ਸੰਯੁਕਤ ਰਾਸ਼ਟਰ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਬਣਾਏਗਾ

ਸੰਯੁਕਤ ਰਾਸ਼ਟਰ ਅੰਮ੍ਰਿਤਸਰ ਨੂੰ ਪ੍ਰਦੂਸ਼ਣ ਮੁਕਤ ਬਣਾਏਗਾ

26 ਨੂੰ ਗੁਰੂ ਨਗਰੀ ਦਾ ਦੌਰਾ ਕਰੇਗੀ ਟੀਮ 
ਗੁਰੂ ਗਰਾਮ ਤੇ ਵਾਰਾਨਸੀ ਵੀ ਪ੍ਰਦੂਸ਼ਣ ਮੁਕਤ ਬਣਨਗੇ 
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਬਣਾਈ ਯੋਜਨਾ 
ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ-ਸਾਲਾ ਉਤਸਵ ਦੇ ਸਬੰਧ ਵਿਚ ਲਗਾਏ ਜਾ ਰਹੇ ਨੇ ਗੁਰੂ ਨਾਨਕ ਸੇਕਰਡ ਫਾਰੈੱਸਟ

ਜਲੰਧਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਨੇ ਅੰਮ੍ਰਿਤਸਰ ਸਮੇਤ ਤਿੰਨ ਸ਼ਹਿਰਾਂ ਗੁਰੂ ਗਰਾਮ ਤੇ ਵਾਰਾਨਸੀ ਨੂੰ ਹਵਾ ਦਾ ਪ੍ਰਦੂਸ਼ਣ ਦੂਰ ਕਰਨ ਵਾਲੀ ਆਪਣੀ ਯੋਜਨਾ ਵਿਚ ਸ਼ਾਮਿਲ ਕਰ ਲਿਆ ਹੈ, ਜਿਨ੍ਹਾਂ ਦਾ ਦੌਰਾ ਕਰਕੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਮਿਸ਼ਨ ਦੀ ਟੀਮ ਨਾ ਸਿਰਫ਼ ਹਵਾ ਦੇ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਲਗਾਏਗੀ, ਸਗੋਂ ਉਸ ਨੂੰ ਦੂਰ ਕਰਨ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇਗੀ। ਮਿਲੀਆਂ ਰਿਪੋਰਟਾਂ ਤੋਂ ਬਾਅਦ ਉਹ ਹੁਣ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਮਿਸ਼ਨ ਟੀਮ ਨੇ ਕੇਂਦਰੀ ਵਾਤਾਵਰਨ ਮੰਤਰਾਲੇ ਸਮੇਤ ਹੋਰ ਵਿਭਾਗਾਂ ਨਾਲ ਮਿਲ ਕੇ ਹਵਾ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਯੋਜਨਾ ਬਣਾਈ ਹੈ। ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿਚ ਅੰਮ੍ਰਿਤਸਰ ਅਤੇ ਵਾਰਾਨਸੀ ਤਾਂ ਇਤਿਹਾਸਕ ਪੱਖੋਂ ਕਾਫ਼ੀ ਅਹਿਮੀਅਤ ਰੱਖਦੇ ਹਨ। ਇਹ ਯੋਜਨਾ ਸੰਯੁਕਤ ਰਾਸ਼ਟਰ ਪਹਿਲਾਂ ਹੀ ਕਈ ਦੇਸ਼ਾਂ ਵਿਚ ਸਫਲਤਾਪੂਰਵਕ ਲਾਗੂ ਕਰ ਚੁੱਕਾ ਹੈ। 

ਇਸ ਮਿਸ਼ਨ ਵਿਚ ਸੰਸਾਰ ਦੀਆਂ ਕਈ ਪ੍ਰਸਿੱਧ ਜਥੇਬੰਦੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਟੀਮ ਵਲੋਂ ਪਹਿਲਾਂ 26 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦਾ ਦੌਰਾ ਕਰਕੇ ਸਾਰੀ ਜਾਣਕਾਰੀ ਲਈ ਜਾਵੇਗੀ। ਕੈਪਟਨ ਸਰਕਾਰ ਪਹਿਲਾਂ ਹੀ ਅੰਮ੍ਰਿਤਸਰ ਨੂੰ ਪਲਾਸਟਿਕ ਮੁਕਤ ਕਰਨ ਲਈ ਕਈ ਥਾਵਾਂ 'ਤੇ ਮੱਕੀ ਤੋਂ ਬਣੇ ਲਿਫ਼ਾਫ਼ਿਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੀ ਹੈ।

