ਫਾਈਜ਼ਰ ਵੈਕਸੀਨ 12 ਤੋਂ 15 ਸਾਲ ਦੇ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਇਕ-ਐਫ ਡੀ ਏ

ਫਾਈਜ਼ਰ ਵੈਕਸੀਨ 12 ਤੋਂ 15 ਸਾਲ ਦੇ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਇਕ-ਐਫ ਡੀ ਏ

*ਅਮਰੀਕਾ ਵਿਚ 12 ਤੋਂ 15 ਸਾਲਾਂ ਦੇ ਨਬਾਲਗਾਂ ਦੇ ਛੇਤੀ ਸ਼ੁਰੂ ਹੋਵੇਗਾ ਟੀਕਾਕਰਣ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ) ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ) ਨੇ ਕਿਹਾ ਹੈ ਕਿ ਫਾਈਜ਼ਰ ਤੇ ਉਸ ਦੇ ਜਰਮਨ ਦੇ ਭਾਈਵਾਲ ਬਾਇਨਟੈੱਕ ਵੱਲੋਂ ਤਿਆਰ ਵੈਕਸੀਨ ਨਬਾਲਗਾਂ ਦੇ ਲਾਉਣ ਲਈ ਸੁਰੱਖਿਅਤ ਤੇ ਅਸਰਦਾਇਕ ਹੈ। ਇਸ ਦੀ ਵਰਤੋਂ ਦੀ ਪ੍ਰਵਾਨਗੀ ਦਿੰਦਿਆਂ ਐਫ ਡੀ ਨੇ ਕਿਹਾ ਹੈ ਕਿ 12 ਤੋਂ 15 ਸਾਲ ਦੇ ਨਬਾਲਗ ਇਹ ਟੀਕਾ ਲਵਾਉਣ ਦੇ ਯੋਗ ਹੋਣਗੇ। ਸੈਂਟਰ ਫਾਰ ਡਸੀਜ ਕੰਟਰੋਲ ਐਂਡ ਪ੍ਰੀਵੈਨਸ਼ਨ ਦੀ ਸਲਾਹਕਾਰ ਕਮੇਟੀ ਦੀ 12 ਮਈ ਨੂੰ ਹੋ ਰਹੀ ਮੀਟਿੰਗ ਤੋਂ ਬਾਅਦ ਇਸ ਤੋਂ ਅਗਲੇ ਦਿਨ ਵੀਰਵਾਰ ਨੂੰ ਨਬਾਲਗ ਟੀਕਾ ਲਗਾ ਸਕਣਗੇ।  ਇਸੇ ਦੌਰਾਨ ਐਫ ਡੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਟੀਕਾਕਰਣ ਦੇ ਪਹਿਲੇ ਪੜਾਵਾਂ ਦੀ ਤੁਲਨਾ ਵਿਚ ਇਹ ਪੜਾਅ ਵਧੇਰੇ ਗੁੰਝਲਦਾਰ ਹੈ ਕਿਉਂਕਿ ਹਰ ਰਾਜ ਦੇ ਆਪਣੇ ਨਿਯਮ ਹੋ ਸਕਦੇ ਹਨ ਕਿ ਕੌਣ ਟੀਕਾਕਰਣ ਕਰੇਗਾ। ਇਸ ਲਈ ਇਹ ਜਰੂਰੀ ਨਹੀਂ ਹੈ ਕਿ ਬਾਲਗਾਂ ਦੇ ਟੀਕੇ ਲਾ ਰਹੀਆਂ ਸਾਰੀਆਂ ਫਾਰਮੇਸੀਆਂ ਜਾਂ ਵੈਕਸੀਨੇਸ਼ਨ ਸਥਾਨ ਨਬਾਲਗਾਂ ਦੇ ਟੀਕਾਕਰਣ ਲਈ ਉਪਲਬੱਧ ਹੋਣਗੇ। ਦਸੰਬਰ ਵਿਚ ਪ੍ਰਵਾਨਗੀ ਮਿਲਣ ਉਪਰੰਤ 16 ਤੇ  17 ਸਾਲਾਂ ਦੇ ਯੁਵਕਾਂ ਨੂੰ ਪਹਿਲਾਂ ਹੀ ਫਾਈਜ਼ਰ ਟੀਕਾ ਲਵਾਉਣ ਦੀ ਖੁਲ ਦਿੱਤੀ ਹੋਈ ਹੈ। ਇਥੇ ਵਰਣਨਯੋਗ ਹੈ ਕਿ ਅਮਰੀਕਾ ਵਿਚ ਵਰਤੋਂ ਲਈ ਅਧਿਕਾਰਤ ਦੋ ਹੋਰ ਵੈਕਸੀਨਾਂ ਜੋ ਮੋਡਰਨਾ ਤੇ ਜੌਹਨਸਨ ਐਂਡ ਜੌਹਨਸਨ ਕੰਪਨੀਆਂ ਦੀਆਂ ਹਨ, ਨਬਾਲਗਾਂ ਦੇ ਨਹੀਂ ਲਾਈਆਂ ਜਾ ਰਹੀਆਂ ਕਿਉਂਕਿ ਇਸ ਸਬੰਧੀ ਅਧਿਅਨ ਅਜੇ ਮੁਕੰਮਲ ਨਹੀਂ ਹੋਇਆ। ਪਿਛਲੇ ਹਫਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਸੀ ਕਿ ਲੋੜੀਂਦੀ ਪ੍ਰਵਾਨਗੀ ਮਿਲਣ ਉਪਰੰਤ ਨਬਾਲਗਾਂ ਦੇ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਲਈ 20000 ਫਾਰਮੇਸੀ ਕੇਂਦਰ ਤਿਆਰ ਬਰ ਤਿਆਰ ਹਨ।   ਬਾਈਡੇਨ ਨੇ ਕਿਹਾ ਸੀ ਕਿ ਹਾਲਾਂ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਜੇਕਰ ਬੱਚੇ ਕੋਵਿਡ-19 ਤੋਂ ਪ੍ਰਭਾਵਿਤ ਹੋ ਜਾਂਦੇ ਹਨ ਤਾਂ ਉਹ ਇਹ ਲਾਗ ਤੇਜੀ ਨਾਲ ਅੱਗੇ ਫੈਲਾਅ ਸਕਦੇ ਹਨ। ਇਸ ਲਈ ਨਬਾਲਗਾਂ ਦੇ ਟੀਕਾਕਰਣ ਦੀ ਪ੍ਰਵਾਨਗੀ ਮਿਲਣ ਉਪਰੰਤ ਮੈ ਆਸ ਕਰਦਾ ਹਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਜਿੰਨੀ ਛੇਤੀ ਸੰਭਵ ਹੋ ਸਕੇ ਟੀਕੇ ਲਗਵਾਉਣਗੇ।

