ਬਾਰਾਮੂਲਾ ਦੇ ਫ਼ੌਜੀ ਕੈਂਪ ‘ਤੇ ਅਤਿਵਾਦੀ ਹਮਲੇ ਬਾਰੇ ਭੰਬਲਭੂਸਾ

ਬਾਰਾਮੂਲਾ ਦੇ ਫ਼ੌਜੀ ਕੈਂਪ ‘ਤੇ ਅਤਿਵਾਦੀ ਹਮਲੇ ਬਾਰੇ ਭੰਬਲਭੂਸਾ

ਜਵਾਨ ਦੀ ਮੌਤ ਅੱਤਵਾਦੀਆਂ ਦੀ ਗੋਲੀ ਨਾਲ ਹੋਈ ਜਾਂ ਸਾਥੀਆਂ ਦੀ?
ਸ੍ਰੀਨਗਰ/ਬਿਊਰੋ ਨਿਊਜ਼ :
ਬਾਰਾਮੁੱਲਾ ਵਿੱਚ ਐਤਵਾਰ ਰਾਤ ਫ਼ੌਜ-ਬੀਐਸਐਫ ਕੈਂਪ ਉਤੇ ਅਤਿਵਾਦੀ ਹਮਲੇ ਬਾਰੇ ਭੰਬਲਭੂਸਾ ਪੈਦਾ ਹੋ ਗਿਆ ਹੈ, ਜਿਸ ਨੂੰ ਨੀਮ ਫ਼ੌਜੀ ਬਲ ਦੇ ਸੀਨੀਅਰ ਅਧਿਕਾਰੀਆਂ ਨੇ ਅਤਿਵਾਦੀਆਂ ਦੀ ‘ਮਾਰੋ ਤੇ ਦੌੜਨ’ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਇਸ ਹਮਲੇ ਵਿੱਚ ਬੀਐਸਐਫ ਦਾ ਇਕ ਜਵਾਨ ਹਲਾਕ ਹੋ ਗਿਆ ਸੀ।
ਸੂਤਰਾਂ ਮੁਤਾਬਕ ਉੱਤਰੀ ਕਸ਼ਮੀਰ ਵਿੱਚ ਜਾਂਬਾਜ਼ਪੋਰਾ ਦੇ ਬਾਹਰੀ ਹਿੱਸੇ ਵਿੱਚ ਸਥਿਤ ਬੀਐਸਐਫ ਦੀ 40ਵੀਂ ਬਟਾਲੀਅਨ ਦੇ ਜਵਾਨਾਂ ਨੇ ਓਪਨ ਕਿਚਨ ਖੇਤਰ ਕੋਲ ਕੁੱਝ ਸ਼ੱਕੀ ਹਿੱਲਜੁਲ ਦੇਖੀ ਅਤੇ ਉਨ੍ਹਾਂ ਅਤਿਵਾਦੀਆਂ ਦੇ ਕੈਂਪ ਵਿੱਚ ਵੜਨ ਦੇ ਸ਼ੱਕ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਨਾਲ ਗੁਆਂਢ ਵਿੱਚ ਸਥਿਤ ਫ਼ੌਜੀ ਕੈਂਪ ਵਿੱਚ ਹਲਚਲ ਸ਼ੁਰੂ ਹੋ ਗਈ, ਜਿਥੇ ਮੌਜੂਦ 46ਵੀਂ ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਾਰੇ ਪਾਸਿਓਂ ਗੋਲੀਬਾਰੀ ਜਾਰੀ ਰਹੀ ਅਤੇ ਕੋਈ ਪਤਾ ਨਹੀਂ ਲੱਗਿਆ ਕਿ ਕੁੱਝ ਅਤਿਵਾਦੀ ਅੰਦਰ ਵੜੇ ਹਨ ਜਾਂ ਬਾਹਰ ਤੋਂ ਗਾਲੀਬਾਰੀ ਹੋ ਰਹੀ ਹੈ। 90 ਮਿੰਟ ਦੀ ਗੋਲੀਬਾਰੀ ਬਾਅਦ ਚਾਨਣ ਕਰਨ ਲਈ ਇਲੂਮੀਨੇਟਰਾਂ ਦੀ ਵਰਤੋਂ ਕੀਤੀ ਗਈ ਪਰ ਕੋਈ ਅਤਿਵਾਦੀ ਨਹੀਂ ਮਿਲਿਆ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀ ਹਨੇਰੇ ਦਾ ਲਾਹਾ ਲੈ ਕੇ ਭੱਜ ਗਏ।
ਜਾਣਕਾਰੀ ਮੁਤਾਬਕ ਗੋਲੀਬਾਰੀ ਵਿੱਚ ਬੀਐਸਐਫ ਦਾ ਕਾਂਸਟੇਬਲ ਨਿਤਿਨ ਅਤੇ ਪੁਲਵਿੰਦਰ ਫੱਟੜ ਹੋ ਗਏ ਅਤੇ ਉਨ੍ਹਾਂ ਨੂੰ ਸ੍ਰੀਨਗਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿਥੇ ਨਿਤਿਨ ਦੀ ਮੌਤ ਹੋ ਗਈ। ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ ਕਿ ਬੀਐਸਐਫ ਜਵਾਨ ਦੀ ਅਤਿਵਾਦੀਆਂ ਦੀ ਗੋਲੀ ਨਾਲ ਮੌਤ ਹੋਈ ਜਾਂ ਉਹ ਆਪਣੇ ਸਾਥੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ। 29 ਸਤੰਬਰ ਨੂੰ ਕੰਟਰੋਲ ਰੇਖਾ (ਐਲਓਸੀ) ਪਾਰ ਅਤਿਵਾਦੀ ਟਿਕਾਣਿਆਂ ਉਤੇ ਭਾਰਤੀ ਫ਼ੌਜ ਦੇ ਸਰਜੀਕਲ ਹਮਲੇ ਬਾਅਦ ਸਾਰੇ ਸੁਰੱਖਿਆ ਅਦਾਰੇ ਹਾਈ ਅਲਰਟ ‘ਤੇ ਹਨ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਸਵੇਰੇ ਦਾਅਵਾ ਕੀਤਾ ਸੀ ਕਿ ਦੋ ਅਤਿਵਾਦੀ ਮਾਰੇ ਗਏ ਹਨ ਪਰ ਇਸ ਦੀ ਨਾ ਤਾਂ ਫ਼ੌਜ-ਬੀਐਸਐਫ ਅਤੇ ਨਾ ਹੀ ਸਥਾਨਕ ਪੁਲੀਸ ਨੇ ਪੁਸ਼ਟੀ ਕੀਤੀ। ਤਰਜਮਾਨ ਨੇ ਬਾਅਦ ਵਿੱਚ ਕਿਹਾ ਕਿ ਦੋ ਅਤਿਵਾਦੀ ਮਾਰੇ ਜਾਣ ਦੀ ਰਿਪੋਰਟ ‘ਦਾਅਵਾ’ ਸੀ ਅਤੇ ਇਸ ਦੀ ‘ਪੜਤਾਲ’ ਕੀਤੀ ਜਾ ਰਹੀ ਹੈ।