ਸ਼੍ਰੋਮਣੀ ਕਮੇਟੀ ਦੀ ਵਾਤਾਵਰਨ ਲਹਿਰ-
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਯੋਜਨਾ ਬਣਾਈ ਗਈ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਕੰਧਾਂ ਤੇ ਛੱਤਾਂ 'ਤੇ ਲਾਏ ਜਾਣ ਵਾਲੇ ਵੇਲ-ਬੂਟੇ (ਵਰਟੀਕਲ ਗਾਰਡਨ) ਯੋਜਨਾ ਹੇਠ ਪੈਂਤੀ ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਰੂਫ਼ ਗਾਰਡਨ (ਛੱਤ ਤੇ ਬਾਗ਼) ਯੋਜਨਾ ਹੇਠ ਵੱਖ ਵੱਖ ਇਮਾਰਤਾਂ 'ਤੇ ਪੌਦੇ ਲਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਵਰਤੇ ਗਏ ਜਲ ਨੂੰ ਬਚਾਉਣ ਅਤੇ ਦੁਬਾਰਾ ਵਰਤਣ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ। ਕਈ ਹੋਰ ਥਾਵਾਂ 'ਤੇ ਵੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ-ਸਾਲਾ ਉਤਸਵ ਦੇ ਸਬੰਧ ਵਿਚ ਗੁਰੂ ਨਾਨਕ ਸੇਕਰਡ ਫਾਰੈੱਸਟ ਲਗਾਏ ਜਾ ਰਹੇ ਹਨ। ਲਹਿੰਦੇ ਪੰਜਾਬ ਵਿਚ ਜਾਪਾਨ ਦੀ ਮੀਆਵਾਕੀ ਤਕਨੀਕ ਨਾਲ ਕਈ ਥਾਵਾਂ 'ਤੇ ਗੁਰੂ ਸਾਹਿਬ ਦੀ ਯਾਦ ਵਿਚ ਛੋਟੇ ਛੋਟੇ ਵਣ/ਬਗ਼ਾਨ ਲਗਾਉਣ ਦੀਆਂ ਤਜਵੀਜ਼ਾਂ ਹਨ। ਮੀਆਵਾਕੀ ਵਿਧੀ ਨਾਲ ਘੱਟ ਤੋਂ ਘੱਟ ਜ਼ਮੀਨ ਵਿਚ ਵੱਧ ਬੂਟੇ ਲਾਏ ਜਾ ਸਕਦੇ ਹਨ ਜਿਹੜੇ ਆਮ ਜੰਗਲਾਂ ਨਾਲੋਂ ਤੀਹ ਗੁਣਾ ਸੰਘਣੇ ਹੁੰਦੇ ਹਨ ਅਤੇ ਦਸ ਗੁਣਾ ਜ਼ਿਆਦਾ ਤੇਜ਼ੀ ਨਾਲ ਵਧਦੇ ਹਨ। ਮਾਹਿਰਾਂ ਅਨੁਸਾਰ ਇਹੋ ਜਿਹੇ ਵਣ/ਬਗ਼ਾਨ ਬਹੁਤ ਘੱਟ ਰਕਬੇ (ਜਿਵੇਂ ਪੰਜ ਮਰਲੇ ਦਾ ਪਲਾਟ) 'ਤੇ ਵੀ ਲਾਏ ਜਾ ਸਕਦੇ ਹਨ। ਇਸ ਸਬੰਧੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਬਾਗ਼ਬਾਨੀ ਮਾਹਿਰਾਂ ਦੀ ਰਾਇ ਲਈ ਗਈ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹਰਿਆਵਲ ਭਰਪੂਰ ਬਣਾਉਣ ਪਿੱਛੇ ਮੁੱਖ ਉਦੇਸ਼ ਇੱਥੇ ਗਰਮੀ ਦੇ ਦਿਨਾਂ ਵਿਚ ਸੰਗਮਰਮਰ ਦੀ ਅੱਖਾਂ ਵਿਚ ਪੈਂਦੀ ਚਮਕ ਅਤੇ ਤਪਸ਼ ਨੂੰ ਰੋਕਣਾ ਹੈ। ਇਸ ਨਾਲ ਕੁਦਰਤ ਪੱਖੀ ਵਾਤਾਵਰਨ, ਪ੍ਰਦੂਸ਼ਣ ਨੂੰ ਰੋਕਣ ਵਿਚ ਮੱਦਦ ਅਤੇ ਹਰਿਆਵਲ ਭਰਪੂਰ ਵਾਤਾਵਰਨ ਬਣੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਪਰਿਕਰਮਾ ਦੇ ਵਰਾਂਡਿਆਂ ਦੀਆਂ ਉੱਪਰਲੀਆਂ ਛੱਤਾਂ ਤੋਂ ਹੇਠਾਂ ਵੇਲਾਂ ਲਟਕਾਉਣ ਦੀ ਯੋਜਨਾ ਹੈ ਅਤੇ ਦੂਜੇ ਪੜਾਅ ਵਿਚ ਵਰਾਂਡੇ ਦੀ ਹੇਠਲੀ ਛੱਤ 'ਤੇ ਪੱਕੇ ਬੂਟੇ ਲਾਏ ਜਾਣਗੇ। ਇਹ ਸਾਰੇ ਬੂਟੇ ਇਕੋ ਰੰਗ ਦੇ ਫੁੱਲਾਂ ਵਾਲੇ ਹੋਣਗੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਰੋਕਣ ਲਈ ਯਤਨਸ਼ੀਲ ਹੈ, ਜਿਸ ਤਹਿਤ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਆਪਣੇ ਚਾਰ ਪਹੀਆ ਵਾਹਨ ਇੱਥੇ ਹਰਿਮੰਦਰ ਸਾਹਿਬ ਲਿਆਉਣੋਂ ਰੋਕ ਦਿੱਤੇ ਗਏ ਹਨ। ਗੁਰੂ ਸਾਹਿਬ ਦਾ ਸਾਢੇ ਪੰਜ ਸੌ-ਸਾਲਾ ਉਤਸਵ ਮਨਾਉਣ ਦਾ ਇਹ ਸਭ ਤੋਂ ਸਵਾਗਤਯੋਗ ਤਰੀਕਾ ਹੈ ਜਿਸ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ਦੀਆਂ ਯੋਜਨਾਵਾਂ ਉਲੀਕੀਆਂ ਜਾ ਸਕਦੀਆਂ ਹਨ।

ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਕੁਦਰਤ ਅਤੇ ਵਾਤਾਵਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦੀ ਬਾਣੀ ਵਿਚ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਸਮਾਨ ਦੱਸਿਆ ਗਿਆ ਹੈ। ਅੱਜ ਪੰਜਾਬ ਦੀ ਧਰਤੀ ਉੱਤੇ ਪਵਨ, ਪਾਣੀ ਤੇ ਧਰਤੀ ਸਭ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੇ ਹਨ। ਦਰਿਆਵਾਂ, ਨਹਿਰਾਂ ਤੇ ਨਾਲਿਆਂ ਦਾ ਪਾਣੀ ਸ਼ਹਿਰਾਂ ਤੇ ਕਾਰਖ਼ਾਨਿਆਂ ਵਿਚੋਂ ਨਿਕਲਣ ਵਾਲੇ ਮਵਾਦ ਨਾਲ ਦੂਸ਼ਿਤ ਹੋ ਰਿਹਾ ਹੈ। ਇਸ ਸਬੰਧ ਵਿਚ ਸੰਤ ਸੇਵਾ ਸਿੰਘ ਖਡੂਰ ਸਾਹਿਬ ਅਤੇ ਕਈ ਹੋਰ ਜਥੇਬੰਦੀਆਂ ਨੇ ਵੱਡੇ ਕਦਮ ਉਠਾਏ ਹਨ ਪਰ ਇਸ ਲਹਿਰ ਨੂੰ ਅਵਾਮ ਦੀ ਲਹਿਰ ਬਣਾਉਣ ਦੀ ਜ਼ਰੂਰਤ ਹੈ। ਸਾਂਝੇ ਪੰਜਾਬ ਵਿਚ ਰੁੱਖਾਂ ਤੇ ਵਣਾਂ ਹੇਠਲਾ ਰਕਬਾ ਲਗਭਗ 26 ਫ਼ੀਸਦੀ ਸੀ ਜਿਹੜਾ ਘਟ ਕੇ ਹੁਣ ਵਾਲੇ ਪੰਜਾਬ ਵਿਚ ਸਿਰਫ਼ ਦੋ ਫ਼ੀਸਦੀ ਰਹਿ ਗਿਆ ਹੈ ਜਦੋਂ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਚੰਗੇ ਵਾਤਾਵਰਨ ਲਈ ਚੌਵੀ ਫ਼ੀਸਦੀ ਰਕਬੇ ਵਿਚ ਰੁੱਖਾਂ ਦੀ ਜ਼ਰੂਰਤ ਹੁੰਦੀ ਹੈ।

