ਰੁਜਗਾਰ, ਵਿਦਿਆ ਤੇ ਸਿਹਤ ਸੰਭਾਲ

ਰੁਜਗਾਰ, ਵਿਦਿਆ ਤੇ ਸਿਹਤ ਸੰਭਾਲ

ਵਿਸ਼ੇਸ਼ ਮੁਦਾ

 ਕੁਝ ਸੁਹਿਰਦ ਲੋਕ ਅੱਜ ਇਸ ਲੋੜ ਨੂੰ ਬੜਾ ਉਭਾਰ ਕੇ ਪੇਸ਼ ਕਰ ਰਹੇ ਹਨ ਕਿ ਆ ਰਹੀਆ ਪੰਜਾਬ ਚੋਣਾਂ ਲੀਡਰਾਂ ਦੀ ਬਜਾਏ ਮੁਦਿਆਂ ਉਤੇ ਕੇਂਦਰਿਤ ਕੀਤੀਆਂ ਜਾਣ। ਪੰਜਾਬ ਨਾਲ ਸਬੰਧਤ ਕੁਝ ਅਹਿਮ ਮੁਦੇ ਉਹ ਉਭਾਰ ਵੀ ਰਹੇ ਹਨ। ਮਸਲਨ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੇ ਆਰਥਿਕ ਵਿਕਾਸ ਦਾ ਮਸਲਾ, ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਵਿਕਾਸ ਦਾ ਮਸਲਾ। ਬੀਤੇ ਵਿਚ ਪੰਜਾਬ ਨਾਲ ਹੋਈਆ ਬੇਇਨਸਾਫੀਆਂ ਦਾ ਮਸਲਾ। ਜਿਸਦੇ ਪਿਛੋਕੜ ਵਿਚ ਜੂਨ ’84 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ, ਨਵੰਬਰ ’84 ਦੇ ਸਿਖ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ ਵਿਚ ਹੋਏ ਹਜਾਰਾਂ ਸਿਖ ਨੌਜਵਾਨਾਂ ਦੇ ਕਤਲ ਅਤੇ ਕਈ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜਰਬੰਦ ਸਿਖ ਕੈਦੀਆਂ ਦਾ ਦਰਦ ਮੌਜੂਦ ਹੈ। ਇਥੇ ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਇਹ ਮੁਦੇ ਕਿਹੜੀ ਰਾਜਨੀਤੀ ਅਧੀਨ ਉਭਾਰੇ ਜਾ ਰਹੇ ਹਨ ਅਤੇ ਇਸ ਰਾਜਨੀਤੀ ਦਾ ਵਿਚਾਰਧਾਰਕ ਆਧਾਰ ਕੀ ਹੈ।ਮਿਸਾਲ ਦੇ ਤੌਰ ਉਤੇ ਅੱਜ ਰੁਜ਼ਗਾਰ, ਵਿਦਿਆ ਅਤੇ ਸਿਹਤ ਸੰਭਾਲ ਪੰਜਾਬੀ ਲੋਕਾਂ ਦੇ ਅਹਿਮ ਮੁਦੇ ਹਨ। ਇਹਨਾਂ ਮੁਦਿਆਂ ਬਾਰੇ ਬਣੇ ਕਲਪਿਤ ਮਾਇਆਧਾਰੀ ਸੰਕਲਪਾਂ ਨੇ ਸਮੁਚੀ ਮਨੁਖ ਜਾਤੀ ਨੂੰ ਉਲਝਾ ਦਿਤਾ ਹੈ। ਬਹੁਗਿਣਤੀ ਲੋਕ ਆਾਪਣੀ ਜਿੰਦਗੀ ਦੇ ਰਸ-ਕਸ ਮਾਣਨਾ ਭੁਲ ਕੇ ਰੁਜ਼ਗਾਰ, ਸਿਹਤ ਸੰਭਾਲ ਤੇ ਬਚਿਆਂ ਦੀ ਪੜ੍ਹਾਈ ਦੇ ਜੁਗਾੜ ਕਰਨ ਵਿਚ ਹੀ ਉਲਝ ਗਏ ਹਨ। ਰੁਜ਼ਗਾਰ ਦਾ ਮੰਤਵ ਹਥੀਂ ਕਿਰਤ ਕਰਕੇ ਪਦਾਰਥਕ ਲੋੜਾਂ ਦੀ ਪੂਰਤੀ ਲਈੇ ਲੋੜੀਂਦੇ ਸਾਧਨ ਜੁਟਾਉਣਾ ਹੈ। ਪਰ ਅੰਨ੍ਹੇ ਬੋਲੇ ਮਾਇਆਧਾਰੀ ਰਾਜ ਪ੍ਰਬੰਧ ਨੇ ਆਪਣੀ ਮਨੂੰਵਾਦੀ ਸੋਚ ਅਧੀਨ ਇਸ ਸੰਕਲਪ ਨੂੰ ਭ੍ਰਿਸ਼ਟ ਕਰ ਦਿਤਾ ਹੈ। ਆਪਣੀ ਕੁਦਰਤੀ ਹੋਂਦ ਤੋਂ ਅਣਜਾਣ ਅਤੇ ਸਮੂਹ ਤੋਂ ਟੁਟੇ ਹੋਏ ਲੋਕ ਰੁਜਗਾਰਵਾਦੀ ਤੇ ਖੁਦਗਰਜ ਬਿਰਤੀ ਅਧੀਨ ਸਾਰੀ ਉਮਰ ਇਸ ਜੁਗਾੜ ਦੀ ਫਿਕਰ ਕਰਦੇ ਹੀ ਮਰ ਜਾਂਦੇ ਹਨ। ਨਿਜ ਤਕ ਸਿਮਟੀ ਖੁਦਗਰਜ ਮਨੁਖ ਦੀ ਜੁਗਾੜੀ ਬਿਰਤੀ ਲਗਾਤਾਰ ਮਕਾਰ ਬਣਦੀ ਜਾਂਦੀ ਹੈ। ਸਮੂਹ ਤੋਂ ਟੁਟ ਕੇ ਨਿਜ ਤਕ ਸੁੰਗੜੀ ਹੋਈ ਉਸ ਦੀ ਸੋਚ ਇਕਲਾਪੇ ਦਾ ਸ਼ਿਕਾਰ ਹੋ ਜਾਂਦੀ ਹੈ। ਉਹ ਆਪਣੇ ਮਨੁਖੀ ਰਿਸ਼ਤਿਆਂ ਵਿਚੋਂ ਅਨੰਦ ਦਾ ਅਹਿਸਾਸ ਕਰਨ ਦੀ ਬਜਾਇ ਖਪਤਕਾਰੀ ਚਕਾਚੌਂਧ (ਵਸਤਾਂ ਦੀ ਬਹੁਤਾਤ) ਵਿਚੋਂ ਸੰਤੁਸ਼ਟੀ ਭਾਲਦਾ ਹੈ। ਪਰਾਈ ਕਿਰਤ ਉਤੇ ਪਲਣ ਦੀ ਲਾਲਸਾ ਇਸ ਵਰਗ ਦੇ ਮਨਾਂ ਵਿਚੋਂ ਮਨੁਖੀ ਤੇ ਸਮਾਜੀ ਤਤ ਖਤਮ ਕਰਦੀ ਜਾਂਦੀ ਹੈ। ਕਰਤੂਤਿ ਪਸੂ ਕੀ ਮਾਨਸੁ ਜਾਤਿ॥ ਲੋਕ ਪਚਾਰਾ ਕਰੈ ਦਿਨਿ ਰਾਤਿ॥ ਦਾ ਧਾਰਨੀ ਇਹ ਮਨੁਖ ਅਚੇਤ ਰੂਪ ਵਿਚ ਹੀ ਬੇਲੋੜੀ ਸਾਮਰਾਜੀ ਖਪਤਕਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਇਸ ਗਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਉਸ ਨੇ ਆਪਣੇ ਮਨੁਖੀ ਤਤ ਗੁਆ ਕੇ ਕਿੰਨੀ ਵਡੀ ਕੀਮਤ ਤਾਰੀ ਹੈ। ਜ਼ਿੰਦਗੀ ਦੇ ਸਾਰੇ ਰਸਾਂ-ਕਸਾਂ ਨੂੰ ਭਰਵੇਂ ਰੂਪ ਵਿਚ ਮਾਣਨ ਦੇ ਆਪਣੇ ਅਹਿਸਾਸ ਹੀ ਮਾਰ ਲਏ ਹਨ। ਉਹ ਆਪਣੀ ਜ਼ਿੰਦਗੀ ਕੌਡੀਆਂ ਬਦਲੇ ਭਾਵ ਮਾਇਆ (ਹੋਰ ਹੋਰ ਪੈਸੇ ਅਤੇ ਤ੍ਰਿਸਨਾ) ਦੇ ਭਰਮਜਾਲ ਵਿਚ ਫਸਿਆ ਹੀ ਗੁਆ ਦੇਂਦਾ ਹੈ। ਜਦੋਂ ਕਿ ਗੁਰਮਤਿ ਦਾ ਰੁਜ਼ਗਾਰ ਬਾਰੇ ਸੰਕਲਪ ਹੈ :

