ਦਾਲਾਂ ਨਾਲ ਜੁੜਿਆ ਇਤਿਹਾਸ ਤੇ ਸਿਹਤ ਮਹਤਵ

ਦਾਲਾਂ ਨਾਲ ਜੁੜਿਆ ਇਤਿਹਾਸ ਤੇ ਸਿਹਤ ਮਹਤਵ

ਸਿਹਤ ਸੰਭਾਲ

ਇਤਿਹਾਸ ਵਿਚ ਬਹੁਤ ਮਜ਼ੇਦਾਰ ਗੱਲਾਂ ਲੁਕੀਆਂ ਪਈਆਂ ਹਨ। ਦਾਲ ਖਾਂਦਿਆਂ ਸ਼ਾਇਦ ਕਿਸੇ ਨੂੰ ਪਤਾ ਹੀ ਨਾ ਹੋਵੇ ਕਿ ਕਿਹੜੀ ਸਦੀ ਤੋਂ ਮਨੁੱਖ ਦਾਲਾਂ ਖਾ ਰਿਹਾ ਹੈ! ਇੰਡਸ ਸੱਭਿਅਤਾ ਵੇਲੇ ਦਾਲਾਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਸੀ। ਹੜੱਪਾ ਦੇ ਵੇਲੇ ਦੇ ਲੱਭੇ ਮਰਤਬਾਨਾਂ ਵਿਚ ਦਾਲਾਂ ਪਈਆਂ ਲੱਭੀਆਂ ਗਈਆਂ ਸਨ।

ਈਸਾ ਮਸੀਹ ਤੋਂ 303 ਸਾਲ ਪਹਿਲਾਂ ਚੰਦਰਗੁਪਤ ਮੌਰਿਆ ਦੇ ਵਿਆਹ ਵੇਲੇ ਵੀ ਦਾਲ ਚਾੜ੍ਹੀ ਗਈ ਸੀ ਜਿਸ ਨੂੰ ਸ਼ੁੱਭ ਅਤੇ ਰੱਬ ਦੀ ਦਾਤ ਮੰਨਦਿਆਂ ਉਸ ਸਮੇਂ ਚਾੜ੍ਹੀ ਦਾਲ ਨੂੰ 'ਘੁਘਨੀ' ਦਾ ਨਾਂਅ ਦਿੱਤਾ ਗਿਆ ਸੀ। ਉਨ੍ਹਾਂ ਸਮਿਆਂ ਵਿਚ ਦਾਲ ਨੂੰ ਚਾੜ੍ਹਨ ਦਾ ਤਰੀਕਾ, 'ਦਮ-ਪੁਖ਼ਤ' ਮੰਨਿਆ ਗਿਆ ਸੀ। ਮਿੱਟੀ ਦੇ ਭਾਂਡੇ ਨੂੰ ਚੰਗੀ ਤਰ੍ਹਾਂ 'ਸੀਲ' ਕਰ ਕੇ ਭਾਫ਼ ਨਾਲ ਪਕਾ ਕੇ ਖਾਧੀ ਦਾਲ, ਖ਼ਾਸ ਕਰ ਚਨੇ ਦੀ ਦਾਲ ਹਮੇਸ਼ਾ ਰਾਜਿਆਂ ਦੇ ਸ਼ਾਹੀ ਖਾਣਿਆਂ ਦੀ ਸ਼ਾਨ ਮੰਨੀ ਗਈ ਸੀ। ਉਨ੍ਹਾਂ ਸਮਿਆਂ ਵਿਚ ਜੇ ਰਾਜੇ ਦਾ ਖ਼ਾਸ ਰਸੋਈਆ ਸ਼ਾਹੀ ਭੋਜ ਵੇਲੇ ਗ਼ਲਤੀ ਨਾਲ ਕੋਈ ਹੋਰ ਦਾਲ ਚਾੜ੍ਹ ਦਿੰਦਾ ਸੀ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ।ਹੌਲੀ-ਹੌਲੀ ਦਾਲਾਂ ਦੇ ਏਨੇ ਫ਼ਾਇਦੇ ਵੇਖਦਿਆਂ 'ਪੰਚਰਤਨ ਦਾਲ' ਮੇਵਾੜ ਦੇ ਸ਼ਾਹੀ ਖ਼ਾਨਦਾਨ ਵਿਚ ਵਰਤੀ ਜਾਣ ਲੱਗ ਪਈ। ਇਸ ਵਿਚ ਮੂੰਗੀ, ਚਨੇ ਦੀ ਦਾਲ, ਤੂੜ, ਮਸਰ ਤੇ ਮਾਂਹ ਪਾਈ ਜਾਂਦੀ ਸੀ। ਇਤਿਹਾਸਕਾਰ ਲਿਖਦੇ ਹਨ ਕਿ ਜੋਧਾ ਬਾਈ ਦਾ ਮਨਪਸੰਦ ਭੋਜਨ ਪੰਚਰਤਨ ਦਾਲ ਹੀ ਸੀ ਜੋ ਉਸ ਨੇ ਅਕਬਰ ਨੂੰ ਕਹਿ ਕੇ ਮਾਸਾਹਾਰੀ ਸ਼ਾਹੀ ਭੋਜਨ ਦਾ ਹਿੱਸਾ ਬਣਵਾ ਲਿਆ।ਉਸ ਤੋਂ ਬਾਅਦ ਮੁਗਲ ਸਲਤਨਤ ਦੇ ਸ਼ਾਹੀ ਖਾਣੇ ਵਿਚ ਪੰਚਰਤਨ ਦਾਲ ਇਕ ਜ਼ਰੂਰੀ ਹਿੱਸਾ ਬਣ ਗਈ ਤੇ ਅੱਗੋਂ ਜਾ ਕੇ ਔਰੰਗਜ਼ੇਬ ਦੀ ਵੀ ਮਨਪਸੰਦ ਦਾਲ ਇਹੀ ਰਹੀ।ਮਜ਼ੇਦਾਰ ਕਿੱਸਾ ਇਹ ਵੀ ਮਿਲਦਾ ਹੈ ਕਿ ਰਲਵੀਂ ਮਿਲਵੀਂ ਦਾਲ ਨੂੰ 'ਪੰਚਮੇਲ ਦਾਲ' ਨਾਂਅ ਹੇਠ ਮਹਾਂਭਾਰਤ ਵਿਚ ਰਾਜੇ ਵਿਰਾਟ ਦੇ ਰਸੋਈਏ ਵਜੋਂ ਕੰਮ ਕਰਦੇ ਭੀਮ ਨੇ ਪਹਿਲੀ ਵਾਰ ਬਣਾਇਆ ਤੇ ਉਸ ਉੱਤੇ ਦੇਸੀ ਘਿਓ ਪਾ ਕੇ ਰਾਜੇ ਨੂੰ ਖਾਣ ਨੂੰ ਦਿੱਤੀ!