ਪੰਜਾਬ 'ਚ ਪਾਣੀ ਦਾ ਸੰਕਟ-
ਪਾਣੀ ਦੀ ਸਥਿਤੀ ਇਸ ਲਈ ਵੀ ਜ਼ਿਆਦਾ ਗੰਭੀਰ ਹੈ ਕਿ ਝੋਨੇ ਦੀ ਫ਼ਸਲ ਲਈ ਜ਼ਰੂਰਤ ਤੋਂ ਵੱਧ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਪੰਜਾਬ ਵਿਚ ਧਰਤੀ ਹੇਠੋਂ ਪਾਣੀ ਕੱਢਣ ਦੀ ਰਫ਼ਤਾਰ ਏਨੀ ਤੇਜ਼ ਹੈ ਕਿ ਵਾਤਾਵਰਨ ਨਾਲ ਜੁੜੇ ਮਾਹਿਰਾਂ ਅਨੁਸਾਰ ਪੰਜਾਬ ਦੇ ਵੱਡੇ ਹਿੱਸੇ ਦੇ ਰੱਕੜ (ਬੰਜਰ ਭੂਮੀ-ਵੇਸਟ ਲੈਂਡ) ਵਿਚ ਤਬਦੀਲ ਹੋਣ ਦੇ ਖ਼ਦਸ਼ੇ ਹਨ। ਬਦਲ ਨਾ ਹੋਣ ਕਾਰਨ ਕਿਸਾਨ ਝੋਨੇ ਦੀ ਫ਼ਸਲ ਲਾਉਣ ਲਈ ਮਜਬੂਰ ਹਨ ਪਰ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ। ਇਸ ਲਈ ਗੁਰੂ ਨਾਨਕ ਦੇਵ ਜੀ ਦਾ ਸਾਢੇ ਪੰਜ ਸੌ-ਸਾਲਾ ਉਤਸਵ ਮਨਾਉਣ ਸਮੇਂ ਸਾਨੂੰ ਵਾਤਾਵਰਨ ਅਤੇ ਪੰਜਾਬ ਦੀ ਧਰਤੀ ਨੂੰ ਦੁਬਾਰਾ ਹਰਿਆਵਲ ਵੱਲ ਮੋੜਨ ਦੇ ਯਤਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਪਾਣੀ ਨੂੰ ਰੀਚਾਰਜ ਕਰਨਾ ਸ਼ੁਰੂ ਕੀਤਾ : ਡਾ. ਰੂਪ ਸਿੰਘ 
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਲਈ ਵਰਤੇ ਜਾਂਦੇ ਸਰੋਵਰ ਦੇ ਜਲ ਨੂੰ ਸੀਵਰੇਜ ਵਿਚ ਰੋਕਣ ਲਈ, ਬਾਰਸ਼ ਦੇ ਪਾਣੀ ਨੂੰ ਬਚਾਉਣ ਲਈ, ਛਬੀਲਾਂ ਦਾ ਪਾਣੀ ਜ਼ਮੀਨ ਵਿਚ ਬੋਰ ਕਰ ਕੇ ਰੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ ਛੇ ਬੋਰ ਬਣਾਏ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਚ ਵੱਖ-ਵੱਖ ਦਿਸ਼ਾਵਾਂ ਵਿਚ ਸੰਗਤ ਦੇ ਪੈਰ ਧੌਣ ਲਈ ਬਣਾਈ ਗਈ ਚਰਨ ਗੰਗਾ ਦਾ ਪਾਣੀ ਵੀ ਇਨ੍ਹਾਂ ਬੋਰਾਂ ਵਿਚ ਪਾ ਕੇ ਬਚਾਇਆ ਜਾਵੇਗਾ। ਭਵਿੱਖ ਵਿਚ ਲੰਗਰ ਦਾ ਵਰਤਿਆ ਹੋਇਆ ਪਾਣੀ ਵੀ ਮੁੜ ਵਰਤੋਂ ਯੋਗ ਬਣਾਉਣ ਦੀ ਯੋਜਨਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