ਘਾਲ ਖਾਇ ਕਿਛੁ ਹਥਹੁ ਦੇਇ॥ 

ਨਾਨਕ ਰਾਹੁ ਪਛਾਣਹਿ ਸੇਇ॥

(ਪੰਨਾ 1245)

ਕਾਰਲ ਮਾਰਕਸ ਦਾ ਰੁਜਗਾਰ ਬਾਰੇ ਕਥਨ ਹੈ, ‘‘ਜ਼ਿੰਦਗੀ ਵਿਚ ਜੇ ਅਸੀਂ ਕਿਸੇ ਅਜਿਹੇ ਰੁਜਗਾਰ ਦੀ ਚੋਣ ਕਰੀਏ, ਜਿਥੇ ਰਹਿ ਕੇ ਅਸੀਂ ਬਹੁਤਾ ਕੰਮ ਮਨੁਖਤਾ ਦੀ ਸੇਵਾ ਲਈ ਕਰ ਸਕੀਏ ਤਾਂ ਕੋਈ ਵੀ ਬੋਝ ਸਾਨੂੰ ਝੁਕਾਅ ਨਹੀਂ ਸਕੇਗਾ। ਕਿਉਂਕਿ ਉਹ ਸਾਰਿਆਂ ਦੇ ਭਲੇ ਲਈ ਕੀਤੀ ਕੁਰਬਾਨੀ ਹੋਵੇਗੀ। ਫਿਰ ਅਸੀਂ ਨਿਗੁਣਾ, ਸੀਮਤ, ਸੁਆਰਥੀ ਅਨੰਦ ਨਹੀਂ ਮਾਣਾਂਗੇ ਸਗੋਂ ਸਾਡੀ ਖੁਸ਼ੀ ਦਾ ਸੰਬੰਧ ਕਰੋੜਾਂ ਲੋਕਾਂ ਦੀ ਖੁਸ਼ੀ ਨਾਲ ਹੋਵੇਗਾ। ਸਾਡੇ ਕੀਤੇ ਕੰਮ ਚੁਪ-ਚੁਪੀਤੇ ਪਰ ਨਿਰੰਤਰ ਕਾਰਜਸ਼ੀਲ ਰਹਿਣਗੇ। ਸਾਡੇ ਮਰਨ ਤੋਂ ਬਾਦ ਸਾਡੀ ਰਾਖ ਉਤੇ ਨੇਕ ਲੋਕਾਂ ਦੇ ਗਰਮ-ਗਰਮ ਹੰਝੂੂ ਡਿਗਣਗੇ।’’ ਇਹ ਰੁਜ਼ਗਾਰ ਦਾ ਸਿਖ ਅਤੇ ਕਮਿਊਨਿਸਟ ਸੰਕਲਪ ਹੈ। ਇਹੀ ਹਾਲਤ ਸਿਹਤ ਸੰਭਾਲ ਜਾਂ ਨਰੋਈ ਸਿਹਤ ਦੇ ਸੰਕਲਪ ਬਾਰੇ ਹੈ। ਦੁਨੀਆ ਭਰ ਦੇ ਦੇਸਾਂ ਅੰਦਰ ਜਿੰਨੀ ਮਨੁਖ ਜਾਤੀ ਅੱਜ ਬਿਮਾਰ ਨਜ਼ਰ ਆ ਰਹੀ ਹੈ, ਏਨੀ ਪਹਿਲਾਂ ਕਦੇ ਨਹੀਂ ਹੋਈ। ਅੱਜ ਪੰਜਾਬ ਅੰਦਰ ਸਿਹਤ ਸੰਭਾਲ ਦੀ ਹਾਲਤ ਇਹ ਹੈ ਕਿ ਜੋੜਾਂ ਦੀਆਂ ਦਰਦਾਂ, ਸ਼ੂਗਰ, ਬਲਡ ਪ੍ਰੈਸ਼ਰ ਵਧਣਾ ਘਟਣਾ, ਕੈਂਸਰ, ਗਿਲਟੀਆਂ ਬਣਨੀਆਂ, ਵਾਲ ਸਫੈਦ ਹੋਣੇ ਆਮ ਵਰਤਾਰਾ ਹੈ। ਜਿਹੜੀਆਂ ਬਿਮਾਰੀਆਂ ਪਹਿਲਾਂ ਸਿਰਫ ਵਡੇਰੀ ਉਮਰ ਵਿਚ ਹੀ ਹੁੰਦੀਆਂ ਸਨ, ਅੱਜ 10-12 ਸਾਲ ਦੇ ਬਚਿਆਂ ਵਿਚ ਵੀ ਆਮ ਪਾਈਆਂ ਜਾ ਰਹੀਆਂ ਹਨ। ਮਾਸੂਮ ਬਚਿਆਂ ਨੂੰ ਨਿਗ੍ਹਾ ਦੀਆਂ ਐਨਕਾਂ, ਨਕ ਦਾ ਮਾਸ ਵਧਣਾ, ਸਾਹ ਦੀ ਤਕਲੀਫ਼, ਮਾਈਗ੍ਰੇਨ ਆਦਿ ਰੋਗ ਅਕਸਰ ਵੇਖਣ ਨੂੰ ਮਿਲ ਰਹੇ ਹਨ। ਜਵਾਨ ਮੁੰਡੇ-ਕੁੜੀਆਂ ਦੇ ਚਿਹਰਿਆਂ ਉਤੇ ਜਵਾਨੀ ਦੀ ਕੋਈ ਰੌਣਕ ਨਹੀਂ। ਹਥੀਂ ਕਿਰਤ ਤੇ ਸੰਤੁਲਿਤ ਖੁਰਾਕ ਦੀ ਘਾਟ ਕਾਰਨ ਸੰਤਾਨ ਪੈਦਾ ਕਰਨ ਦੀ ਉਮਰ ਵਿਚ ਲੜਕਿਆਂ ਵਿਚ ਨਾਮਰਦੀ ਵਰਗੀਆਂ ਅਲਾਮਤਾਂ ਸਾਹਮਣੇ ਆ ਰਹੀਆਂ ਹਨ। ਕਿਸੇ ਵੀ ਗਰਭਵਤੀ ਔਰਤ ਦੇ ਚਿਹਰੇ ਉਤੇ ਮਾਂ ਬਣਨ ਦੀ ਕੁਦਰਤੀ ਖੁਸ਼ੀ ਨਜ਼ਰ ਨਹੀਂ ਆਉਂਦੀ। ਗਰਭਵਤੀ ਹੋਣ ਦੇ ਦਿਨ ਤੋਂ ਹੀ ਦਵਾਈਆਂ ਖਾਣ, ਵਾਰ-ਵਾਰ ਅਲਟਰਾ ਸਾਊਂਡ ਕਰਵਾਉਣ ਤੇ ਫਿਰ ਜਣੇਪਾ ਬਿਨਾਂ ਅਪਰੇਸ਼ਨ ਹੋਣਾ ਹੈ ਕਿ ਵਡੇ ਆਪਰਸ਼ੇਨ ਨਾਲ, ਉਹ ਇਹਨਾਂ ਉਲਝਣਾਂ ਵਿਚ ਹੀ ਫਸੀ ਰਹਿੰਦੀ ਹੈ। ਨਵੰਜੰਮੇ ਬਚੇ ਨੂੰ ਗੋਦੀ ਵਿਚ ਲੈ ਕੇ ਹਸਪਤਾਲਾਂ ਦੇ ਚਕਰ, ਕਦੀ ਉਸ ਦੀ ਛਾਤੀ ਰੁਕ ਗਈ, ਕਦੀ ਬੁਖਾਰ ਆ ਗਿਆ ਅਤੇ ਬਸ ਇਸੇ ਤਰ੍ਹਾਂ ਹਸਪਤਾਲਾਂ ਵਿਚ ਖਜਲ-ਖੁਆਰੀ। ਡਾਕਟਰੀ ਦੇ ਖੇਤਰ ਵਿਚ ਹੋਏ ਵਿਕਾਸ ਦੇ ਬਾਵਜੂਦ ਸਾਡਾ ਸਮਾਜ ਸਿਹਤਮੰਦਂ ਨਹੀਂ ਹੋ ਰਿਹਾ। ਕਾਰਨ ਹੈ ਕਿ ਮਨੁਖ ਕੁਦਰਤੀ ਕਾਰਨਾਂ ਕਰਕੇ ਓਨਾ ਬਿਮਾਰ ਨਹੀਂ ਹੁੰਦਾ, ਜਿੰਨਾ ਆਧੁਨਿਕ ਦਵਾਈਆਂ ਦੀ ਦੁਰਵਰਤੋਂ ਕਾਰਨ ਹੋ ਰਿਹਾ ਹੈ। ਕੁਦਰਤ ਨੇ ਜਿਸ ਢੰਗ ਨਾਲ ਮਨੁਖੀ ਸਰੀਰ ਦੀ ਸਿਰਜਣਾ ਕੀਤੀ ਹੈ ਜੇ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ ਤਾਂ ਉਸ ਸਿਰਜਣਹਾਰ ਅਗੇ ਵਾਰ-ਵਾਰ ਸਿਰ ਝੁਕਦਾ ਹੈ ਕਿ ਕਿਸ ਤਰ੍ਹਾਂ ਉਸ ਨੇ ਸਾਡੇ ਸਰੀਰ ਅੰਦਰ ਇਕ ਐਸੀ ਸ਼ਕਤੀ ਮੌਜੂਦ ਰਖੀ ਹੋਈ ਹੈ, ਜੋ ਕਿਸੇ ਵੀ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂ ਦਾ ਮੁਕਾਬਲਾ ਕਰਨ ਲਈ ਸਦਾ ਕਾਰਜਸ਼ੀਲ ਰਹਿੰਦੀ ਹੈ। ਕੁਦਰਤੀ ਨੇਮਾਂ ਅਨੁਸਾਰ ਜੀਵਨ ਜਿਉਣ ਨਾਲ ਇਨਸਾਨ ਤੰਦਰੁਸਤ ਤੇ ਖੁਸ਼ਹਾਲ ਜੀਵਨ ਦਾ ਅਨੰਦ ਮਾਣ ਸਕਦਾ ਹੈ। ਮੁਨਾਫੇਖੋਰ ਦਵਾਈ ਕੰਪਨੀਆਂ ਅਤੇ ਪੈਸੇ ਦੇ ਭੁਖੇ ਡਾਕਟਰਾਂ ਦਾ ਰਚਿਆ ਅਡੰਬਰ ਮਨੁਖ ਜਾਤੀ ਨੂੰ ਕੁਦਰਤ ਤੋਂ ਬਹੁਤ ਦੂਰ ਲੈ ਆਇਆ ਹੈ। ਦੁਨੀਆ ਭਰ ਵਿਚ ਵਧ ਰਿਹਾ ਮੋਟਾਪਾ ਤੇ ਇਸ ਨਾਲ ਜੁੜੀਆਂ ਅਣਗਿਣਤ ਬਿਮਾਰੀਆਂ, ਮਾਨਸਿਕ ਰੋਗ, ਉਨੀਂਦਰਾ, ਦਿਲ ਦੇ ਰੋਗ ਤੇ ਅਜਿਹੀਆਂ ਹਜ਼ਾਰਾਂ ਅਲਾਮਤਾਂ, ਸਿਰਫ ਇਸ ਅਡੰਬਰ ਨੂੰ ਤਿਆਗਣ ਨਾਲ ਹੀ ਖਤਮ ਹੋ ਸਕਦੀਆਂ ਹਨ। ਪੰਜਾਬ ਅੰਦਰ ਬੜੀ ਤੇਜ਼ੀ ਨਾਲ ਫੈਲ ਰਿਹਾ ਕੈਂਸਰ ਦਾ ਰੋਗ ਇਸੇ ਅਲਾਮਤ ਦੀ ਦੇਣ ਹੈ। ਅਜੋਕੀ ਵਿਦਿਆ ਦਾ ਵੀ ਇਹੀ ਹਾਲ ਹੈ। ਹਥੀਂ ਕਿਰਤ ਪ੍ਰਤੀ ਨਫਰਤ ਪੈਦਾ ਕਰ ਕੇ ਇਹ ਵਿਦਿਆ ਬਚਿਆਂ ਨੂੰ ਘੋਰ ਸੁਆਰਥੀ, ਕੰਮਚੋਰ, ਲਾਲਚੀ ਅਤੇ ਨਿਜ ਤਕ ਸੀਮਤ ਕਰ ਰਹੀ ਹੈ। ਇਸ ਵਿਦਿਆ ਵਿਚ ਪੜ੍ਹੇ ਗੁੜੇ੍ਹ ਬਚੇ ਖਾਣ ਪੀਣ ਹਗਣ ਤੇ ਲਿੰਗ ਰਿਸ਼ਤਿਆਂ ਤਕ ਸੀਮਤ ਪਸੂ ਦੀ ਪਧਰ ਉਤੇ ਜਿਉਂਦੇ ਹਨ। ਗੁਰੂ ਨਾਨਕ ਸਾਹਿਬ ਪੁਛਦੇੇ ਹਨ ਕਿ ਗਿਆਨੀ ਮਨੁਖ ਕੌਣ ਹੈ? ਫਿਰ ਆਪ ਹੀ ਸਪਸ਼ਟ ਕਰਦੇ ਹਨ ਕਿ ਜਿਹੜਾ ਮਨੁਖ ਚੇਤੰਨ ਹੈ ਭਾਵ ਜਿਸ ਨੇ ਆਪਣੀ ਕੁਦਰਤੀ ਹੋਂਦ ਨੂੰ ਪਛਾਣ ਲਿਆ ਹੈ।