ਰਾਸ਼ਟਰਪਤੀ ਬਾਇਡਨ ਰਾਜਪਾਲਾਂ ਨਾਲ ਕਰਨਗੇ ਗੱਲਬਾਤ

 ਰਾਸ਼ਟਰਪਤੀ ਜੋਅ ਬਾਇਡਨ ਕੋਵਿਡ-19 ਟਾਕਾਕਰਣ ਵਿਚ ਤੇਜੀ ਲਿਆਉਣ ਲਈ 6 ਰਾਜਾਂ ਦੇ ਗਵਰਨਰਾਂ ਨਾਲ ਗੱਲਬਾਤ ਕਰਨਗੇ। ਇਨਾਂ ਵਿਚ ਤਿੰਨ ਡੈਮੋਕਰੈਟਿਕ ਤੇ ਤਿੰਨ ਰਿਪਬਲੀਕਨ ਗਵਰਨਰ ਸ਼ਾਮਿਲ ਹਨ। ਬਾਈਡਨ ਬਹੁਤ ਛੇਤੀ ਓਹੀਓ, ਉਟਾਹ, ਮਾਸਾਚੂਸੈਟਸ, ਮੇਨੇ, ਮਿਨੀਸੋਟਾ ਤੇ ਨਿਊ ਮੈਕਸੀਕੋ ਦੇ ਗਵਰਨਰਾਂ ਨਾਲ ਵਰਚੂਅਲ ਗੱਲਬਾਤ ਕਰਨਗੇ ਤੇ ਉਹ 4 ਜੁਲਾਈ ਤੱਕ 70% ਬਾਲਗਾਂ ਦੇ ਟੀਕਾਕਰਣ ਲਈ ਕਦਮ ਚੁੱਕਣ ਵਾਸਤੇ ਕਹਿਣਗੇ। ਮਾਸਾਚੂਸੈਟਸ, ਮੇਨੇ ਤੇ ਨਿਊ ਮੈਕਸੀਕੋ ਵਿਚ ਅਧਿਊਂ ਵਧ ਲੋਕਾਂ ਦੇ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ ਜਦ ਕਿ ਓਹੀਓ ਤੇ ਉਟਾਹ ਵਿਚ ਟੀਕਾਕਰਣ ਸੁਸਤ ਰਫਤਾਰ ਨਾਲ ਹੋ ਰਿਹਾ ਹੈ। ਬਾਇਡਨ ਦਾ ਮੰਨਣਾ ਹੈ ਕਿ ਗਵਰਨਰ ਟੀਕਾਕਰਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਤੇ ਉਨਾਂ ਦਾ ਟੀਕਾਕਰਣ ਮੁਹਿੰਮ ਵਿਚ ਵੱਡਮੁਲਾ ਯੋਗਦਾਨ ਹੈ।