ਐਮਨੈਸਟੀ ਇੰਟਰਨੈਸ਼ਨਲ ਅਨੁਸਾਰ ਵਿਸ਼ਵ ਵਿਚ ਮੌਤ ਦੀ ਸਜ਼ਾ ਦਾ ਅੰਕੜਾ ਪਿਛਲੇ ਸਾਲ ਨਾਲੋਂ 31 ਫੀਸਦੀ ਵਧਿਆ

ਐਮਨੈਸਟੀ ਇੰਟਰਨੈਸ਼ਨਲ ਅਨੁਸਾਰ ਵਿਸ਼ਵ ਵਿਚ ਮੌਤ ਦੀ ਸਜ਼ਾ ਦਾ ਅੰਕੜਾ ਪਿਛਲੇ ਸਾਲ ਨਾਲੋਂ 31 ਫੀਸਦੀ ਵਧਿਆ

*ਸਾਲ 2023 ਵਿੱਚ ਮੌਤ ਦੀ ਸਜ਼ਾ ਦੇ 1153 ਕੇਸ ਦਰਜ ਕੀਤੇ

*ਰਿਕਾਰਡ ਕੀਤੇ ਗਏ ਮੌਤ ਦੀ ਸਜ਼ਾ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਮੁੱਖ ਤੌਰ 'ਤੇ ਈਰਾਨ ਕਾਰਨ ਹੋਇਆ 

* ਚੀਨ ਵਿੱਚ ਪਿਛਲੇ ਸਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਐਮਨੈਸਟੀ ਇੰਟਰਨੈਸ਼ਨਲ ਦੇ ਨਵੇਂ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿੱਚ ਮੌਤ ਦੀ ਸਜ਼ਾ ਦੇ ਮਾਮਲੇ ਵਧ ਰਹੇ ਹਨ।ਸੰਸਥਾ ਨੇ ਸਾਲ 2023 ਵਿੱਚ ਮੌਤ ਦੀ ਸਜ਼ਾ ਦੇ 1153 ਕੇਸ ਦਰਜ ਕੀਤੇ ਸਨ, ਜੋ ਕਿ 2022 ਦੇ ਮੁਕਾਬਲੇ 31 ਫ਼ੀਸਦੀ ਵੱਧ ਹਨ।ਸਾਲ 2022 ਵਿੱਚ, ਐਮਨੈਸਟੀ ਇੰਟਰਨੈਸ਼ਨਲ ਨੇ ਮੌਤ ਦੀ ਸਜ਼ਾ ਦੇ 883 ਕੇਸ ਦਰਜ ਕੀਤੇ ਸਨ।ਇਹ 2015 ਤੋਂ ਬਾਅਦ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਸਭ ਤੋਂ ਵੱਡਾ ਅੰਕੜਾ ਦਰਜ ਕੀਤਾ ਗਿਆ ਸੀ।ਸਾਲ 2015 ਵਿੱਚ ਸੰਸਥਾ ਨੇ 1634 ਕੇਸ ਦਰਜ ਕੀਤੇ ਗਏ ਸਨ।

ਐਮਨੈਸਟੀ ਇੰਟਰਨੈਸ਼ਨਲ ਦੇ ਸਕੱਤਰ-ਜਨਰਲ ਐਗਨੇਸ ਕੈਲਾਮਾਰਡ ਦਾ ਕਹਿਣਾ ਹੈ, "ਰਿਕਾਰਡ ਕੀਤੇ ਗਏ ਮੌਤ ਦੀ ਸਜ਼ਾ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਮੁੱਖ ਤੌਰ 'ਤੇ ਈਰਾਨ ਕਾਰਨ ਹੋਇਆ ਹੈ। ਈਰਾਨੀ ਅਧਿਕਾਰੀਆਂ ਨੇ ਮਨੁੱਖੀ ਜੀਵਨ ਪ੍ਰਤੀ ਪੂਰੀ ਤਰ੍ਹਾਂ ਅਣਗਹਿਲੀ ਦਿਖਾਈ ਹੈ।ਈਰਾਨ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।ਇਰਾਨ ਵਿਚ 853 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ।

ਐਮਨੈਸਟੀ ਦਾ ਮੰਨਣਾ ਹੈ ਕਿ ਚੀਨ ਵਿੱਚ ਸਭ ਤੋਂ ਵੱਧ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਪਰ ਚੀਨ ਵਿੱਚ ਮੌਤ ਦੀ ਸਜ਼ਾ ਦੇ ਮਾਮਲਿਆਂ ਬਾਰੇ ਕੋਈ ਅਧਿਕਾਰਤ ਅੰਕੜੇ ਨਹੀਂ ਹਨ।ਚੀਨ ਆਪਣੇ ਵੱਲੋਂ ਵਰਤੀ ਜਾਂਦੀ ਮੌਤ ਦੀ ਸਜ਼ਾ ਬਾਰੇ ਜਾਣਕਾਰੀ ਜਨਤਕ ਨਹੀਂ ਕਰਦਾ।ਐਮਨੈਸਟੀ ਦਾ ਅੰਦਾਜ਼ਾ ਹੈ ਕਿ ਚੀਨ ਵਿੱਚ ਪਿਛਲੇ ਸਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਐਮਨੈਸਟੀ ਦੀ ਆਪਣੀ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 2023 ਵਿਚ ਵਿਸ਼ਵ ਪੱਧਰ 'ਤੇ ਮੌਤ ਦੀ ਸਜ਼ਾ ਦੇ ਮਾਮਲਿਆਂ ਵਿੱਚ 20 ਫੀਸਦੀ ਵਾਧਾ ਹੋਇਆ ਸੀ।ਇਹ 2018 ਤੋਂ ਬਾਅਦ ਮੌਤ ਦੀ ਸਜ਼ਾ ਦੀ ਸਭ ਤੋਂ ਵੱਡੀ ਗਿਣਤੀ ਹੈ।

ਜਿਹੜੇ ਦੇਸ਼ ਸਭ ਤੋਂ ਵੱਧ ਮੌਤ ਦੀ ਸਜ਼ਾ ਦਿੰਦੇ ਨੇ

ਐਮਨੈਸਟੀ ਮੁਤਾਬਕ, ਸਾਲ 2023 ਵਿੱਚ, ਪੰਜ ਦੇਸ਼ਾਂ ਚੀਨ, ਈਰਾਨ, ਸਾਊਦੀ ਅਰਬ, ਸੋਮਾਲੀਆ ਅਤੇ ਅਮਰੀਕਾ ਵਿੱਚ ਸਭ ਤੋਂ ਵੱਧ ਮੌਤ ਦੀ ਸਜ਼ਾ ਦਿੱਤੀ ਗਈ ਸੀ।ਇਨ੍ਹਾਂ ਵਿਚੋਂ 74 ਫੀਸਦੀ ਮੌਤ ਦੀ ਸਜ਼ਾ ਦੇ ਮਾਮਲੇ ਇਕੱਲੇ ਈਰਾਨ ਵਿਚ ਸਾਹਮਣੇ ਆਏ ਹਨ।

ਇਸ ਦੇ ਨਾਲ ਹੀ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਦੇ ਕੁੱਲ ਮਾਮਲਿਆਂ ਵਿਚੋਂ 15 ਫ਼ੀਸਦੀ ਮਾਮਲੇ ਸਾਹਮਣੇ ਆਏ ਹਨ।

ਐਮਨੈਸਟੀ ਦਾ ਕਹਿਣਾ ਹੈ ਕਿ ਚੀਨ ਵਾਂਗ ਹੀ ਉਸ ਕੋਲ ਉੱਤਰੀ ਕੋਰੀਆ, ਵੀਅਤਨਾਮ, ਸੀਰੀਆ, ਫ਼ਲਸਤੀਨ ਅਤੇ ਅਫ਼ਗਾਨਿਸਤਾਨ ਦੇ ਅਧਿਕਾਰਤ ਅੰਕੜੇ ਨਹੀਂ ਹਨ।

