ਐਂਟੀ ਟੈਰੀਰਿਜ਼ਮ ਕ੍ਰਾਈਮ ਕਰੱਪਸ਼ਨ ਫਰੰਟ ਆਫ ਇੰਡੀਆ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਟੋਨੀ ਵੱਲੋਂ ਇੰਡੀਆ ਗਠਬੰਧਨ ਨੂੰ ਸਮਰਥਨ ਦੇਣ ਦਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਭਾਰਤ ਵਿਚ ਲੋਕ ਸਭਾ ਚੋਣਾਂ ਕਾਰਨ ਸਿਆਸਤ ਦਾ ਮਾਹੌਲ ਭਖਿਆ ਹੋਇਆ ਹੈ ਅਤੇ ਚਾਰੇ ਪਾਸੇ ਚੋਣਾਂ ਦੀ ਗੱਲ ਚੱਲ ਰਹੀ ਹੈ। ਇਕ ਪਾਸੇ ਜਿੱਥੇ ਭਾਜਪਾ ਵੱਲੋਂ ਮੋਦੀ 400 ਪਾਰ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਉਧਰ ਦੂਜੇ ਪਾਸੇ ਸਿਆਸੀ ਪਾਰਟੀਆਂ ਦਾ ‘ਇੰਡੀਆ’ ਗਠਜੋੜ ਮੋਦੀ ਨੂੰ ਟਕੱਰਦੇਣ ਲਈ ਪੂਰੀ ਤਿਆਰੀ ਵਿਚ ਹੈ। ‘ਇੰਡੀਆ’ ਗਠਬੰਧਨ ਨੂੰ ਉਸ ਵੇਲੇ ਹੋਰ ਵੀ ਵੱਡਾ ਹੁੰਗਾਰਾ
ਮਿਲਿਆ ਜਦੋਂ ਭਾਰਤ ਵਿਚ ਆਪਣੀ ਵੱਖਰੀ ਪਛਾਣ ਅਤੇ ਸਿਆਸੀ ਪਕੜ ਰੱਖਣ ਵਾਲੇ ਹਰਪ੍ਰੀਤ ਸਿੰਘ ਟੋਨੀ ਜੋ ਕਿ ਐਂਟੀ ਟੈਰੀਰਿਜ਼ਮ ਕ੍ਰਾਈਮ ਕਰੱਪਸ਼ਨ ਫਰੰਟ ਆਫ ਇੰਡੀਆ ਦੇ ਪ੍ਰਧਾਨ ਹਨ, ਵੱਲੋਂ ‘ਇੰਡੀਆ’ ਗਠਬੰਧਨ ਨੂੰ ਤਨ, ਮਨ ਅਤੇ ਧਨ ਨਾਲ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਹਰਪ੍ਰੀਤ ਸਿੰਘ ਟੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪੂਰੇ ਭਾਰਤ ਵਿਚ ਇੰਡੀਆ ਗਠਬੰਧਨ ਦਾ ਸਮਰਥਨ ਕਰਨਗੇ ਅਤੇ ਖਾਸ ਤੌਰ ’ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਪੂਰੀ ਸਪੋਰਟ ਕਰਨਗੇ। ਸ. ਹਰਪ੍ਰੀਤ ਸਿੰਘ ਟੋਨੀ ਜੋ ਕਿ ਰੇਲਵੇ ਬੋਰਡ ਅਤੇ ਟੂਰਿਜ਼ਮ ਐਡਵਾਈਜ਼ਰੀ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਬਹੁਤ ਥੋੜੇ ਕਾਰਜਕਾਲ ਵਿਚ ਬੇਮਿਸਾਲ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਇਕ ਇਮਾਨਦਾਰ ਨੇਤਾ ਹਨ ਜਿਨ੍ਹਾਂ ਨੇ ਦਿੱਲੀ ਦੇ ਲੋਕਾਂ ਲਈ ਬਹੁਤ ਕੰਮ ਕੀਤੇ ਹਨ। ਸ਼੍ਰੀ ਕੇਜਰੀਵਾਲ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਬਣੇ ਅਤੇ ਬਹੁਤ ਛੋਟੇ ਜਿਹੇ ਰਾਜਨੀਤਿਕ ਸਫਰ ਵਿਚ ਉੱਚਾ ਮੁਕਾਮ ਹਾਸਲਕੀਤਾ ਹੈ। ਸ਼੍ਰੀ ਟੋਨੀ ਨੇ ਕਿਹਾ ਕਿ ਉਹ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਪੰਜਾਬ ਵਿਚ ਸ. ਭਗਵੰਤ ਮਾਨ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਵਿਚ ਖੜ੍ਹੇ ਸਾਰੇ ਉਮੀਦਵਾਰਾਂ ਦਾ ਭਰਵਾਂ ਸਮਰਥਨ ਕਰਨਗੇ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਢਾਈ ਸਾਲ ਦੇ ਮੁੱਖ ਮੰਤਰੀ ਕਾਰਜਕਾਲ ਵਿਚ ਉਹ ਕੰਮ ਕਰ ਦਿਖਾਏ ਹਨ ਜੋ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਇੰਨੇ ਸਾਲਾਂ ਵਿਚ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ, ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਮੁਹੱਲਾ ਕਲੀਨਿਕ ਖੁਲ੍ਹਵਾਏ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਗਰੀਬਾਂ ਨੂੰ ਪੈਨਸ਼ਨਾਂ, ਰਾਸ਼ਨ ਅਤੇ ਹੋਰ ਬਹੁਤ ਸਾਰੀਆਂ ਲੋਕ ਕਲਿਆਣ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਿਨ੍ਹਾਂ ਦਾ ਪੰਜਾਬ ਦੇ ਗਰੀਬ ਅਤੇ ਲੋੜਵੰਦ ਲੋਕ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਮਸੀਹਾ ਅਤੇ ਇਮਾਦਾਰ ਨੇਤਾ ਹਨ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਲੋਕ ਸਭਾ ਵਿਚ ਭੇਜਣਗੇ।
ਸ. ਹਰਪ੍ਰੀਤ ਸਿੰਘ ਟੋਨੀ ਨੇ ਅੱਗੇ ਦੱਸਿਆ ਕਿ 15 ਅਗਸਤ ਨੂੰ ਉਹ ਆਪਣੀ ਸੰਸਥਾ ਐਂਟੀ ਟੈਰੀਰਿਜ਼ਮ ਕ੍ਰਾਈਮ ਕਰੱਪਸ਼ਨ ਫਰੰਟ ਆਫ ਇੰਡੀਆ ਵੱਲੋਂ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕਰਨਗੇ ਜਿਸ ਵਿਚ ਬਾਲੀਵੁੱਡ, ਸਪੋਰਟਸ, ਸਿਆਸਤ ਅਤੇ ਲੋਕ ਹਿੱਤ ਲਈ ਚੰਗੇ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
Comments (0)