ਸ਼ਾਹ ਜਹਾਨ ਦੇ ਤੀਜੇ ਪੁੱਤਰ ਮੁਰਾਦ ਬਖ਼ਸ਼ ਨੇ 'ਮੁਰਾਦਾਬਾਦੀ ਦਾਲ' ਮਸ਼ਹੂਰ ਕੀਤੀ ਜਿਸ ਵਿਚ ਉਸ ਨੇ ਮੁੂੰਗੀ ਧੋਤੀ ਦਾਲ ਉੱਤੇ ਵਧੀਆ ਤੜਕੇ ਨਾਲ ਸਜਾ ਕੇ ਖਾਣਾ ਸ਼ੁਰੂ ਕੀਤਾ ਸੀ। ਉਸੇ ਨੇ ਤੂੜ ਦਾਲ ਵਿਚ ਅੰਬਚੂਰ, ਪਿਆਜ਼ ਤੇ ਹਰੀਆਂ ਮਿਰਚਾਂ ਨਾਲ ਸਜਾਵਟ ਕਰ ਕੇ ਇਸ ਨੂੰ ਦਿਨ ਵਿਚ ਤਿੰਨ ਵਾਰ ਤਕ ਖਾਣੀ ਸ਼ੁਰੂ ਕਰ ਦਿੱਤੀ ਸੀ।

ਕੁੰਦਨ ਲਾਲ ਗੁਜਰਾਲ ਨੇ ਭਾਰਤ ਵਿਚ ਆਪਣੇ ਰੈਸਤੋਰਾਂ ਮੋਤੀ ਮਹਿਲ ਵਿਚ ਪਹਿਲੀ ਵਾਰ 'ਦਾਲ ਮੱਖਣੀ' ਈਜਾਦ ਕੀਤੀ ਜੋ ਉਸ ਨੇ 'ਬਟਰ ਚਿਕਨ' ਤੇ 'ਤੰਦੂਰੀ ਚਿਕਨ' ਬਣਾਉਣ ਦੇ ਢੰਗ ਅਨੁਸਾਰ ਬਣਾਉਣੀ ਸ਼ੁਰੂ ਕੀਤੀ।

ਜੇ ਸੰਨ 2020 ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਦਾਲਾਂ ਕੈਨੇਡਾ ਵਿਚ ਉਗਾਈਆਂ ਜਾ ਰਹੀਆਂ ਹਨ। ਵੱਖੋ-ਵੱਖ ਰੰਗ ਤੇ ਆਕਾਰ ਵਿਚ ਮਿਲਦੀਆਂ ਦਾਲਾਂ ਵਿਚ ਵੱਖੋ-ਵੱਖ ਮਾਤਰਾ ਵਿਚ ਐਂਟੀਆਕਸੀਡੈਂਟ ਅਤੇ ਫਾਈਟੋਕੈਮੀਕਲ ਭਰੇ ਪਏ ਹਨ। ਵਿਟਾਮਿਨ ਬੀ, ਮੈਗਨੀਸ਼ੀਅਮ, ਜ਼ਿੰਕ ਅਤੇ ਪੋਟਾਸ਼ੀਅਮ ਵੀ ਦਾਲਾਂ ਵਿਚ ਕਾਫੀ ਮਾਤਰਾ ਵਿਚ ਹਨ। ਅੰਦਾਜ਼ਨ 198 ਗ੍ਰਾਮ ਰਿੰਨ੍ਹੀ ਹੋਈ ਦਾਲ ਵਿਚ 230 ਕੈਲਰੀਆਂ, 40 ਗ੍ਰਾਮ ਕਾਰਬੋਹਾਈਡ੍ਰੇਟ, 17.9 ਗ੍ਰਾਮ ਪ੍ਰੋਟੀਨ, ਥਿੰਦਾ 0.8 ਗ੍ਰਾਮ, 15.6 ਗ੍ਰਾਮ ਫਾਈਬਰ, 22 ਫ਼ੀਸਦੀ (ਰੋਜ਼ਾਨਾ ਲੋੜੀਂਦੀ ਖ਼ੁਰਾਕ ਦੀ) ਥਾਇਆਮੀਨ ਵਿਟਾਮਿਨ, 10 ਫ਼ੀਸਦੀ ਨਾਇਆਸਿਨ, 18 ਫ਼ੀਸਦੀ ਵਿਟਾਮਿਨ ਬੀ 6, 90 ਫ਼ੀਸਦੀ ਫੋਲਿਕ ਏਸਿਡ, 13 ਫ਼ੀਸਦੀ ਪੈਂਟੋਥੀਨਿਕ ਏਸਿਡ, 37 ਫੀਦਸੀ ਲੋਹ-ਕਣ, 18 ਫ਼ੀਸਦੀ ਮੈਗਨੀਸ਼ੀਅਮ, 36 ਫ਼ੀਸਦੀ ਫਾਸਫੋਰਸ, 21 ਫ਼ੀਸਦੀ ਪੋਟਾਸ਼ੀਅਮ, 17 ਫ਼ੀਸਦੀ ਜ਼ਿੰਕ, 25 ਫ਼ੀਸਦੀ ਕੌਪਰ ਤੇ ਲੋੜੀਂਦੀ ਮਾਤਰਾ ਦਾ 49 ਫ਼ੀਸਦੀ ਮੈਗਨੀਜ਼ ਵੀ ਹੈ।ਵੱਖੋ-ਵੱਖ ਦਾਲਾਂ ਵਿਚ ਕਿਸੇ ਤੱਤ ਦੀ ਮਾਤਰਾ ਵੱਧ ਤੇ ਕਿਸੇ ਦੀ ਘੱਟ ਹੋ ਸਕਦੀ ਹੈ। ਫਾਈਬਰ ਵੱਧ ਹੋਣ ਸਦਕਾ ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿਚ ਦਾਲਾਂ ਚੰਗਾ ਅਸਰ ਵਿਖਾਉਂਦੀਆਂ ਹਨ। ਇਨ੍ਹਾਂ ਵਿਚਲੇ ਪ੍ਰੋਟੀਨ ਅਤੇ ਫਾਈਟੋਕੈਮੀਕਲ ਕਰੌਨਿਕ ਬਿਮਾਰੀਆਂ ਤੋਂ ਬਚਾਉਂਦੇ ਹਨ ਜਿਵੇਂ ਸ਼ੱਕਰ ਰੋਗ ਤੇ ਦਿਲ ਦੇ ਰੋਗ!

ਗ਼ਰੀਬਾਂ ਅਤੇ ਸ਼ਾਕਾਹਾਰੀਆਂ ਦਾ ਮੀਟ ਮੰਨੀਆਂ ਜਾਂਦੀਆਂ ਦਾਲਾਂ ਦਾ ਜਾਨਵਰਾਂ ਉੱਤੇ ਅਸਰ ਘੋਖਿਆ ਗਿਆ ਤਾਂ ਪਤਾ ਲੱਗਿਆ ਕਿ ਦਾਲਾਂ ਵਿਚਲੇ ਪੌਲੀਫੀਨੋਲ ਉਨ੍ਹਾਂ ਦੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਘਟਾ ਰਹੇ ਸਨ। ਹੋਰ ਖੋਜਾਂ ਰਾਹੀਂ ਇਹ ਵੀ ਪਤਾ ਲੱਗਿਆ ਕਿ ਚਮੜੀ ਦੇ ਕੈਂਸਰ ਦੇ ਸੈੱਲਾਂ ਦਾ ਵਧਣਾ ਵੀ ਰੈਗੂਲਰ ਤੌਰ ਉੱਤੇ ਦਾਲਾਂ ਖਾਣ ਨਾਲ ਕੁਝ ਘਟ ਜਾਂਦਾ ਹੈ ਕਿਉਂਕਿ ਇਸ ਵਿਚਲੇ ਕੁਝ ਅੰਸ਼ ਸੈੱਲਾਂ ਦਾ ਬੇਲੋੜਾ ਵਧਣਾ ਘਟਾਉਂਦੇ ਹਨ।

ਕੁਝ ਪੌਲੀਫਿਨੌਲ ਜਿਵੇਂ ਪਰੋਸਾਇਆਨਿਡਿਨ ਅਤੇ ਫਲੇਵੋਨੌਲ ਦਿਮਾਗ਼ ਨੂੰ ਰਵਾਂ ਰੱਖਣ ਦੇ ਨਾਲ ਐਂਟੀਆਕਸੀਡੈਂਟ ਅਸਰ ਵੀ ਵਿਖਾਉਂਦੇ ਹਨ।ਮਜ਼ੇਦਾਰ ਗੱਲ ਇਹ ਹੈ ਕਿ ਦਾਲਾਂ ਵਿਚਲੇ ਪੌਲੀਫਿਨੌਲ ਦੇ ਅਸਰ ਦਾਲ ਨੂੰ ਪਕਾਉਣ ਬਾਅਦ ਵੀ ਖ਼ਤਮ ਨਹੀਂ ਹੁੰਦੇ।

ਇਹ ਸਾਰੀਆਂ ਖੋਜਾਂ ਜਾਨਵਰਾਂ ਉੱਤੇ ਕੀਤੀਆਂ ਗਈਆਂ ਸਨ। ਇਸੇ ਲਈ ਹੋ ਸਕਦਾ ਹੈ ਇਨਸਾਨਾਂ ਉੱਤੇ ਇਹ ਅਸਰ ਰਤਾ ਕੁ ਵੱਧ ਜਾਂ ਘੱਟ ਹੋਣ!