ਮੌਤ ਦੀ ਸਜ਼ਾ ਖ਼ਤਮ ਕਰਨ ਵਾਲੇ ਦੇਸ

ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।2010 ਵਿੱਚ, ਅਲਜੀਰੀਆ, ਅਰਜਨਟੀਨਾ, ਕਜ਼ਾਕਿਸਤਾਨ, ਮੈਕਸੀਕੋ ਅਤੇ ਤੁਰਕੀ ਸਣੇ 14 ਦੇਸ਼ਾਂ ਨੇ ਮੌਤ ਦੀ ਸਜ਼ਾ ਵਿਰੁੱਧ ਕੌਮਾਂਤਰੀ ਕਮਿਸ਼ਨ ਦਾ ਗਠਨ ਕੀਤਾ ਸੀ।ਹੁਣ ਇਸ ਕਮਿਸ਼ਨ ਵਿਚ 24 ਮੈਂਬਰ ਦੇਸ਼ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿਚ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਜਰਮਨੀ ਅਤੇ ਟੋਗੋ ਸ਼ਾਮਲ ਹਨ।ਸਾਲ 1991 ਵਿੱਚ ਇਸ ਸੂਚੀ ਵਿੱਚ 48 ਦੇਸ਼ ਸ਼ਾਮਲ ਕੀਤੇ ਗਏ ਸਨ।ਇਸ ਦੇ ਨਾਲ ਹੀ 2023 ਵਿਚ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਵਾਲੇ ਦੇਸ਼ਾਂ ਦੀ ਗਿਣਤੀ 112 ਹੋ ਗਈ ਹੈ।ਨੌਂ ਦੇਸ਼ ਅਜਿਹੇ ਹਨ, ਜਿੱਥੇ ਸਿਰਫ਼ ਗੰਭੀਰ ਅਪਰਾਧਾਂ ਲਈ ਹੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਜਦਕਿ 23 ਦੇਸ਼ ਅਜਿਹੇ ਹਨ ਜਿੱਥੇ ਪਿਛਲੇ ਦਹਾਕੇ ਤੋਂ ਮੌਤ ਦੀ ਸਜ਼ਾ ਦੀ ਵਰਤੋਂ ਨਹੀਂ ਕੀਤੀ ਗਈ। ਕਜ਼ਾਖਸਤਾਨ, ਪਾਪੁਆ ਨਿਊ ਗਿਨੀਆ, ਸਿਏਰਾ ਲਿਓਨ, ਅਤੇ ਸੈਂਟਰਲ ਐਫਰੀਕਨ ਰਿਪਬਲਿਕ ਵਿੱਚ ਇਹ ਸਜ਼ਾ ਪੂਰਨ ਤੌਰ ਉੱਤੇ ਬੰਦ ਕਰ ਦਿੱਤੀ ਗਈ ਹੈ।ਇਕੁਏਟੋਰਿਅਲ ਗੀਨੀਆ ਅਤੇ ਜ਼ਾਂਬੀਆਂ ਨੇ ਕਿਹਾ ਹੈ ਕਿ ਇਹ ਸਿਰਫ਼ ਗੰਭੀਰ ਅਪਰਾਧਾਂ ਲਈ ਹੀ ਵਰਤੀ ਜਾਵੇਗੀ।

ਅਪ੍ਰੈਲ 2023 ਵਿੱਚ ਮਲੇਸ਼ੀਆ ਦੀ ਪਾਰਲੀਮੈਂਟ ਨੇ ਵੀ ਕਤਲ ਅਤੇ ਅੱਤਵਾਦ ਸਣੇ 11 ਅਪਰਾਧਾਂ ਲਈ ਮੌਤ ਦੀ ਸਜ਼ਾ ਹਟਾਉਣ ਦੇ ਹੱਕ ਵਿੱਚ ਵੋਟ ਕੀਤਾ।

