ਪੁਲਸੀਏ ਧੱਕੇ ਨਾਲ ਪ੍ਰਸ਼ਾਸਨ ਨੇ ਸਿੱਖ ਕਿਸਾਨਾਂ ਦੀ 100 ਏਕੜ ਫਸਲ ਜ਼ਬਰਨ ਵੱਢੀ; ਵਿਰੋਧ ਕਰਦਿਆਂ 'ਤੇ ਕੇਸ
ਅੰਮ੍ਰਿਤਸਰ ਟਾਈਮਜ਼ ਬਿਊਰੋ
ਉੱਤਰਾਖੰਡ ਦੀ ਖਟੀਮਾ ਤਹਿਸੀਲ ਦੇ ਪਿੰਡ ਉਲਾਣੀ ਵਿਚ ਸਥਾਨਲ ਪ੍ਰਸ਼ਾਸਨ ਵੱਲੋਂ ਉੱਥੇ ਰਹਿੰਦੇ ਸਿੱਖ ਕਿਸਾਨਾਂ ਨਾਲ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨ ਨੇ ਸਿੱਖ ਕਿਸਾਨਾਂ ਵੱਲੋਂ ਮਿਹਨਤ ਕਰਕੇ ਬੀਜੀ, ਪਾਲੀ 100 ਏਕੜ ਦੇ ਲਗਭਗ ਕਣਕ ਪੁਲਸੀਏ ਧੱਕੇ ਨਾਲ ਵੱਢ ਲਈ ਹੈ ਤੇ ਵਿਰੋਧ ਕਰ ਰਹੇ ਸਿੱਖ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਆਲ ਇੰਡੀਆ ਸਿੱਖ ਪ੍ਰਤੀਨਿਧ ਬੋਰਡ ਉੱਤਰਾਖੰਡ ਦੇ ਬੁਲਾਰੇ ਸੁਖਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨਾਂ ਨੇ ਸਥਾਨਕ ਤਹਿਸੀਲਦਾਰ ਨਾਲ ਗੱਲ ਕਰਕੇ ਉਕਤ ਜ਼ਮੀਨ ’ਤੇ ਕਣਕ ਬੀਜ ਲਈ ਸੀ ਪਰ ਬੀਤੇ ਦੋ ਦਿਨਾਂ ਦੌਰਾਨ ਪ੍ਰਸ਼ਾਸਨ ਨੇ ਪੁਲੀਸ ਦੀ ਹਾਜ਼ਰੀ ਵਿੱਚ ਜਬਰੀ ਕਣਕ ਵੱਢ ਲਈ। ਉਲਾਣੀ ਪਿੰਡ ਦੇ ਸਮਾਜ ਸੇਵੀ ਦਲਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਅੰਗਰੇਜ਼ਾਂ ਵੱਲੋਂ ਅਲਾਟ ਕੀਤੀ ਗਈ ਇਹ ਜ਼ਮੀਨ ਤਤਕਾਲੀ ਮਾਲਕਾਂ ਦੀ 1969 ਵਿੱਚ ਮੌਤ ਹੋਣ ਮਗਰੋਂ ਅੱਗੇ ਵੇਚ ਦਿੱਤੀ ਗਈ ਸੀ। ਇਸ ਜ਼ਮੀਨ ਉਪਰ ਕੁੱਝ ਕਿਸਾਨ ‘ਵਰਗ 20’ ਤਹਿਤ ਵੀ ਕਾਸ਼ਤ ਕਰ ਰਹੇ ਸਨ। 1972 ਵਿੱਚ ਸੀਲਿੰਗ ਸ਼ੁਰੂ ਹੋਈ। ਪਹਿਲਾਂ ਕਿਸਾਨ ਕਮਿਸ਼ਨਰ ਕੋਲੋਂ ਕੇਸ ਜਿੱਤ ਗਏ ਸਨ ਪਰ ਹਾਈ ਕੋਰਟ ਵਿੱਚ ਕਿਸਾਨਾਂ ਦਾ ਵਕੀਲ ਖੜ੍ਹਾ ਨਾ ਕਰਨ ਕਰਕੇ ਉਹ ਕੇਸ ਹਾਰ ਗਏ ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਸਿਖ਼ਰਲੀ ਅਦਾਲਤ ਨੇ ਸਟੇਟਸ ਕੋ ਜਾਰੀ ਰੱਖ ਦਿੱਤਾ ਤੇ ਤਾਰੀਕ ਅੱਗੇ ਪਾ ਦਿੱਤੀ।
ਸ. ਭੁੱਲਰ ਨੇ ਕਿਹਾ ਕਿ ਹੁਣ ਕਰੋਨਾ ਦੇ ਚੱਲਦੇ ਅਦਾਲਤੀ ਕਾਰਵਾਈ ਠੱਪ ਪਈ ਹੋਣ ਕਰਕੇ ਕਿਸਾਨ ਸੁਪਰੀਮ ਕੋਰਟ ਵੀ ਪਹੁੰਚ ਨਾ ਕਰ ਸਕੇ ਤੇ ਪ੍ਰਸ਼ਾਸਨ ਨੇ ਧੱਕੇ ਨਾਲ ਪੱਕੀ ਫਸਲ ਵੱਢ ਲਈ। ਇਸ ਦੇ ਨਾਲ ਹੀ 6 ਦਰਜਨ ਤੋਂ ਵੱਧ ਕਿਸਾਨਾਂ ਖ਼ਿਲਾਫ਼ ਧਾਰਾ 341, 332, 253, 186, 504, 506, 427, 188, 269, 270 ਤੇ 271 ਤਹਿਤ ਕੇਸ ਦਰਜ ਕਰ ਦਿੱਤੇ।
ਨਾਨਕਮੱਤਾ ਗੁਰਦੁਆਰੇ ਦੇ ਪ੍ਰਧਾਨ ਸੇਵਾ ਸਿੰਘ, ਮਨਵਿੰਦਰ ਸਿੰਘ ਖਹਿਰਾ ਨੇ ਸਿੱਖ ਲੀਡਰਸ਼ਿਪ ਨੂੰ ਪੀੜਤ ਕਿਸਾਨਾਂ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ ਤੇ ਤਹਿਸੀਲਦਾਰ ਦੀ ਭੂਮਿਕਾ ’ਤੇ ਇਤਰਾਜ਼ ਉਠਾਇਆ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)