ਮੋਟਾਪੇ ਦੇ ਸ਼ਿਕਾਰ 48 ਸ਼ੱਕਰ ਰੋਗੀਆਂ ਨੂੰ 8 ਹਫ਼ਤਿਆਂ ਤੱਕ ਹਰ ਰੋਜ਼ ਅੱਧੀ ਕੌਲੀ ਦਾਲ ਖੁਆਈ ਗਈ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਚੰਗਾ ਕੋਲੈਸਟਰੋਲ ਵੱਧ ਗਿਆ ਤੇ ਮਾੜਾ ਥਿੰਦਾ (ਟਰਾਈਗਲਿਸਰਾਈਡ) ਘੱਟ ਗਿਆ।ਦਾਲਾਂ ਖਾਣ ਨਾਲ ਬਲੱਡ ਪ੍ਰੈੱਸ਼ਰ ਉੱਤੇ ਅਸਰ ਪੈਂਦਾ ਹੈ ਜਾਂ ਨਹੀਂ, ਇਸ ਵਾਸਤੇ ਕੁਝ ਚੂਹਿਆਂ ਨੂੰ ਫਲੀਆਂ ਖੁਆਈਆਂ ਗਈਆਂ ਤੇ ਕੁਝ ਨੂੰ ਦਾਲਾਂ। ਜਿਹੜੇ ਚੂਹੇ ਨਿਰੀਆਂ ਦਾਲਾਂ ਖਾ ਰਹੇ ਸਨ, ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਦੂਜਿਆਂ ਨਾਲੋਂ ਵੱਧ ਨਾਰਮਲ ਲੱਭਿਆ।ਜਦੋਂ ਕਾਰਨ ਲੱਭਿਆ ਗਿਆ ਤਾਂ ਪਤਾ ਲੱਗਿਆ ਕਿ ਦਾਲਾਂ ਵਿਚਲਾ ਪ੍ਰੋਟੀਨ 'ਏਸ' (135) ਰਸ ਨੂੰ ਘਟਾ ਦਿੰਦਾ ਹੈ ਜੋ ਨਾੜਾਂ ਭੀੜੀਆਂ ਕਰ ਕੇ ਬਲੱਡ ਪ੍ਰੈੱਸ਼ਰ ਵਧਾਉਂਦਾ ਹੈ। ਇਸ ਦੇ ਨਾਲੋ-ਨਾਲ ਦਾਲਾਂ ਵਿਚਲਾ ਫੋਲੇਟ ਸਰੀਰ ਅੰਦਰੋਂ ਵਾਧੂ ਹੋਮੋਸਿਸਟੀਨ ਘਟਾ ਦਿੰਦਾ ਹੈ ਜਿਸ ਕਰ ਕੇ ਦਿਲ ਦੇ ਰੋਗਾਂ ਤੋਂ ਬਚਾਓ ਹੋ ਜਾਂਦਾ ਹੈ। ਦਾਲਾਂ ਵਿਚਲੇ ਫਾਈਬਰ ਨਾਲ ਢਿੱਡ ਛੇਤੀ ਭਰ ਜਾਂਦਾ ਹੈ ਜਿਸ ਨਾਲ ਮੋਟਾਪਾ ਕਾਬੂ ਵਿਚ ਰੱਖਿਆ ਜਾ ਸਕਦਾ ਹੈ, ਬਸ਼ਰਤੇ ਕਿ ਦਾਲ ਬਣਾਉਣ ਲਈ ਵਾਧੂ ਘਿਓ ਜਾਂ ਤੇਲ ਨਾ ਵਰਤਿਆ ਜਾਵੇ।

ਦਾਲਾਂ ਵਿਚਲੇ

ਮਾੜੇ ਅੰਸ਼

1. ਟਰਿਪਸਿਨ ਇਨਹਿਬੀਟਰ : ਜੇ ਦਾਲ ਵੱਧ ਖਾ ਲਈ ਜਾਵੇ ਤਾਂ ਇਹ ਤੱਤ ਖਾਣੇ ਵਿਚਲੀ ਪ੍ਰੋਟੀਨ ਨੂੰ ਹਜ਼ਮ ਕਰਨ ਵਿਚ ਰੋਕ ਲਾ ਦਿੰਦੇ ਹਨ।

2. ਲੈਕਟਿਨ : ਲੋੜੋਂ ਵੱਧ ਖਾਧੀਆਂ ਦਾਲਾਂ ਸਦਕਾ ਉਸ ਵਿਚਲੇ ਲੈਕਟਿਨ ਅੰਤੜੀਆਂ ਦੀ ਪਰਤ ਵਿਚ ਛੇੜ ਛਾੜ ਕਰ ਦਿੰਦੇ ਹਨ ਜਿਸ ਕਰਕੇ ਕੁਝ ਜ਼ਰੂਰੀ ਤੱਤ ਸਰੀਰ ਹਜ਼ਮ ਨਹੀਂ ਕਰ ਸਕਦਾ। ਵਾਧੂ ਲੈਕਟਿਨ ਕਈ ਵਾਰ ਸਰੀਰ ਨੂੰ ਆਪਣੇ ਹੀ ਹਿੱਸਿਆਂ ਵਿਰੁੱਧ ਜੰਗ ਛੇੜਨ ਲਈ ਤਿਆਰ ਕਰ ਦਿੰਦੇ ਹਨ-'ਆਟੋ ਇਮਿਊਨ ਰਿਐਕਸ਼ਨ'! ਇਸੇ ਲਈ ਦਾਲਾਂ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ, ਸਵੇਰੇ ਉਸ ਪਾਣੀ ਨੂੰ ਰੋੜ੍ਹ ਕੇ ਦਾਲ ਚਾੜ੍ਹਨੀ ਚਾਹੀਦੀ ਹੈ।

3. ਟੈਨਿਨ : ਦਾਲਾਂ ਵਿਚਲੇ ਟੈਨਿਨ ਕੁਝ ਖੋਜੀਆਂ ਅਨੁਸਾਰ ਲੋਹ ਕਣਾਂ ਨੂੰ ਪੂਰੀ ਤਰ੍ਹਾਂ ਹਜ਼ਮ ਹੋਣ ਤੋਂ ਰੋਕ ਦਿੰਦੇ ਹਨ। ਇਹ ਅਸਰ ਵੀ ਸਾਬਤ ਦਾਲ ਰਾਤ ਭਰ ਭਿਉਂ ਕੇ ਰੱਖਣ ਨਾਲ ਠੀਕ ਹੋ ਜਾਂਦਾ ਹੈ।

4. ਫਾਈਟਿਕ ਏਸਿਡ : ਦਾਲਾਂ ਵਿਚਲਾ ਫਾਈਟਿਕ ਏਸਿਡ ਖਾਣੇ ਅੰਦਰਲੇ ਲੋਹ ਕਣ, ਜ਼ਿੰਕ ਤੇ ਕੈਲਸ਼ੀਅਮ ਨੂੰ ਹਜ਼ਮ ਨਹੀਂ ਹੋਣ ਦਿੰਦਾ ਭਾਵੇਂ ਇਹ ਆਪ ਬਹੁਤ ਵਧੀਆ ਐਂਟੀਆਕਸੀਡੈਂਟ ਹੈ ਤੇ ਕੈਂਸਰ ਹੋਣ ਤੋਂ ਵੀ ਰੋਕਦਾ ਹੈ।

ਫਾਈਟਿਕ ਏਸਿਡ ਦੇ ਮਾੜੇ ਅਸਰ ਰੋਕਣ ਲਈ ਸਾਬਤ ਦਾਲਾਂ ਨੂੰ ਰਾਤ ਭਰ ਭਿਉਂ ਕੇ ਰੱਖ ਲੈਣਾ ਚਾਹੀਦਾ ਹੈ।

ਦਾਲਾਂ ਕਿਵੇਂ ਵਰਤੀਏ?

ਛਿੱਲੜਾਂ ਤੋਂ ਬਗ਼ੈਰ ਵਾਲੀਆਂ ਦਾਲਾਂ ਨੂੰ ਭਿਉਂ ਕੇ ਰੱਖਣਾ ਨਹੀਂ ਚਾਹੀਦਾ। ਇਨ੍ਹਾਂ ਨੂੰ ਹਲਕਾ ਧੋ ਕੇ ਚਾੜ੍ਹ ਲੈਣਾ ਚਾਹੀਦਾ ਹੈ। ਧੋਣ ਨਾਲ ਬਾਹਰ ਲੱਗਿਆ ਗੰਦ ਸਾਫ਼ ਹੋ ਜਾਂਦਾ ਹੈ।

ਵਧੀਆ ਸੁਆਦ ਤੇ ਅਸਰ ਲਈ ਬਿਨਾਂ ਛਿਲੜਾਂ ਵਾਲੀ ਦਾਲ ਨੂੰ ਪਾਣੀ ਤੇ ਲੂਣ ਪਾ ਕੇ ਉਬਾਲ ਕੇ ਫਿਰ ਹਲਕੀ ਅੱਗ ਉੱਤੇ ਪਤੀਲੇ ਉੱਤੇ ਢੱਕਣ ਤੋਂ ਬਗ਼ੈਰ ਰੱਖ ਕੇ 15 ਤੋਂ 20 ਮਿੰਟ ਤੱਕ ਪਕਾ ਲੈਣਾ ਚਾਹੀਦਾ ਹੈ।

ਸਾਬਤ ਦਾਲਾਂ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਸਵੇਰੇ ਕੁੱਕਰ ਵਿਚ ਪਕਾਉਣਾ ਚਾਹੀਦਾ ਹੈ। ਇੰਜ ਪੱਕੀਆਂ ਹੋਈਆਂ ਦਾਲਾਂ 5 ਦਿਨ ਤੱਕ ਫਰਿੱਜ ਵਿਚ ਰੱਖ ਕੇ ਵਰਤੀਆਂ ਜਾ ਸਕਦੀਆਂ ਹਨ।

ਪੁੰਗਰੀਆਂ ਦਾਲਾਂ

ਸਾਬਤ ਦਾਲਾਂ ਨੂੰ ਸਿੱਲ੍ਹੀ ਥਾਂ ਰੱਖ ਕੇ ਦੋ ਤਿੰਨ ਦਿਨ ਬਾਅਦ ਪੁੰਗਰ ਜਾਣ ਉੱਤੇ ਖਾਣ ਨਾਲ ਇਨ੍ਹਾਂ ਵਿਚ ਵਧੀਆ ਤੱਤ ਜ਼ਿਆਦਾ ਹੋ ਜਾਂਦੇ ਹਨ ਤੇ ਛੇਤੀ ਹਜ਼ਮ ਵੀ ਹੋ ਜਾਂਦੀਆਂ ਹਨ।

ਸਿੱਲ੍ਹੀਆਂ ਕੀਤੀਆਂ ਦਾਲਾਂ ਵਿਚਲਾ ਪਾਣੀ 24 ਘੰਟੇ ਬਾਅਦ ਬਦਲ ਦੇਣਾ ਚਾਹੀਦਾ ਹੈ। ਇਨ੍ਹਾਂ ਨੂੰ ਕੱਚੀਆਂ, ਚਾਟ ਵਾਂਗ, ਦਹੀਂ ਜਾਂ ਹੋਰ ਸਬਜ਼ੀਆਂ, ਪਰਾਂਠਿਆਂ ਵਿਚ ਪਾ ਕੇ ਖਾਧਾ ਜਾ ਸਕਦਾ ਹੈ।

ਪੁੰਗਰੀਆਂ ਦਾਲਾਂ ਵਿਚਲਾ ਪ੍ਰੋਟੀਨ ਸਰੀਰ ਪੂਰੀ ਤਰ੍ਹਾਂ ਜਜ਼ਬ ਕਰ ਸਕਦਾ ਹੈ ਤੇ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਦੀ ਵੀ ਵਾਧੂ ਮਾਤਰਾ ਅੰਦਰ ਲੰਘ ਜਾਂਦੀ ਹੈ।

ਖੋਜਾਂ ਕੀ ਕਹਿੰਦੀਆਂ ਹਨ

1. ਪੁੰਗਰੀਆਂ ਦਾਲਾਂ ਵਿਚਲਾ ਲੈਕਟਿਨ 85 ਫ਼ੀਸਦੀ, ਫਾਈਟਿਕ ਏਸਿਡ 81 ਫ਼ੀਸਦੀ ਅਤੇ ਪ੍ਰੋਟੀਏਜ਼ ਇਨਹਿਬਿਟਰ 76 ਫ਼ੀਸਦੀ ਘਟ ਜਾਂਦਾ ਹੈ। ਇਸ ਦਾ ਮਤਲਬ ਹੈ-ਲੋਹ ਕਣ, ਜ਼ਿੰਕ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ਼ ਦਾ ਪੂਰੀ ਤਰ੍ਹਾਂ ਹਜ਼ਮ ਹੋ ਜਾਣਾ!

2. ਇਕ ਖੋਜ ਵਿਚ 1475 ਬੰਦਿਆਂ ਨੂੰ ਹਰ ਰੋਜ਼ ਸੋਇਆਬੀਨ ਖੁਆਏ ਗਏ ਤਾਂ 4 ਮਹੀਨਿਆਂ ਬਾਅਦ ਉਨ੍ਹਾਂ ਦਾ ਭਾਰ ਘਟਿਆ ਹੋਇਆ ਲੱਭਿਆ। ਇਨ੍ਹਾਂ ਸਾਰਿਆਂ ਦੇ ਕਮਰ (ਲੱਕ) ਦਾ ਨਾਪ ਘੱਟ ਗਿਆ ਤੇ ਹੋਰਨਾਂ, ਜਿਹੜੇ ਸੋਇਆਬੀਨ ਨਹੀਂ ਖਾ ਰਹੇ ਰਹੇ ਸਨ, ਨਾਲੋਂ 22 ਫ਼ੀਸਦੀ ਵੱਧ ਭਾਰ ਘਟਿਆ। ਇਨ੍ਹਾਂ ਸਾਰਿਆਂ ਦੀ ਖ਼ੁਰਾਕ ਵਿੱਚੋਂ ਵਾਧੂ ਘਿਓ/ਤੇਲ ਤੇ ਖੰਡ ਬੰਦ ਕੀਤੇ ਗਏ ਸਨ ਅਤੇ ਰੈਗੂਲਰ ਕਸਰਤ ਵੀ ਕਰਨ ਨੂੰ ਕਿਹਾ ਗਿਆ ਸੀ।

3. ਤਿੰਨ ਸੌ ਸ਼ੱਕਰ ਰੋਗੀਆਂ ਨੂੰ ਪੁੰਗਰੀਆਂ ਸਾਬਤ ਦਾਲਾਂ ਰੋਜ਼ ਖੁਆਉਣ ਬਾਅਦ ਵੇਖਿਆ ਗਿਆ ਕਿ ਰੋਟੀ ਖਾਣ ਬਾਅਦ ਉਨ੍ਹਾਂ ਦੇ ਲਹੂ ਵਿਚ ਸ਼ੱਕਰ ਦੀ ਮਾਤਰਾ ਬਹੁਤੀ ਨਹੀਂ ਵਧੀ। ਇਕ ਛੋਟੀ ਜਿਹੀ ਖੋਜ ਵਿਚ 11 ਸ਼ੱਕਰ ਰੋਗੀਆਂ ਨੂੰ 6 ਹਫ਼ਤੇ ਰੋਜ਼ ਦਿਨ ਵਿਚ ਇਕ ਵਾਰ ਭੂਰੇ ਚੌਲ ਤੇ ਪੁੰਗਰੀਆਂ ਦਾਲਾਂ ਖਾਣ ਨੂੰ ਦਿੱਤੀਆਂ ਗਈਆ। ਵੇਖਣ ਵਿਚ ਆਇਆ ਕਿ ਦੂਜੇ ਗਰੁੱਪ, ਜਿਸ ਵਿਚ ਚਿੱਟੇ ਚੌਲਾਂ ਨਾਲ ਦਾਲ ਖੁਆਈ ਗਈ ਸੀ, ਨਾਲੋਂ ਇਸ ਗਰੁੱਪ ਦੇ ਬੰਦਿਆਂ ਦੀ ਸ਼ੱਕਰ ਦੀ ਮਾਤਰਾ ਜ਼ਿਆਦਾ ਘਟੀ। ਉਸ ਤੋਂ ਬਾਅਦ 2027 ਲੋਕਾਂ ਉੱਪਰ ਇਹੀ ਖੋਜ ਦੁਹਰਾਈ ਗਈ ਤਾਂ ਸਾਰਿਆਂ ਵਿਚ ਹੀ ਰੋਟੀ ਖਾਣ ਬਾਅਦ ਲਹੂ ਵਿਚ ਸ਼ੱਕਰ ਦੀ ਮਾਤਰਾ ਕਾਬੂ ਵਿਚ ਰਹੀ। ਇਹ ਅਸਰ ਦਾਲਾਂ ਵਿਚਲੇ ਫਾਈਬਰ ਸਦਕਾ ਲੱਭਿਆ।

4. ਸਾਬਤ ਦਾਲਾਂ ਵਿਚਲੇ ਫੌਲਿਕ ਏਸਿਡ, ਜ਼ਿੰਕ ਤੇ ਬਾਇਓਟਿਨ ਵਾਲਾਂ ਲਈ ਲਾਹੇਵੰਦ ਸਾਬਤ ਹੋ ਚੁੱਕੇ ਹਨ। ਦਾਲਾਂ ਵਿਚਲੇ ਅੰਸ਼ ਵਾਲਾਂ ਦੀਆਂ ਜੜ੍ਹਾਂ ਵੱਲ ਜਾਂਦਾ ਲਹੂ ਵਧਾ ਕੇ ਤੇ ਪ੍ਰੋਟੀਨ ਨਾਲ ਵਾਲਾਂ ਨੂੰ ਤਗੜਾ ਕਰ ਕੇ ਵਾਲਾਂ ਦਾ ਝੜਨਾ ਘਟਾ ਦਿੰਦੇ ਹਨ।

5. ਇਕ ਖੋਜ ਵਿਚ 9632 ਬੰਦੇ, ਜੋ 19 ਸਾਲਾਂ ਤੋਂ ਵੱਧ ਉਮਰ ਦੇ ਸਨ, ਨੂੰ ਸਾਬਤ ਦਾਲਾਂ ਹਫ਼ਤੇ ਵਿਚ ਚਾਰ ਦਿਨ ਖੁਆਈਆਂ ਗਈਆਂ। ਇਨ੍ਹਾਂ ਨੂੰ 10 ਸਾਲਾਂ ਤੱਕ ਲਗਾਤਾਰ ਚੈੱਕ ਕਰਨ ਬਾਅਦ ਵੇਖਿਆ ਗਿਆ ਕਿ ਦਿਲ ਦੀਆਂ ਕੌਰੋਨਰੀ ਨਸਾਂ ਦੇ ਰੋਗ 22 ਫ਼ੀਸਦੀ ਘੱਟ ਹੋਏ। ਜਿਹੜੇ 10 ਦਿਨ ਵਿਚ ਇਕ ਵਾਰ ਦਾਲ ਖਾ ਰਹੇ ਸਨ, ਉਨ੍ਹਾਂ ਵਿਚ ਦਿਲ ਦੇ ਰੋਗ ਵੱਧ ਹੋਏ ਲੱਭੇ।

6. ਇਸ ਖੋਜ ਤੋਂ ਬਾਅਦ 45 ਹੋਰ ਖੋਜਾਂ ਹੋਈਆਂ ਜਿਨ੍ਹਾਂ ਵਿਚ ਕਈਆਂ ਵਿਚ ਲੋਕਾਂ ਨੂੰ ਰੋਜ਼ ਇਕ ਵਾਰ ਦਾਲ ਫੁਲਕਾ ਖੁਆਇਆ ਗਿਆ। ਇਨ੍ਹਾਂ ਸਾਰਿਆਂ ਵਿਚ ਦਿਲ ਦੇ ਰੋਗਾਂ ਦਾ ਖ਼ਤਰਾ 19 ਫ਼ੀਸਦੀ ਘੱਟ ਹੋ ਗਿਆ ਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ 12 ਫ਼ੀਸਦੀ ਘਟ ਗਿਆ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਕੋਲੈਸਟਰੋਲ ਵੀ ਘਟ ਗਿਆ ਤੇ ਬਲੱਡ ਪ੍ਰੈੱਸ਼ਰ ਵੀ।

ਉੱਪਰ ਦੱਸੀਆਂ ਕੁਝ ਖੋਜਾਂ ਵਿਚ ਦਾਲਾਂ ਨੂੰ ਪੀਹ ਕੇ ਆਟਾ ਬਣਾ ਕੇ ਰੋਟੀ ਬਣਾ ਕੇ ਵਰਤਿਆ ਗਿਆ ਤੇ ਅਸਰ ਬਿਲਕੁਲ ਸਾਬਤ ਦਾਲਾਂ ਜਾਂ ਪੁੰਗਰੀਆਂ ਦਾਲਾਂ ਜਿੰਨਾ ਹੀ ਲੱਭਿਆ। ਪਰ, ਜਦੋਂ ਦਾਲਾਂ ਦੇ ਵਾਧੂ ਲੂਣ ਵਾਲੇ ਚਿੱਪਸ ਬਣਾ ਕੇ ਖਾਧੇ ਗਏ ਤਾਂ ਸਾਰੇ ਚੰਗੇ ਅਸਰ ਨਦਾਰਦ ਹੋ ਗਏ।

7. ਮਸਰ ਸਾਬਤ ਦਾਲ ਖਾਣ ਨਾਲ ਝੁਰੜੀਆਂ ਵਿਚ ਕਮੀ ਤੇ ਚਿਹਰੇ ਉੱਤੇ ਪਏ ਸੂਰਜੀ ਦਾਗ਼ ਘਟੇ ਹੋਏ ਲੱਭੇ। ਦਾਲ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ 'ਸੀ' ਹੋਣ ਸਦਕਾ ਇਹ ਗੁਣ ਹਨ। ਇਸੇ ਲਈ ਇਹ ਦਾਲ ਪੀਹ ਕੇ ਇਸ ਦੇ ਫੇਸ ਪੈਕ ਅਤੇ ਸਕਰੱਬ ਵੀ ਬਣਾਏ ਜਾ ਚੁੱਕੇ ਹਨ।

8. ਸੀਲੀਨੀਅਮ, ਕੌਪਰ (ਤਾਂਬਾ), ਪੋਟਾਸ਼ੀਅਮ, ਫਾਸਫੋਰਸ, ਮੈਂਗਨੀਜ਼, ਰਾਈਬੋਫਲੇਵਿਨ, ਨਾਇਆਸਿਨ ਸਮੇਤ ਹੋਰ ਅਨੇਕ ਜ਼ਰੂਰੀ ਤੱਤ ਤੇ ਵਧੀਆ ਪ੍ਰੋਟੀਨ ਦਾਲਾਂ ਨੂੰ ਸ਼ਾਕਾਹਾਰੀ ਮੀਟ ਦਾ ਦਰਜਾ ਦਿਵਾਉਂਦੇ ਹਨ।

9. ਵਾਧੂ ਦਾਲਾਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਨ੍ਹਾਂ ਵਿਚਲਾ ਓਗਜ਼ੈਲਿਕ ਏਸਿਡ ਲੋਹ ਕਣ ਹਜ਼ਮ ਨਹੀਂ ਹੋਣ ਦਿੰਦਾ ਤੇ ਗੁਰਦੇ ਦੀ ਪੱਥਰੀ ਬਣਾ ਸਕਦਾ ਹੈ।

10. ਹਰ ਰੋਜ਼ ਇਕ ਛੋਟੀ ਕੌਲੀ ਸਾਬਤ ਦਾਲ ਜੋ ਰਲਵੀਆਂ ਮਿਲਵੀਆਂ ਸਾਬਤ ਦਾਲਾਂ ਦੀ ਬਣੀ ਹੋਵੇ ਜਾਂ ਪੁੰਗਰੀ ਦਾਲ ਹੋਵੇ, ਲੈਣੀ ਚਾਹੀਦੀ ਹੈ। ਜੇ ਰਲਵੀਂ-ਮਿਲਵੀਂ ਨਾ ਹੋਵੇ ਤਾਂ ਦਾਲਾਂ ਬਦਲ-ਬਦਲ ਕੇ ਰੋਜ਼ ਖਾਧੀਆਂ ਜਾ ਸਕਦੀਆਂ ਹਨ, ਜਿਵੇਂ ਮਸਰ, ਮੂੰਗੀ, ਮਾਂਹ, ਰਾਜਮਾਂਹ, ਸੋਇਆਬੀਨ, ਕਾਲੇ ਛੋਲੇ, ਚਿੱਟੇ ਛੋਲੇ ਆਦਿ! ਕੈਨੇਡਾ ਮੈਡੀਕਲ ਐਸੋਸੀਏਸ਼ਨ ਜਰਨਲ ਅਨੁਸਾਰ ਰੋਜ਼ ਇਕ ਵਾਰ ਦਾਲ ਦੀ ਪੌਣੀ ਕੌਲੀ ਖਾਣ ਨਾਲ ਮਾੜਾ ਕੋਲੈਸਟਰੋਲ ਤਿੰਨ ਮਹੀਨਿਆਂ ਬਾਅਦ ਪੰਜ ਫ਼ੀਸਦੀ ਘਟ ਜਾਂਦਾ ਹੈ ਬਸ਼ਰਤੇ ਕਿ ਵਾਧੂ ਘਿਓ ਜਾਂ ਤੇਲ ਨਾ ਵਰਤਿਆ ਜਾ ਰਿਹਾ ਹੋਵੇ। ਏਨੇ ਨਾਲ ਹੀ ਰੋਜ਼ ਦੇ ਲੋੜੀਂਦੇ ਫਾਈਬਰ ਦਾ 32 ਫ਼ੀਸਦੀ ਹਿੱਸਾ ਸਰੀਰ ਨੂੰ ਪਹੁੰਚ ਜਾਂਦਾ ਹੈ।

