ਬੁੰਗਾ ਗਿਆਨੀਆਂ ਦੀ ਸਾਹਿਤਕ ਵਿਰਾਸਤ

ਬੁੰਗਾ ਗਿਆਨੀਆਂ ਦੀ ਸਾਹਿਤਕ ਵਿਰਾਸਤ

ਧਰਮ ਤੇ ਵਿਰਸਾ

ਡਾਕਟਰ ਧਰਮ ਸਿੰਘ

ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਕਹਿ ਲਵੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਉਣ ਤੋਂ ਪਹਿਲਾਂ ਸ੍ਰੀ ਦਰਬਾਰ ਸਹਿਬ ਦੇ ਆਲੇ-ਦੁਆਲੇ ਪਰਿਕਰਮਾ ਦੇ ਨਾਲ-ਨਾਲ ਕਈ ਬੁੰਗੇ ਉੱਸਰੇ ਹੋਏ ਸਨ। ਇਨ੍ਹਾਂ ਦੀ ਗਿਣਤੀ ਵੱਖ-ਵੱਖ ਇਤਿਹਾਸਕ ਸਰੋਤਾਂ ਵਿਚ ਵੱਖ-ਵੱਖ ਹੈ, ਜੋ ਬਹੱਤਰ ਤੋਂ ਚੁਰਾਸੀ ਤੱਕ ਦੱਸੀ ਗਈ ਹੈ ਅਤੇ ਇਨ੍ਹਾਂ ਦੀ ਉਸਾਰੀ ਦਾ ਸਮਾਂ ਵੀ ਵੱਖ-ਵੱਖ ਹੈ। ਇਕ ਅੰਦਾਜ਼ੇ ਅਨੁਸਾਰ ਇਹ 1765 ਤੋਂ 1833 ਈ: ਵਿਚਕਾਰ ਉੱਸਰੇ ਸਨ। ਅਨੁਮਾਨ ਹੈ ਕਿ ਜਿਨ੍ਹਾਂ ਬੁੰਗਿਆਂ ਦੇ ਨਾਂਅ ਮਿਸਲਾਂ ਦੇ ਨਾਵਾਂ ਉੱਪਰ ਹਨ, ਉਹ ਅਠਾਰ੍ਹਵੀਂ ਸਦੀ ਦੇ ਹਨ ਅਤੇ ਜੋ ਵਿਅਕਤੀਗਤ ਨਾਵਾਂ ਉੱਪਰ ਹਨ, ਉਹ ਉੱਨ੍ਹੀਵੀਂ ਸਦੀ ਦੇ ਪਹਿਲੇ ਅੱਧ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਜਾਂ ਬਾਅਦ ਵਿਚ ਬਣੇ ਸਨ। ਇਨ੍ਹਾਂ ਬੁੰਗਿਆਂ ਦਾ ਮੰਤਵ ਕਈ ਕਿਸਮ ਦਾ ਸੀ। ਜਦ ਸਰਬੱਤ ਖ਼ਾਲਸਾ ਜੁੜਦਾ ਤਾਂ ਵੱਖ-ਵੱਖ ਮਿਸਲਦਾਰ ਆਪੋ-ਆਪਣੇ ਬਣਾਏ ਬੁੰਗਿਆਂ ਵਿਚ ਠਹਿਰਦੇ, ਖ਼ਾਸ ਕਰਕੇ ਵਿਸ਼ੇਸ਼ ਮੌਕਿਆਂ ਉੱਪਰ ਜਿਵੇਂ ਦੀਵਾਲੀ ਅਤੇ ਵਿਸਾਖੀ ਅਤੇ ਜਦ ਇਹ ਵਿਹਲੇ ਹੁੰਦੇ ਤਾਂ ਪੜ੍ਹਨ-ਪੜ੍ਹਾਉਣ, ਸੰਗੀਤ ਦੀ ਸਿੱਖਿਆ ਦੇਣ ਆਦਿ ਦੇ ਕੰਮਾਂ ਲਈ ਵਰਤੇ ਜਾਂਦੇ। ਇਨ੍ਹਾਂ ਵਿਚੋਂ ਕਈ ਬੁੰਗੇ ਤਾਂ ਆਪਣੀ ਵਿਸ਼ੇਸ਼ਕ੍ਰਿਤ ਸਿੱਖਿਆ  ਲਈ ਮਸ਼ਹੂਰ ਸਨ ਅਤੇ ਇਨ੍ਹਾਂ ਦੇ ਨਾਮ ਜਾਗੀਰਾਂ ਵਗੈਰਾ ਵੀ ਲੱਗੀਆਂ ਹੋਈਆਂ ਸਨ। ਇਨ੍ਹਾਂ ਵਿਚੋਂ ਇਕ ਬੁੰਗਾ ਗਿਆਨੀਆਂ ਦਾ ਜਾਂ ਬੁਰਜ ਗਿਆਨੀਆਂ ਦਾ ਵੀ ਸੀ, ਜਿਸ ਦੀ ਇਮਾਰਤ ਹੁਣ ਸ਼੍ਰੋਮਣੀ ਕਮੇਟੀ ਵਲੋਂ ਨਵਾਂ ਜੋੜਾ ਘਰ ਬਣਾਉਣ ਸਮੇਂ ਕੀਤੀ ਗਈ ਖੁਦਾਈ ਸਮੇਂ ਸਾਹਮਣੇ ਆਈ ਹੈ। ਇਸ ਸਬੰਧੀ ਅੱਜਕਲ੍ਹ ਚਰਚਾ ਵੀ ਛਿੜੀ ਹੋਈ ਹੈ।

ਬੁੰਗਾ ਗਿਆਨੀਆਂ ਦੀ ਵਧੇਰੇ ਪ੍ਰਸਿੱਧੀ ਕੁਝ ਵਿਸ਼ੇਸ਼ ਵਿਅਕਤੀਆਂ ਕਰਕੇ ਜ਼ਿਆਦਾ ਹੋ ਗਈ ਸੀ। ਇਹ ਅੱਲ ਕਿਉਂ ਪਈ? ਇਸ ਪਾਸੇ ਨਾ ਜਾਂਦੇ ਹੋਏ ਅਸੀਂ ਇਸ ਬੁੰਗੇ ਨਾਲ ਜੁੜੇ ਰਹੇ ਕੁਝ ਪ੍ਰਸਿੱਧ ਸਾਹਿਤਕਾਰਾਂ ਦੀ ਚਰਚਾ ਹੀ ਕਰਨੀ ਚਹਾਂਗੇ। ਇਹ ਪ੍ਰਸਿੱਧ ਵਿਅਕਤੀ ਸਨ, ਭਾਈ ਸੂਰਤ ਸਿੰਘ, ਗਿਆਨੀ ਸੰਤ ਸਿੰਘ, ਗਿ: ਗੁਰਮੁਖ ਸਿੰਘ, ਭਾਈ ਸੰਤੋਖ ਸਿੰਘ ਅਤੇ ਹਰਿੰਦਰ ਸਿੰਘ ਰੂਪ ਆਦਿ। ਇਸ ਘਰਾਣੇ ਵਿਚ ਪੜ੍ਹਾਈ-ਲਿਖਾਈ ਦਾ ਮੁੱਢ ਤੋਂ ਹੀ ਸ਼ੌਕ ਸੀ ਅਤੇ ਇਸ ਦੇ ਇਕ ਵਡੇਰੇ ਦੀਵਾਨ ਸਾਗਰ ਮੱਲ ਜਲਾਲੁੱਦੀਨ ਅਕਬਰ ਦੇ ਦੀਵਾਨ ਸਨ। ਇਸ ਘਰਾਣੇ ਦਾ ਸਭ ਤੋਂ ਪਹਿਲਾ ਲੇਖਕ ਭਾਈ ਸੂਰਤ ਸਿੰਘ ਹੈ। ਭਾਈ ਸੂਰਤ ਸਿੰਘ ਬਾਰੇ ਲਿਖਿਆ ਮਿਲਦਾ ਹੈ ਕਿ ਇਸ ਨੇ ਦਸਵੀਂ ਪਾਤਸ਼ਾਹੀ ਤੋਂ ਅੰਮ੍ਰਿਤ ਛਕਿਆ ਸੀ ਅਤੇ ਗੁਰੂ ਜੀ ਦੇ ਕਹਿਣ 'ਤੇ ਇਸ ਨੇ ਭਾਈ ਮਨੀ ਸਿੰਘ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਸੁਣੇ ਸਨ। ਭਾਈ ਸੂਰਤ ਸਿੰਘ ਪੱਛਮੀ ਪੰਜਾਬ ਤੇ ਜ਼ਿਲ੍ਹਾ ਝੰਗ ਦੇ ਪ੍ਰਸਿੱਧ ਕਸਬੇ ਚਨਿਓਟ ਦਾ ਰਹਿਣ ਵਾਲਾ ਖੱਤਰੀ ਸਿੱਖ ਸੀ। ਭਾਈ ਮਨੀ ਸਿੰਘ ਜੀ ਦੇ ਨਾਂਅ ਨਾਲ ਮਸ਼ਹੂਰ ਇਕ ਜਨਮ ਸਾਖੀ ਗਿਆਨ ਰਤਨਾਵਲੀ ਬਾਰੇ ਕੁਝ ਵਿਦਵਾਨਾਂ ਦੀ ਰਾਇ ਹੈ ਕਿ ਇਸ ਨੂੰ ਅੰਤਿਮ ਅਤੇ ਅਜੋਕਾ ਰੂਪ ਭਾਈ ਸੂਰਤ ਸਿੰਘ ਨੇ ਹੀ ਦਿੱਤਾ ਸੀ। ਅੰਮ੍ਰਿਤਸਰ ਆ ਕੇ ਇਕ ਬੁੰਗੇੇ ਵਿਚ ਇਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਆਏ ਹੁਕਮਨਾਮੇ ਦੀ ਕਥਾ ਕਰਨੀ ਸ਼ੁਰੂ ਕੀਤੀ ਸੀ। ਮਿਸਾਲਦਾਰਾਂ ਨੇ ਇਨ੍ਹਾਂ ਨੂੰ ਯੋਗ ਸਮਝ ਕੇ ਇਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਨਿਯੁਕਤ ਕਰ ਦਿੱਤਾ। ਭਾਈ ਸੂਰਤ ਸਿੰਘ ਚੜ੍ਹਾਵੇ ਵਿਚੋਂ ਪੈਸੇ ਨਹੀਂ ਸਨ ਲੈਂਦੇ, ਇਸ ਲਈ ਪੰਜ ਸਰਦਾਰਾਂ ਨੇ ਪੰਜ ਪਿੰਡਾਂ ਦੀ ਜਾਗੀਰ ਇਨ੍ਹਾਂ ਦੇ ਨਾਂਅ ਲਾ ਦਿੱਤੀ। ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਕਈ ਤਰ੍ਹਾਂ ਦੀਆਂ ਉਸਾਰੀਆਂ ਦੀ ਦੇਖ-ਰੇਖ ਵੀ ਇਨ੍ਹਾਂ ਦੇ ਸਪੁਰਦ ਕਰ ਦਿੱਤੀ।

ਭਾਈ ਸੂਰਤ ਸਿੰਘ ਦੇ ਦੋ ਪੁੱਤਰ ਸਨ, ਭਾਈ ਸੰਤ ਸਿੰਘ ਅਤੇ ਭਾਈ ਗੁਰਦਾਸ ਸਿੰਘ। ਭਾਈ ਸੂਰਤ ਸਿੰਘ ਨੇ ਸੰਤ ਸਿੰਘ (1768-1832 ਈ:) ਨੂੰ ਖ਼ੁਦ ਧਾਰਮਿਕ ਵਿੱਦਿਆ ਪ੍ਰਦਾਨ ਕੀਤੀ ਅਤੇ ਬ੍ਰਿਜ ਭਾਸ਼ਾ ਅਤੇ ਸੰਸਕ੍ਰਿਤ ਦੀ ਸਿੱਖਿਆ ਇਨ੍ਹਾਂ ਨੇ ਰਾਵਲਪਿੰਡੀ ਦੇ ਬੋਹਾ ਕਸਬੇ ਦੇ ਪੰਡਿਤ ਨਿਹਾਲ ਸਿੰਘ ਪਾਸੋਂ ਲਈ। ਇਸ ਅਰਸੇ ਦੌਰਾਨ ਪੰਜਾਬ ਵਿਚ ਕਈ ਤਬਦੀਲੀਆਂ ਵਾਪਰ ਗਈਆਂ। ਭਾਈ ਸੰਤ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਸੀ ਅਤੇ ਮਿਸਲਾਂ ਨੂੰ ਸੰਗਠਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਕਾਇਮ ਕਰ ਲਿਆ ਸੀ। ਪਿਤਾ ਭਾਈ ਸੂਰਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਸਾਂਭ-ਸੰਭਾਲ, ਮੀਨਾਕਾਰੀ ਅਤੇ ਸੋਨੇ ਦੇ ਪੱਤਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਵੀ ਭਾਈ ਸੰਤ ਸਿੰਘ ਨੂੰ ਸੌਂਪੀ ਗਈ। ਵਿਚ-ਵਿਚਾਲੇ ਇਹ ਲਾਹੌਰ ਦਰਬਾਰ ਮਹਾਰਾਜੇ ਦੇ ਦਰਬਾਰ ਵਿਚ ਵੀ ਜਾਂਦੇ ਪਰ ਛੋਟੇ ਭਾਈ ਗੁਰਦਾਸ ਸਿੰਘ ਦੇ ਦਿਹਾਂਤ ਤੋਂ ਬਾਅਦ ਆਪ ਨੇ ਲਾਹੌਰ ਦਰਬਾਰ ਵਿਚ ਜਾਣਾ ਛੱਡ ਦਿੱਤਾ ਅਤੇ ਦਰਬਾਰੀ ਜ਼ਿੰਮੇਵਾਰੀਆਂ ਆਪਣੇ ਪੁੱਤਰ ਭਾਈ ਗੁਰਮੁਖ ਸਿੰਘ ਉੱਤੇ ਪਾ ਦਿੱਤੀਆਂ। ਭਾਈ ਸੰਤ ਸਿੰਘ ਨੇ ਆਪਣੀ ਸਾਰੀ ਉਮਰ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਿਚ ਲਗਾ ਦਿੱਤੀ। ਆਪ ਇਕ ਚੰਗੇ ਲੇਖਕ ਵੀ ਸਨ ਅਤੇ ਇਨ੍ਹਾਂ ਦੀਆਂ ਰਚਨਾਵਾਂ ਵਿਚ ਤੁਲਸੀ ਰਾਮਾਇਣ ਦਾ ਵਾਰਤਕ ਟੀਕਾ, ਰਾਮਾਸ਼੍ਵਮੇਧ ਆਦਿ ਮਿਲਦੀਆਂ ਹਨ। ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ, ਪਹਿਲੀ ਵਿਚ ਮਹਾਂਕਵੀ ਤੁਲਸੀਦਾਸ ਰਚਿਤ ਰਾਮਾਇਣ ਦਾ ਟੀਕਾ ਹੈ ਅਤੇ ਦੂਜੀ ਵਿਚ ਸ੍ਰੀ ਰਾਮ ਚੰਦਰ ਵਲੋਂ ਅਸ਼੍ਵਮੇਧ ਜੱਗ ਕਰਕੇ ਆਪਣੇ ਅਜਿੱਤ ਹੋਣ ਦਾ ਦਾਅਵਾ ਪੇਸ਼ ਕਰਨ ਸਬੰਧੀ ਹੈ। ਇਥੋਂ ਹੀ ਉੱਤਰ ਰਾਮਾਇਣ ਦਾ ਮੁੱਢ ਬੱਝਦਾ ਹੈ। ਕਈ ਪੁਰਾਣੀਆਂ ਲਾਇਬ੍ਰ੍ਰੇਰੀਆਂ ਵਿਚ ਇਨ੍ਹਾਂ ਦੇ ਹੱਥ ਲਿਖਤ ਨੁਸਖੇ ਅੱਜ ਵੀ ਮਿਲ ਜਾਂਦੇ ਹਨ।

ਭਾਈ ਸੰਤ ਸਿੰਘ ਦੇ ਨਾਲ ਸਬੰਧਿਤ ਦੂਜੀ ਮਹੱਤਵਪੂਰਨ ਘਟਨਾ ਭਾਈ ਸੰਤੋਖ ਸਿੰਘ ਕਰਤਾ ਗੁਰ ਪ੍ਰਤਾਪ ਸੂਰਜ ਗ੍ਰੰਥ ਨਾਲ ਮੇਲ ਬਾਰੇ ਹੈ। ਬੁਰਜ ਗਿਆਨੀਆਂ ਨਾਲ ਭਾਈ ਸੰਤੋਖ ਸਿੰਘ ਦਾ ਨਾਂਅ ਇਸ ਲਈ ਜੁੜ ਗਿਆ ਕਿਉਂਕਿ ਉਸ ਨੇ ਪੰਦਰਾਂ ਵਰ੍ਹੇ ਇਥੇ ਰਹਿ ਕੇ ਭਾਈ ਸੰਤ ਸਿੰਘ ਕੋਲੋਂ ਵਿੱਦਿਆ ਹਾਸਲ ਕੀਤੀ। ਭਾਈ ਸੰਤੋਖ ਸਿੰਘ ਦਾ ਜਨਮ ਪਿੰਡ ਨੂਰਦੀ (ਅੱਜਕੱਲ੍ਹ ਜ਼ਿਲ੍ਹਾ ਤਰਨ ਤਾਰਨ) ਵਿਚ ਭਾਈ ਦੇਵਾ ਸਿੰਘ ਅਤੇ ਮਾਤਾ ਰਜ਼ਾਦੀ ਜਾਂ ਰਾਜਦੇਵੀ ਦੇ ਘਰ 1788 ਈ. ਵਿਚ ਹੋਇਆ। ਭਾਈ ਦੇਵਾ ਸਿੰਘ ਆਪ ਵੀ ਵਿਦਵਾਨ ਅਤੇ ਗੁਰਬਾਣੀ ਦੇ ਚੰਗੇ ਗਿਆਤਾ ਸਨ, ਪਰ ਉਨ੍ਹਾਂ ਦੀ ਦਿਲੀ ਚਾਹ ਸੀ ਕਿ ਉਨ੍ਹਾਂ ਦਾ ਪੁੱਤਰ ਭਾਈ ਸੰਤ ਸਿੰਘ ਵਰਗੇ ਗੁਰੂ ਕੋਲੋਂ ਵਿੱਦਿਆ ਹਾਸਲ ਕਰਕੇ ਵਿਦਵਾਨ ਬਣੇ। ਇਸ ਲਈ ਉਨ੍ਹਾਂ ਨੇ ਅਗਲੇਰੀ ਤੇ ਉਚੇਰੀ ਸਿੱਖਿਆ ਲਈ ਸੰਤੋਖ ਸਿੰਘ ਨੂੰ ਭਾਈ ਸੰਤ ਸਿੰਘ ਦੇ ਸਪੁਰਦ ਕਰ ਦਿੱਤਾ, ਜਿਥੇ ਉਸ ਨੇ ਭਾਸ਼ਾਵਾਂ ਤੋਂ ਬਿਨਾਂ ਕਾਵਿ ਸ਼ਾਸਤਰ, ਵੇਦਾਂਤ ਅਤੇ ਗੁਰਬਾਣੀ ਦਾ ਗੰਭੀਰ ਅਧਿਐਨ ਕੀਤਾ। ਮਗਰੋਂ ਭਾਈ ਸੰਤੋਖ ਸਿੰਘ ਜਿਸ ਦਰਜੇ ਦੇ ਉੱਤਮ ਕਵੀ ਅਤੇ ਇਤਿਹਾਸਕਾਰ ਬਣੇ, ਉਹ ਸਰਬ ਵਿਖਿਆਤ ਹੈ। ਅੱਜ ਜੇਕਰ ਆਮ ਗੁਰਦੁਆਰਿਆਂ ਅਤੇ ਤਖ਼ਤਾਂ ਉੱਪਰ ਕਿਸੇ ਗ੍ਰੰਥ ਦੀ ਕਥਾ ਕੀਤੀ ਜਾਂਦੀ ਹੈ ਤਾਂ ਉਹ ਭਾਈ ਸੰਤੋਖ ਸਿੰਘ ਰਚਿਤ ਗੁਰਪ੍ਰਤਾਪ ਸੂਰਜ ਗ੍ਰੰਥ ਹੀ ਹੈ। ਬੁੰਗਾ ਗਿਆਨੀਆਂ ਦਾ ਭਾਈ ਸੰਤੋਖ ਸਿੰਘ ਨੂੰ ਵਿਦਵਾਨ ਅਤੇ ਉੱਚ ਕੋਟੀ ਦੇ ਕਵੀ ਬਣਾਉਣ ਵਿਚ ਅਹਿਮ ਯੋਗਦਾਨ ਹੈ। ਉੱਪਰ ਸੰਕੇਤ ਹੋ ਚੁੱਕਾ ਹੈ ਕਿ ਭਾਈ ਸੰਤ ਸਿੰਘ ਦੇ ਦੋ ਪੁੱਤਰਾਂ ਵਿਚੋਂ ਇਕ ਭਾਈ ਗੁਰਮੁਖ ਸਿੰਘ ਸੀ। ਇਹੋ ਗੁਰਮੁਖ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਸ਼ਾਹੀ ਗ੍ਰੰਥੀ ਸੀ। ਲਾਹੌਰ ਦਰਬਾਰ ਦੀਆਂ ਸਰਗਰਮੀਆਂ ਵਿਚ ਇਸ ਦਾ ਬਹੁਤਾ ਜ਼ਿਕਰ ਨਹੀਂ ਮਿਲਦਾ ਪਰ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਇਸ ਦਾ ਇਕ ਹਵਾਲਾ ਜ਼ਰੂਰ ਹੈ। ਜਦ ਸੰਧਾਵਾਲੀਏ ਸਰਦਾਰ ਮਹਾਰਾਜਾ ਸ਼ੇਰ ਸਿੰਘ ਅਤੇ ਕੁੰਵਰ ਪ੍ਰਤਾਪ ਸਿੰਘ ਨੂੰ ਮਾਰ ਕੇ ਕਿਲ੍ਹੇ ਵੱਲ ਆ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਧਿਆਨ ਸਿੰਘ ਡੋਗਰਾ ਟੱਕਰ ਗਿਆ। ਸੰਧਾਵਾਲੀਏ ਸਰਦਾਰਾਂ ਨੇ ਉਸ ਨੂੰ ਵੀ ਆਪਣੇ ਨਾਲ ਤੋਰ ਲਿਆ। ਜਦ ਸਾਰੇ ਕਿਲ੍ਹੇ ਵਿਚ ਪਹੁੰਚੇ ਤਾਂ ਮਹਾਰਾਜਾ ਸ਼ੇਰ ਸਿੰਘ ਅਤੇ ਪ੍ਰਤਾਪ ਸਿੰਘ ਦੇ ਕਤਲ ਦੀ ਖ਼ਬਰ ਉਥੇ ਵੀ ਪਹੁੰਚ ਚੁੱਕੀ ਸੀ, ਜਿਸ ਕਰਕੇ ਸ਼ਾਹੀ ਪਰਿਵਾਰ ਅਤੇ ਹੋਰ ਦਰਬਾਰੀ ਸਦਮੇ ਵਿਚ ਸਨ। ਲਾਹੌਰ ਦਰਬਾਰ ਵਿਚ ਸਾਜਿਸ਼ਾਂ ਦੇ ਮੁੱਖ ਘਾੜੇ ਧਿਆਨ ਸਿੰਘ ਡੋਗਰੇ ਨੂੰ ਸੰਧਾਵਾਲੀਏ ਸਰਦਾਰਾਂ ਦੇ ਨਾਲ ਵੇਖ ਕੇ ਕ੍ਰੋਧਿਤ ਗਿਆਨੀ ਗੁਰਮੁਖ ਸਿੰਘ ਨੇ ਉਨ੍ਹਾਂ ਨੂੰ ਕਿਹਾ;

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ

ਤੁਸਾਂ ਇਹ ਕਿਉਂ ਜੀਂਵਦਾ ਛੱਡਿਆ ਜੇ॥ 25॥

ਭਾਈ ਗੁਰਮੁਖ ਸਿੰਘ ਦੀ ਸੰਧਾਵਾਲੀਏ ਸਰਦਾਰਾਂ ਨੂੰ ਦਿੱਤੀ ਇਹ ਸਲਾਹ, ਉਸ ਨੂੰ ਆਪ ਨੂੰ ਵੀ ਬਹੁਤ ਮਹਿੰਗੀ ਪਈ, ਕਿਉਂਕਿ ਸੰਧਾਵਾਲੀਏ ਸਰਦਾਰਾਂ ਨੂੰ ਜਦ ਹੀਰਾ ਸਿੰਘ ਦੇ ਫ਼ੌਜੀਆਂ ਨੇ ਕਤਲ ਕੀਤਾ, ਉਨ੍ਹਾਂ ਦੇ ਨਾਲ ਭਾਈ ਗੁਰਮੁਖ ਸਿੰਘ ਵੀ ਸੀ। ਭਾਈ ਗੁਰਮੁਖ ਸਿੰਘ ਦੀ ਸਰਦਾਰ ਹਰੀ ਸਿੰਘ ਬਾਰੇ ਲਿਖੀ ਇਕ ਸੀਹਰਫ਼ੀ ਵੀ ਮਿਲਦੀ ਹੈ, ਜਿਸ ਵਿਚ ਉਸ ਦਾ ਸ਼ਹੀਦੀ ਬਿਰਤਾਂਤ ਹੈ। ਇਹ ਸੀਹਰਫ਼ੀ ਮਿਤੀਬੱਧ ਹੋਣ ਕਰਕੇ ਸਰਦਾਰ ਨਲੂਏ ਦੀ ਸ਼ਹੀਦੀ ਬਾਰੇ ਪਹਿਲੀ ਸਟੀਕ ਸੂਚਨਾ ਦਿੰਦੀ ਹੈ।ਬੁਰਜ ਗਿਆਨੀਆਂ ਦੀ ਸਾਹਿਤਕ ਵਿਰਾਸਤ ਵਿਚ ਅਗਲਾ ਨਾਂਅ ਹਰਿੰਦਰ ਸਿੰਘ ਰੂਪ ਦਾ ਹੈ, ਜਿਨ੍ਹਾਂ ਦਾ ਜਨਮ ਅਗਸਤ 1907 ਵਿਚ ਅਤੇ ਦਿਹਾਂਤ 25 ਜਨਵਰੀ, 1954 ਨੂੰ ਹੋਇਆ। ਹਰਿੰਦਰ ਸਿੰਘ ਰੂਪ ਦੀ ਵਧੇਰੇ ਪ੍ਰਸਿੱਧੀ ਇਕ ਵਾਰਕਾਰ ਵਜੋਂ ਹੈ। ਪੰਜਾਬ ਦੀਆਂ ਵਾਰਾਂ ਉਸ ਦਾ ਪਹਿਲਾ ਵਾਰ ਸੰਗ੍ਰਹਿ ਹੈ ਜਿਸ ਵਿਚ ਅੱਠ ਵਾਰਾਂ ਹਨ। ਇਹ ਸਾਰੀਆਂ ਪਿੱਛੋਂ ਜਾ ਕੇ 1951 ਵਿਚ ਛਪੀ ਉਨ੍ਹਾਂ ਦੀ ਇਕ ਹੋਰ ਪੁਸਤਕ 'ਲੋਕ ਵਾਰਾਂ' ਵਿਚ ਸ਼ਾਮਿਲ ਕਰ ਲਈਆਂ ਗਈਆਂ ਅਤੇ ਇਨ੍ਹਾਂ ਵਾਰਾਂ ਦੀ ਕੁੱਲ ਗਿਣਤੀ ਅਠਾਰਾਂ ਹੋ ਗਈ। ਰੂਪ ਦਾ ਦੂਜਾ ਵਾਰ ਸੰਗ੍ਰਹਿ ਮਨੁੱਖ ਦੀ ਵਾਰ (1952) ਹੈ। ਤੀਸਰੀ ਵਾਰ 'ਹਿਮਾਲਾ ਦੀ ਵਾਰ' ਹੈ ਜੋ 1954 ਵਿਚ ਪਹਿਲੀ ਵਾਰ ਛਪੀ। ਹਰਿੰਦਰ ਸਿੰਘ ਰੂਪ ਇਕ ਪ੍ਰਸਿੱਧ ਕਵੀ ਸੀ, ਜਿਸ ਦੀਆਂ ਕਵਿਤਾਵਾਂ ਦੇ ਤਿੰਨ ਸੰਗ੍ਰਹਿ, ਨਵੇਂ ਪੰਧ (1939), ਡੂੰਘੇ ਵਹਿਣ (1941) ਅਤੇ ਰੂਪ ਰੀਝਾਂ (1948) ਹਨ। ਕਵੀ ਵਜੋਂ ਰੂਪ ਕਿਸੇ ਵਾਦ ਵਿਚ ਨਹੀਂ ਬੱਝਾ, ਸਗੋਂ ਮਨੁੱਖਵਾਦੀ ਦ੍ਰਿਸ਼ਟੀਕੋਣ ਅਪਣਾ ਕੇ ਪੰਜਾਬ ਵਿਚ ਉਸ ਦੇ ਸਮਕਾਲ ਵਿਚ ਚੱਲੀਆਂ ਸਾਰੀਆਂ ਲਹਿਰਾਂ ਨਾਲ ਹਮਸਫ਼ਰ ਹੋ ਕੇ ਤੁਰਿਆ। ਕਵਿਤਾ ਤੋਂ ਬਿਨਾਂ ਹਰਿੰਦਰ ਸਿੰਘ ਰੂਪ ਦੀਆਂ ਵਾਰਤਕ ਰਚਨਾਵਾਂ ਵੀ ਹਨ ਜਿਵੇਂ ਚੁੰਝਾਂ ਪਹੁੰਚੇ, ਸਿੱਖ ਤੇ ਸਿੱਖੀ, ਰੂਪ ਰੰਗ ਅਤੇ ਰੂਪ ਰੀਝਾਂ ਆਦਿ। ਉਸ ਦੀ ਇਕ ਖੋਜ ਪੁਸਤਕ ਭਾਈ ਗੁਰਦਾਸ; ਪੰਜਾਬੀ ਰਚਨਾ (1951) ਦੀ ਸੂਚਨਾ ਵੀ ਹੈ।

ਇੰਜ ਅਸੀਂ ਵੇਖਦੇ ਹਾਂ ਕਿ ਮੱਧਕਾਲੀ ਬੁੰਗਿਆਂ ਦੀ ਪਰੰਪਰਾ ਵਿਚ ਇਨ੍ਹਾਂ ਦੇ ਜੋ ਨਿਸ਼ਾਨੇ ਮਿੱਥੇ ਗਏ ਸਨ, ਬੁੰਗਾ ਗਿਆਨੀਆਂ ਵੀ ਉਨ੍ਹਾਂ ਦੀ ਭਲੀ-ਭਾਂਤ ਪੂਰਤੀ ਕਰਦਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਇਤਿਹਾਸ ਬੁੰਗਿਆਂ ਦੀ ਦੇਣ ਚਿਤਾਰੇ ਬਿਨਾਂ ਅਧੂਰਾ ਹੀ ਰਹੇਗਾ।