ਗਿਆਨੀ ਹੋਇ ਜੋ ਚੇਤੰਨ ਹੋਇ 

ਅਗਿਆਨੀ ਅੰਧ ਕਮਾਇ॥ (ਪੰਨਾ 556)

ਇਹੀ ਗੱਲ ਮਾਰਕਸ ਨੇ ਕਹੀ ਹੈ, ‘‘ਚੇਤਨਾ ਹੋਰ ਕੁਝ ਨਹੀਂ ਸਗੋਂ ਚੇਤੰਨ ਮਨੁਖੀ ਹੋਂਦ ਹੈ।’’ 

(ਜਰਮਨ ਵਿਚਾਰਧਾਰਾ, ਸਫਾ 42)

ਗਿਆਨ ਦਾ ਸੰਬੰਧ ਕਿਸੇ ਸਕੂਲੀ ਵਿਦਿਆ ਭਾਵ ਕਾਲਜਾਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਨਾਲ ਨਹੀਂ ਸਗੋਂ ਚੇਤੰਨ ਮਨੁਖੀ ਹੋਂਦ ਨਾਲ ਹੈ। ਮਨੁਖ ਦੀ ਚੇਤੰਨ ਹੋਂਦ ਦਾ ਪ੍ਰਗਟ ਰੂਪ ਉਸਦੀ ਜੀਵਨ ਜੁਗਤ ਭਾਵ ਸਦਾਚਾਰ ਹੈ। ਕਿਸੇ ਮਨੁਖ ਦੀ ਚੇਤਨਾ ਦਾ ਪੈਮਾਨਾ ਉਸ ਦੀ ਕਹਿਣੀ ਨਹੀਂ ਸਗੋਂ ਉਸ ਦੀ ਕਰਨੀ ਹੈ। ਇਸ ਦਾ ਦੂਜਾ ਪਖ ਅਗਿਆਨੀ ਮਨੁਖ ਹੈ, ਜਿਹੜਾ ਸਾਰੀ ਉਮਰ ਅਗਿਆਨ ਦੇ ਹਨ੍ਹੇਰੇ ਵਿਚ ਭਟਕਦਾ, ਕਲਪਿਤ ਜਮਾਂ ਦੇ ਡਰ ਦਾ ਦੁਖ ਭੋਗਦਾ ਹੀ ਮਰ ਜਾਂਦਾ ਹੈ। ਅਗਿਆਨੀ ਮਨੁਖ ਆਪਣੀਆਂ ਕੁਦਰਤੀ ਲੋੜਾਂ ਦੀ ਸੁਚੇਤ ਪਛਾਣ ਨਹੀਂ ਕਰ ਸਕਦਾ। ਇਸ ਲਈ ਉਹ ਆਪਣੇ ਤਨ ਅਤੇ ਮਨ ਦੇ ਰਿਸ਼ਤੇ ਨੂੰ ਭੁਲ ਕੇ ਤ੍ਰਿਸਨਾ ਭਾਵ ਆਪਣੀਆਂ ਗੈਰ-ਕੁਦਰਤੀ ਇਛਾਵਾਂ ਦੀ ਪੂਰਤੀ ਲਈ ਭਟਕਦਾ ਰਹਿੰਦਾ ਹੈ। ਆਪਣੀਆਂ ਗੈਰ-ਕੁਦਰਤੀ ਇਛਾਵਾਂ ਪੂਰੀਆਂ ਕਰਨ ਦੀ ਧੁਸ ਕਾਰਨ ਹੋਰ-ਹੋਰ ਪੈਸਾ ਕਮਾਉਣ ਦੀ ਦੌੜ੍ਹ ਵਿਚ ਭਟਕਦਾ ਉਹ ਨਿਰੰਤਰ ਤਣਾਅ ਦਾ ਸ਼ਿਕਾਰ ਰਹਿੰਦਾ ਹੈ। ਨਿਜੀ ਜਾਇਦਾਦ ਦੀ ਹੋਂਦ-ਸੋਚ ਅਤੇ ਇਸ ਦੇ ਪ੍ਰਗਟ ਰੂਪ ਪੈਸੇ ਦੁਆਲੇ ਬੁਣੇ ਸਾਰੇ ਸੁਆਰਥੀ ਮਨੁਖੀ ਰਿਸ਼ਤੇ ਤੇ ਆਪਣੇ ਆਪੇ ਪ੍ਰਤੀ ਅਗਿਆਨਤਾ ਇਸ ਦਾ ਆਧਾਰ ਹੈ। ਗਿਆਨੀ ਹੋਣ ਦਾ ਭਾਵ ਇਹੀ ਹੈ ਕਿ ਮਨੁਖ ਆਪਣੀਆਂ ਕੁਦਰਤੀ (ਭੌਤਿਕ ਤੇ ਜਜ਼ਬਾਤੀ) ਲੋੜਾਂ ਦੀ ਪਛਾਣ ਕਰਕੇ ਉਹਨਾਂ ਅਨੁਸਾਰ ਆਪਣਾ ਜੀਵਨ ਵਿਉਂਤੇ ਅਤੇ ਇਸ ਤਰ੍ਹਾਂ ਆਪਣੇ ਤਨ ਅਤੇ ਮਨ ਦੇ ਰਿਸ਼ਤੇ ਨੂੰ ਸੁਚੇਤ ਰੂਪ ਵਿਚ ਸੰਤੁਲਿਤ ਕਰੇ। ਇਸ ਦੇ ਉਲਟ ਮੌਜੂਦਾ ਵਿਦਿਆ ਵਿਦਿਆਰਥੀਆਂ ਨੂੰ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਬਣਾ ਕੇ ਉਹਨਾਂ ਦੇ ਅਚੇਤ ਮਨ ਨੂੰ ਭਟਕਾ ਰਹੀ ਹੈ। ਆਪਣੇ ਜ਼ਜ਼ਬਿਆਂ ਨੂੰ ਕਾਬੂ ਕਰਨ ਦੀ ਜਾਚ ਸਿਖਾਉਣ ਦੀ ਬਜਾਇ ਬਚਿਆਂ ਦੇ ਜਜ਼ਬਿਆਂ ਨੂੰ ਬੇਲਗਾਮ ਬਣਾ ਰਹੀ ਹੈ। ਮਨੁਖ ਨੂੰ ਪਰਉਪਕਾਰੀ ਬਣਾਉਣ ਦੀ ਬਜਾਇ ਸੁਆਰਥੀ ਬਣਾ ਰਹੀ ਹੈ। ਮੌਜੂਦਾ ਵਿਦਿਅਕ ਪ੍ਰਬੰਧ ਸਿਰਫ ਜਜ਼ਬਾਤ ਵਿਹੂਣੀਆਂ ਤੇ ਰੂਹਾਨੀਅਤ ਤੋਂ ਸਖਣੀਆਂ ਮੁਰਦਾ ਰੂਹਾਂ ਜਾਂ ਵਧ ਤੋਂ ਵਧ ਪੈਸਾ ਕਮਾਉਣ ਦੀ ਦੌੜ ਵਿਚ ਸ਼ਾਮਿਲ ਮਸ਼ੀਨਾਂ ਪੈਦਾ ਕਰ ਰਿਹਾ ਹੈ। ਸਾਂਝੀਵਾਲਤਾ ਦੇ ਪੈਰੋਕਾਰ ਨੌਜਵਾਨ ਨਹੀਂ। ਗੁਰਮਤਿ ਦਾ ਫੁਰਮਾਨ ਹੈ : ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ ਵਿਦਿਆ ਦਾ ਮੰਤਵ ਸਿਰਫ ਪੜ੍ਹਨਾ ਨਹੀਂ ਬਲਕਿ ਸਚਾਈ ਨੂੰ ਬੁਝਣਾ ਅਤੇ ਉਸ ਅਨੁਸਾਰ ਜਿੰਦਗੀ ਜਿਉਣਾ ਹੈ। 

