ਪੈਨਸਿਲਵਾਨੀਆ ਦੇ ਪੁਲਿਸ ਅਫਸਰ ਵਿਰੁੱਧ ਹੱਤਿਆ ਦੇ ਦੋਸ਼ ਆਇਦ, ਕੀਤਾ ਆਤਮ ਸਮਰਪਣ

ਟਰੈਫਿਕ ਸਟਾਪ 'ਤੇ ਕਾਰ ਡਰਾਈਵਰ ਦੇ ਮਾਰੀਆਂ ਸੀ 6 ਗੋਲੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਪੈਨਸਿਲਵਾਨੀਆ ਦੇ ਇਕ ਪੁਲਿਸ ਅਫਸਰ ਜਿਸ ਵੱਲੋਂ ਇਕ ਟਰੈਫਿਕ ਸਟਾਪ 'ਤੇ ਕਾਰ ਸਵਾਰ ਐਡੀ ਲਰੀਜ਼ਰੀ 'ਤੇ ਚਲਾਈਆਂ ਗੋਲੀਆਂ ਨਾਲ ਉਸ ਦੀ ਮੌਤ ਹੋ ਗਈ ਸੀ, ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਘਟਨਾ ਸਬੰਧੀ ਬੌਡੀ ਕੈਮਰਾ ਵੀਡੀਓ ਜਾਰੀ ਕਰਨ ਤੋਂ ਬਾਅਦ ਇਹ ਐਲਾਨ ਫਿਲਾਡੈਲਫੀਆ ਦੇ ਡਿਸਟ੍ਰਿਕਟ ਅਟਾਰਨੀ ਨੇ ਕੀਤਾ। ਜਾਰੀ ਵੀਡੀਓ ਅਨੁਸਾਰ ਪੁਲਿਸ ਅਫਸਰ ਮਾਰਕ ਡਾਇਲ ਨੇ ਲਰੀਜ਼ਰੀ ਉਪਰ ਕਾਰ ਦੇ ਡਰਾਈਵਰ ਵਾਲੇ ਪਾਸੇ ਦੀ ਖਿੜਕੀ ਵਿਚ ਦੀ 6 ਗੋਲੀਆਂ ਚਲਾਈਆਂ। ਇਸ ਉਪਰੰਤ ਲਹੂ ਲੁਹਾਨ ਹੋਏ ਲਰੀਜ਼ਰੀ ਨੂੰ ਕਾਰ ਵਿਚੋਂ ਕੱਢ ਕੇ ਪੁਲਿਸ ਦੀ ਗਸ਼ਤੀ ਗੱਡੀ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਿਸਟ੍ਰਿਕਟ ਅਟਾਰਨੀ ਲੈਰੀ ਕਰਾਸਨਰ ਨੇ ਕਿਹਾ ਕਿ ਪਿਛਲੀ ਮਹੀਨੇ ਹੋਈ ਇਸ ਘਟਨਾ ਦੀ ਵੀਡੀਓ ਵੇਖਣ ਤੋਂ ਬਾਅਦ ਲਰੀਜ਼ਰੀ ਦੇ ਪਰਿਵਾਰ ਨੇ ਸਮੁੱਚੀ ਵੀਡੀਓ ਜਾਰੀ ਕਰਨ ਦੀ ਮੰਗ ਕੀਤੀ ਹੈ। ਕਰਾਸਨਰ ਨੇ ਕਿਹਾ ਹੈ ਕਿ ਇਹ ਬੌਡੀ ਕੈਮਰਾ ਵੀਡੀਓ ਨੂੰ ਸੰਭਾਵੀ ਤੌਰ 'ਤੇ ਸ਼ੁਰੂਆਤੀ ਸੁਣਵਾਈ ਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਸਬੂਤ ਵਜੋਂ ਪੇਸ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਵੀਡੀਓ ਇਸ ਮਾਮਲੇ ਵਿਚ ਅਹਿਮ ਸਬੂਤ ਹੈ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਡਾਇਲ ਦੀ ਜ਼ਮਾਨਤ ਲਈ 5 ਲੱਖ ਡਾਲਰ ਦੀ ਰਾਸ਼ੀ ਨਿਸ਼ਚਤ ਹੋਈ ਹੈ। ਉਸ ਨੇ ਜ਼ਮਾਨਤ ਲਈ ਦਰਖਾਸਤ ਦਿੱਤੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਅਗਲੇ ਮਹੀਨ 26 ਸਤੰਬਰ ਨੂੰ ਹੋਵੇਗੀ। ਇਸ ਦੌਰਾਨ ਬਚਾਅ ਪੱਖ ਦੇ ਵਕੀਲ ਫੋਰਟੂਨਾਟੋ ਪੈਰੀ ਜੁਨੀਅਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਡਾਇਲ ਵਿਰੁੱਧ ਲੱਗੇ ਦੋਸ਼ਾਂ ਨੂੰ ਰੱਦ ਕਰਵਾਉਣ ਲਈ ਪੂਰੀ ਵਾਹ ਲਾਉਣਗੇ। ਵਕੀਲ ਨੇ ਕਿਹਾ ਕਿ ਆਪਣੀ ਜਾਨ ਨੂੰ ਖਤਰੇ ਦੇ ਮੱਦੇਨਜਰ ਡਾਇਲ ਵੱਲੋਂ ਚਲਾਈ ਗੋਲੀ ਨੂੰ ਜਾਇਜ ਠਹਿਰਾਇਆ ਜਾ ਸਕਦਾ ਹੈ।
Comments (0)