ਪਾਕਿਸਤਾਨ ਵੱਲੋਂ ਗੋਲੀਬਾਰੀ ਵਿਚ ਪੰਜ ਜ਼ਖ਼ਮੀ :
ਜੰਮੂ : ਪਾਕਿਸਤਾਨੀ ਬਲਾਂ ਵੱਲੋਂ ਚਾਰ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿ ਵੱਲੋਂ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜਲੀਆਂ ਫ਼ੌਜੀ ਚੌਕੀਆਂ ਤੇ ਨਾਗਰਿਕ ਇਲਾਕਿਆਂ ਉਤੇ ਭਾਰੀ ਗੋਲੇ ਦਾਗੇ ਅਤੇ ਗੋਲੀਬਾਰੀ ਕੀਤੀ। ਇਸ ਕਾਰਨ ਪੰਜ ਨਾਗਰਿਕ ਜ਼ਖ਼ਮੀ ਹੋ ਗਏ ਅਤੇ ਕਈ ਦੁਕਾਨਾਂ ਸੜ ਗਈਆਂ। ਰਿਪੋਰਟਾਂ ਮੁਤਾਬਕ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇਕ ਪਾਕਿਸਤਾਨ ਚੌਕੀ ਤਵੀਵਨ1 ਤਬਾਹ ਹੋ ਗਈ। ਪਾਕਿਸਤਾਨ ਵੱਲੋਂ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ, ਕ੍ਰਿਸ਼ਨਾਘਾਟੀ, ਮੰਡੀ ਅਤੇ ਸਬਜ਼ੀਆਂ ਸੈਕਟਰਾਂ ਵਿੱਚ ਗੋਲੀਬਾਰੀ ਕੀਤੀ ਗਈ।