ਜੀਵਨ ਨਾਲ ਧੜਕਦੇ ਅਹਿਸਾਸਾਂ ਦੀ ਸਾਂਝ ਪਾਉਂਦਾ ਗੀਤ 'ਗੁਰਮੁਖੀ ਦਾ ਬੇਟਾ'

ਜੀਵਨ ਨਾਲ ਧੜਕਦੇ ਅਹਿਸਾਸਾਂ ਦੀ ਸਾਂਝ ਪਾਉਂਦਾ ਗੀਤ 'ਗੁਰਮੁਖੀ ਦਾ ਬੇਟਾ'

ਪ੍ਰੋ. ਮਨਦੀਪ ਸ਼ਰਮਾ, 
ਡੀਏਵੀ ਕਾਲਜ, ਚੰਡੀਗੜ੍ਹ।


ਪਤਾ ਨਹੀਂ ਕਿਹੜਾ ਜਾਦੂ ਸੀ, ਲਫਜ਼ਾਂ ਦਾ, ਸੰਗੀਤ ਦਾ ਜਾਂ ਆਵਾਜ਼ ਦਾ..... ਗੀਤ ਨੇ ਜਿਵੇਂ ਬਾਂਹ ਫੜ ਕੇ ਰੋਕ ਲਿਆ ਹੋਵੇ, ਅਪਣੱਤ ਨਾਲ,“ਚੱਲਿਆ ਕਿਥੇ ਐਂ? ਬਹਿ ਜਾ... ਅੱਖਰਾਂ ਦੀ ਮਹਿਮਾ ਸੁਣ”। ਦੁਨੀਆ ਦੀ ਭੱਜ-ਨੱਠ ਵਿਚ ਸਾਹੋ-ਸਾਹ ਹੋਏ ਮਨ ਤੇ ਉਤੋਂ-ਉਤੋਂ ਹਰ ਚੀਜ਼ ਨੂੰ ਵੇਖਣ ਦੀ ਆਦੀ ਹੋਈ ਅੱਖ ਨੂੰ ਰੁਕਣ-ਟਿਕਣ ਵਿਚ ਜਿਵੇਂ ਝਿਜਕ ਜਹੀ ਹੋਈ ਪਰ ਉਦੋਂ ਤਕ ਆਪਣਾ ਜਾਦੂ ਧੂੜ ਗਿਆ ਗੀਤ। ਲੈ ਗਿਆ ਕਿਸੇ ਹੋਰ ਹੀ ਦੁਨੀਆ ਵਿਚ, ਜੋ ਸਭ ਦੇਖ ਦੇ ਹੋਏ ਵੀ ਅਣਦੇਖੀ ਕਰ ਛੱਡੀ ਦੀ ਏ। ਗੀਤ ਸੀ 'ਗੁਰਮੁਖੀ ਦਾ ਬੇਟਾ'। ਲਫ਼ਜ਼ਾਂ ਦਾ ਸਰਤਾਜ, ਸਤਿੰਦਰ ਅੱਖਰਾਂ ਦੀ ਲੋਰ ਵਿਚ ਝੂਮ ਰਿਹਾ ਸੀ। ਗੀਤ ਮੁੱਕਿਆ, ਹੋਸ਼ ਪਰਤੀ.... ਅੱਖਰਾਂ ਦਾ ਮੋਹ ਜੇਹਾ ਆਇਆ। ਸੱਚ ਕਹਾਂ ਤਾਂ ਮੋਹ ਹਰ ਉਸ ਚੀਜ਼ ਨਾਲ ਜਾਗਿਆ ਜੋ ਜਾਣੇ ਅਣਜਾਣੇ ਅਣਦੇਖੀ ਕਰ ਦਿੱਤੀ...ਕੁਝ ਨਵਾਂ ਪਾਉਣ ਦੀ ਦੌੜ ਵਿਚ ਜਾਂ ਨਵੇਂ ਹੋ ਜਾਣ ਦੇ ਭਰਮ ਵਿਚ।