ਵੱਧ ਦਾਲਾਂ ਖਾਣ ਦੇ ਮਾੜੇ ਅਸਰ : * ਅਫਾਰਾ, ਕਬਜ਼ (ਫਾਈਬਰ ਸਦਕਾ) * ਟੱਟੀਆਂ ਲੱਗਣੀਆਂ ਖ਼ਾਸ ਕਰ ਇਰੀਟੇਬਲ ਬਾਵਲ ਸਿੰਡਰੋਮ ਬਿਮਾਰੀ ਵਿਚ। ਇਹ ਦਾਲਾਂ ਵਿਚਲੇ ਕਾਰਬੋਹਾਈਡ੍ਰੇਟ ਸਦਕਾ ਹੁੰਦਾ ਹੈ।

ਕਿਹੜੀ ਦਾਲ ਸਭ ਤੋਂ ਵਧੀਆ : ਸ਼ਾਇਦ ਬਹੁਤਿਆਂ ਨੂੰ ਹੈਰਾਨੀ ਹੋਵੇ ਕਿਉਂਕਿ ਇਸ ਦਾਲ ਨੂੰ ਬਦਨਾਮ ਬਹੁਤ ਕੀਤਾ ਜਾ ਚੁੱਕਿਆ ਹੈ ਕਿ ਇਹ 'ਵਾਈ' ਹੈ!

ਦਰਅਸਲ ਮਾਂਹ ਦੀ ਦਾਲ ਵਿਚ ਲੋੜੀਂਦੇ ਤੱਤ ਬਹੁਤ ਜ਼ਿਆਦਾ ਹਨ। ਅੱਧਾ ਕੱਪ ਕੱਚੀ ਕਾਲੀ ਦਾਲ ਵਿਚ 26 ਗ੍ਰਾਮ ਪ੍ਰੋਟੀਨ, 18 ਗ੍ਰਾਮ ਫਾਈਬਰ, 100 ਗ੍ਰਾਮ ਕੈਲਸ਼ੀਅਮ, 8 ਗ੍ਰਾਮ ਲੋਹ ਕਣ ਅਤੇ 960 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਹੈ।

ਪੌਣੀ ਕੌਲੀ ਦਾਲ ਖਾਣ ਨਾਲ ਕੋਈ ਨੁਕਸਾਨ ਨਹੀਂ ਪਰ ਵੱਧ ਖਾਣ ਨਾਲ ਬਦਹਜ਼ਮੀ ਹੋ ਸਕਦੀ ਹੈ ਕਿਉਂਕਿ ਇਸ ਵਿਚ ਫਾਈਬਰ ਕਾਫੀ ਵੱਧ ਹੈ! ਮਾਂਹ ਦੀ ਦਾਲ ਦਾ ਨਾਂ ਹੀ ਵੱਧ ਪ੍ਰੋਟੀਨ ਸਦਕਾ 'ਕਾਲਾ ਮੀਟ' ਪੈ ਚੁੱਕਿਆ ਹੈ। ਇਸ ਦਾਲ ਵਿਚ ਐਂਥੋਸਾਇਆਨਿਨ (ਐਂਟੀਆਕਸੀਡੈਂਟ) ਵੀ ਬਾਕੀਆਂ ਨਾਲੋਂ ਵੱਧ ਹਨ।

ਸ਼ੱਕਰ ਰੋਗੀਆਂ ਲਈ : ਦਾਲਾਂ ਵਿਚਲਾ ਘੁਲ ਜਾਣ ਵਾਲਾ ਫਾਈਬਰ ਸਰੀਰ ਵਿਚ ਸ਼ੱਕਰ ਦੀ ਮਾਤਰਾ ਬਹੁਤੀ ਵਧਣ ਨਹੀਂ ਦਿੰਦਾ। ਸੋਇਆਬੀਨ ਅਤੇ ਮਾਂਹ ਦੀ ਦਾਲ ਵਿਚ ਪ੍ਰੋਟੀਨ ਤੇ ਫਾਈਬਰ ਵੱਧ ਹੋਣ ਸਦਕਾ ਸ਼ੱਕਰ ਰੋਗੀਆਂ ਨੂੰ ਇਹ ਖਾਂਦੇ ਰਹਿਣਾ ਚਾਹੀਦਾ ਹੈ।

ਸਾਰ : ਹਰ ਰੋਜ਼ ਦਾਲਾਂ ਖਾਣ ਨਾਲ ਸਰੀਰ ਵਿਚਲੇ ਬਹੁਤੇ ਲੋੜੀਂਦੇ ਤੱਤ ਪੂਰੇ ਕੀਤੇ ਜਾ ਸਕਦੇ ਹਨ। ਦਾਲਾਂ ਖਾਂਦੇ ਰਹਿਣ ਨਾਲ ਦਿਲ ਦੇ ਰੋਗਾਂ, ਸ਼ੱਕਰ ਰੋਗ, ਕਬਜ਼ ਅਤੇ ਅੰਤੜੀਆਂ ਦੇ ਕੈਂਸਰ ਤੋਂ ਬਚਾਓ ਹੋ ਸਕਦਾ ਹੈ, ਪਰ ਧਿਆਨ ਰਹੇ ਵਾਧੂ ਘਿਓ ਜਾਂ ਤੇਲ ਤੋਂ ਬਚ ਕੇ! 

ਡਾਕਟਰ ਹਰਸ਼ਿੰਦਰ ਕੌਰ