ਕੋਰੋਨਾਵਾਇਰਸ ਦੀ ਆਫਤ ਵਿਚ ਸੇਵਾਵਾਂ ਕਰਦਿਆਂ ਹਾਦਸੇ 'ਚ ਖਾਲਸਾ ਏਡ ਦੇ ਸੇਵਾਦਾਰ ਦੀ ਮੌਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਿਸ਼ਵ ਭਰ ਵਿਚ ਮਨੁੱਖੀ ਸੇਵਾਵਾਂ ਕਰਦੀ ਸੰਸਥਾ ਖਾਲਸਾ ਏਡ ਨਾਲ ਸਬੰਧਿਤ ਨੌਜਵਾਨ ਸੇਵਾਦਾਰ ਇੰਦਰਜੀਤ ਸਿੰਘ ਦੀ ਬੀਤੇ ਕੱਲ੍ਹ ਕੋਰੋਨਾਵਾਇਰਸ ਆਫਤ ਦੌਰਾਨ ਸੇਵਾਵਾਂ ਕਰਦਿਆਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੰਦਰਜੀਤ ਸਿੰਘ ਆਪਣੇ ਸਹਿਯੋਗੀ ਸੇਵਾਦਾਰਾਂ ਨਾਲ ਫਰੀਦਕੋਟ ਸੇਵਾ ਦੇ ਕੇ ਵਾਪਸ ਆ ਰਿਹਾ ਸੀ। ਉਹਨਾਂ ਦੀ ਕਾਰ ਬਠਿੰਡਾ ਆਉਂਦੇ ਸਮੇਂ ਬਾਜਾਖਾਨਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ।
ਹਾਦਸੇ ਵਿਚ ਜ਼ਖਮੀ ਹੋਏ ਸੇਵਾਦਾਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇੰਦਰਜੀਤ ਸਿੰਘ ਅਕਾਲ ਚਲਾਣਾ ਕਰ ਗਏ।
ਹਾਦਸੇ ਦਾ ਸ਼ਿਕਾਰ ਹੋਈ ਖਾਲਸਾ ਏਡ ਦੀ ਕਾਰ
ਇੰਦਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਖਾਲਸਾ ਏਡ ਨਾਲ ਜੁੜੇ ਹੋਏ ਸਨ ਤੇ ਵੱਖ-ਵੱਖ ਥਾਵਾਂ 'ਤੇ ਸੰਸਥਾ ਵੱਲੋਂ ਚਲਾਏ ਜਾਂਦੇ ਸੇਵਾ ਪ੍ਰੋਜੈਕਟਾਂ ਵਿਚ ਸੇਵਾਵਾਂ ਦਿੰਦੇ ਸਨ। ਹੁਣ ਵੀ ਉਹ ਕੋਰੋਨਾਵਾਇਰਸ ਮਹਾਂਮਾਰੀ ਨਾਲ ਪੀੜਤ ਲੋਕਾਂ ਦਾ ਇਲਾਜ ਕਰ ਰਹੇ ਮੈਡੀਕਲ ਸਟਾਫ ਨੂੰ ਪੰਜਾਬ ਵਿਚ ਪੀਪੀਈ ਕਿੱਟਾਂ ਦੇਣ ਦੀ ਸੇਵਾ ਨਿਭਾ ਰਹੇ ਸਨ ਜਿਸ ਬਾਰੇ ਉਹਨਾਂ ਇਕ ਪੋਸਟ 16 ਅਪ੍ਰੈਲ ਨੂੰ ਆਪਣੇ ਫੇਸਬੁੱਕ ਖਾਤੇ 'ਤੇ ਵੀ ਸਾਂਝੀ ਕੀਤੀ ਸੀ।
ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਖਾਲਸਾ ਏਡ ਸੰਸਥਾ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ, " ਅਸੀਂ ਇੱਕ ਹੀਰਾ ਗੁਵਾ ਲਿਆ !!! Inderjeet Singh
ਮੰਦਭਾਗੀ ਜਾਣਕਾਰੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਖਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਬੀਤੀ ਕਲ੍ਹ 20 ਅਪ੍ਰੈਲ 2020 ਨੂੰ ਫਰੀਦਕੋਟ ਸੇਵਾ ਦੇਣ ਤੋਂ ਬਾਅਦ ਬਠਿੰਡਾ ਆਉਂਦੇ ਸਮੇਂ ਬਾਜਾਖਾਨਾ ਨੇੜੇ ਖਾਲਸਾ ਏਡ ਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਵੀਰ ਇੰਦਰਜੀਤ ਸਿੰਘ ਜੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਜਦੋਂ ਕਿ ਦੂਜਾ ਸਾਥੀ ਪਰਮਾਤਮਾ ਦੀ ਕਿਰਪਾ ਸਦਕਾ ਠੀਕ ਹੈ, ਪਰਮਾਤਮਾ ਅੱਗੇ ਅਰਦਾਸ ਹੈ ਵੀਰ ਇੰਦਰਜੀਤ ਸਿੰਘ ਦੇਹਰਾਦੂਨ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ, ਇੰਦਰਜੀਤ ਸਿੰਘ ਵੱਲੋਂ ਖਾਲਸਾ ਏਡ ਲਈ ਕੀਤੀਆਂ ਗਈਆਂ ਸੇਵਾਵਾਂ ਅਭੁੱਲ ਹਨ।"
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)