ਮਲੂਕ ਜੇਹਾ ਗੀਤ ਕਿਧਰੇ ਚੀਸ ਜੇਹੀ ਛੇੜਦਾ ਹੈ... ਟਿੱਬਿਆਂ ਵਿਚ ਵੀ ਟਹਿਕਦੇ ਥੋਰ੍ਹ ਦੀ, ਰੋਂਦੇ ਤੇ ਨੱਚਦੇ ਮੋਰ ਦੀ ਜਾਂ ਇਕਤਰਫਾ ਪ੍ਰੀਤ ਨਿਭਾ ਰਹੇ ਚਕੋਰ ਦੀ...ਇਕ ਟੀਸ। ਜੋ ਫੁੱਲਾਂ ਦੀ ਮਹਿਕ, ਕੋਇਲਾਂ ਦੀ ਕੂਕ ਜਾਂ ਚੰਦਰਮਾ ਦੀ ਚਾਨਣੀ ਵਿਚ ਕਿਧਰੇ ਉਹਲੇ ਹੀ ਰਹਿ ਜਾਂਦੀ ਹੈ। ਕਿਧਰੇ ਇਹ ਗੀਤ ਕਿਰਤ ਨਾਲ ਜੁੜੀ ਕਿਸਾਨੀ ਦੀ ਮੇਹਨਤ ਨੂੰ ਸਜਦੇ ਕਰ ਉੱਚਾ ਕਰਦਾ ਖ਼ੁਦ ਉੱਚਾ ਹੁੰਦਾ ਹੈ। ਜ਼ਿੰਦਗੀ ਨੂੰ ਮੜਕ ਨਾਲ ਜਿਉਣ ਦੀ ਤਾਂਘ ਨਾਲ ਭਰੇ 'ਝਾਂਜਰਾਂ ਦੇ ਬੋਰ' ਜਾਂ ਦਿਲਾਂ ਨੂੰ ਦਿਲਾਂ ਤਕ ਖਿੱਚਣ ਵਾਲੀ 'ਡੋਰ' ਦੀ ਬਾਤ ਪਾ ਜੀਵਨ ਨਾਲ ਧੜਕਦੇ ਅਹਿਸਾਸਾਂ ਦੀ ਸਾਂਝ ਪਾਉਂਦਾ ਹੈ।

ਪੰਜਾਬੀ ਸੰਗੀਤ ਦੀ ਮੰਡੀ ਵਿਚ ਉਤਰੇ ਇਸ ਗੀਤ ਦਾ ਆਪਣਾ ਹੋਕਾ ਹੈ। ਦੁਨੀਆ ਦੇ ਤੋਲ ਵਾਲੀ ਤੱਕੜੀ ਇਸ ਨੂੰ ਪੁੱਗਦੀ ਨਹੀਂ। ਦੁਨੀਆ ਝੁਕਦੇ ਪੱਲੜਿਆਂ ਦਾ ਗੁਣਗਾਣ ਕਰਦੀ ਹੈ। ਝੁਕਦੇ ਪੱਲੜਿਆਂ ਦਾ ਆਪਣਾ ਸੱਚ ਹੋਵੇਗਾ ਪਰ ਇਹ ਗੀਤ ਹੌਲੇ ਰਹਿ ਕੇ ਉਪਰ ਉਠ ਗਏ ਪੱਲੜਿਆਂ ਵੱਲ ਖੜ੍ਹਦਾ ਹੈ। ਦੁਨੀਆ ਨੇ ਜਿਨ੍ਹਾਂ ਦੀ ਕੀਮਤ ਅੰਕੀ ਹੋਵੇਗੀ ਅੱਧੀ-ਅਧੂਰੀ, ਨਾਮਾਤਰ। ਪਰ ਦੇ ਕੇ ਮਾਣ ਇਹਨਾਂ ਪੱਲੜਿਆਂ ਨੂੰ, ਇਹ ਗੀਤ ਅਨਮੋਲ ਕਰ ਰਿਹੈ। ਤਾਂ ਹੀਂ ਤਾਂ ਅੱਜ ਆਪਣੀ ਹੋਂਦ ਲਈ ਤਰਸਦੇ ਘੱਗਰ ਨੂੰ ਬਾਕੀ ਦਰਿਆਵਾਂ ਦੇ ਬਰੋਬਰ ਦਾ ਰੁਤਬਾ ਦੇ ਗਿਆ ਹੈ।ਉਂਜ ਸਾਰਾ ਗੀਤ ਕਬੂਲ ਹੈ ਪਰ ਦਰਿਆਵਾਂ ਦੀ ਕਲ਼-ਕਲ਼ ਜਦੋਂ ਸ਼ੋਰ ਬਣਦੀ ਹੈ ਤਾਂ ਚੁਭਦੀ ਹੈ.....ਪਰ ਸ਼ਾਇਰ ਯਾਰ ਦੀ ਇਹ ਕਾਵਿ-ਜੜਤ ਵੀ ਕਬੂਲ ਹੈ।