ਘਾਨਾ ਦੀ ਪਾਰਲੀਮੈਂਟ ਨੇ ਜੁਲਾਈ 2023 ਵਿੱਚ ਸਜ਼ਾ ਏ ਮੌਤ ਹਟਾਉਣ ਦੇ ਹੱਕ ਵਿੱਚ ਵੋਟ ਪਾਈ।

ਅਮਰੀਕਨ ਸਾਈਕੋਲਾਜੀਕਲ ਐਸੋਸੀਏਸ਼ਨ (ਏਪੀਏ) ਨੇ ਅਮਰੀਕੀ ਸੂਬਿਆਂ ਨੂੰ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਲਈ ਮੌਤ ਦੀ ਸਜ਼ਾ 'ਤੇ ਪਾਬੰਦੀ ਲਗਾਉਣ ਲਈ ਕਿਹਾ ਹੈ।

ਵੱਖ-ਵੱਖ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਨੂੰ ਲਾਗੂ ਕਰਨ ਦੇ ਤਰੀਕੇ ਕੀ ਹਨ?

ਸਾਲ 2023 ਵਿੱਚ ਪ੍ਰਤੱਖ ਤੌਰ ’ਤੇ ਮੌਤ ਦੀ ਸਜ਼ਾ ਦੇ ਚਾਰ ਜਾਣੇ-ਪਛਾਣੇ ਤਰੀਕੇ ਹਨ, ਜਿਨ੍ਹਾਂ ਵਿੱਚੋਂ ਸਿਰ ਕਲਮ ਕਰਨਾ ਸਿਰਫ਼ ਸਾਊਦੀ ਅਰਬ ਵਿੱਚ ਲਾਗੂ ਹੈ।

ਪਿਛਲੇ ਸਾਲ ਸੱਤ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਲਈ ਫਾਂਸੀ ਦਾ ਤਰੀਕਾ ਅਪਣਾਇਆ ਗਿਆ ਸੀ, ਛੇ ਦੇਸ਼ਾਂ ਵਿੱਚ ਗੋਲੀ ਮਾਰ ਕੇ ਕਤਲ ਕਰਨਾ ਅਤੇ ਤਿੰਨ ਦੇਸ਼ਾਂ ਵਿੱਚ ਮੌਤ ਦਾ ਟੀਕਾ ਲਗਾਇਆ ਗਿਆ ਸੀ।

ਸਾਊਦੀ ਅਰਬ ਸੰਸਾਰ ਦਾ ਇੱਕੋ-ਇੱਕ ਦੇਸ਼ ਹੈ ਜਿੱਥੇ ਸਾਲ 2022 ਵਿੱਚ ਸਿਰ ਕਲਮ ਕਰਨਾ ਮੌਤ ਦੇ ਤਰੀਕੇ ਵਜੋਂ ਵਰਤਿਆ ਜਾਂਦਾ ਹੈ।

ਅਲਬਾਮਾ ਅਤੇ ਅਮਰੀਕਾ ਦੇ ਦੋ ਹੋਰ ਸੂਬਿਆਂ ਨੇ ਨਾਈਟ੍ਰੋਜਨ ਗੈਸ ਦੀ ਮੌਤ ਦੀ ਸਜ਼ਾ ਦੇਣ ਲਈ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਜ਼ਹਿਰੀਲੇ ਟੀਕਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਡ੍ਰਗਜ਼ ਮਿਲਣੀਆਂ ਮੁਸ਼ਕਲ ਹੋ ਗਈਆਂ ਹਨ।

ਇਨ੍ਹਾਂ ਡ੍ਰਗਜ਼ ਦੀ ਕਮੀ ਵੀ ਅਮਰੀਕਾ ਵਿੱਚ ਮੌਤ ਦੀ ਸਜ਼ਾ ਦੇ ਮਾਮਲੇ ਘਟਣ ਦਾ ਇੱਕ ਕਾਰਨ ਰਹੀ ਹੈ।