ਅਮਰ ਸ਼ੇਰਗਿੱਲ ਕੈਲੀਫੋਰਨੀਆ ਡੈਮੋਕਰੈਟਿਕ ਪਾਰਟੀ ਦੀ "ਪ੍ਰੋਗਰੈਸਿਵ ਕਾਕਸ" ਦੇ ਪ੍ਰਧਾਨ ਚੁਣੇ ਗਏ

ਅਮਰ ਸ਼ੇਰਗਿੱਲ ਕੈਲੀਫੋਰਨੀਆ ਡੈਮੋਕਰੈਟਿਕ ਪਾਰਟੀ ਦੀ

ਸੈਕਰਾਮੈਂਟੋ, ਕੈਲੀਫੋਰਨੀਆ, (ਹੁਸਨ ਲੜੋਆ ਬੰਗਾ):  ਸਥਾਨ ਪੰਜਾਬੀ ਭਾਈਚਾਰੇ ਦੇ ਸਿਰਕੱਢ ਨੌਜੁਆਨ ਸਮਾਜਿਕ ਆਗੂ ਅਮਰ ਸ਼ੇਰਗਿੱਲ ਨੇ ਉਸ ਵੇਲੇ ਇਤਿਹਾਸ ਰਚ ਦਿੱਤਾ ਜਦੋਂ ਉਹ ਕੈਲੀਫੋਰਨੀਆ ਡੈਮੋਕਰੈਟਿਕ ਪਾਰਟੀ (ਸੀ ਡੀ ਪੀ) ਦੀ "ਪ੍ਰੋਗਰੈਸਿਵ ਕਾਕਸ" ਦੇ ਪ੍ਰਧਾਨ ਚੁਣੇ ਗਏ। ਸੀ.ਡੀ.ਪੀ ਵਿਚ ਪ੍ਰੋਗਰੈਸਿਵ ਕਾਕਸ ਸਭ ਤੋਂ ਵੱਡੀ ਧਿਰ ਹੈ ਜਿਸ ਦੇ 700 ਤੋਂ ਵਧ ਡੈਲੀਗੇਟ ਹਨ। 

ਸੀ.ਡੀ.ਪੀ ਦੀ ਕਨਵੈਨਸ਼ਨ ਸੈਨ ਫਰਾਂਸਿਸਕੋ ਵਿਚ ਹੋਈ ਜਿਸ ਵਿਚ ਸੂਬੇ ਭਰ ਵਿਚੋਂ 3000 ਤੋਂ ਵਧ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਕਨਵੈਨਸ਼ਨ ਵਿਚ ਪਾਰਟੀ ਦੇ ਪ੍ਰਧਾਨ ਦੇ ਅਹੁੱਦੇ ਲਈ 11 ਉਮੀਦਵਾਰਾਂ ਨੇ ਵੀ ਹਿੱਸਾ ਲਿਆ ਜਿਨਾਂ ਵਿਚ ਸੈਨੇਟਰ ਬਰਨੀ ਸੈਂਡਰਜ, ਅਲਿਜ਼ਾਬੈਥ ਵਾਰਨ ਤੇ ਕਮਲਾ ਹੈਰਿਸ ਵੀ ਸ਼ਾਮਿਲ ਸਨ। ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸ਼ੇਰਗਿੱਲ ਨੇ ਆਪਣੇ ਗੰਭੀਰ ਭਾਸ਼ਣ ਵਿਚ ਕੈਲੀਫੋਰਨੀਆ ਵਿਚ ਡੈਮੋਕਰੈਟਿਕ ਦੀ ਸਫਲਤਾ ਸਮੇਤ "ਪ੍ਰੋਗਰੈਸਿਵ ਕਾਕਸ" ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ। 

ਉਨਾਂ ਨੇ ਨਸਲ ਦੀ ਪ੍ਰਵਾਹ ਕੀਤੇ ਬਗੈਰ ਉਮੀਦਵਾਰਾਂ ਦੀ ਚੋਣ ਗੈਰ ਪੱਖਪਾਤੀ ਢੰਗ ਨਾਲ ਕਰਨ ਲਈ ਕਿਹਾ। ਅਮਰ ਸ਼ੇਰਗਿੱਲ ਨੂੰ ਸਭ ਤੋਂ ਪਹਿਲਾਂ ਕਾਂਗਰਮੈਨ ਆਰ ਓ ਖੰਨਾ, ਅਸੰਬਲੀ ਮੈਂਬਰ ਐਸ਼ ਕਾਲਰਾ, ਸਾਬਕਾ ਅਸੰਬਲੀ ਮੈਂਬਰ ਮਾਰੀਕੋ ਯਮਾਡਾ, ਅਸੰਬਲੀ ਮੈਂਬਰ ਕੈਵਿਨ ਮੈਕਾਰਟੀ ਤੇ ਕੈਲੀਫੋਰਨੀਆ ਨਰਸਜ਼ ਐਸੋਸੀਏਸ਼ਨ ਦਾ ਸਮਰਥਨ ਮਿਲਿਆ। ਐਸ਼ ਕਾਲਰਾ ਨੇ ਕਿਹਾ
ਕਿ ਸਾਡੀ ਪਾਰਟੀ ਨੂੰ ਦਮਦਾਰ ਆਗੂ ਦੀ ਲੋੜ ਹੈ, ਮੈ ਅਮਰ ਉਪਰ ਭਰੋਸਾ ਕਰਦਾ ਹਾਂ। ਉਹ ਪਾਰਟੀ ਦੀਆਂ ਰਵਾਇਤਾਂ ਤੇ ਜ਼ਮੀਰ ਨੂੰ ਕਾਇਮ ਰਖਣਗੇ। 

ਅਮਰ ਸ਼ੇਰਗਿੱਲ ਪਹਿਲੇ ਦੱਖਣੀ ਏਸ਼ੀਆਈ ਹਨ ਜੋ ਪ੍ਰੋਗਰੈਸਿਵ ਕਾਕਸ ਦੇ ਆਗੂ ਚੁਣੇ ਗਏ ਹਨ। ਇਥੇ ਵਰਨਣਯੋਗ ਹੈ ਕਿ ਅਮਰ ਸ਼ੇਰਗਿਲ ਇੰਗਲੈਂਡ ਤੋਂ ਅਮਰੀਕਾ ਆ ਵਸੇ ਪਰ ਪੰਜਾਬ ਵਿਚਲਾ ਉਨਾਂ ਦਾ ਪਿੰਡ ਝਿੰਗੜਾਂ ਹੈ ਜੋ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