ਇਸੇ ਤਰ੍ਹਾਂ ਜਦੋਂ ਅਸੀਂ ਪੰਜਾਬ ਦੀਆਂ ਬਾਕੀ ਮੰਗਾਂ ਜਾਂ ਮਸਲਿਆਂ ਦੀ ਚਰਚਾ ਕਰਾਂਗੇ ਤਾਂ ਸਾਨੂੰ ਸਪਸ਼ਟ ਕਰਨਾ ਪਵੇਗਾ ਕਿ ਅਸੀਂ ਕਿਸ ਵਿਚਾਰਧਾਰਾ ਤੋਂ ਅਗਵਾਈ ਜਾਂ ਪ੍ਰੇਰਨਾ ਲੈ ਕੇ ਇਹਨਾਂ ਮਸਲਿਆਂ ਦਾ ਹੱਲ ਕਰਨਾ ਚਾਹੁੰਦੇ ਹਾਂ। ਮਸਲਨ ਪੰਜਾਬ ਦੇ ਪਾਣੀਆਂ ਦੀ ਰਾਖੀ ਦਾ ਮਸਲਾ ਇਸ ਦੇਸ ਦੇ ਕੁਦਰਤੀ ਵਿਕਾਸ ਨਾਲ ਜੁੜਿਆ ਹੋਇਆ ਹੈ, ਜਿਹੜਾ ਦੇਸ ਨੂੰ ਸਹੀ ਅਰਥਾਂ ਵਿਚ ਜਮਹੂਰੀ ਫੈਡਰਲ ਢਾਂਚੇ ਵਿਚ ਜਥੇਬੰਦ ਕਰ ਕੇ ਹੀ ਹੋ ਸਕੇਗਾ। ਪੰਜਾਬ ਦੇ ਖਰੇ ਆਰਥਿਕ ਵਿਕਾਸ ਦਾ ਮਸਲਾ ਨਵੇਂਂ ਵਿਕਾਸ ਮਾਡਲ ਨਾਲ ਜੁੜਿਆ ਹੋਇਆ ਹੈ, ਕਿ ਕੀ ਅਸੀਂ ਇਹ ਵਿਕਾਸ ਮੌਜੂਦਾ ਸਾਮਰਾਜੀ ਆਰਥਿਕ ਰਿਸ਼ਤਿਆਂ ਅਨੁਸਾਰ ਜਾਂ ਸਮੁਚੇ ਸਮਾਜ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਵਾਲੇ ਆਰਥਿਕ ਰਿਸ਼ਤਿਆਂ ਅਨੁਸਾਰ ਕਰਨਾ ਚਾਹੁੰਦੇ ਹਾਂ, ਜਿਸ ਦੀ ਜਾਣਕਾਰੀ ਗੁਰਮਤਿ ਅਤੇ ਮਾਰਕਸਵਾਦ ਨੇ ਦਿਤੀ ਹੈ। ਪੰਜਾਬੀ ਬੋਲੀ ਅਤੇ ਸਭਿਆਚਾਰ ਦਾ ਵਿਕਾਸ ਵੀ ਵਿਚਾਰਧਾਰਾ ਨਾਲ ਜੁੜ ਕੇ ਹੀ ਹੋਣਾ ਹੈ। ਬੀਤੇ ਵਿਚ ਪੰਜਾਬ ਨਾਲ ਹੋਈਆ ਬੇਇਨਸਾਫੀਆਂ ਵੀ ਸਾਮਰਾਜੀ ਵਿਕਾਸ ਮਾਡਲ ਦੀ ਦੇਣ ਹਨ। ਇਸ ਸਾਮਰਾਜੀ ਵਿਕਾਸ ਮਾਡਲ ਦਾ ਖਾਤਮਾ ਹੀ ਸਿਖ ਹਿਰਦਿਆਂ ਨੂੰ ਸ਼ਾਂਤ ਕਰ ਸਕਦਾ ਹੈ।

 

(ਗੁਰਬਚਨ ਸਿੰਘ, 9815698451)