪ੍ਰੰਤੂ ਸਰਦਾਰ ਭਗਤ ਸਿੰਘ ਤਾਂ ਦੇਸ਼ ਦੀ ਖ਼ਾਤਰ ਕੁਰਬਾਨ ਹੋ, ਆਪਣਾ ਵਿਆਹ ਲਾੜੀ ਮੌਤ ਨਾਲ ਕਰਾਉਣਾ ਧਾਰੀ ਬੈਠੇ ਸਨ। ਘਰਦਿਆਂ ਵਲੋਂ ਵਿਆਹ ਲਈ ਜ਼ੋਰ ਪਾਉਣ 'ਤੇ ਸਰਦਾਰ ਭਗਤ ਸਿੰਘ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲੇ ਗਏ ਅਤੇ ਆਪਣਾ ਨਾਮ ਬਦਲ ਕੇ ਕੁਝ ਦੇਰ ਪ੍ਰਤਾਪ ਪ੍ਰੈੱਸ 'ਚ ਕੰਮ ਵੀ ਕੀਤਾ, ਤੇ ਮੁੜ 1925 ਈ: 'ਚ ਆਪਣੀ ਦਾਦੀ ਮਾਂ ਦੀ ਬੀਮਾਰੀ ਕਾਰਨ ਮਾਂ ਦਾਦੀ ਦੇ ਭਾਗਾਂ ਵਾਲੇ ਨੂੰ ਵਾਪਸ ਲਾਹੌਰ ਵਿਖੇ ਆਪਣੇ ਪਿੰਡ ਆਉਣਾ ਪਿਆ। ਇਸ ਮਗਰੋਂ ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਬਣਾਈ।
ਭਾਰਤ ਦੀ ਆਜ਼ਾਦੀ ਦੀ ਲਹਿਰ ਜੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਇਕ ਸੱਤ ਮੈਂਬਰੀ ਵਫ਼ਦ ਸਾਈਮਨ ਦੀ ਰਹਿਨੁਮਾਈ ਹੇਠ ਵਿਚਾਰ ਚਰਚਾ ਕਰਨ 30 ਅਕਤੂਬਰ 1928 ਈ: ਨੂੰ ਲਾਹੌਰ ਪਹੁੰਚਿਆ। ਇਸ ਕਮਿਸ਼ਨ ਦੇ ਖਿਲਾਫ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋਅ ਬੈਕ ਦੇ ਨਾਅਰੇ ਲਗਾਏ।ਅੰਗਰੇਜ਼ ਸਰਕਾਰ ਦੇ ਇਸ ਵਫ਼ਦ ਨੂੰ ਹੀ ਸਾਈਮਨ ਕਮਿਸ਼ਨ ਕਿਹਾ ਗਿਆ। ਭਾਰਤ ਦੇ ਲੋਕਾ ਨੇ ਕਾਲੇ ਝੰਡਿਆਂ ਨਾਲ ਲਾਲਾ ਲਾਜਪਤ ਰਾਏ ਜੀ ਦੀ ਰਹਿਨੁਮਾਈ ਹੇਠ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਅੰਗਰੇਜ਼ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਤੇ ਲਾਲਾ ਲਾਜਪਤ ਰਾਏ ਜੀ ਦੇ ਸਿਰ 'ਚ ਗਹਿਰੀ ਸੱਟ ਲੱਗਣ ਕਾਰਨ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਜੀ ਦੀ ਸ਼ਹੀਦੀ ਦਾ ਬਦਲਾ ਭਗਤ ਸਿੰਘ,ਰਾਜਗੁਰੂ, ਸੁਖਦੇਵ ਤੇ ਜੈ ਗੋਪਾਲ ਨੇ ਅੰਗਰੇਜ਼ ਪੁਲਿਸ ਅਫਸਰ ਸਾਂਡਰਸ ਨੂੰ ਗੋਲੀ ਮਾਰ ਕੇ ਲੈ ਲਿਆ।
ਸਰਦਾਰ ਭਗਤ ਸਿੰਘ ਨੇ ਲੋਕਾ ਨੂੰ ਦੱਸਿਆ ਕਿ ਭਾਰਤ ਦੇਸ਼ ਸਾਡਾ ਹੈ ਤੇ ਇੱਥੇ ਸਭ ਦੇ ਹੱਕ ਬਰਾਬਰ ਹਨ ਤੇ ਆਪਣੇ ਹੱਕ ਦੀ ਪ੍ਰਾਪਤੀ ਲਈ ਇੱਕਜੁਟ ਹੋਣਾ ਬੇਹੱਦ ਜ਼ਰੂਰੀ ਹੈ। ਅੰਗਰੇਜ਼ ਸਰਕਾਰ ਦੇ ਖਿਲਾਫ ਵਧਦੀ ਬਗਾਵਤ ਨੂੰ ਦੇਖਦੇ, ਸਰਕਾਰ ਅਸੈਬਲੀ ਚ ਪਬਲਿਕ ਸੇਫਟੀ ਅਤੇ ਇੰਡੀਅਨ ਟ੍ਰੇਡ ਬਿੱਲ ਲਿਆ ਕਾਨੂੰਨ ਬਣੌਨਾ ਚਾਉਂਦੀ ਸੀ। ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਅਤੇ ਅੰਗਰੇਜ਼ ਸਰਕਾਰ ਦੇ ਬੋਲੇ ਹੋਏ ਕੰਨਾ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਸ ਵਕਤ ਬੰਬ ਅਤੇ ਪਰਚੇ ਸੁੱਟੇ ਜਦੋ 8 ਅਪ੍ਰੈਲ 1929 ਈ: ਨੂੰ ਜਾਰਜ ਸਚੁਸਟਰ ਨੇ ਅਸੈਬਲੀ ਚ ਬਿੱਲ ਪੇਸ਼ ਕੀਤਾ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਏ। ਸਾਰਾ ਅਸੈਬਲੀ ਹਾਲ ਧੂੰਏ ਨਾਲ ਭਰ ਗਿਆ , ਉਹ ਚਾਹੁੰਦੇ ਤਾਂ ਉਥੋਂ ਭੱਜ ਸਕਦੇ ਸਨ ਪ੍ਰੰਤੂ ਉਨ੍ਹਾਂ ਆਪਣੀ ਮਰਜ਼ੀ ਨਾਲ ਅੰਗਰੇਜ਼ ਪੁਲਸ ਨੂੰ ਆਪ ਗ੍ਰਿਫਤਾਰੀ ਦਿੱਤੀ।
ਅੰਗਰੇਜ਼ ਸਰਕਾਰ ਵਲੋਂ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਤੇ ਮਾਮਲੇ ਦੀ ਕਾਰਵਾਈ ਕਰਨ ਲਈ ਇਕ ਟ੍ਰਿਬਿਊਨਲ ਗਠਿਤ ਕੀਤਾ ਗਿਆ।ਇਸ ਟ੍ਰਿਬਿਊਨਲ ਦੇ ਤਿੰਨ ਜੱਜ ਮੈਂਬਰ ਸਨ। ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਈ: ਨੂੰ ਫੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931ਈ: ਮੁਕਰਰ ਕੀਤੀ ਗਈ। ਪ੍ਰੰਤੂ ਲੋਕਾਂ ਦੀ ਭੀੜ 23 ਮਾਰਚ ਸਵੇਰ ਤੋਂ ਹੀ ਜੇਲ ਗੇਟ ਦੇ ਬਾਹਰ ਇਕੱਠੀ ਹੋਣ ਲੱਗ ਪਈ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਸਰਕਾਰ ਨੇ 23 ਮਾਰਚ, 1931ਈ: ਨੂੰ ਸ਼ਾਮ 7 ਵੱਜ ਕੇ 33 ਮਿੰਟ ਤੇ ਕੇਂਦਰੀ ਜੇਲ੍ਹ ਲਾਹੌਰ ਵਿਚ ਫਾਂਸੀ ਦੇ ਕੇ ਜੇਲ੍ਹ ਦੀ ਪਿਛਲੀ ਕੰਧ ਰਾਹੀਂ ਲਾਸ਼ਾਂ ਨੂੰ ਸਤਲੁਜ ਦੇ ਕੰਡੇ ਤੇ ਸਾੜਿਆ ਗਿਆ ਤੇ ਦਰਿਆ ਵਿਚ ਰੋੜ ਦਿਤਾ। ਭਰ ਜਵਾਨੀ 23-24 ਸਾਲ ਦੀ ਉਮਰ ਚ ਮਾਂ ਦਾਦੀ ਦਾ "ਭਾਗਾਂ ਵਾਲਾ" ਭਗਤ ਸਿੰਘ ਦੇਸ਼ ਦੀ ਖ਼ਾਤਰ ਕੁਰਬਾਨੀ ਦੇ ਸ਼ਹੀਦ ਭਗਤ ਸਿੰਘ ਕਹਿਲਾਯਾ ਤੇ ਭਾਰਤ ਵਿਚ ਅੰਗਰੇਜ਼ ਵਿਰੋਧੀ ਅੰਦੋਲਨ ਨੂੰ ਹੋਰ ਤੇਜ਼ ਕਰ ਗਿਆ। ਸਾਨੂੰ ਸਭ ਨੂੰ ਆਪਣੇ ਅਧਿਕਾਰਾਂ ਤੇ ਦੇਸ਼ ਪ੍ਰਤੀ ਫ਼ਰਜ਼ਾਂ ਨੂੰ ਸਮਜਦੇ ਹੋਏ, ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਉਦੇਸ਼ਾਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ।
ਹਰਮਨਪ੍ਰੀਤ ਸਿੰਘ,
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਸੰਪਰਕ : 9855010005.
Comments (0)